ਆਰ.ਐਸ.ਐਸ. ਮੁਖੀ ਦੀ ਹਾਜ਼ਰੀ ਵਿਚ ਜੀ.ਐਨ.ਡੀ.ਯੂ. ਵੀਸੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਵੇਦਾਂ ਨਾਲ ਜੋੜਿਆ

In ਮੁੱਖ ਲੇਖ
August 06, 2025

ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ.) ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਨੂੰ ਸੰਬੋਧਨ ਕਰਦਿਆਂ ਇੱਕ ਵਿਵਾਦਤ ਵੀਡੀਓ ਗੁਰੂ ਗ੍ਰੰਥ ਸਾਹਿਬ ਤੇ ਵੇਦਾਂ ਦੀ ਸਾਂਝ ਬਾਰੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਕਾਰਣ ਸਿੱਖ ਪੰਥ ਵਿੱਚ ਵਿਵਾਦ ਨੂੰ ਜਨਮ ਦਿੱਤਾ ਹੈ। ਇਸ ਮਾਮਲੇ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਅਤੇ ਸਿੱਖ ਸੰਗਤਾਂ ਵਿੱਚ ਗੁੱਸੇ ਦੀ ਲਹਿਰ ਪੈਦਾ ਕੀਤੀ ਹੈ। ਸ੍ਰੋਮਣੀ ਕਮੇਟੀ ਨੇ ਇਸੇ ਕਾਰਣ ਡਾ. ਕਰਮਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਬੰਧੀ ਸੇਵਾ ਨਿਯਮਾਂ ਬਾਰੇ ਬਣਾਈ ਕਮੇਟੀ ਵਿੱਚੋਂ ਹਟਾ ਦਿੱਤਾ ਹੈ।

ਵੀਡੀਓ ਦਾ ਮਾਮਲਾ ਅਤੇ ਵਿਵਾਦ

ਵਾਇਰਲ ਵੀਡੀਓ ਵਿੱਚ ਡਾ. ਕਰਮਜੀਤ ਸਿੰਘ ਅੰਮ੍ਰਿਤਾ ਯੂਨੀਵਰਸਿਟੀ, ਕੋਚੀ ਵਿਖੇ ਇੱਕ ਸਮਾਗਮ ਦੌਰਾਨ ਮੋਹਨ ਭਾਗਵਤ ਨੂੰ ਸੰਬੋਧਨ ਕਰਦੇ ਦਿਖਾਈ ਦੇ ਰਹੇ ਹਨ। ਉਹ ਜੀ.ਐਨ.ਡੀ.ਯੂ. ਵਿੱਚ ਪ੍ਰੀ-ਪੀਐਚਡੀ ਕੋਰਸ ਵਿੱਚ ‘ਭਾਰਤੀ ਗਿਆਨ ਪ੍ਰੰਪਰਾ’ ਸ਼ੁਰੂ ਕਰਨ, ਰਿਗਵੇਦ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਜੋੜਦੀ ਇੱਕ ਚੇਅਰ ਸਥਾਪਤ ਕਰਨ ਦੀ ਗੱਲ ਕਰਦੇ ਹਨ। ਇਸ ਨੇ ਸਿੱਖ ਭਾਈਚਾਰੇ ਵਿੱਚ ਇਹ ਸਵਾਲ ਖੜ੍ਹੇ ਕੀਤੇ ਹਨ ਕਿ ਕੀ ਸਿੱਖ ਧਰਮ ਦੀ ਵਿਲੱਖਣਤਾ ਨੂੰ ਵੈਦਿਕ ਪ੍ਰੰਪਰਾਵਾਂ ਨਾਲ ਜੋੜਨ ਦੀ ਕੋਸ਼ਿਸ਼ ਸਿੱਖ ਮਰਿਆਦਾ ਦੀ ਉਲੰਘਣਾ ਨਹੀਂ? ਸ੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ, “ਸਿੱਖ ਧਰਮ ਦੀ ਮਰਿਆਦਾ ਵੱਖਰੀ ਹੈ। ਕਿਸੇ ਨੂੰ ਅਧਿਕਾਰ ਨਹੀਂ ਕਿ ਉਹ ਸਿੱਖ ਪ੍ਰੰਪਰਾਵਾਂ ਨੂੰ ਛੁਟਿਆਵੇ। 

ਸ੍ਰੋਮਣੀ ਕਮੇਟੀ ਦਾ ਐਕਸ਼ਨ

 ਸਿੱਖ ਬੁੱਧੀਜੀਵੀਆਂ ਅਤੇ ਵਿਦਿਆਰਥੀ ਜਥੇਬੰਦੀ ਸੱਥ ਨੇ ਸ੍ਰੋਮਣੀ ਕਮੇਟੀ ਦੇ ਇਸ ਫੈਸਲੇ ਨੂੰ ਨਾਕਾਫੀ ਦੱਸਿਆ। ਸੱਥ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਡਾ. ਕਰਮਜੀਤ ਸਿੰਘ ਨੂੰ ਅਕਾਲ ਤਖਤ ਵਿਖੇ ਤਲਬ ਕਰਕੇ ਪੂਰੀ ਪੜਤਾਲ ਕੀਤੀ ਜਾਵੇ। ਉਨ੍ਹਾਂ ਮੁਤਾਬਕ, ਆਰ.ਐਸ.ਐਸ. ਸਿੱਖ ਪੰਥ ਦੀ ਵਿਲੱਖਣ ਪਛਾਣ ਨੂੰ ਹਿੰਦੂ ਸੱਭਿਆਚਾਰ ਵਿੱਚ ਜਜ਼ਬ ਕਰਨ ਦੀ ਕੋਸ਼ਿਸ਼ ਕਰਦੀ ਹੈ। ਸੱਥ ਨੇ 2001, 2002 ਅਤੇ 2004 ਦੇ ਅਕਾਲ ਤਖਤ ਦੇ ਹੁਕਮਨਾਮਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੰਘ ਨੂੰ “ਪੰਥ ਵਿਰੋਧੀ” ਸੰਸਥਾ ਘੋਸ਼ਿਤ ਕੀਤਾ ਗਿਆ ਸੀ। ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਲੰਮਾ ਸਿਆਸੀ ਗਠਜੋੜ ਰਿਹਾ ਹੈ। ਸ੍ਰੋਮਣੀ ਕਮੇਟੀ ਦਾ ਇਹ ਫੈਸਲਾ ਸਿਰਫ਼ ਇੱਕ ਦਿਖਾਵਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਆਰ.ਐਸ.ਐਸ. ਦਾ ਸਿੱਖ ਸੰਸਥਾਵਾਂ ‘ਤੇ ਪ੍ਰਭਾਵ ਵਧ ਰਿਹਾ ਹੈ, ਜਿਸ ਨੂੰ ਸ੍ਰੋਮਣੀ ਕਮੇਟੀ ਨੂੰ ਰੋਕਣ ਲਈ ਪੁਖਤਾ ਕਦਮ ਚੁੱਕਣੇ ਚਾਹੀਦੇ ਹਨ।ਸੱਥ ਨੇ ਸਵਾਲ ਉਠਾਇਆ ਕਿ ਅਕਾਲ ਤਖਤ ਦੇ ਜਥੇਦਾਰ ਇਸ ਮਾਮਲੇ ‘ਤੇ ਸਖਤ ਐਕਸ਼ਨ ਕਿਉਂ ਨਹੀਂ ਲੈ ਰਹੇ। ਉਨ੍ਹਾਂ ਮੁਤਾਬਕ, ਆਰ.ਐਸ.ਐਸ. ਸਿੱਖ ਸੰਸਥਾਵਾਂ ਵਿੱਚ ਸਿੱਖ ਚਿਹਰਿਆਂ ਨੂੰ ਵਰਤ ਕੇ ਆਪਣੀ ਵਿਚਾਰਧਾਰਾ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ। ਸਿੱਖ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਦੇ ਦੋਸ਼ ਵੀ ਲੱਗ ਰਹੇ ਹਨ। ਸੱਥ ਨੇ ਮੰਗ ਕੀਤੀ ਕਿ ਸਿੱਖ ਵਿਦਵਾਨਾਂ ਦੀ ਕਮੇਟੀ ਬਣਾ ਕੇ ਅਜਿਹੀਆਂ ਗਤੀਵਿਧੀਆਂ ਦੀ ਪੜਤਾਲ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਵੀ ਸਖਤ ਕਾਰਵਾਈ ਕਰੇ।

ਯੂਨੀਵਰਸਿਟੀ ਦਾ ਗੋਲ ਮੋਲ ਪ੍ਰਤੀਕਰਮ

ਜੀ.ਐਨ.ਡੀ.ਯੂ. ਦੇ ਲੋਕ ਸੰਪਰਕ ਵਿਭਾਗ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅੰਮ੍ਰਿਤਾ ਯੂਨੀਵਰਸਿਟੀ, ਕੋਚੀ ਵੱਲੋਂ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਡਾ. ਕਰਮਜੀਤ ਸਿੰਘ ਨੂੰ ਇੰਡੀਅਨ ਐਜੁਕੇਸ਼ਨ ਸੋਸਾਇਟੀ ਦੇ ਸੱਦੇ ‘ਤੇ ਸ਼ਾਮਲ ਹੋਣ ਲਈ ਬੁਲਾਇਆ ਗਿਆ। ਉਨ੍ਹਾਂ ਨੇ ਪੰਜਾਬੀ ਭਾਸ਼ਾ ਦੀ ਡਿਜੀਟਾਈਜ਼ੇਸ਼ਨ, ਵਾਤਾਵਰਣ ਮੁਹਿੰਮਾਂ ਅਤੇ ਸਿੱਖ ਚੇਤਨਾ ਨੂੰ ਫੈਲਾਉਣ ਦੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਯੂਨੀਵਰਸਿਟੀ ਨੇ ਸਪੱਸ਼ਟ ਕੀਤਾ ਕਿ ਸਮਾਗਮ ਦੇ ਸੱਦੇ ਅਤੇ ਪ੍ਰਬੰਧ ਅੰਮ੍ਰਿਤਾ ਯੂਨੀਵਰਸਿਟੀ ਵੱਲੋਂ ਸਨ, ਜਿਸ ਵਿੱਚ ਜੀ.ਐਨ.ਡੀ.ਯੂ. ਦੀ ਕੋਈ ਸਿੱਧੀ ਭੂਮਿਕਾ ਨਹੀਂ ਸੀ।ਡਾ. ਕਰਮਜੀਤ ਸਿੰਘ ਦੇ ਬਿਆਨ, ਜਿਸ ਵਿੱਚ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਰਿਗਵੇਦ ਨਾਲ ਜੋੜਨ ਦੀ ਗੱਲ ਕੀਤੀ, ਨੇ ਸਿੱਖ ਧਰਮ ਦੀ ਵਿਲੱਖਣਤਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਸਿੱਖ ਮਾਹਿਰਾਂ ਮੁਤਾਬਕ, ਸਿੱਖ ਧਰਮ ਦੀ ਨੀਂਹ ਗੁਰੂ ਨਾਨਕ ਦੇਵ ਜੀ ਦੇ ਨਿਆਰੇ ਫਲਸਫੇ ‘ਤੇ ਟਿਕੀ ਹੈ, ਜੋ ਵੈਦਿਕ ਪ੍ਰੰਪਰਾਵਾਂ ਤੋਂ ਵੱਖਰੀ ਅਤੇ ਸੁਤੰਤਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਵਿੱਚ ਇੱਕ ਪਰਮਾਤਮਾ, ਸਮਾਜਕ ਸਮਾਨਤਾ ਅਤੇ ਨਿਆਂ ਦੀ ਗੱਲ ਕੀਤੀ ਗਈ ਹੈ, ਜੋ ਵੈਦਿਕ ਪ੍ਰੰਪਰਾਵਾਂ ਦੇ ਜਾਤ-ਪਾਤ ਅਤੇ ਰਸਮੀ ਕਰਮਕਾਂਡਾਂ ਤੋਂ ਵੱਖ ਹੈ।

ਇਹ ਮਾਮਲਾ ਸਿੱਖ ਸੰਸਥਾਵਾਂ ਵਿੱਚ ਆਰ.ਐਸ.ਐਸ. ਦੀ ਵਧਦੀ ਦਖਲਅੰਦਾਜ਼ੀ ਅਤੇ ਸਿੱਖ ਮਰਿਆਦਾ ਦੀ ਸੁਰੱਖਿਆ ਦਾ ਸਵਾਲ ਉਠਾਉਂਦਾ ਹੈ। ਸ੍ਰੋਮਣੀ ਕਮੇਟੀ ਦਾ ਫੈਸਲਾ ਸਹੀ ਦਿਸ਼ਾ ਵਿੱਚ ਹੈ, ਪਰ ਸੱਥ ਅਤੇ ਬੁੱਧੀਜੀਵੀਆਂ ਦੀ ਮੰਗ ਹੈ ਕਿ ਪੂਰੀ ਪੜਤਾਲ ਅਤੇ ਸਖਤ ਕਾਰਵਾਈ ਜ਼ਰੂਰੀ ਹੈ। ਅਕਾਲ ਤਖਤ ਨੂੰ ਇਸ ਮਾਮਲੇ ‘ਤੇ ਸਪੱਸ਼ਟ ਸਟੈਂਡ ਲੈਣ ਦੀ ਲੋੜ ਹੈ, ਤਾਂ ਜੋ ਸਿੱਖ ਅਦਾਰਿਆਂ ਦੀ ਵਿਲੱਖਣਤਾ ਅਤੇ ਸੁਤੰਤਰਤਾ ਬਰਕਰਾਰ ਰਹੇ।

Loading