ਆਸਟ੍ਰੇਲੀਆ ਦੇ ਟਰਾਂਸਪੋਰਟ ਖੇਤਰ ਵਿੱਚ ਭਾਰਤੀ ਮੂਲ ਦੇ ਟਰੱਕ ਚਾਲਕਾਂ, ਖਾਸ ਕਰਕੇ ਸਿੱਖ ਭਾਈਚਾਰੇ ਨਾਲ ਸਬੰਧਿਤ ਲੋਕਾਂ ਵਿਰੁੱਧ ਨਸਲਵਾਦੀ ਘਟਨਾਵਾਂ ਵਿੱਚ ਤੇਜੀ ਨਾਲ ਵਾਧਾ ਹੋ ਰਿਹਾ ਹੈ। 2026 ਤੱਕ ਦੇ ਤਾਜ਼ਾ ਅੰਕੜੇ ਦੱਸਦੇ ਨੇ ਕਿ ਇਹ ਸਮੱਸਿਆ ਹੁਣ ਆਮ ਹੋ ਗਈ ਹੈ। ਚਾਲਕਾਂ ਨੂੰ ਸੜਕਾਂ ’ਤੇ, ਰੇਡੀਓ ਸੰਚਾਰ ਵਿੱਚ ਅਤੇ ਸੋਸ਼ਲ ਮੀਡੀਆ ’ਤੇ ਅਪਮਾਨਜਨਕ ਵਿਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਚਾਲਕ ਮਾਨਸਿਕ ਤਣਾਅ ਵਿੱਚ ਨੇ ਅਤੇ ਕੁਝ ਤਾਂ ਇਸ ਨੌਕਰੀ ਨੂੰ ਛੱਡਣ ਲਈ ਮਜਬੂਰ ਹੋ ਰਹੇ ਨੇ।
ਆਸਟ੍ਰੇਲੀਆ ਵਿੱਚ ਟਰੱਕ ਡਰਾਈਵਰਾਂ ਦੀ ਘਾਟ ਹੈ। 2024 ਵਿੱਚ ਇੰਟਰਨੈਸ਼ਨਲ ਰੋਡ ਟਰਾਂਸਪੋਰਟ ਯੂਨੀਅਨ ਨੇ ਅੰਦਾਜ਼ਾ ਲਾਇਆ ਸੀ ਕਿ ਆਸਟ੍ਰੇਲੀਆ ਵਿੱਚ ਲਗਭਗ 28,000 ਹੈਵੀ ਵਹੀਕਲ ਡਰਾਈਵਰਾਂ ਦੀ ਘਾਟ ਹੈ। ਪੁਰਾਣੇ ਡਰਾਈਵਰ ਰਿਟਾਇਰ ਹੋ ਰਹੇ ਨੇ ਅਤੇ ਨੌਜਵਾਨ ਆਸਟ੍ਰੇਲੀਅਨ ਲੋਕ ਇਸ ਨੌਕਰੀ ਵਿੱਚ ਨਹੀਂ ਆ ਰਹੇ। ਇਸ ਕਰਕੇ ਭਾਰਤੀ ਪ੍ਰਵਾਸੀ, ਖਾਸ ਕਰਕੇ ਪੰਜਾਬ ਅਤੇ ਰਾਜਸਥਾਨ ਤੋਂ ਆਏ ਸਿੱਖ ਲੋਕ ਇਸ ਖੇਤਰ ਵਿੱਚ ਆ ਰਹੇ ਨੇ। ਟਰੱਕ ਚਲਾਉਣਾ ਉਨ੍ਹਾਂ ਦੇ ਖੂਨ ਵਿੱਚ ਹੈ। ਜਸਵਿੰਦਰ ਕਹਿੰਦੇ ਨੇ, ‘ਮੇਰੇ ਪਿਤਾ ਜੀ ਨੇ ਭਾਰਤ ਵਿੱਚ ਟਰਾਂਸਪੋਰਟ ਕੰਪਨੀ ਚਲਾਈ ਸੀ, ਇਸ ਲਈ ਮੈਨੂੰ ਬਚਪਨ ਤੋਂ ਟਰੱਕ ਪਸੰਦ ਨੇ।’
ਪਰ ਇਹ ਨਵੇਂ ਚਾਲਕ ਨਸਲਵਾਦ ਦਾ ਸ਼ਿਕਾਰ ਨੇ। ਨਰਿੰਦਰ ਸਿੰਘ ਨੂੰ ਇੱਕ ਵਾਰ ਐਮਰਜੈਂਸੀ ਕਰਕੇ ਗਲਤ ਜਗ੍ਹਾ ’ਤੇ ਟਰੱਕ ਪਾਰਕ ਕਰਨ ਕਾਰਨ ਨਸਲੀ ਗਾਲਾਂ ਕੱਢੀਆਂ ਗਈਆਂ ਅਤੇ ਉਨ੍ਹਾਂ ਦੀ ਦਸਤਾਰ ਦਾ ਮਜ਼ਾਕ ਉਡਾਇਆ ਗਿਆ। ਉਹ ਨਿਊਜ਼ੀਲੈਂਡ ਵਿੱਚ 10 ਸਾਲ ਡਰਾਈਵਿੰਗ ਕਰ ਚੁੱਕੇ ਨੇ ਪਰ ਆਸਟ੍ਰੇਲੀਆ ਵਿੱਚ ਨਫ਼ਰਤੀ ਵਰਤਾਰੇ ਕਾਰਨ ਸਿਰਫ਼ ਅੱਠ ਮਹੀਨੇ ਵਿੱਚ ਨੌਕਰੀ ਛੱਡ ਦਿੱਤੀ।
ਸਭ ਤੋਂ ਵੱਡੀ ਸਮੱਸਿਆ ਰੇਡੀਓ ਸੰਚਾਰ ਹੈ। ਟੂ-ਵੇ ਸੀਬੀ ਰੇਡੀਓ ਤੇ ਚਾਲਕ ਟ੍ਰੈਫ਼ਿਕ ਅਤੇ ਖ਼ਤਰੇ ਬਾਰੇ ਜਾਣਕਾਰੀ ਸਾਂਝੀ ਕਰਦੇ ਨੇ ਪਰ ਇਸ ’ਤੇ ਨਸਲੀ ਅਪਮਾਨ ਵੀ ਹੋ ਰਿਹਾ ਹੈ।
ਸੋਸ਼ਲ ਮੀਡੀਆ ’ਤੇ ਵੀ ਨਸਲੀ ਮੀਮ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਜੋ ਸਿੱਖ ਚਾਲਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਨੇ। ਆਸਟ੍ਰੇਲੀਆ ਵਿੱਚ ਭਾਰਤੀ ਲੋਕ ਸਭ ਤੋਂ ਤੇਜ਼ ਵਧ ਰਹੇ ਪ੍ਰਵਾਸੀ ਗਰੁੱਪ ਨੇ ਅਤੇ ਉਹ ਟਰੱਕ ਇੰਡਸਟਰੀ ਵਿੱਚ ਘਾਟ ਪੂਰੀ ਕਰ ਰਹੇ ਨੇ। ਪਰ ਇਹ ਵਾਧਾ ਕੁਝ ਲੋਕਾਂ ਨੂੰ ਪਸੰਦ ਨਹੀਂ ਅਤੇ ਉਹ ਇਸ ਨੂੰ ਖਤਰਾ ਮੰਨਦੇ ਨੇ।
ਮਾਹਿਰਾਂ ਮੁਤਾਬਕ ਇਹ ਨਸਲਵਾਦ ਵਧ ਰਿਹਾ ਹੈ, ਕਿਉਂਕਿ ਨਿਯਮਾਂ ਵਿੱਚ ਘਾਟ ਹੈ। ਮੋਨਾਸ਼ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਸਾਰਾਹ ਐਂਡਰਸਨ ਕਹਿੰਦੀ ਹੈ ਕਿ ਟਰੱਕ ਡਰਾਈਵਿੰਗ ਪਹਿਲਾਂ ਹੀ ਤਣਾਅ ਵਾਲੀ ਨੌਕਰੀ ਹੈ। ਲੰਮੇ ਘੰਟੇ, ਟਾਈਟ ਡੈੱਡਲਾਈਨ ਅਤੇ ਕਈ ਨਿਯਮਾਂ ਕਰਕੇ ਚਾਲਕਾਂ ਨੂੰ ਮੁਸ਼ਕਲ ਹੁੰਦੀ ਹੈ। ਜੇ ਨਸਲਵਾਦ ਵੀ ਜੋੜੀਏ ਤਾਂ ਉਹ ਸੁਰੱਖਿਅਤ ਹੋਕੇ ਕੰਮ ਨਹੀਂ ਕਰ ਸਕਦੇ। ਉਹ ਕਹਿੰਦੀ ਹੈ ਕਿ ਇਸ ਸਬੰਧੀ ਵਰਤਾਰਾ ਸਰਕਾਰ ਨੂੰ ਸਖ਼ਤੀ ਨਾਲ ਰੋਕਣਾ ਚਾਹੀਦਾ ਹੈ।
ਆਸਟ੍ਰੇਲੀਆ ਵਿੱਚ ਨਸਲੀ ਵਿਤਕਰੇ ਵਿਰੁੱਧ ਕਨੂੰਨ ਨੇ ਪਰ ਰਿਪੋਰਟ ਕਰਨਾ ਮੁਸ਼ਕਲ ਹੈ। ਚਾਲਕਾਂ ਨੂੰ ਹਮਲਾਵਰਾਂ ਨੂੰ ਪਛਾਣਨਾ ਔਖਾ ਲੱਗਦਾ ਹੈ ਅਤੇ ਉਹ ਪੁਲਿਸ ਤੇ ਭਰੋਸਾ ਨਹੀਂ ਕਰਦੇ। ਆਸਟ੍ਰੇਲੀਅਨ ਹਿਊਮਨ ਰਾਈਟਸ ਕਮਿਸ਼ਨ ਨੇ ਜੁਲਾਈ 2023 ਤੋਂ ਟਰੱਕ ਇੰਡਸਟਰੀ ਨਾਲ ਜੁੜੇ 12 ਸ਼ਿਕਾਇਤਾਂ ਪ੍ਰਾਪਤ ਕੀਤੀਆਂ ਨੇ ਜਿਨ੍ਹਾਂ ਵਿੱਚੋਂ ਦੋ ਭਾਰਤੀ ਜਾਂ ਸਿੱਖ ਨਾਲ ਸਬੰਧਿਤ ਨੇ। ਪਰ ਬਹੁਤੇ ਚਾਲਕ ਰਿਪੋਰਟ ਨਹੀਂ ਕਰਦੇ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕੁਝ ਨਹੀਂ ਹੋਵੇਗਾ।
ਹਾਲ ਹੀ ਵਿੱਚ ਇੱਕ ਵੱਡੀ ਘਟਨਾ ਮੈਲਬੌਰਨ ਵਿੱਚ ਵਾਪਰੀ। ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ’ਤੇ ਉਸ ਦੇ ਘਰ ਬਾਹਰ ਹਮਲਾ ਹੋਇਆ। ਸਵੇਰੇ ਤੜਕੇ ਹਮਲਾਵਰਾਂ ਨੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਮਰਿਆ ਸਮਝ ਕੇ ਭੱਜ ਗਏ। ਪੀੜਤ ਹਸਪਤਾਲ ਵਿੱਚ ਦਾਖਲ ਹੈ ਪਰ ਇਹ ਘਟਨਾ ਨਸਲਵਾਦ ਦੀ ਵਧਦੀ ਮਿਸਾਲ ਹੈ। ਪੁਲਿਸ ਜਾਂਚ ਕਰ ਰਹੀ ਹੈ ਪਰ ਸਿੱਖ ਭਾਈਚਾਰੇ ਵਿੱਚ ਡਰ ਹੈ।
2025 ਵਿੱਚ ਵੀ ਅਜਿਹੀਆਂ ਘਟਨਾਵਾਂ ਵਧੀਆਂ ਨੇ।
ਇੱਕ ਰਿਪੋਰਟ ਮੁਤਾਬਕ ਯੂਐਸ ਵਿੱਚ ਇੱਕ ਸਿੱਖ ਡਰਾਈਵਰ ਨਾਲ ਜੁੜੀ ਐਕਸੀਡੈਂਟ ਨੇ ਆਨਲਾਈਨ ਨਫ਼ਰਤ ਵਧਾਈ ਜੋ ਆਸਟ੍ਰੇਲੀਆ ਤੱਕ ਪਹੁੰਚੀ। ਸੋਸ਼ਲ ਮੀਡੀਆ ਤੇ ਐਂਟੀ-ਇੰਡੀਅਨ ਸਲੋਗਨ ਵਰਤੇ ਜਾਂਦੇ ਨੇ ਅਤੇ ਘਟਨਾਵਾਂ ਨੂੰ ਵਰਤ ਕੇ ਪੂਰੇ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਆਸਟ੍ਰੇਲੀਆ ਵਿੱਚ ਵੀ ਦਿਲਜੀਤ ਦੋਸਾਂਝ ਵਰਗੇ ਕਲਾਕਾਰ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਜਦ ਉਹ ਟੂਰ ’ਤੇ ਆਏ ਸਨ। ਉਨ੍ਹਾਂ ਨੇ ਜਵਾਬ ਵਿੱਚ ਕਿਹਾ ਕਿ ਟਰੱਕ ਡਰਾਈਵਰਾਂ ਨੂੰ ਮਾਣ ਨਾਲ ਵੇਖੋ ਕਿਉਂਕਿ ਉਹ ਖਾਣਾ ਪਹੁੰਚਾਉਂਦੇ ਨੇ।
ਆਸਟ੍ਰੇਲੀਅਨ ਟਰੱਕਿੰਗ ਐਸੋਸੀਏਸ਼ਨ ਦੀ ਬਿਆਂਕਾ ਡੀ ਰੋਸਾਰੀਓ ਕਹਿੰਦੀ ਹੈ ਕਿ ਨਵੇਂ ਡਰਾਈਵਰਾਂ ਨੂੰ ਆਸਟ੍ਰੇਲੀਆ ਦੇ ਰਸਤੇ ਅਤੇ ਨਿਯਮਾਂ ਬਾਰੇ ਘੱਟ ਜਾਣਕਾਰੀ ਹੈ ਇਸ ਲਈ ਉਹ ਨਿਸ਼ਾਨਾ ਬਣਦੇ ਨੇ। ਉਹ ਕਹਿੰਦੀ ਹੈ ਕਿ ਬਿਹਤਰ ਟ੍ਰੇਨਿੰਗ ਅਤੇ ਲਾਇਸੈਂਸ ਨਿਯਮਾਂ ਨਾਲ ਸਮੱਸਿਆ ਘੱਟ ਹੋ ਸਕਦੀ ਹੈ।
ਅਸਟ੍ਰੇਲੀਅਨ ਲੋਕਾਂ ਦਾ ਮੰਨਣਾ ਹੈ ਕਿ ਇਹ ਨਸਲਵਾਦ ਨਾ ਸਿਰਫ਼ ਚਾਲਕਾਂ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਪੂਰੇ ਟਰਾਂਸਪੋਰਟ ਖੇਤਰ ਨੂੰ। ਜੇ ਟਰੱਕ ਨਾ ਚੱਲਣ ਤਾਂ ਸੁਪਰ ਮਾਰਕੀਟਾਂ ਵਿੱਚ ਸਮਾਨ ਨਹੀਂ ਪਹੁੰਚੇਗਾ। ਇਸ ਲਈ ਸਰਕਾਰ ਅਤੇ ਅਦਾਰਿਆਂ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਨੇ ਤਾਂ ਜੋ ਸਾਰੇ ਚਾਲਕ ਸੁਰੱਖਿਅਤ ਅਤੇ ਸਨਮਾਨ ਨਾਲ ਕੰਮ ਕਰ ਸਕਣ। 2026 ਵਿੱਚ ਵੀ ਅੰਕੜੇ ਵਧ ਰਹੇ ਨੇ ਇਸ ਲਈ ਇਹ ਸਮੱਸਿਆ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ।
![]()
