ਆਧੁਨਿਕ ਨਾਰੀ ਦੀ ਸਥਿਤੀ

In ਮੁੱਖ ਲੇਖ
April 03, 2026

ਔਰਤ ਸਮਾਜ ਦਾ ਪੂਰਨ ਅੱਧ ਸਮਝੇ ਜਾਣ ਦੀ ਹੈਸੀਅਤ ਦੀ ਮਾਲਕ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤ ਦੀ ਸਮਾਜਿਕ ਸਥਿਤੀ ’ਤੇ ਵਿਚਾਰ ਕੀਤੀ ਜਾਂਦੀ ਹੈ ਤੇ ਤਰਕ ਵਿਤਰਕ ਦਾ ਸਿਲਸਿਲਾ ਚੱਲਦਾ ਹੈ। ਭਾਰਤੀ ਸਮਾਜ ਦੀਆਂ ਜੜ੍ਹਾਂ ਉਸ ਸਮਾਜ ਵਿੱਚ ਹਨ, ਜਿੱਥੇ ਪੁਰਸ਼ ਪ੍ਰਧਾਨ ਸਮਾਜ ਵਿਚ ਔਰਤ ਨੂੰ ਕਦੇ ਗ਼ੁਲਾਮਾਂ ਵਰਗੀ ਜ਼ਿੰਦਗੀ ਗੁਜ਼ਾਰਨੀ ਪੈਂਦੀ ਸੀ। ਉਸ ਨੂੰ ਜਨਮ ਸਮੇਂ ਸਰਾਪ, ਵਿਆਹ ਸਮੇਂ ਭਾਰ ਅਤੇ ਵਿਆਹ ਤੋਂ ਬਾਅਦ ਬੇਹੱਦ ਬੋਝਲ ਤੇ ਅਨੇਕ ਪ੍ਰਕਾਰ ਦੇ ਦਬਾਵਾਂ ਹੇਠ ਜੀਵਨ ਜਿਊਣਾ ਪੈਂਦਾ ਸੀ। ਔਰਤ ਸਮੇਂ ਸਮੇਂ ਹਿੰਸਾ, ਸ਼ੋਸ਼ਣ ਤੇ ਅਪਰਾਧ ਦੀ ਸ਼ਿਕਾਰ ਹੁੰਦੀ ਰਹੀ ਹੈ। ਇੱਕੀਵੀਂ ਸਦੀ ਤੱਕ ਪਹੁੰਚ ਕੇ ਔਰਤ ਅਬਲਾ ਨਹੀਂ ਸੀ ਰਹਿਣੀ ਚਾਹੀਦੀ। ਪਰ ਭਾਰਤ ਵਰਗੇ ਬਹੁ-ਭਾਂਤੀ ਦੇਸ਼ ਵਿਚ ਔਰਤ ਅਜੇ ਵੀ ਬਹੁਤੀਆਂ ਹਾਲਤਾਂ ਵਿੱਚ ਅਤਿ ਦਰਜੇ ਦੀ ਗੁਰਬਤ, ਜਹਾਲਤ, ਅਨਪੜ੍ਹਤਾ, ਅਗਿਆਨਤਾ, ਹਨੇਰੇ, ਗ਼ੁਲਾਮੀ ਆਦਿ ਦੀ ਅਵਸਥਾ ਵਿੱਚ ਵਿਚਰਦੀ ਆ ਰਹੀ ਹੈ। ਕੋਈ ਸਮਾਂ ਸੀ ਜਦੋਂ ਧੀ ਦੇ ਜਨਮ ਲੈਣ ਨਾਲ ਪੁਰਸ਼ ਸਮਾਜ ਆਪਣੇ ਮਾਣ-ਸਨਮਾਨ ਨੂੰ ਢਾਹ ਲੱਗਣ ਬਾਰੇ ਸੋਚ ਕੇ ਚਿੰਤਿਤ ਹੋ ਜਾਂਦਾ ਸੀ। ਧੀਆਂ ਨੂੰ ਜਨਮ ਸਾਰ ਮਾਰ-ਮੁਕਾ ਦਿੱਤਾ ਜਾਂਦਾ ਸੀ। ਉਸ ਦੀ ਹੋਂਦ ਨੂੰ ਹੀ ਅਣਡਿੱਠ ਕਰ ਦਿੱਤਾ ਜਾਂਦਾ ਸੀ। ਉਸ ਨੂੰ ‘ਪਰਾਇਆ ਧੰਨ’ ਦੀ ਸੰਗਿਆ ਦਿੱਤੀ ਜਾਂਦੀ ਰਹੀ ਹੈ। ਜਦ ਕਿ ਔਰਤ ‘ਧੰਨ’ ਤਾਂ ਹੈ ਹੀ ਨਹੀਂ, ਸਗੋਂ ਘਰ/ਸਮਾਜ ਦਾ ਮਹੱਤਵਪੂਰਨ ਅੰਗ ਹੈ। ਧੀਆਂ ਪ੍ਰਤੀ ਅਜਿਹਾ ਨਿਰਦੱਈਪੁਣੇ ਵਾਲਾ ਰਵੱਈਆ ਇਸ ਸਮਾਜ ਦੀ ਬਹੁਤ ਵੱਡੀ ਵਿਡੰਬਨਾ ਰਹੀ ਹੈ। ਅਜਿਹੇ ਸਮਾਜਿਕ ਆਰਥਿਕ ਪਿਛੋਕੜ ਵਾਲੇ ਸਮਾਜ ਵਿਚ ਮਾਪੇ ਆਪਣੇ ਘਰ ਪੁੱਤਰ ਦੇ ਜਨਮ ਲੈਣ ਦੀਆਂ ਅਰਜ਼ੋਈਆਂ ਕਰਦੇ ਰਹੇ ਹਨ। ਪੰਜਾਬੀ ਦੇ ਇੱਕ ਲੋਕ ਗੀਤ ਦੀਆਂ ਬਹੁਤ ਪ੍ਰਸਿੱਧ ਤੇ ਲੋਕ ਪ੍ਰਿਯ ਤੁਕਾਂ ਹਨ :
ਗੁੜ ਖਾਈਂ ਪੂਣੀ ਕੱਤੀਂ
ਆਪ ਨਾ ਆਈਂ, ਵੀਰੇ ਨੂੰ ਘੱਤੀਂ…

ਮਤਲਬ ਹੁਣ ਸਾਡੇ ਘਰ ਕੋਈ ਕੁੜੀ ਨਹੀਂ, ਸਗੋਂ ਪੁੱਤਰ ਹੀ ਜਨਮ ਲਵੇ ! ਜਦ ਕਿ ਸਿਆਣਿਆਂ ਦੇ ਕਹਿਣ ਅਨੁਸਾਰ-ਅਸਲੀਅਤ ਇਹ ਸਮਝਣੀ ਚਾਹੀਦੀ ਹੈ ਕਿ ਧੀਆਂ ਘਰ ਵਾਸਤੇ ਰੱਬੀ ਦਾਤ ਹੁੰਦੀਆਂ ਹਨ। ਕੁਦਰਤ ਦੀ ਬਖ਼ਸ਼ਿਸ਼ ਹੁੰਦੀਆਂ ਹਨ। ਧੀਆਂ ਨਾਲ ਘਰ ਵਿੱਚ ਬਰਕਤਾਂ ਦਾ ਵਾਧਾ ਹੁੰਦਾ ਹੈ। ਧੀਆਂ ਲੱਛਮੀ ਦਾ ਰੂਪ ਹੁੰਦੀਆਂ ਹਨ। ਕਹਿੰਦੇ ਹਨ ਕਈ ਹਾਲਤਾਂ ਵਿੱਚ ਧੀਆਂ ਦੇ ਜਨਮ ਨਾਲ ਘਰ ਨੂੰ ਭਾਗ ਲੱਗ ਜਾਂਦੇ ਹਨ। ਸੁੱਖਾਂ-ਖ਼ੁਸ਼ੀਆਂ ਨਾਲ ਘਰ ਮਾਲਾ-ਮਾਲ ਹੋ ਜਾਂਦਾ ਹੈ। ਫਿਰ ਵੀ ਵੇਖਣ ਵਿੱਚ ਆਉਂਦਾ ਹੈ ਕਿ ਸਮਾਜ ਵਿੱਚ ਉਸ ਨੂੰ ਅਧੀਨ/ਨਿਮਨ ਸਥਿਤੀ ਵਿੱਚ ਰੱਖ ਕੇ ਵੇਖੇ ਜਾਣ ਦੀ ਮਾਨਸਿਕਤਾ ਅਜੇ ਵੀ ਕਾਇਮ ਹੈ। ਅਜਿਹੇ ਸਮਾਜਿਕ-ਆਰਥਿਕ ਪਿਛੋਕੜ ਵਾਲੇ ਸਮਾਜ ਵਿੱਚ ਸਰਕਾਰੀ ਪੱਧਰ ’ਤੇ ਅਤੇ ਗ਼ੈਰ-ਸਰਕਾਰੀ ਸਮਾਜਿਕ ਸੰਸਥਾਵਾਂ ਵੱਲੋਂ ਕਦੇ ਬਾਲੜੀ ਦਿਵਸ, ਕਦੇ ਧੀ ਦਿਵਸ, ਕਦੇ ਅੰਤਰਰਾਸ਼ਟਰੀ ਮਹਿਲਾ ਦਿਵਸ, ਕਦੇ ਮਾਂ ਦਿਵਸ ਮਨਾਇਆ ਜਾਂਦਾ ਹੈ। ਸਿਰਫ਼ ਕਾਰਵਾਈ ਪਾਉਣ ਵਾਸਤੇ ਅਜਿਹੇ ਦਿਵਸ ਮਨਾਉਣ ਦਾ ਉਨਾ ਚਿਰ ਤੱਕ ਕੋਈ ਫਾਇਦਾ ਨਹੀਂ, ਜਿੰਨਾ ਚਿਰ ਸਰਕਾਰਾਂ ਵੱਲੋਂ ਔਰਤ ਦੀ ਭਲਾਈ ਹਿੱਤ ਬਣਾਈਆਂ ਜਾਂਦੀਆਂ ਸਕੀਮਾਂ ਔਰਤਾਂ ਦੇ ਅਸਲ ਲੋੜਵੰਦ ਵਰਗ ਤੱਕ ਨਹੀਂ ਪਹੁੰਚਦੀਆਂ ਤੇ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਨਹੀਂ ਹੁੰਦਾ।
ਔਰਤ ਹੁਣ ਪੜ੍ਹ ਲਿਖ ਕੇ, ਨੌਕਰੀ ਕਰ ਕੇ, ਉੱਚੀਆਂ ਪਦਵੀਆਂ ਹਾਸਲ ਕਰ ਕੇ ਆਤਮ ਨਿਰਭਰ ਹੋ ਰਹੀ ਹੈ ਤੇ ਸਮਾਜ ਵਿੱਚ ਆਪਣਾ ਮਾਣ-ਸਨਮਾਨ ਵਧਾ ਰਹੀ ਹੈ। ਇਸ ਪਿੱਛੇ ਉਸ ਦੀ ਨਿਰੰਤਰ ਮਿਹਨਤ ਕੰਮ ਕਰਦੀ ਨਜ਼ਰ ਆਉਂਦੀ ਹੈ। ਕੁਝ ਕਰ ਵਿਖਾਉਣ ਦਾ ਇਰਾਦਾ ਉਸ ਨੂੰ ਪੁਰਸ਼ ਦੇ ਬਰਾਬਰ ਲਿਆ ਰਿਹਾ ਹੈ। ਉੱਚੇ-ਉੱਚੇ ਅਹੁਦਿਆਂ ’ਤੇ ਪਹੁੰਚ ਕੇ, ਨਾਮਣਾ ਖੱਟਣ ਵਾਲੀਆਂ ਵੱਡੇ ਨਾਵਾਂ ਵਾਲੀਆਂ ਔਰਤਾਂ, ਔਰਤ ਦੇ ਆਤਮ ਸਨਮਾਨ ਤੇ ਗੌਰਵ ਦਾ ਬਿੰਬ ਬਣ ਗਈਆਂ ਹਨ।
ਔਰਤ ਨੂੰ ਸਮਾਜ ਵਿੱਚ ਉਸ ਦੇ ਹਿੱਸੇ ਦਾ ਬਣਦਾ ਮਾਣ-ਸਨਮਾਨ ਮਿਲਣਾ ਬਹੁਤ ਜ਼ਰੂਰੀ ਹੈ। ਅਜਿਹੇ ਮੁਕਾਮ ਤੱਕ ਪਹੁੰਚਣ ਲਈ ਉਸ ਨੂੰ ਸਮਾਜਿਕ-ਆਰਥਿਕ ਆਜ਼ਾਦੀ ਹਾਸਲ ਕਰਨ ਦੀ ਲੋੜ ਹੈ। ਔਰਤ ਨੂੰ ਮਿਲਣ ਵਾਲੇ ਸਮਾਜਿਕ-ਆਰਥਿਕ ਅਧਿਕਾਰਾਂ ਦੇ ਸਬੰਧ ਵਿਚ ਬਹੁਤੇ ਕਾਨੂੰਨ ਹੁਣ ਉਸ ਦੇ ਹੱਕ ਵਿਚ ਭੁਗਤਦੇ ਹਨ। ਹੁਣ ਸਮਾਂ ਆ ਗਿਆ ਹੈ ਕਿ ਸਮਾਜ ਨੂੰ ਔਰਤ ਪ੍ਰਤੀ ਆਪਣੀ ਸੋਚ, ਨਜ਼ਰੀਆ ਤੇ ਵਿਵਹਾਰ ਬਦਲਣ ਦੀ ਵੀ ਲੋੜ ਹੈ।
ਸਮਾਜਿਕ ਸਰੋਕਾਰਾਂ ਨਾਲ ਜੁੜੇ ਚਿੰਤਕਾਂ ਤੇ ਸਮਾਜ ਵਿਗਿਆਨੀਆਂ ਨੇ ਭਾਰਤੀ ਮਹਿਲਾਵਾਂ ਦੀ ਪ੍ਰਤਿਭਾ, ਸ਼ਕਤੀ ਤੇ ਸਮਰੱਥਾ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੂੰ ਦੇਸ਼ ਵਿੱਚੋਂ ਗ਼ਰੀਬੀ ਘਟਾਉਣ ਲਈ ਉੱਤਮ, ਪ੍ਰਭਾਵਸ਼ਾਲੀ ਤੇ ਕਾਰਗਰ ਹਥਿਆਰ ਮੰਨਿਆ ਹੈ। ਸਮਾਜਿਕ-ਆਰਥਿਕ ਤੌਰ ’ਤੇ ਆਜ਼ਾਦ ਹੋ ਕੇ ਹੀ ਭਾਰਤੀ ਔਰਤ ਅੰਦਰ ਸਵੈਮਾਣ, ਸਵੈ- ਭਰੋਸਗੀ ਤੇ ਸ਼ਕਤੀਸ਼ਾਲੀ ਹੋਣ ਦਾ ਅਹਿਸਾਸ ਪਨਪ ਸਕਦਾ ਹੈ।
ਭਾਰਤ ਵਰਗੇ ਵੱਡੇ ਦੇਸ਼ ਵਿੱਚ ਔਰਤ ਦੀ ਦਸ਼ਾ ਦੇ ਕਈ ਦ੍ਰਿਸ਼ ਉਭਰਦੇ ਹਨ। ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਔਰਤ ਨੂੰ ਮਿਹਨਤ ਕਰਨੀ ਪੈਂਦੀ ਹੈ। ਉਸ ਨੂੰ ਪੁਰਸ਼ ਨਾਲੋਂ ਘੱਟ ਵੇਤਨ ਦਰਾਂ ’ਤੇ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਘੰਟਿਆਂ ਬੱਧੀ ਸਿਰ ’ਤੇ ਬੋਝ ਉਠਾ ਕੇ ਖੂਨ ਪਸੀਨਾ ਵਹਾਉਣਾ ਪੈਂਦਾ ਹੈ। ਕਈ ਹਾਲਤਾਂ ਵਿੱਚ ਔਰਤ ਦਿਨ ਭਰ ਮਿਹਨਤ ਮਜ਼ਦੂਰੀ ਕਰ ਕੇ ਪੈਸਾ ਕਮਾਉਾਂਦੀਹੈ, ਆਪਣੇ ਬੱਚਿਆਂ ਲਈ ਰੋਟੀ-ਟੁੱਕ ਦਾ ਜੁਗਾੜ ਕਰਦੀ ਹੈ ਪਰ ਘਰ ਬੈਠਾ ਉਸ ਦਾ ਨਿਕੰਮਾ ਪਤੀ ਵਿਹਲਾ ਬੈਠ ਕੇ ਖਾਂਦਾ ਵੀ ਹੈ ਤੇ ਆਪਣੀ ਪਤਨੀ ਨੂੰ ਮਾਰਦਾ-ਕੁੱਟਦਾ ਵੀ ਹੈ। ਅਨੇਕ ਦਬਾਵਾਂ ਹੇਠ ਕੰਮ ਕਰਨਾ ਉਸ ਦੀ ਮਜਬੂਰੀ ਬਣ ਜਾਂਦੀ ਹੈ। ਕਈ ਹਾਲਤਾਂ ਵਿਚ ਗ਼ਰੀਬੀ ਦੀ ਝਾੜੀ-ਝੰਭੀ ਔਰਤ ਭਾਵੁਕ ਤੇ ਜਿਸਮਾਨੀ ਸ਼ੋਸ਼ਣ ਦਾ ਸ਼ਿਕਾਰ ਵੀ ਹੁੰਦੀ ਹੈ। ਘਰ ਦੀਆਂ ਜ਼ਿੰਮੇਵਾਰੀਆਂ ਉਸ ਨੂੰ ਬਹੁਤ ਬੁਰੀ ਤਰ੍ਹਾਂ ਤੋੜ ਸੁੱਟਦੀਆਂ ਹਨ। ਉਸ ਨੂੰ ਕਈ ਫਰੰਟਾਂ ’ਤੇ ਲੜਾਈ ਲੜਨੀ ਪੈਂਦੀ ਹੈ। ਉਹ ਲੜਾਈ ਲੜਦੀ ਹੈ ਤੇ ਜੇਤੂ ਬਣਕੇ ਨਿਕਲਦੀ ਹੈ। ਭਾਰਤੀ ਔਰਤ ਦੀ ਬਹੁਗਿਣਤੀ ਵੱਲੋਂ ਰੋਟੀ-ਰੋਜ਼ੀ ਕਮਾਉਣ, ਆਪਣੀ ਆਜ਼ਾਦ ਹਸਤੀ ਸਾਬਤ ਕਰਨ ਤੇ ਸਵੈਮਾਣ ਵਾਲੀ ਜ਼ਿੰਦਗੀ ਜਿਊਣ ਦੀ ਦਿਸ਼ਾ ਵੱਲ ਪੁੱਟਿਆ ਇਹ ਪਹਿਲਾ ਕਦਮ ਸਮਝਿਆ ਜਾਣਾ ਚਾਹੀਦਾ ਹੈ।
ਦੂਜੇ ਪਾਸੇ ਵਿਸ਼ਵੀਕਰਨ ਦੇ ਇਸ ਦੌਰ ਵਿਚ ਤਕਨੀਕੀ ਕਰਾਂਤੀ ਦੀ ਬਦੌਲਤ ਭਾਰਤੀ ਨਾਰੀ ਨੂੰ ਵਿਭਿੰਨ ਖੇਤਰਾਂ ਵਿੱਚ ਰੁਜ਼ਗਾਰ ਦੇ ਅਨੇਕ ਅਵਸਰ ਮਿਲੇ ਹਨ ਤੇ ਮਿਲ ਰਹੇ ਹਨ। ਉੱਚ ਵਿਦਿਆ ਅਤੇ ਕੰਮ ਕਰਨ ਦੀ ਯੋਗਤਾ/ਸਮਰੱਥਾ ਹਾਸਲ ਕਰ ਕੇ ਔਰਤ ਪਬਲਿਕ ਸੈਕਟਰ ਤੇ ਕਾਰਪੋਰੇਟ ਸੈਕਟਰ ਵਿੱਚ ਅਹਿਮ ਪਦਾਂ ਤੱਕ ਪਹੁੰਚ ਗਈ ਹੈ ਤੇ ਵਧੀਆ ਤਨਖ਼ਾਹਾਂ ਹਾਸਲ ਕਰ ਰਹੀ ਹੈ। ਯੋਗਤਾ ਰੱਖਣ ਵਾਲੀਆਂ ਔਰਤਾਂ ਕੋਲ ਕੈਰੀਅਰ ਦੀ ਚੋਣ ਕਰਨ ਦੇ ਅਨੇਕ ਵਿਕਲਪ ਮੌਜੂਦ ਹਨ ਪਰ ਅਜਿਹੀ ਸ਼੍ਰੇਣੀ ਦੀ ਪ੍ਰਤੀਸ਼ੱਤਤਾ ਬਹੁਤ ਘੱਟ ਹੈ। ਸਾਧਨ-ਸਪੰਨ ਤੇ ਬਿਹਤਰ ਆਰਥਿਕਤਾ ਦੀਆਂ ਭਾਗੀ ਔਰਤਾਂ ਵਿੱਚੋਂ ਇਕ ਵਰਗ ਕਰੀਮੀ ਲੇਅਰ ਵਿਚ ਸ਼ੁਮਾਰ ਕੀਤਾ ਜਾਣ ਵਾਲਾ ਵਰਗ ਵੀ ਹੈ, ਜੋ ਵਧੇਰੇ ਗਿਣਤੀ ਦੀਆਂ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਤੋਂ ਅਭਿੱਜ ਹੈ। ਇੱਕ ਪਾਸੇ ਬਿਜਲਈ ਸੰਚਾਰ ਮਾਧਿਅਮਾਂ ਰਾਹੀਂ ਜਦੋਂ ਔਰਤ ਗਲੈਮਰ ਦੀ ਦੁਨੀਆ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਦੂਜੇ ਪਾਸੇ ਗੁਰਬਤ ਨਾਲ ਜੂਝ ਰਹੀ ਔਰਤ ਦੀ ਹਾਲਤ ਵੀ ਦੁਹਾਈਆਂ ਮਚਾ ਰਹੀ ਹੁੰਦੀ ਹੈ। ਦੂਰੀਆਂ ਬਹੁਤ ਹਨ। ਇਹ ਘਾਪਾ ਕਿਵੇਂ ਦੂਰ ਕੀਤਾ ਜਾ ਸਕਦਾ ਹੈ ? ਅਜਿਹੇ ਪ੍ਰਸ਼ਨ ਗਹਿਰੇ ਚਿੰਤਨ ਦੀ ਮੰਗ ਕਰਦੇ ਹਨ।
ਇਸ ਵਿੱਚ ਕੋਈ ਸੰਦੇਹ ਨਹੀਂ ਕਿ ਔਰਤ ਨੇ ਆਪਣੀ ਸੂਝ, ਮਿਹਨਤ, ਸਵੈ ਵਿਸ਼ਵਾਸ, ਦ੍ਰਿੜ੍ਹ ਇਰਾਦੇ, ਹਿੰਮਤ, ਸਿਦਕਦਿਲੀ ਆਦਿ ਨਾਲ ਅਨੇਕ ਮੱਲਾਂ ਮਾਰੀਆਂ ਹਨ। ਉਸ ਨੇ ਆਪਣੀ ਹੀ ਨਹੀਂ, ਆਪਣੇ ਘਰ ਪਰਿਵਾਰ ਤੇ ਦੇਸ਼ ਦੀ ਆਰਥਿਕਤਾ ਵਿੱਚ ਵੀ ਸੁਧਾਰ ਲਿਆਂਦਾ ਹੈ।
ਉਪਰੋਕਤ ਦੇ ਆਧਾਰ ’ਤੇ ਔਰਤ ਦੀ ਸਥਿਤੀ ਦਾ ਇਕ ਪਾਸਾ ਧੁੰਦਲਾ ਨਜ਼ਰ ਆਉਂਦਾ ਹੈ, ਦੂਜਾ ਰੋਸ਼ਨ । ਜੇ ਸਥਿਤੀ ਦੇ ਧੁੰਦਲੇ ਪਾਸੇ ਵਾਲੀ ਔਰਤ ਰੋਸ਼ਨ ਪਾਸੇ ਵਾਲੀ ਔਰਤ ਦੀ ਜੀਵਨ ਪੱਧਿਤੀ ਨੂੰ ਸਮਝ ਕੇ, ਉਸ ਨੂੰ ਆਪਣਾ ਆਦਰਸ਼ ਮੰਨ ਕੇ, ਮਿਹਨਤ ਦਾ ਲੜ ਫੜ ਕੇ ਚੱਲਦੀ ਹੈ ਤਾਂ ਉਹ ਵੀ ਸਮਾਜਿਕ-ਆਰਥਿਕ ਆਜ਼ਾਦੀ ਹਾਸਲ ਕਰ ਕੇ ਸ਼ਕਤੀਸ਼ਾਲੀ ਬਣ ਸਕਦੀ ਹੈ। ਅਜਿਹੀ ਹਾਲਤ ਵਿੱਚ ਮਹਿਲਾ ਸ਼ਕਤੀਕਰਨ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ। ਔਰਤ ਦਿਵਸ ਦੀ ਸਾਰਥਿਕਤਾ ਤਾਂ ਹੀ ਸਮਝੀ ਜਾਵੇਗੀ ਜੇ ਸਾਧਾਰਨ ਔਰਤ ਵੀ ਪੜ੍ਹ ਲਿਖ ਕੇ, ਰੁਜ਼ਗਾਰ ਹਾਸਲ ਕਰ ਕੇ, ਆਰਥਿਕ ਪੱਖੋਂ ਆਜ਼ਾਦ ਹੋ ਕੇ ਸਹਿਮ ਦੇ ਪਰਛਾਵੇਂ ਹੇਠ, ਮੁਥਾਜੀ ਵਾਲਾ ਜੀਵਨ ਨਾ ਜੀਵੇ। ਕੇਵਲ ਸ਼ਬਦਾਂ ਦੇ ਤਾਣੇ-ਬਾਣੇ ਵਿੱਚ ਹੀ ਔਰਤ ਨੂੰ ‘ਸ਼ਕਤੀ’ ਨਾ ਮੰਨਿਆ ਜਾਵੇ, ਸਗੋਂ ਵਿਵਹਾਰਿਕ ਰੂਪ ਵਿੱਚ ਵੀ ਔਰਤ ਸ਼ਕਤੀਸ਼ਾਲੀ ਬਣੇ।

  • ਡਾ. ਪ੍ਰਿਤਪਾਲ ਸਿੰਘ ਮਹਿਰੋਕ

Loading