
ਸਿਡਨੀ/ਏ.ਟੀ.ਨਿਊਜ਼:
ਆਸਟ੍ਰੇਲੀਆ ਵਿੱਚ ਪੜ੍ਹਾਈ ਦੇ ਵੀਜ਼ੇ ’ਤੇ ਭਾਰਤ ਸਮੇਤ ਹੋਰ ਮੁਲਕਾਂ ਤੋਂ ਆਏ ਵਧੇਰੇ ਕੌਮਾਂਤਰੀ ਵਿਦਿਆਰਥੀ ਮੰਦੀ ਦਾ ਸ਼ਿਕਾਰ ਹਨ। ਰੁਜ਼ਗਾਰ ਨਾ ਹੋਣ ਕਾਰਨ ਉਨ੍ਹਾਂ ਲਈ ਕਾਲਜਾਂ ਦੀਆਂ ਫ਼ੀਸਾਂ, ਰਿਹਾਇਸ਼ ਤੇ ਰੋਟੀ-ਪਾਣੀ ਦੇ ਖ਼ਰਚੇ ਕੱਢਣੇ ਵੀ ਔਖੇ ਹਨ। ਪੰਜਾਬ ਦੇ ਬਟਾਲਾ ਤੋਂ ਆਏ ਰਣਧੀਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਹ ਕੁੱਕਰੀ ਦੀ ਪੜ੍ਹਾਈ ਕਰਨ ਲਈ ਇੱਥੇ ਆਇਆ ਸੀ। ਪੜ੍ਹਾਈ ਖ਼ਤਮ ਹੋਣ ਮਗਰੋਂ ਪੀ.ਆਰ. ਲਈ ਅਰਜ਼ੀ ਦਾਖਲ ਕਰਨ ਵੇਲੇ ਪਤਾ ਲੱਗਾ ਕਿ ਹੁਣ ਸੂਬੇ ’ਚ ਕੁੱਕਰੀ ਦੀ ਸ਼੍ਰੇਣੀ ਸਕਿਲਡ ਵਰਕਰ ਪ੍ਰੋਗਰਾਮ ’ਚੋਂ ਬਾਹਰ ਹੈ। ਹੁਣ ਉਹ ਨਵੇਂ ਕੋਰਸ ਦੀ ਭਾਲ ਵਿੱਚ ਹੈ। ਅਜਿਹਾ ਸਿਰਫ ਰਣਧੀਰ ਨਾਲ ਹੀ ਨਹੀਂ ਵਾਪਰਿਆ, ਸਗੋਂ ਉਸ ਵਰਗੇ ਸੈਂਕੜੇ ਵਿਦਿਆਰਥੀ ਹਨ, ਜਿਨ੍ਹਾਂ ਦਾ ਭਵਿੱਖ ਡਾਵਾਂਡੋਲ ਹੋਇਆ ਪਿਆ ਹੈ। ਅਜਨਾਲਾ ਨੇੜਲੇ ਪਿੰਡ ਤੋਂ ਆਇਆ ਕੰਵਲਜੀਤ ਦੱਸਦਾ ਹੈ ਕਿ ਉਹ ਵਾਪਸ ਮੁੜਨਾ ਚਾਹੁੰਦਾ ਹੈ ਪਰ ਮਾਂ-ਪਿਓ ਨੇ ਸਾਰੀ ਜ਼ਮੀਨ ਗਹਿਣੇ ਰੱਖ ਕੇ 25 ਲੱਖ ਰੁਪਏ ਦਾ ਕਰਜ਼ਾ ਲੈ ਕੇ ਉਸ ਨੂੰ ਇੱਥੇ ਭੇਜਿਆ ਸੀ, ਜੋ ਉਸ ਨੂੰ ਖਾਲੀ ਹੱਥ ਵਾਪਸ ਨਹੀਂ ਜਾਣ ਦੇ ਰਿਹਾ। ਇਸੇ ਤਰ੍ਹਾਂ ਨਕੋਦਰ ਤੋਂ ਆਈ ਸੁਨੀਤਾ ਦੱਸਦੀ ਹੈ ਕਿ ਕਾਰੋਬਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਸਸਤੀ ਲੇਬਰ ਵਜੋਂ ਵਰਤਿਆ ਜਾ ਰਿਹਾ ਹੈ। ਵੀਜ਼ੇ ਮੁਤਾਬਕ ਹਫਤੇ ’ਚ ਸਿਰਫ ਵੀਹ ਘੰਟੇ ਕੰਮ ਕਰਨ ਨਾਲ ਉਨ੍ਹਾਂ ਦੇ ਖਰਚੇ ਪੂਰੇ ਨਹੀਂ ਹੁੰਦੇ।