ਆਸਟ੍ਰੇਲੀਅਨ ਓਪਨ ’ਚ ਜੋਕੋਵਿਚ ਨੂੰ ਹਰਾ ਕੇ ਅਲਕਰਾਜ਼ ਜੇਤੂ ਰਿਹਾ

In ਖੇਡ ਖਿਡਾਰੀ
February 06, 2026

ਮੈਲਬਰਨ/ਏ.ਟੀ.ਨਿਊਜ਼: ਕਾਰਲੋਸ ਅਲਕਰਾਜ਼ ਆਸਟ੍ਰੇਲੀਅਨ ਓਪਨ ਖ਼ਿਤਾਬ ਜਿੱਤ ਕੇ ਕੈਰੀਅਰ ਗਰੈਂਡ ਸਲੈਮ ਪੂਜਾ ਕਰਨ ਵਾਲਾ ਹੁਣ ਤੱਕ ਦਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣ ਗਿਆ ਹੈ। ਜਦੋਂ ਕੋਈ ਖਿਡਾਰੀ ਚਾਰ ਗਰੈਂਡ ਸਲੈਮ (ਆਸਟ੍ਰੇਲੀਅਨ ਓਪਨ, ਵਿੰਬਲਡਨ, ਫਰੈਂਚ ਓਪਨ ਤੇ ਯੂ ਐੱਸ ਓਪਨ) ਜਿੱਤ ਲੈਂਦਾ ਹੈ ਤਾਂ ਉਸ ਨੂੰ ਕੈਰੀਅਰ ਗਰੈਂਡ ਸਲੈਮ ਪੂਰਾ ਕਰਨਾ ਕਹਿੰਦੇ ਹਨ। ਅਲਕਰਾਜ਼ ਨੇ ਨੋਵਾਕ ਜੋਕੋਵਿਚ ਨੂੰ ਹਰਾਇਆ, ਜੋ ਮੈਲਬਰਨ ਪਾਰਕ ਵਿੱਚ ਆਪਣੇ ਪਿਛਲੇ ਦਸ ਫਾਈਨਲ ਵਿੱਚ ਕਦੇ ਨਹੀਂ ਹਾਰਿਆ ਸੀ।
ਇਸ ਦੇ ਨਾਲ ਹੀ ਜੋਕੋਵਿਚ ਦਾ 25ਵਾਂ ਗਰੈਂਡ ਸਲੈਮ ਜਿੱਤਣ ਦਾ ਸੁਫਨਾ ਵੀ ਪੂਰਾ ਨਹੀਂ ਹੋ ਸਕਿਆ। ਸਿਖਰਲਾ ਦਰਜਾ ਪ੍ਰਾਪਤ ਅਲਕਰਾਜ਼ ਨੇ ਪਿਛਲੇ ਦਿਨੀਂ ਪਹਿਲਾ ਸੈੱਟ ਹਾਰਨ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ ਸਰਬਿਆਈ ਖਿਡਾਰੀ ’ਤੇ 2-6, 6-2, 6-3, 7-5 ਨਾਲ ਜਿੱਤ ਦਰਜ ਕੀਤੀ। ਸਪੇਨ ਦੇ 22 ਸਾਲਾ ਖਿਡਾਰੀ ਨੇ ਉਨ੍ਹਾਂ ਸ਼ਾਟਸ ਨੂੰ ਵੀ ਮੋੜਿਆ, ਜੋ ਆਮ ਤੌਰ ’ਤੇ ਜੋਕੋਵਿਚ ਲਈ ਜੇਤੂ ਸਾਬਤ ਹੁੰਦੇ ਸਨ। ਉਸ ਨੇ ਆਪਣੇ 38 ਸਾਲਾ ਵਿਰੋਧੀ ’ਤੇ ਜ਼ਬਰਦਸਤ ਦਬਾਅ ਬਣਾਈ ਰੱਖਿਆ। ਜਿੱਤ ਪੱਕੀ ਹੋਣ ਮਗਰੋਂ ਅਲਕਰਾਜ਼ ਨੇ ਆਪਣਾ ਰੈਕੇਟ ਹੇਠਾਂ ਸੁੱਟ ਦਿੱਤਾ ਅਤੇ ਜ਼ਮੀਨ ’ਤੇ ਲਿਟ ਕੇ ਸਿਰ ਹੱਥਾਂ ’ਤੇ ਰੱਖ ਲਿਆ। ਉਹ ਕੁਝ ਪਲ ਮਗਰੋਂ ਜੋਕੋਵਿਚ ਨਾਲ ਹੱਥ ਮਿਲਾਉਣ ਲਈ ਨੈੱਟ ਕੋਲ ਗਿਆ। ਜੋਕੋਵਿਚ ਨੇ ਮੁਸਕਰਾਉਂਦਿਆਂ ਅਲਕਰਾਜ਼ ਨੂੰ ਵਧਾਈ ਦਿੱਤੀ। ਅਲਕਰਾਜ਼ 22 ਸਾਲ ਅਤੇ 272 ਦਿਨ ਦੀ ਉਮਰ ਵਿੱਚ ਚਾਰ ਗਰੈਂਡ ਸਲੈਮ ਦਾ ਸਿੰਗਲਜ਼ ਖਿਤਾਬ ਜਿੱਤਣ ਵਾਲਾ ਸਭ ਤੋਂ ਛੋਟੀ ਉਮਰ ਦਾ ਪੁਰਸ਼ ਖਿਡਾਰੀ ਬਣ ਗਿਆ। ਉਸ ਨੇ 1938 ਦੀ ਫਰੈਂਚ ਚੈਂਪੀਅਨਸ਼ਿਪ ਵਿੱਚ ਡਾਨ ਬੱਜ ਦਾ ਬਣਾਇਆ ਰਿਕਾਰਡ ਤੋੜਿਆ, ਜਦੋਂ ਉਹ 22 ਸਾਲ ਅਤੇ 363 ਦਿਨ ਦਾ ਸੀ।

Loading