ਆਸਟ੍ਰੇਲੀਆ ਤੇ ਨਿਊਜ਼ੀਲੈਂਡ ਪੁਲਿਸ ਖੇਡਾਂ ’ਚ ਪੰਜਾਬੀ ਜੋੜੇ ਨੇ ਜਿੱਤੇ ਸੋਨੇ-ਚਾਂਦੀ ਦੇ ਤਗ਼ਮੇ

In ਮੁੱਖ ਖ਼ਬਰਾਂ
March 24, 2025
ਫ਼ਤਿਹਗੜ੍ਹ ਚੂੜੀਆਂ/ਏ.ਟੀ.ਨਿਊਜ਼ : ਪਿੰਡ ਮਾਨ ਸੈਡਵਾਲ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਥੋਂ ਦੇ ਗੁਰਸ਼ੇਰ ਸਿੰਘ ਮਾਨ ਤੇ ਉਨ੍ਹਾਂ ਦੀ ਪਤਨੀ ਹਰਲੀਨ ਕੌਰ ਮਾਨ, ਜੋ ਆਸਟ੍ਰੇਲੀਆ ਰਹਿ ਰਹੇ ਹਨ, ਵੱਲੋਂ ਆਸਟ੍ਰੇਲੀਆ/ਨਿਊਜ਼ੀਲੈਂਡ ਪੁਲਿਸ ਖੇਡਾਂ ’ਚ ਸੋਨੇ-ਚਾਂਦੀ ਦੇ ਤਗ਼ਮੇ ਜਿੱਤ ਕੇ ਸਮੂਹ ਪੰਜਾਬੀ ਭਾਈਚਾਰੇ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਗੱਲ ਕਰਦਿਆਂ ਸਰਪੰਚ ਜਸਪਾਲ ਸਿੰਘ ਮਾਨ ਨੇ ਕਿਹਾ ਕਿ ਇਸ ਜੋੜੇ ਵਲੋਂ ਖੇਡਾਂ ’ਚ ਕੀਤੇ ਗਏ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਡੇ ਪਿੰਡ ਤੇ ਸਮੂਹ ਇਲਾਕੇ ਦਾ ਮਾਣ ਵਧਿਆ ਹੈ। ਤਸਮਾਨੀਆ ਦੇ ਹੋਬਾਰਟ ਵਿੱਚ ਹੋਈਆਂ ਆਸਟਰੇਲੀਆ/ਨਿਊਜ਼ੀਲੈਂਡ ਪੁਲਿਸ ਖੇਡਾਂ ’ਚ 10 ਪੈਸੇਫ਼ਿਕ ਆਈਸਲੈਂਡ ਦੇਸ਼ਾਂ ਦੇ ਲਗਭਗ 1,500 ਐਥਲੀਟਾਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ। ਐਨ. ਐਸ. ਡਬਲਿਊ ਦੀ ਸਟੇਟ ਐਮਰਜੈਂਸੀ ਸੇਵਾਵਾਂ ਦੀ ਨੁਮਾਇੰਦਗੀ ਕਰਦੇ ਹੋਏ ਗੁਰਸ਼ੇਰ ਸਿੰਘ ਮਾਨ ਨੇ 4 ਸੋਨੇ ਦੇ ਤਗ਼ਮੇ ਜਿੱਤ ਕੇ ਅਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਿਆ ਹੈ। 100 ਮੀਟਰ ਸਪਰਿੰਟ 200 ਮੀਟਰ ਸਪਰਿੰਟ 400 ਮੀਟਰ ਸਪਰਿੰਟ 4*100 ਮੀਟਰ ਨਿਊ ਸਾਊਥ ਵੇਲਸ ਸਟੇਟ ਦੀ ਸਾਂਝੀ ਮਿਕਸ ਟੀਮ ਰਿਲੇਅ ਰੇਸ ਵਿੱਚ ਸੋਨੇ ਦਾ ਤਗ਼ਮਾ ਹਾਸਲ ਕੀਤਾ। ਇਨ੍ਹਾਂ ਖੇਡਾਂ ਦੌਰਾਨ ਹਰਸੀਨ ਕੌਰ ਮਾਨ ਸਹੋਤਾ ਨੇ ਜੈਵਲਿਨ ਥਰੋ ਵਿੱਚ ਚਾਂਦੀ ਅਤੇ ਡਿਸਕਸ ਥਰੋ ’ਚ ਕਾਂਸੀ ਜਿਤਿਆ। ਇਸ ਜਿੱਤ ਦੇ ਚੱਲਦਿਆਂ ਇਹ ਦੋਵੇਂ ਐਥਲੀਟ ਜੂਨ 2025 ਵਿੱਚ ਬਰਮਿੰਘਮ, ਅਲਾਬਾਮਾ (ਅਮਰੀਕਾ) ਵਿੱਚ ਵਿਸ਼ਵ ਪੁਲਿਸ ਅਤੇ ਫ਼ਾਇਰ ਖੇਡਾਂ ’ਚ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਨ ਲਈ ਕੁਆਲੀਫ਼ਾਈ ਕਰ ਗਏ ਹਨ।

Loading