ਆਸਟ੍ਰੇਲੀਆ ਵਿੱਚ ਪਰਵਾਸ ਵਿਰੋਧੀ ਪ੍ਰਦਰਸ਼ਨਾਂ ਤੋਂ ਭਾਰਤੀ ਭਾਈਚਾਰਾ ਚਿੰਤਤ

In ਮੁੱਖ ਖ਼ਬਰਾਂ
March 02, 2026

ਬਿ੍ਰਸਬਨ/ਏ.ਟੀ.ਨਿਊਜ਼:ਆਸਟ੍ਰੇਲੀਆ ਵਿੱਚ ਵਧ ਰਹੇ ਨਸਲਵਾਦ ਅਤੇ ਪਰਵਾਸ ਵਿਰੋਧੀ ਪ੍ਰਦਰਸ਼ਨਾਂ ਨੇ ਭਾਰਤੀ, ਖਾਸ ਕਰ ਕੇ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਨਿਊਜ਼ੀਲੈਂਡ ਦਾ ਜੰਮਪਲ ਕੱਟੜ ਸੱਜੇ ਪੱਖੀ ਕਾਰਕੁਨ ਥਾਮਸ ਸੇਵਲ, ਜੋ ਨੈਸ਼ਨਲ ਸੋਸ਼ਲਿਸਟ ਨੈੱਟਵਰਕ ਦਾ ਆਗੂ ਹੈ, ਨੇ ਹਾਲ ਹੀ ਵਿੱਚ ਭੜਕਾਊ ਇੰਟਰਵਿਊ ਦੌਰਾਨ ਕਿਹਾ, “‘ਇਹ ਗੋਰਿਆਂ ਦਾ ਦੇਸ਼ ਹੈ ਅਤੇ ਭਾਰਤੀਆਂ ਨੂੰ ਦੇਸ਼ ਛੱਡਣਾ ਚਾਹੀਦਾ ਹੈ।’” ਦੱਸਣਯੋਗ ਹੈ ਕਿ ਉਹ ‘ਮਾਰਚ ਫਾਰ ਆਸਟ੍ਰੇਲੀਆ’ ਨਾਂ ਦੇ ਪਰਵਾਸ ਵਿਰੋਧੀ ਮੁਜ਼ਾਹਰਿਆਂ ਵਿੱਚ ਵੀ ਹਾਜ਼ਰ ਰਿਹਾ ਜਿਸ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਅਤੇ ਕੁਝ ਥਾਵਾਂ ’ਤੇ ਹਿੰਸਾ ਵੀ ਦੇਖਣ ਨੂੰ ਮਿਲੀ। ਹੁਣ ਭਾਰਤੀ ਅਤੇ ਖ਼ਾਸਕਰ ਪੰਜਾਬੀ ਭਾਈਚਾਰੇ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ।
ਦੂਜੇ ਪਾਸੇ, ਆਸਟ੍ਰੇਲੀਆ ਸਰਕਾਰ ਅਤੇ ਪੁਲਿਸ ਨੇ ਨਸਲਪ੍ਰਸਤ ਬਿਆਨਾਂ ਨੂੰ ਰੱਦ ਕਰਦਿਆਂ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਿੰਦਿਆਂ ਕਿਹਾ ਕਿ ਆਸਟ੍ਰੇਲੀਆ ਸਾਰੇ ਸੱਭਿਆਚਾਰਾਂ ਦੀ ਕਦਰ ਕਰਦਾ ਹੈ ਅਤੇ ਕਿਸੇ ਭਾਈਚਾਰੇ ਵਿਰੁੱਧ ਨਫ਼ਰਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਾਰਤੀ ਹਾਈ ਕਮਿਸ਼ਨ ਅਤੇ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਵੀ ਇਸ ਮਾਮਲੇ ’ਤੇ ਨਜ਼ਰ ਰੱਖੀ ਹੋਈ। ਉਨ੍ਹਾਂ ਲੋਕਾਂ ਨੂੰ ਚੌਕਸ ਰਹਿਣ ਅਤੇ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੀ ਸਲਾਹ ਦਿੱਤੀ ਹੈ।

Loading