ਆਸਟ੍ਰੇਲੀਆ ਵਿੱਚ ਪੰਜਾਬੀ ਤੇ ਭਾਰਤੀ ਭਾਈਚਾਰੇ ਲਈ ਵੱਡਾ ਖ਼ਤਰਾ ਵਧਿਆ

In ਮੁੱਖ ਖ਼ਬਰਾਂ
February 25, 2026

ਮੈਲਬੌਰਨ/ਏ.ਟੀ.ਨਿਊਜ਼: ਆਸਟ੍ਰੇਲੀਆ ਵਿੱਚ ਰਹਿਣ ਵਾਲੇ ਲਗਭਗ ਢਾਈ ਲੱਖ ਤੋਂ ਵੱਧ ਪੰਜਾਬੀ ਸਿੱਖ ਭਾਈਚਾਰੇ ਤੇ ਇੱਕ ਕਰੋੜ ਭਾਰਤੀ ਪ੍ਰਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਬੀਤੇ ਦਿਨੀਂ ਮੈਲਬੌਰਨ ਅਦਾਲਤ ਦੇ ਬਾਹਰ ਨਿਓ-ਨਾਜ਼ੀ ਆਗੂ ਥਾਮਸ ਸਿਊਅਲ ਨੇ ਭਾਰਤੀਆਂ ਤੇ ਪੰਜਾਬੀਆਂ ਨੂੰ ਸ਼ਰੇਆਮ ਦੇਸ਼ ਛੱਡ ਜਾਣ ਲਈ ਧਮਕੀਆਂ ਦੇ ਦਿੱਤੀਆਂ। ਉਸ ਨੇ ਕਿਹਾ, “ਮੈਂ ਆਸਟ੍ਰੇਲੀਆ ਨੂੰ ਤੀਜੀ ਦੁਨੀਆਂ ਜਾਂ ਭਾਰਤ ਤੇ ਸੁਡਾਨ ਵਰਗਾ ਦੇਸ਼ ਨਹੀਂ ਬਣਨ ਦੇਵਾਂਗਾ। ਆਮ ਆਸਟ੍ਰੇਲਿਆਈ ਲੋਕ ਲੱਖਾਂ ਭਾਰਤੀ ਪ੍ਰਵਾਸੀਆਂ ਨੂੰ ਇੱਥੇ ਰਹਿਣ ਨਹੀਂ ਦੇਣਾ ਚਾਹੁੰਦੇ।” ਉਸ ਨੇ ਵ੍ਹਾਈਟ ਰਿਪਲੇਸਮੈਂਟ ਵਾਲੀ ਗੱਲ ਵੀ ਉਠਾਈ ਤੇ ਕਿਹਾ ਕਿ ਪ੍ਰਵਾਸੀਆਂ ਨੂੰ ਵਾਪਸ ਭੇਜਣਾ ਚਾਹੀਦਾ ਹੈ।
ਥਾਮਸ ਸਿਊਅਲ ਨੈਸ਼ਨਲ ਸੋਸ਼ਲਿਸਟ ਨੈੱਟਵਰਕ (ਐੱਨ.ਐੱਸ.ਐੱਨ.) ਦਾ ਆਗੂ ਹੈ। ਆਸਟ੍ਰੇਲੀਆ ਸਰਕਾਰ ਪਹਿਲਾਂ ਹੀ ਇਸ ਗਰੁੱਪ ਉੱਤੇ ਬੈਨ ਲਗਾ ਚੁੱਕੀ ਹੈ। ਉਹ ਇੱਕ ਪੁਰਾਣੀ ਰੈਲੀ ਵਿੱਚ ਭੜਕਾਊ ਭਾਸ਼ਣ ਦੇਣ ਕਰਕੇ ਅਦਾਲਤ ਵਿੱਚ ਪੇਸ਼ੀ ਤੋਂ ਬਾਹਰ ਆਇਆ ਸੀ ਤੇ ਉੱਥੇ ਮੀਡੀਆ ਵਾਲਿਆਂ ਨਾਲ ਗੱਲ ਕਰਦਿਆਂ ਇਹ ਗੱਲਾਂ ਕੀਤੀਆਂ। ਉਸ ਉੱਤੇ ਪਹਿਲਾਂ ਵੀ 2025 ਵਿੱਚ ਐਂਟੀ-ਇੰਮੀਗ੍ਰੇਸ਼ਨ ਰੈਲੀਆਂ ਵਿੱਚ ਹਿੰਸਾ ਤੇ ਹਮਲਿਆਂ ਦੇ ਇਲਜ਼ਾਮ ਲੱਗ ਚੁੱਕੇ ਹਨ। ਉਸ ਦਾ ਇਤਿਹਾਸ ਹਿਟਲਰ ਵਾਲੇ ਝੰਡੇ ਲਹਿਰਾਉਣ, ਮੀਡੀਆ ਉੱਤੇ ਹਮਲੇ ਤੇ ਹੋਰ ਹਿੰਸਕ ਘਟਨਾਵਾਂ ਨਾਲ ਭਰਿਆ ਪਿਆ ਹੈ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਦਸੰਬਰ 2025 ਵਿੱਚ ਸਾਊਥ ਆਕਲੈਂਡ ਤੇ ਜਨਵਰੀ 2026 ਵਿੱਚ ਤੌਰਾਂਗਾ ਵਿੱਚ ਨਗਰ ਕੀਰਤਨਾਂ ਨੂੰ ਰੋਕਣ ਵਾਲੀਆਂ ਘਟਨਾਵਾਂ ਵਾਪਰੀਆਂ ਸਨ। ਉੱਥੇ ਡੈਸਟਿਨੀ ਚਰਚ ਨਾਲ ਜੁੜੇ ਲੋਕਾਂ ਨੇ ਰਸਤੇ ਰੋਕ ਲਏ ਸਨ ਤੇ ਨਾਅਰੇ ਲਾਏ ਸਨ – “ਇਹ ਭਾਰਤ ਨਹੀਂ, ਨਿਊਜ਼ੀਲੈਂਡ ਹੈ” ਤੇ “ਜੀਸਸ ਇਜ਼ ਕਿੰਗ”। ਉਨ੍ਹਾਂ ਨੇ ਹਾਕਾ ਨਾਚ ਵੀ ਕੀਤਾ ਸੀ। ਇਨ੍ਹਾਂ ਸਾਰੀਆਂ ਘਟਨਾਵਾਂ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਧੁਰ ਸੱਜੇ ਪੱਖੀ ਤਾਕਤਾਂ ਤੇ ਪ੍ਰਵਾਸ ਵਿਰੋਧੀ ਭਾਵਨਾਵਾਂ ਨੂੰ ਹੋਰ ਭੜਕਾ ਦਿੱਤਾ ਹੈ।
ਆਸਟ੍ਰੇਲੀਆ ਸਰਕਾਰ ਨੇ ਇਸ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ। ਗ੍ਰਹਿ ਮੰਤਰੀ ਟੋਨੀ ਬਰਕ ਨੇ ਕਿਹਾ ਕਿ“ਨਫ਼ਰਤ ਫੈਲਾਉਣ ਵਾਲਿਆਂ ਲਈ ਇੱਥੇ ਕੋਈ ਥਾਂ ਨਹੀਂ। ਨਵੀਆਂ ਹੇਟ ਸਪੀਚ ਖਿਲਾਫ਼ ਕਾਨੂੰਨ ਤਹਿਤ ਸਖ਼ਤ ਕਾਰਵਾਈ ਹੋਵੇਗੀ।” ਉਨ੍ਹਾਂ ਭਾਰਤੀ ਤੇ ਪੰਜਾਬੀ ਭਾਈਚਾਰੇ ਨੂੰ ਪੂਰੀ ਸੁਰੱਖਿਆ ਦਾ ਭਰੋਸਾ ਵੀ ਦਿੱਤਾ। ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਇਸ ਨੂੰ ਘਿਨਾਉਣਾ ਤੇ ਨਾਜ਼ੀ ਵਿਚਾਰਧਾਰਾ ਵਾਲਾ ਦੱਸਿਆ ਤੇ ਪੁਲਿਸ ਨੂੰ ਪੂਰੀ ਛੂਟ ਦੇਣ ਦੀ ਗੱਲ ਕੀਤੀ।
ਪੰਜਾਬੀ ਭਾਈਚਾਰਾ ਆਸਟ੍ਰੇਲੀਆ ਵਿੱਚ ਆਪਣੀਆਂ ਗੁਰਦੁਆਰਾ ਸਭਾਵਾਂ ਰਾਹੀਂ ਬਹੁਤ ਵੱਡਾ ਸਮਾਜਿਕ ਤੇ ਆਰਥਿਕ ਯੋਗਦਾਨ ਪਾ ਰਿਹਾ ਹੈ। ਮੈਲਬੌਰਨ ਤੇ ਸਿਡਨੀ ਵਿੱਚ ਵੱਡੀਆਂ ਗੁਰਦੁਆਰਾ ਸੰਸਥਾਵਾਂ ਭਾਈਚਾਰੇ ਨੂੰ ਇੱਕਜੁੱਟ ਰੱਖ ਰਹੀਆਂ ਹਨ ਤੇ ਲੋਕਾਂ ਦੀ ਮਦਦ ਕਰ ਰਹੀਆਂ ਹਨ। ਭਾਰਤੀ ਭਾਈਚਾਰਾ ਇਨ੍ਹਾਂ ਧਮਕੀਆਂ ਤੋਂ ਚਿੰਤਤ ਤਾਂ ਹੈ ਪਰ ਆਸਟ੍ਰੇਲਿਆਈ ਸਰਕਾਰ ਵੱਲੋਂ ਮਿਲੀ ਹਮਾਇਤ ਨੇ ਉਨ੍ਹਾਂ ਵਿੱਚ ਥੋੜ੍ਹਾ ਭਰੋਸਾ ਜਗਾਇਆ ਹੈ। ਸਿੱਖ ਭਾਈਚਾਰਾ ਹੁਣ ਆਪਣੀਆਂ ਗੁਰਦੁਆਰਾ ਸਭਾਵਾਂ ਰਾਹੀਂ ਮੀਟਿੰਗਾਂ ਕਰ ਰਿਹਾ ਹੈ ਤੇ ਪੁਲਿਸ ਤੋਂ ਵਾਧੂ ਸੁਰੱਖਿਆ ਮੰਗ ਰਿਹਾ ਹੈ। ਲੋਕ ਕਹਿ ਰਹੇ ਹਨ ਕਿ ਅਸੀਂ ਆਪਣੇ ਹੱਕਾਂ ਲਈ ਲੜਾਂਗੇ ਤੇ ਡਰ ਕੇ ਘਰ ਵਿੱਚ ਨਹੀਂ ਬੈਠਾਂਗੇ। ਆਸਟ੍ਰੇਲੀਆ ਵਿਚ ਰਹਿਣ ਵਾਲਾ ਹਰ ਭਾਰਤੀ ਤੇ ਪੰਜਾਬੀ ਇਸ ਘਟਨਾ ਤੋਂ ਚਿੰਤਤ ਹੈ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਇਸ ਨੂੰ ਗੰਭੀਰਤਾ ਨਾਲ ਲਵੇਗੀ ਤੇ ਨਫ਼ਰਤ ਫੈਲਾਉਣ ਵਾਲਿਆਂ ਉੱਤੇ ਸਖ਼ਤੀ ਕਰੇਗੀ।

Loading