
ਤਰਨ ਤਾਰਨ/ਏ.ਟੀ.ਨਿਊਜ਼: ਸਾਲ 2013 ’ਚ ਲੜਕੀ ਨਾਲ ਕੁੱਟਮਾਰ ਅਤੇ ਛੇੜ ਛਾੜ ਦੇ ਇੱਕ ਬਹੁਚਰਚਿਤ ਮਾਮਲੇ ਵਿੱਚ ਖਡੂਰ ਸਾਹਿਬ ਦੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਦੀ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਜਿਸਦੇ ਚੱਲਦਿਆਂ ਉਨ੍ਹਾਂ ਨੂੰ ਅਦਾਲਤ ਵਿੱਚੋਂ ਹੀ ਗ੍ਰਿਫਤਾਰ ਕਰ ਲਿਆ ਗਿਆ। ਹੁਣ 12 ਸਤੰਬਰ ਨੂੰ ਅਦਾਲਤ ਸਜ਼ਾ ਦਾ ਸਮਾਂ ਮੁਕਰਰ ਕਰੇਗੀ।
ਪਿੰਡ ਉਸਮਾਂ ਵਾਸੀ ਕਸ਼ਮੀਰ ਸਿੰਘ, ਉਨ੍ਹਾਂ ਦੀ ਲੜਕੀ ਹਰਬਿੰਦਰ ਕੌਰ ਅਤੇ ਉਸਦੇ ਹੋਰ ਪਰਿਵਾਰਕ ਮੈਂਬਰਾਂ ’ਤੇ ਹਮਲੇ ਦੇ ਇਸ ਬਹੁਚਰਚਿਤ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵਿੱਚ ਹੋਈ ਸੀ ਅਤੇ ਅੰਤਿਮ ਸੁਣਵਾਈ 10 ਸਤੰਬਰ ਤੈਅ ਕੀਤੀ ਗਈ ਸੀ। ਜਿਸ ਦੌਰਾਨ ਬੁੱਧਵਾਰ ਨੂੰ ਐਡੀਸ਼ਨਲ ਸ਼ੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 12 ਜਣਿਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਜਿਨ੍ਹਾਂ ਵਿੱਚੋਂ ਤਿੰਨ ਨੂੰ ਛੱਡ ਕੇ ਬਾਕੀ 7 ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ। ਜਦੋਂਕਿ ਇੱਕ ਦੀ ਮੌਤ ਹੋ ਚੁੱਕੀ ਹੈ ਅਤੇ ਇਕੱ ਪਹਿਲਾਂ ਹੀ ਤਿਹਾੜ ਜੇਲ੍ਹ ਵਿੱਚ ਹੈ। ਹਰਬਿੰਦਰ ਕੌਰ ਦੇ ਵਕੀਲ ਅਮਿਤ ਧਵਨ ਨੇ ਦੱਸਿਆ ਕਿ ਜਮਾਨਤੀ ਧਾਰਾਵਾਂ ਦੇ ਚੱਲਦਿਆਂ ਤਿੰਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਜਦੋਂਕਿ ਬਾਕੀਆਂ ਨੂੰ ਕਿੰਨੀ ਸਜਾ ਹੁੰਦੀ ਹੈ, ਇਸਦਾ ਫੈਸਲਾ ਅਦਾਲਤ 12 ਸਤੰਬਰ ਨੂੰ ਕਰੇਗੀ।