ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਅਜੋਕੇ ਯੁੱਗ ਵਿੱਚ ਭੂਮਿਕਾ

In ਮੁੱਖ ਲੇਖ
July 10, 2025

ਸੁਖਵਿੰਦਰ ਕੌਰ

ਸਮੇਂ-ਸਮੇਂ ’ਤੇ ਤਕਨੀਕ ਵਿੱਚ ਬਦਲਾਅ ਆਉਂਦਾ ਰਹਿੰਦਾ ਹੈ। ਜਦੋਂ ਭਾਰਤ ਦੀ ਆਜ਼ਾਦੀ ਤੋਂ ਬਾਅਦ 1950 ’ਚ ਹਰੀ ਕ੍ਰਾਂਤੀ ਦੇ ਨਾਂਅ ਨਾਲ ਨਵੀਂ ਖੇਤੀ ਤਕਨੀਕ ਆਈ ਤਾਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹ ਆਪਣੀਆਂ ਫਸਲਾਂ ਦੀ ਪੈਦਾਵਾਰ ਵਧਾ ਸਕਦੇ ਹਨ। ਆਮ ਕਰਕੇ ਲੋਕ ਦੋ ਤਰ੍ਹਾਂ ਦੇ ਹੁੰਦੇ ਹਨ, ਪਹਿਲੇ ਕੋਈ ਵੀ ਨਵੀਂ ਤਕਨੀਕ ਆਉਣ ’ਤੇ ਉਸ ਬਾਰੇ ਜਾਣਕਾਰੀ ਲਏ ਬਗੈਰ ਉਸ ਨੂੰ ਲਾਗੂ ਕਰਨ ਲੱਗ ਪੈਂਦੇ ਹਨ। ਜਦਕਿ ਦੂਜੇ ਲੋਕ ਉਕਤ ਤਕਨੀਕ ਦੇ ਲਾਭ ਨੁਕਸਾਨ ਬਾਰੇ ਜਾਣ ਕੇ ਉਸ ਨੂੰ ਅਪਣਾਉਂਦੇ ਹਨ। ਅਜਿਹੇ ਲੋਕਾਂ ਨੇ ਹਰੀ ਕ੍ਰਾਂਤੀ ਤਕਨੀਕ ਨਾਲ ਹੋਣ ਵਾਲੇ ਬਦਲਾਅ ਤੇ ਹਾਈਬਿ੍ਰਡ ਬੀਜਾਂ ਨਾਲ ਵਧੀਆ ਪੈਦਾਵਾਰ ਲੈਣ ਲਈ ਪਹਿਲਾਂ ਬੀਜਾਂ ਤੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਬਾਰੇ ਪੂਰੀ ਜਾਣਕਾਰੀ ਲੈ ਕੇ ਖੇਤੀ ਸ਼ੁਰੂ ਕੀਤੀ। ਨਤੀਜੇ ਵਜੋਂ ਹਰੀ ਕ੍ਰਾਂਤੀ ਤਕਨੀਕ ਬਾਰੇ ਪੂਰੀ ਜਾਣਕਾਰੀ ਲੈ ਕੇ ਫਸਲਾਂ ਬੀਜਣ ਵਾਲੇ ਦੂਜੇ ਗਰੁੱਪ ਦੀਆਂ ਫਸਲਾਂ ਦੀ ਪੈਦਾਵਾਰ ਬਹੁਤ ਚੰਗੀ ਹੋਈ, ਜਦਕਿ ਪਹਿਲੇ ਗਰੁੱਪ ਨੂੰ ਆਰੰਭ ਵਿੱਚ ਬਹੁਤਾ ਲਾਭ ਨਾ ਹੋਇਆ। ਕੋਈ ਵੀ ਨਵੀਂ ਤਕਨੀਕ ਅਪਣਾਉਣ ਤੋਂ ਪਹਿਲਾਂ ਉਸ ਬਾਰੇ ਸਾਨੂੰ ਚੰਗੀ ਤਰ੍ਹਾਂ ਜਾਣਕਾਰੀ ਹੋਣੀ ਜ਼ਰੂਰੀ ਹੈ।
ਅੱਜ ਦਾ ਨਵਾਂ ਦੌਰ ਮਸਨੂਈ ਬੁੱਧੀ (ਆਰਟੀਫਿਸ਼ਅਲ ਇੰਟੈਲੀਜੈਂਸ- ਏ.ਆਈ.) ਦਾ ਯੁੱਗ ਹੈ। ਇਸ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਇਸ ਬਾਰੇ ਵੀ ਦੋ ਤਰ੍ਹਾਂ ਦੇ ਗਰੁੱਪ ਦੇਖਣ ਨੂੰ ਮਿਲ ਰਹੇ ਹਨ। ਇੱਕ ਗਰੁੱਪ ਨੂੰ ਲੱਗਦਾ ਹੈ ਕਿ ਏ.ਆਈ. ਉਨ੍ਹਾਂ ਦੀਆਂ ਨੌਕਰੀਆਂ ਖੋਹ ਲਵੇਗੀ ਅਤੇ ਇਹ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋਵੇਗੀ। ਜਦਕਿ ਦੂਸਰੇ ਗਰੁੱਪ ਅਨੁਸਾਰ ਏ.ਆਈ. ਉਨ੍ਹਾਂ ਦੇ ਭਵਿੱਖ ਲਈ ਬਹੁਤ ਲਾਹੇਵੰਦ ਸਿੱਧ ਹੋ ਸਕਦੀ ਹੈ। ਹੁਣ ਅਸੀਂ ਏ. ਆਈ. ਤਕਨੀਕ ਬਾਰੇ ਫ਼ੈਸਲਾ ਲੈਣਾ ਹੈ ਕਿ ਕੀ ਅਸੀਂ ਪਹਿਲੇ ਗਰੁੱਪ ਜਾਂ ਦੂਜੇ ਗਰੁੱਪ ਵਿੱਚ ਸ਼ਾਮਿਲ ਹੋਣਾ ਹੈ। ਸਾਨੂੰ ਏ.ਆਈ. ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇਸ ਰਾਹੀਂ ਭਵਿੱਖ ਵਿੱਚ ਰੁਜ਼ਗਾਰ ਦੇ ਮੌਕੇ ਮਿਲਣਗੇ ਜਾਂ ਨਹੀਂ। ਆਓ ਜਾਣੀਏ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਕੀ?
ਏ.ਆਈ. ਵਿੱਚ ਕੀ ਕੁਝ ਪੜਨਾ ਹੈ, ਕਿਹੜੇ ਪ੍ਰੋਜੈਕਟ ਕਰਨੇ ਹਨ ਅਤੇ ਇਸ ਨੂੰ ਕਿਸ ਤਰ੍ਹਾਂ ਲਾਗੂ ਕਰਨਾ ਹੈ? ਇਸ ਲਈ ਏ.ਆਈ. ਨੂੰ ਚੰਗੀ ਤਰ੍ਹਾਂ ਸਮਝਣ ਲਈ ਦੂਜੇ ਗਰੁੱਪ ਵਿੱਚ ਸ਼ਾਮਿਲ ਹੋਣਾ ਪਵੇਗਾ, ਤਾਂ ਕਿ ਅਸੀਂ ਸਮੇਂ ਦੇ ਹਾਣ ਦੇ ਹੋ ਕੇ ਭਵਿੱਖ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਸੌਖੇ ਤਰੀਕੇ ਨਾਲ ਹੱਲ ਕਰਕੇ ਆਪਣੇ ਲਈ ਰੁਜ਼ਗਾਰ ਦੇ ਤਰੀਕੇ ਲੱਭ ਸਕੀਏ। ਜਦੋਂ ਵੀ ਕੋਈ ਨਵੀਂ ਤਕਨੀਕ ਆਉਂਦੀ ਹੈ ਤਾਂ ਅਕਸਰ ਉਕਤ ਤਕਨੀਕ ਨੂੰ ਬਣਾਉਣ ਵਾਲਿਆਂ ਨਾਲੋਂ ਜ਼ਿਆਦਾ ਉਸ ਨੂੰ ਵਰਤਣ ਵਾਲਿਆਂ ਨੂੰ ਫਾਇਦਾ ਹੋਇਆ ਹੈ। ਫਰਿੱਜ ਬਣਾਉਣ ਵਾਲੀ ਕੰਪਨੀ ਨਾਲੋਂ ਫਰਿੱਜ ਨੂੰ ਵਰਤਣ ਵਾਲਿਆਂ ਨੇ ਜ਼ਿਆਦਾ ਫਾਇਦਾ ਉਠਾਇਆ ਹੈ, ਜਿਵੇਂ- ਆਈਸਕ੍ਰੀਮ, ਕੋਲਡ ਡਰਿੰਕ ਕੰਪਨੀਆਂ ਤੇ ਹੋਟਲ ਵਾਲਿਆਂ ਆਦਿ ਵੱਲੋਂ। ਇਸੇ ਤਰ੍ਹਾਂ ਜਦੋਂ ਇੰਟਰਨੈੱਟ ਆਇਆ ਸੀ ਤਾਂ ਇਸ ਨੂੰ ਬਣਾਉਣ ਵਾਲੀ ਭਾਵੇਂ ਅਮਰੀਕਾ ਦੀ ਸਰਕਾਰ ਸੀ, ਪਰ ਇਸ ਦਾ ਸਭ ਤੋਂ ਜ਼ਿਆਦਾ ਲਾਭ ਗੂਗਲ, ਫੇਸਬੁੱਕ ਤੇ ਐਮਾਜ਼ੋਨ ਵਰਗੀਆਂ ਈ-ਕਾਮਰਸ ਸਾਈਟਾਂ ਨੇ ਉਠਾਇਆ ਹੈ। ਭਾਵੇਂ ਹਵਾਈ ਜਹਾਜ਼ ਰਾਈਟ ਭਰਾਵਾਂ ਨੇ ਬਣਾਇਆ, ਪਰ ਉਨ੍ਹਾਂ ਤੋਂ ਕਿਤੇ ਜ਼ਿਆਦਾ ਕਮਾਈ ਬਾਅਦ ਵਿੱਚ ਹਵਾਈ ਜਹਾਜ਼ ਕੰਪਨੀਆਂ ਨੇ ਕੀਤੀ ਹੈ। ਇਸ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਹੋਂਦ ਵਿੱਚ ਆਉਣ 75 ਸਾਲ ਲੱਗੇ ਹਨ। ਜਿਸ ਤਰ੍ਹਾਂ ਕੋਈ ਮਨੁੱਖ ਗੱਲਬਾਤ ਸੁਣ, ਦੇਖ ਤੇ ਮਹਿਸੂਸ ਵੀ ਕਰ ਸਕਦਾ ਹੈ, ਇਸੇ ਤਰ੍ਹਾਂ ਏ.ਆਈ. ਨੇ ਰਬੋਟ ਨੂੰ ਮਨੁੱਖ ਦੀ ਹੂ-ਬ-ਹੂ ਨਕਲ ਕਰਕੇ ਤਿਆਰ ਕਰ ਦਿੱਤਾ ਹੈ।
ਏ.ਆਈ. ਦੀ ਸ਼ੁਰੂਆਤ 1950 ਵਿੱਚ ਹੋਈ, ਜਦੋਂ ਐਲਨ ਟਿਊਰਿੰਗ ਨੇ ਇੱਕ ਪੇਪਰ ਪਬਲਿਸ਼ ਕੀਤਾ, ਜਿਸ ਵਿੱਚ ਉਸ ਨੇ ਕੰਪਿਊਟਰ ਮਸ਼ੀਨਰੀ ਦੀ ਇੱਕ ਅਜਿਹੀ ਪ੍ਰਣਾਲੀ ਬਾਰੇ ਸੋਚਿਆ, ਜਿਸ ਦੀ ਆਪਣੀ ਹੀ ਬੁੱਧੀ ਹੋਵੇ। ਏ.ਆਈ. ਪਹਿਲੀ ਵਾਰ 1956 ਵਿੱਚ ਦੁਨੀਆ ਸਾਹਮਣੇ ਆਈ ਅਤੇ ਇਸ ਨੂੰ ਇਹ ਨਾਮ ਦੇਣ ਵਾਲਾ ਵਿਅਕਤੀ ਜੋਹਨ ਮੈਕਾਰਥੀ ਸੀ। ਸਭ ਤੋਂ ਪਹਿਲਾਂ ਏ.ਆਈ. ਵਿੱਚ ਅਲੀਜਾ ਨਾਮ ਦਾ ਚੈਟਬੋਟ ਸ਼ੁਰੂ ਹੋਇਆ, ਜੋ ਸਭ ਤੋਂ ਪਹਿਲਾ ਇੱਕ ਬੇਸਿਕ ਟੂਲ ਸੀ। ਇਸ ਤੋਂ ਬਾਅਦ ਇੱਕ ਹੋਰ ਰੋਬੋਟ ਆਇਆ, ਜੋ ਬਿਲਕੁਲ ਮਨੁੱਖ ਦੀ ਤਰ੍ਹਾਂ ਹਰ ਮੁਸ਼ਕਿਲ ਦਾ ਹੱਲ ਕਰਦਾ ਸੀ। 1990 ਦੇ ਦਹਾਕੇ ਦੇ ਅੰਤ ਤੱਕ ਏ.ਆਈ. ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋਈ ਅਤੇ ਮਸ਼ੀਨ ਲਰਨਿੰਗ ਤੇ ਨਿਊਰਲ ਨੈੱਟਵਰਕ ਦਾ ਵਿਕਾਸ ਸ਼ੁਰੂ ਹੋਇਆ। ਏ.ਆਈ. ਦੇ ਇਤਿਹਾਸ ਵਿੱਚ ‘ਡੀਪ ਬਲੂ ਬਨਾਮ ਗੈਰੀ ਕਾਸਪਾਰੋਬ (1997)’ ਇੱਕ ਮਹੱਤਵਪੂਰਨ ਪਲ ਸੀ, ਜਦੋਂ ਆਈ.ਬੀ.ਐੱਮ. ਦੇ ਡੀਪ ਬਲੂ ਨੇ ਸ਼ਤਰੰਜ ਦੇ ਵਿਸ਼ਵ ਚੈਂਪੀਅਨ ਗੈਰੀ ਨੂੰ ਹਰਾਇਆ। ਏ.ਆਈ. ਵੱਲੋਂ 2010 ਤੋਂ ਬਾਅਦ ਡੀਪ ਲਰਨਿੰਗ, ਚੈਟਬੋਟ, ਪਰਸਨਲ ਅਸਿਸਟੈਂਟ ਦਾ ਨਵਾਂ ਰੂਪ ਲਾਗੂ ਕੀਤਾ ਗਿਆ। ਸੀਰੀ, ਅਲੈਕਸਾ, ਗੂਗਲ ਅਸਿਸਟੈਂਟ ਜਿਹੀਆਂ ਚੀਜ਼ਾਂ ਹੌਲੀ-ਹੌਲੀ ਵਿਕਸਿਤ ਹੋ ਗਈਆਂ। ਐਪਲ ਨੇ 2011 ਵਿੱਚ ‘ਸੀਰੀ’ ਦੀ ਲੋਕਾਂ ਨਾਲ ਜਾਣ ਪਛਾਣ ਕਰਵਾਈ ਅਤੇ ਐਮਾਜ਼ੋਨ ਨੇ 2014 ਵਿੱਚ ਲੋਕਾਂ ਨੂੰ ‘ਅਲੈਕਸਾ’ ਤੋਂ ਜਾਣੂ ਕਰਵਾਇਆ।
ਅੱਜ ਜਦੋਂ ਅਸੀਂ 2020 ਤੋਂ ਬਾਅਦ ਦੀ ਗੱਲ ਕਰਦੇ ਹਾਂ ਵੇਖਦੇ ਹਾਂ ਕਿ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਬਹੁਤ ਅੱਗੇ ਨਿਕਲ ਗਏ ਹਾਂ। ਜਿਸ ਤਰ੍ਹਾਂ ਡਰਾਈਵਰ ਤੋਂ ਬਗੈਰ ਕਾਰ ਚੱਲ ਰਹੀ ਹੈ, ਇਹ ਏ.ਆਈ. ਦਾ ਇੱਕ ਅਦਭੁੱਤ ਰੂਪ ਹੈ। ਏ.ਆਈ. ਵੱਲੋਂ ਚੈਟ ਜੀ.ਪੀ.ਟੀ. ਜਾਂ ਮਿਡ ਜਰਨੀ ਜਿਹੀਆਂ ਸਹੂਲਤਾਂ ਦਿੱਤੀਆਂ ਜਾ ਚੁੱਕੀਆਂ ਹਨ। ਉਹ ਦਿਨ ਦੂਰ ਨਹੀਂ, ਜਦੋਂ ਰੋਬੋਟ ਵੀ ਸਾਡੀ ਜ਼ਿੰਦਗੀ ਦਾ ਫੋਨ ਦੀ ਤਰ੍ਹਾਂ ਹਿੱਸਾ ਬਣ ਜਾਵੇਗਾ ਅਤੇ ਸਾਡੇ ਕੰਮਾਂ ਵਿੱਚ ਹੱਥ ਵਟਾ ਕੇ ਜ਼ਿੰਦਗੀ ਨੂੰ ਹੋਰ ਸੁਖਾਲੀ ਕਰ ਦੇਵੇਗਾ, ਪਰ ਸਾਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸਾਰੇ ਟੂਲਜ਼ ਬਾਰੇ ਪੂਰੀ ਜਾਣਕਾਰੀ ਲੈ ਕੇ ਇਨ੍ਹਾਂ ਦੀ ਸਹੀ ਤਰੀਕੇ ਨਾਲ ਵਰਤੋਂ ਕਰਨੀ ਸਿੱਖਣੀ ਹੋਵੇਗੀ।

Loading