
ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿੱਚ ਸਲਾਹਕਾਰ ਵਜੋਂ ਕੰਮ ਕਰ ਰਹੇ ਐਲਨ ਮਸਕ ਨੇ ਸੰਘੀ ਖਰਚਿਆਂ ਵਿੱਚ ਕਟੌਤੀ ਤੇ ਨੌਕਰਸ਼ਾਹੀ ਵਿੱਚ ਸੁਧਾਰ ਦੀਆਂ ਕੋਸ਼ਿਸ਼ਾਂ ਮਗਰੋਂ ਅਹੁਦਾ ਛੱਡ ਦਿੱਤਾ ਹੈ। ਐਲਨ ਮਸਕ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ਉੱਤੇ ਆਪਣੇ ਅਸਤੀਫੇ ਬਾਰੇ ਜਾਣਕਾਰੀ ਸਾਂਝੀ ਕੀਤੀ।
ਕਾਬਿਲੇਗੌਰ ਹੈ ਕਿ ਮਸਕ ਨੇ ਹਾਲ ਹੀ ਵਿੱਚ ਇਸ਼ਾਰਾ ਕੀਤਾ ਸੀ ਕਿ ਉਹ ਆਪਣੀ ਕੰਪਨੀ ਟੈਸਲਾ ਤੇ ਕਾਰੋਬਾਰ ਵੱਲ ਧਿਆਨ ਦੇਣਗੇ। ਮਸਕ ਨੇ ‘ਐਕਸ’ ’ਤੇ ਲਿਖਿਆ, ‘‘ਵਿਸ਼ੇਸ਼ ਸਰਕਾਰੀ ਕਰਮਚਾਰੀ ਵਜੋਂ ਮੇਰਾ ਨਿਰਧਾਰਿਤ ਸਮਾਂ ਪੂਰਾ ਹੋ ਰਿਹਾ ਹੈਂ। ਮੈਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਮੈਨੂੰ ਫ਼ਜ਼ੂਲਖਰਚੀ ਘਟਾਉਣ ਦਾ ਮੌਕਾ ਦਿੱਤਾ। ’4+75’ ਮਿਸ਼ਨ ਸਮੇਂ ਦੇ ਨਾਲ ਹੋਰ ਮਜ਼ਬੂਤ ਹੋਵੇਗਾ ਕਿਉਂਕਿ ਇਹ ਜੀਵਨ ਦਾ ਇੱਕ ਤਰੀਕਾ ਬਣ ਜਾਵੇਗਾ।’’
ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੀ ਜਿੱਤ ਮਗਰੋਂ ਮਸਕ ਨੂੰ 2025 ਵਿੱਚ ਨਵੇਂ ਬਣੇ ਸਰਕਾਰ ਕੁਸ਼ਲਤਾ ਵਿਭਾਗ (4+75) ਦੀ ਅਗਵਾਈ ਸੌਂਪੀ ਗਈ ਸੀ। ਇਸ ਵਿਭਾਗ ਦਾ ਮੁੱਖ ਟੀਚਾ ਸਰਕਾਰੀ ਖਰਚ ਵਿੱਚ ਕਟੌਤੀ ਤੇ ਕੁਸ਼ਲਤਾ ਵਧਾਉਣਾ ਸੀ। ਮਸਕ ਨੇ ਸਰਕਾਰੀ ਖਰਚ ਵਿੱਚ ਵੱਡੀ ਕਟੌਤੀ ਦਾ ਟੀਚਾ ਰੱਖਿਆ ਸੀ, ਪਰ ਉਨ੍ਹਾਂ ਨੂੰ ਆਸ ਮੁਤਾਬਕ ਸਫ਼ਲਤਾ ਨਹੀਂ ਮਿਲੀ ਤੇ ਕਈ ਵਾਰ ਪ੍ਰਸ਼ਾਸਨ ਦੇ ਹੋਰਨਾਂ ਮੈਂਬਰਾਂ ਨਾਲ ਵੱਖਰੇਵੇਂ ਵੀ ਹੋਏ।
ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਮਸਕ ਵੱਲੋਂ ਅਸਤੀਫਾ ਦੇਣ ਦੀ ਪੁਸ਼ਟੀ ਕੀਤੀ ਹੈ। ਮਸਕ ਨੇ ਆਪਣੇ ਅਸਤੀਫ਼ੇ ਦਾ ਐਲਾਨ ‘ਸੀਬੀਐੱਸ’ ਵੱਲੋਂ ਉਨ੍ਹਾਂ ਨਾਲ ਇੱਕ ਇੰਟਰਵਿਊ ਦਾ ਅੰਸ਼ ਜਾਰੀ ਕੀਤੇ ਜਾਣ ਤੋਂ ਬਾਅਦ ਕੀਤਾ ਹੈ। ਇੰਟਰਵਿਊ ਦੌਰਾਨ ਮਸਕ ਨੇ ਟਰੰਪ ਦੇ ਵਿਧਾਨਕ ਏਜੰਡੇ ਦੀ ਨੁਕਤਾਚੀਨੀ ਕਰਦੇ ਹੋਏ ਕਿਹਾ ਸੀ ਕਿ ਉਹ ਰਾਸ਼ਟਰਪਤੀ ਦੇ ਇਸ ‘ਬਿੱਲ’ ਤੋਂ ਨਿਰਾਸ਼ ਹਨ। ਮਸਕ ਨੇ ਇਸ ਬਿੱਲ ਨੂੰ ‘ਵਧੇਰੇ ਖਰਚੀਲਾ’ ਦੱਸਿਆ ਸੀ, ਜੋ ਸੰਘੀ ਘਾਟੇ ਨੂੰ ਵਧਾਉਂਦਾ ਹੈ ਤੇ ਉਨ੍ਹਾਂ ਦੇ ਵਿਭਾਗ ਦੇ ‘ਕੰਮ ਨੂੰ ਕਮਜ਼ੋਰ ਕਰਦਾ ਹੈ।