
-ਸੁਖਵੰਤ ਹੁੰਦਲ
ਅੱਜ ਕੱਲ੍ਹ ਪ੍ਰਚੱਲਤ ਮੀਡੀਏ ਵਿੱਚ ਆਰਟੀਫਿਸ਼ਨ ਇਨਟੈਲੀਜੈਂਸ ਨਾਲ ਹੋਣ ਵਾਲੀਆਂ ਪ੍ਰਾਪਤੀਆਂ ਦੇ ਸੰਬੰਧ ਵਿੱਚ ਇਕ ਗੱਲ ਆਮ ਕਹੀ ਜਾਂਦੀ ਹੈ ਕਿ ਇਸ ਨਾਲ ਵਿਸ਼ਵ ਪੱਧਰ ’ਤੇ ਉਤਪਾਦਕਤਾ (ਪ੍ਰੋਡਕਟਿਵਟੀ) ਅਤੇ ਵਰਕਰਾਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ ਹੋਵੇਗਾ। ਉਦਾਹਰਨ ਲਈ ਏ. ਆਈ. ਗੁਰੂ ਮਾਰਕ ਐਂਡਰੀਸਨ ਦਾ ਕਹਿਣਾ ਹੈ ਕਿ ਏ ਆਈ ਨਾਲ ਸਮੁੱਚੀ ਆਰਥਿਕਤਾ ਵਿੱਚ ਉਤਪਾਦਕਤਾ ਨਾਟਕੀ ਢੰਗ ਨਾਲ ਵਧੇਗੀ, ਜਿਸ ਨਾਲ ਆਰਥਿਕ ਵਾਧਾ ਹੋਵੇਗਾ, ਨਵੀਂਆਂ ਸਨਅਤਾਂ ਪੈਦਾ ਹੋਣਗੀਆਂ, ਨਵੀਂਆਂ ਨੌਕਰੀਆਂ ਅਤੇ ਤਨਖਾਹਾਂ ਵਿੱਚ ਵਾਧਾ ਹੋਵੇਗਾ, ਜਿਸ ਦੇ ਨਤੀਜੇ ਵਜੋਂ ਵਧੇਰੇ ਪਦਾਰਥਕ ਖੁਸ਼ਹਾਲੀ ਦੇ ਨਵੇਂ ਯੁੱਗ ਦਾ ਆਗਮਨ ਹੋਵੇਗਾ ਪਰ ਇਹ ਦਾਅਵਾ ਆਰਟੀਫਿਸ਼ਲ ਇਨਟੈਲੀਜੈਂਸੀ ਨੂੰ ਵਿਕਸਤ ਕਰਨ ਲਈ ਦਹਿ-ਲੱਖਾਂ ਦੀ ਗਿਣਤੀ ਵਿੱਚ ਕੰਮ ਕਰ ਰਹੇ ਵਰਕਰਾਂ ਦੇ ਤਜਰਬੇ ਨਾਲ ਮੇਲ ਨਹੀਂ ਖਾਂਦਾ। ਇਸ ਸਮੇਂ ਦੁਨੀਆ ਦੇ ਗਰੀਬ ਜਾਂ ਵਿਕਾਸਸ਼ੀਲਾਂ ਦੇਸ਼ਾਂ ਨਾਲ ਸੰਬੰਧਿਤ ਇਹ ਦਹਿ-ਲੱਖਾਂ ਵਰਕਰ ਬਹੁਤ ਹੀ ਘੱਟ ਤਨਖਾਹਾਂ ਅਤੇ ਕੰਮ ਦੀਆਂ ਮਾੜੀਆਂ ਹਾਲਤਾਂ ਵਿੱਚ ਕੰਮ ਕਰ ਰਹੇ ਹਨ ਅਤੇ ਏ. ਆਈ. ਦੇ ਖੇਤਰ ਕੰਮ ਕਰ ਰਹੀਆਂ ਕੰਪਨੀਆਂ ਵੱਲੋਂ ਕੀਤੇ ਜਾਂਦੇ ਬਹੁਤ ਹੀ ਬੁਰੀ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਇਸ ਲੇਖ ਵਿੱਚ ਏ. ਆਈ. ਦੇ ਵਿਕਾਸ ਦੌਰਾਨ ਹੋ ਰਹੇ ਕਾਮਿਆਂ ਦੇ ਇਸ ਸ਼ੋਸ਼ਣ ਬਾਰੇ ਗੱਲ ਕੀਤੀ ਜਾਵੇਗੀ।
ਆਰਟੀਫਿਸਿਲ ਇਨਟੈਲੀਜੈਂਸ ਦੇ ਮਾਡਲਾਂ, ਜਿਵੇਂ ਚੈਟ ਜੀ ਪੀ ਟੀ, ਨੂੰ ਸਿਖਲਾਈ ਦੇਣ ਲਈ ਬਹੁਤ ਸਾਰੇ ਡੈਟਾ (ਜਾਣਕਾਰੀ) ਦੀ ਲੋੜ ਪੈਂਦੀ ਹੈ। ਇਸ ਡੈਟਾ ਵਿੱਚ ਲਿਖਤ (ਟੈਕਸਟ), ਤਸਵੀਰਾਂ (ਇਮੇਜ), ਆਵਾਜ਼ (ਆਡੀਓ), ਵੀਡੀਓ ਆਦਿ ਸ਼ਾਮਲ ਹਨ। ਏ. ਆਈ. ਦੇ ਮਾਡਲ ਇਸ ਡੈਟਾ ਤੋਂ ਤਾਂ ਹੀ ਸਿੱਖ ਸਕਦੇ ਹਨ, ਜੇ ਇਹ ਡੈਟਾ ਠੀਕ ਤਰ੍ਹਾਂ ਲੇਬਲ ਅਤੇ ਸ਼੍ਰੇਣੀਬੱਧ ਕੀਤਾ ਗਿਆ ਹੋਵੇ। ਜਿਵੇਂ ਕਿ ਆਪਣੇ ਆਪ ਚੱਲਣ ਵਾਲੀਆਂ ਕਾਰਾਂ ਨਾਲ ਸੰਬੰਧਿਤ ਏ ਆਈ ਦੇ ਮਾਡਲਾਂ ਨੂੰ ਸੜਕ ’ਤੇ ਲੱਗੇ ਸਾਈਨਾਂ, ਪੈਦਲ ਚੱਲਣ ਵਾਲਿਆਂ, ਖੰਬਿਆਂ ਆਦਿ ਬਾਰੇ ਫਰਕ ਸਿੱਖਣ ਲਈ ਜ਼ਰੂਰੀ ਹੈ ਕਿ ਵੀਡੀਓਜ਼ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਹੀ ਅਤੇ ਸਪਸ਼ਟ ਤੌਰ ’ਤੇ ਲੇਬਲ ਕੀਤਾ ਗਿਆ ਹੋਵੇ। ਇਸ ਹੀ ਤਰ੍ਹਾਂ ਬੋਲੀ ਨਾਲ ਸੰਬੰਧਿਤ ਏ. ਆਈ. ਮਾਡਲਾਂ ਨੂੰ ਬੋਲੀ ਵਿੱਚ ਗਾਲ੍ਹਾਂ, ਅਸ਼ਲੀਲ ਭਾਸ਼ਾ, ਨਫਰਤ ਅਤੇ ਵਿਤਕਰੇ ਭਰੀ ਸ਼ਬਦਾਵਲੀ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਲਿਖਤਾਂ ਵਿੱਚ ਇਹਨਾਂ ਚੀਜ਼ਾਂ ਦੀ ਚੰਗੀ ਤਰ੍ਹਾਂ ਪਛਾਣ ਕੀਤੀ ਗਈ ਹੋਵੇ। ਇਸ ਲਈ ਇਹ ਕੰਮ ਕਰਨ ਲਈ ਲੱਖਾਂ, ਦਹਿ-ਲੱਖਾਂ (ਮਿਲੀਅਨਾਂ) ਲੋਕਾਂ ਦੀ ਲੋੜ ਪੈਂਦੀ ਹੈ ਅਤੇ ਇਹਨਾਂ ਲੋਕਾਂ ਨੂੰ ਲੇਬਲਰ (ਲੇਬਲ ਲਾਉਣ ਵਾਲੇ) ਜਾਂ ਐਨੋਨੇਟਰ (ਨੋਟ ਲਿਖਣ ਵਾਲੇ) ਕਿਹਾ ਜਾਂਦਾ ਹੈ। ਇਹ ਲੇਬਲਰ ਜਾਂ ਐਨੋਨੇਟਰ ਦਿਨ ਵਿੱਚ ਘੰਟਿਆਂ ਬੱਧੀ ਆਪਣੇ ਫੋਨਾਂ ਜਾਂ ਕੰਪਿਊਟਰਾਂ ਦੀਆਂ ਸਕਰੀਨਾਂ ਅੱਗੇ ਬੈਠੇ ਫੋਟੋਆਂ, ਵੀਡੀਓ ਅਤੇ ਲਿਖਤਾਂ ਨੂੰ ਦੇਖਦੇ ਹਨ ਅਤੇ ਵਸਤੂਆਂ ਦੁਆਲੇ ਗੋਲ ਦਾਇਰੇ ਵਾਹ ਕੇ ਉਹਨਾਂ ’ਤੇ ਲੇਬਲ ਲਾਉਂਦੇ ਹਨ ਤਾਂ ਕਿ ਏ. ਆਈ. ਮਾਡਲ ਇਹਨਾਂ ਫੋਟੋਆਂ, ਵੀਡੀਓ ਆਦਿ ਤੋਂ ਸਿੱਖ ਸਕੇ। ਉਹ ਘਰ ਵਿਚਲੇ ਫਰਨੀਚਰ ’ਤੇ ਨਿਸ਼ਾਨ ਲਾਉਂਦੇ ਹਨ ਕਿ ਇਹ ਟੀ ਵੀ ਹੈ,
ਇਹ ਮਾਈਕਰੋਵੇਵ ਓਵਨ ਹੈ। ਲੋਕਾਂ ਦੇ ਵੱਖ ਵੱਖ ਤਰ੍ਹਾਂ ਦੇ ਚਿਹਰਿਆਂ ਬਾਰੇ ਦੱਸਣ ਲਈ ਚਿਹਰਿਆਂ ’ਤੇ ਨਿਸ਼ਾਨ ਲਾ ਕੇ ਲੇਬਲ ਲਾਉਂਦੇ ਹਨ, ਇਹ ਗੋਰਾ ਹੈ, ਇਹ ਕਾਲਾ ਹੈ, ਇਹ ਏਸ਼ੀਅਨ ਹੈ।
ਲੇਬਲ ਲਾਉਣ ਜਾਂ ਨੋਟ ਲਿਖਣ ਦਾ ਕੰਮ ਕਰਨ ਵਾਲੇ ਇਹਨਾਂ ਲੱਖਾਂ ਲੋਕਾਂ ਵਿੱਚੋਂ ਬਹੁਗਿਣਤੀ ਅਮਰੀਕਾ ਦੀ ਸਿਲੀਕੋਨ ਵੈਲ੍ਹੀ ਤੋਂ ਹਜ਼ਾਰਾਂ ਮੀਲ ਦੂਰ ਗਰੀਬ ਜਾਂ ਵਿਕਾਸਸ਼ੀਲ ਦੇਸ਼ਾਂ ਵਿੱਚ ਕੰਮ ਕਰਦੇ ਹਨ। ਇਹਨਾਂ ਦੇਸ਼ਾਂ ਵਿੱਚ ਫਿਲਪੀਨ, ਕੀਨੀਆ, ਇੰਡੀਆ, ਪਾਕਿਸਤਾਨ, ਵੈਨਜ਼ੂਇਲਾ, ਕੋਲੰਬੀਆ ਆਦਿ ਦੇਸ਼ ਸ਼ਾਮਲ ਹਨ। ਸੰਨ 2023 ਵਿੱਚ ਛਪੀ ਇੱਕ ਰਿਪੋਰਟ ਅਨੁਸਾਰ ਉਸ ਸਮੇਂ ਇਕੱਲੇ ਫਿਲਪੀਨ ਵਿੱਚ 20 ਲੱਖ ਤੋਂ ਜ਼ਿਆਦਾ ਲੋਕ ਇਸ ਤਰ੍ਹਾਂ ਦਾ ਕੰਮ ਕਰ ਰਹੇ ਸਨ। ਇੰਡੀਆ ਬਾਰੇ ਸੰਨ 2022 ਵਿੱਚ ਛਪੀ ਇੱਕ ਰਿਪੋਰਟ ਅਨੁਸਾਰ ਉਸ ਸਮੇਂ 70,000 ਲੋਕ ਇਸ ਖੇਤਰ ਵਿੱਚ ਕੰਮ ਕਰਦੇ ਸਨ ਅਤੇ ਉਸ ਸਮੇਂ ਇੰਡੀਆ ਵਿੱਚ ਡੈਟਾ ਲੇਬਲਿੰਗ ਦੀ ਇੰਡਸਟਰੀ ਦੀ ਕੀਮਤ 25 ਕ੍ਰੋੜ (250 ਮਿਲੀਅਨ) ਡਾਲਰ ਦੇ ਬਰਾਬਰ ਸੀ। ਉਸ ਵੇਲੇ ਆਉਣ ਵਾਲੇ ਸਾਲਾਂ ਵਿੱਚ ਇੰਡੀਆ ਵਿੱਚ ਇਸ ਇੰਡਸਟਰੀ ਦੇ ਪਸਾਰ ਦੇ ਅੰਦਾਜ਼ੇ ਲਾਏ ਜਾ ਰਹੇ ਸਨ। ਇਸ ਪਸਾਰ ਦੇ ਸੱਚ ਹੋਣ ਦਾ ਅੰਦਾਜ਼ਾ ਕੰਪਿਊਟਰ ਵਰਲਡ ਨਾਂ ਦੇ ਸਾਈਟ ’ਤੇ 8 ਸਤੰਬਰ 2025 ਨੂੰ ਛਪੇ ਇੱਕ ਆਰਟੀਕਲ ਤੋਂ ਲਾਇਆ ਜਾ ਸਕਦਾ ਹੈ। ਇਸ ਆਰਟੀਕਲ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਊਬਰ ਨੇ ਇੰਂਡੀਆ ਦੇ 12 ਸ਼ਹਿਰਾਂ ਵਿੱਚ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਵਿੱਚ ਉਹ ਆਪਣੇ ਡਰਾਈਵਰਾਂ ਨੂੰ ਡੈਟਾ ਨੂੰ ਲੇਬਲ ਕਰਨ ਦੀ ਜਾਣਕਾਰੀ ਦੇ ਰਹੇ ਹਨ ਤਾਂ ਕਿ ਉਹ ਉਸ ਸਮੇਂ ਡੈਟਾ ਲੇਬਲ ਕਰਨ ਦਾ ਕੰਮ ਕਰ ਸਕਣ ਜਦੋਂ ਉਹ ਵਿਹਲੇ ਹੁੰਦੇ ਹਨ ਭਾਵ ਜਦੋਂ ਉਹਨਾਂ ਕੋਲ ਊਬਰ ਦੀ ਸਵਾਰੀ ਨਹੀਂ ਹੁੰਦੀ ਹੈ। ਇਸ ਆਰਟੀਕਲ ਅਨੁਸਾਰ ਊਬਰ ਦੇ ਇਸ ਕਦਮ ਨਾਲ ਇੰਡੀਆ ਵਿੱਚ ਊਬਰ ਦੇ 10 ਲੱਖ (1 ਮਿਲੀਅਨ) ਤੋਂ ਵੱਧ ਡਰਾਈਵਰ ਇਸ ਖੇਤਰ ਵਿੱਚ ਕੰਮ ਕਰਨ ਵਾਲਿਆਂ ਵਿੱਚ ਸ਼ਾਮਲ ਹੋ ਜਾਣਗੇ। ਫਰਵਰੀ 2024 ਵਿੱਚ ਅਲਜਜ਼ੀਰਾ ਦੀ ਸਾਈਟ ’ਤੇ ਛਪੇ ਇੱਕ ਆਰਟੀਕਲ ਅਨੁਸਾਰ ਕੀਨੀਆ ਵਿੱਚ 12 ਲੱਖ (1.2 ਮਿਲੀਅਨ) ਲੋਕ ਆਨਲਾਈਨ ਕੰਮ ਕਰਦੇ ਹਨ। ਇਸ ਆਰਟੀਕਲ ਤੋਂ ਇਹ ਸਪਸ਼ਟ ਨਹੀਂ ਕਿ ਇਹਨਾਂ ਵਿੱਚੋਂ ਕਿੰਨੇ ਲੋਕ ਡੈਟਾ ਨੂੰ ਲੇਬਲ ਕਰਨ ਦਾ ਕੰਮ ਕਰਦੇ ਹਨ। ਪਰ ਇਹ ਕਿਹਾ ਜਾ ਸਕਦਾ ਹੈ ਇਹਨਾਂ ਵਿੱਚੋਂ ਬਹੁਗਿਣਤੀ ਲੋਕ ਇਹ ਕੰਮ ਕਰਦੇ ਹੋਣਗੇ ਕਿਉਂਕਿ ਬਹੁਤ ਸਾਰੇ ਆਰਟੀਕਲਾਂ ਵਿੱਚ ਕੀਨੀਆ ਨੂੰ ਕੰਮ ਦੇ ਇਸ ਖੇਤਰ ਦਾ ਇੱਕ ਪ੍ਰਮੁੱਖ ਕੇਂਦਰ ਲਿਖਿਆ ਗਿਆ ਹੈ। ਇਹ ਲੋਕ ਏ. ਆਈ. ਦੇ ਖੇਤਰ ਵਿੱਚ ਵੱਡੀਆਂ ਕੰਪਨੀਆਂ ਜਿਵੇਂ ਮੈਟਾ, ਗੂਗਲ, ਓਪਨ ਆਈ, ਮਾਈਕਰੋਸੋਫਟ, ਐਮਾਜ਼ੋਨ ਲਈ ਡੈਟਾ ਨੂੰ ਲੇਬਲ ਕਰਨ ਦਾ ਕੰਮ ਕਰਦੇ ਹਨ।
ਪਰ ਇਹ ਕੰਪਨੀਆਂ ਇਹਨਾਂ ਵਰਕਰਾਂ ਤੋਂ ਸਿੱਧਾ ਕੰਮ ਨਹੀਂ ਕਰਾਉਂਦੀਆਂ ਸਗੋਂ ਇਹ ਹੋਰ ਕੰਪਨੀਆਂ ਨੂੰ ਠੇਕੇ ਦੇ ਦਿੰਦੀਆਂ ਹਨ ਅਤੇ ਉਹ ਕੰਪਨੀਆਂ ਇਹਨਾਂ ਵਰਕਰਾਂ ਤੋਂ ਇਹਨਾਂ ਵੱਡੀਆਂ ਕੰਪਨੀਆਂ ਲਈ ਕੰਮ ਕਰਾਉਂਦੀਆਂ ਹਨ। ਮੈਟਾ, ਗੂਗਲ, ਓਪਨ ਆਈ, ਮਾਈਕਰੋਸੋਫਟ ਆਦਿ ਕੰਪਨੀਆਂ ਦੀ ਡੈਟਾ ਲੇਬਲ ਕਰਨ ਦੇ ਕੰਮ ਵਿੱਚ ਠੇਕੇ ’ਤੇ ਸੇਵਾ ਕਰਨ ਵਾਲੀਆਂ ਕੰਪਨੀਆਂ ਵਿੱਚੋਂ ਕੁੱਝ ਦੇ ਨਾਂ ਇਸ ਪ੍ਰਕਾਰ ਹਨ: ਸੈਮਸੋਰਸ ਇੰਪੈਕਟ ਸੋਰਸਿੰਗ ਇਨਕਾਰਪੋਰੇਸ਼ਨ (ਸਾਮਾ), ਸਕੇਲ ਆਈ, ਆਈ ਮੈਰਿਟ, ਨਿਕੀ ਡਾਟ ਏ. ਆਈ. ਅਤੇ ਐਪਨ। ਵੱਡੀਆਂ ਕੰਪਨੀਆਂ ਲਈ ਠੇਕੇ ’ਤੇ ਕੰਮ ਕਰਵਾਉਣ ਵਾਲੀਆਂ ਇਹ ਕੰਪਨੀਆਂ ਆਪਣੇ ਆਪ ਵਿੱਚ ਹੀ ਕਾਫੀ ਵੱਡੀਆਂ ਕੰਪਨੀਆਂ ਬਣ ਗਈਆਂ ਹਨ। ਉਦਾਹਰਣ ਲਈ ਸੰਨ 2024 ਵਿੱਚ ਛਪੇ ਇੱਕ ਆਰਟੀਕਲ ਅਨੁਸਾਰ ਸੰਨ 2024 ਵਿੱਚ ਇਹਨਾਂ ਵਿੱਚੋਂ ਇੱਕ ਕੰਪਨੀ ਸਕੇਲ ਆਈ ਦੀ ਕੁੱਲ ਕੀਮਤ 14 ਅਰਬ (ਬਿਲੀਅਨ) ਡਾਲਰ ਸੀ।
ਕੀਨੀਆ ਵਿੱਚ ਡੈਟਾ ਲੇਬਲ ਕਰਨ ਦਾ ਕੰਮ ਕਰਨ ਵਾਲੇ ਵਰਕਰਾਂ ਦੇ ਅਨੁਸਾਰ
ਉਹਨਾਂ ਦਾ ਇਹ ਕੰਮ ਅੱਜ ਦੇ ਯੁੱਗ ਦੀ ਗੁਲਾਮੀ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਜਿਵੇਂਂ ਗੁਲਾਮਦਾਰੀ ਯੁੱਗ ਵਿੱਚ ਅਮਰੀਕਾ ਵਿੱਚ ਵੱਡੀਆਂ ਵੱਡੀਆਂ ਪਲਾਂਟਸੇਨਾਂ (ਖੇਤਾਂ) ਵਿੱਚ ਖੇਤੀ ਦਾ ਕੰਮ ਕਾਲੇ ਗੁਲਾਮ ਕਰਦੇ ਸਨ ਪਰ ਉਹਨਾਂ ਖੇਤਾਂ ਦੇ ਉਤਪਾਦਨ ਤੋਂ ਪੈਦਾ ਹੋਣ ਵਾਲੀ ਦੌਲਤ ਖੇਤਾਂ ਅਤੇ ਕਾਲੇ ਗੁਲਾਮਾਂ ਦੇ ਮਾਲਕ ਗੋਰੇ ਫਾਰਮਰਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋ ਜਾਂਦੀ ਸੀ, ਉਸ ਹੀ ਤਰ੍ਹਾਂ ਅੱਜ ਆਰਟੀਫਿਸ਼ਲ ਇਨਟੈਲੀਜੈਂਸ ਦੇ ਮਾਡਲਾਂ ਨੂੰ ਸਿਖਿਅਤ ਕਰਨ ਲਈ ਖੂਨ ਪਸੀਨਾ, ਇਹ ਡੈਟਾ ਵਰਕਰ ਵਹਾਉਂਦੇ ਹਨ ਪਰ ਇਸ ਤਕਨੌਲੌਜੀ ਤੋਂ ਪੈਦਾ ਹੋਣ ਵਾਲੀ ਦੌਲਤ ਆਰਟੀਫਿਸ਼ਲ ਇਨਟੈਲੀਜੈਂਸ ਨਾਲ ਸੰਬੰਧਿਤ ਮੁੱਠੀ ਭਰ ਕਾਰਪੋੋਰੇਸ਼ਨਾਂ ਅਤੇ ਉਹਨਾਂ ਦੇ ਮਾਲਕਾਂ/ਸ਼ੇਅਰਹੋਲਡਰਾਂ ਦੇ ਕੋਲ ਇਕੱਠੀ ਹੋਈ ਜਾਂਦੀ ਹੈ। ਅਮਰੀਕਾ ਦੀ ਸਿਲੀਕੋਨ ਵੈਲੀ ਦੇ ਅਰਬਾਂਪਤੀ ਇਸ ਲਈ ਦੌਲਤਮੰਦ ਨਹੀਂ ਹਨ ਕਿ ਉਹ ਬਹੁਤ ਹੁਸ਼ਿਆਰ ਅਤੇ ਉੱਦਮੀ ਹਨ, ਸਗੋੋਂ ਉਹ ਇਸ ਲਈ ਅਮੀਰ ਹਨ ਕਿਉਂਕਿ ਉਹ ਦੁਨੀਆ ਭਰ ਦੇ ਦਹਿ-ਲੱਖਾਂ ਕਾਮਿਆਂ ਨੂੰ ਉਹਨਾਂ ਦੀ ਸਖ਼ਤ ਮਿਹਨਤ ਦਾ ਯੋਗ ਮੁੱਲ ਅਦਾ ਨਹੀਂ ਕਰਦੇ।