
ਨਵੀਂ ਦਿੱਲੀ/ਏ.ਟੀ.ਨਿਊਜ਼ : ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ, ਭਾਰਤੀ ਜਨਤਾ ਪਾਰਟੀ ਦੇ ਸੰਸਦੀ ਬੋਰਡ ਦੇ ਮੈਂਬਰ ਡਾ. ਇਕਬਾਲ ਸਿੰਘ ਲਾਲਪੁਰਾ ਦੁਆਰਾ ਲਿਖੀ ਗਈ ‘ਤਿਲਕ ਜੰਝੂ ਕਾ ਰਾਖਾ’ (ਜੀਵਨ: ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ) ਕਿਤਾਬ ਦਾ ਲੋਕ ਅਰਪਣ ਸਮਾਰੋਹ ਕੰਸਟੀਚਿਊਸ਼ਨ ਕਲੱਬ ਵਿਖੇ ਕਰਵਾਇਆ ਗਿਆ। ਇਹ ਇਤਿਹਾਸਕ ਕਿਤਾਬ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ ਤੇ ਕੁਰਬਾਨੀ ਨੂੰ ਸਮਰਪਿਤ ਹੈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਭਾਰਤ ਦੇ ਕਾਨੂੰਨ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਸਨ। ਦੋਵਾਂ ਨੇ ਡਾ. ਲਾਲਪੁਰਾ ਦੇ ਸਿੱਖ ਧਰਮ ਪ੍ਰਤੀ ਸਮਰਪਣ ਤੇ ਉਨ੍ਹਾਂ ਦੇ ਅਕਾਦਮਿਕ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇਹ ਕਿਤਾਬ ਅੱਜ ਦੇ ਸਮੇਂ ਵਿਚ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਜੋ ਸਮਾਜ ਨੂੰ ਅਧਿਆਤਮਿਕ ਕਦਰਾਂ-ਕੀਮਤਾਂ ਵੱਲ ਪ੍ਰੇਰਿਤ ਕਰਦੀ ਹੈ । ਕਾਨੂੰਨ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਮਨੁੱਖਤਾ ਦੀ ਰੱਖਿਆ ਲਈ ਸ਼ਹੀਦੀ, ਤਪੱਸਿਆ ਤੇ ਅਡੋਲ ਹਿੰਮਤ ਦਾ ਪ੍ਰਤੀਕ ਹੈ । ਉਨ੍ਹਾਂ ਨੇ ਧਰਮ ਤੇ ਸੱਚ ਦੀ ਰੱਖਿਆ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ ਤੇ ਸਮੁੱਚੀ ਮਨੁੱਖਤਾ ਨੂੰ ਏਕਤਾ, ਸਹਿਣਸ਼ੀਲਤਾ ਦਾ ਸੰਦੇਸ਼ ਦਿੱਤਾ । ਇਕਬਾਲ ਸਿੰਘ ਲਾਲਪੁਰਾ ਨੇ ਇਸ ਕਿਤਾਬ ਵਿੱਚ ਗੁਰੂ ਸਾਹਿਬ ਦੇ ਜੀਵਨ ਦਰਸ਼ਨ ਨੂੰ ਬਹੁਤ ਹੀ ਖੋਜ ਤੇ ਭਾਵਨਾਤਮਕ ਰੂਪ ਵਿੱਚ ਪੇਸ਼ ਕੀਤਾ। ਅਜਿਹੀਆਂ ਕਿਤਾਬਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਮਹਾਨ ਗੁਰੂਆਂ ਦੀ ਵਿਰਾਸਤ ਨਾਲ ਜੋੜਦੀਆਂ ਹਨ। ਕੇਂਦਰੀ ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਜ਼ੁਲਮ ਵਿਰੁੱਧ ਖੜ੍ਹੇ ਹੋਣ ਤੇ ਧਰਮ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਦਿੱਤੀ ਗਈ ਕੁਰਬਾਨੀ ਪੂਰੀ ਦੁਨੀਆ ਲਈ ਪ੍ਰੇਰਨਾ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਓਨੀਆਂ ਹੀ ਪ੍ਰਸੰਗਿਕ ਹਨ ਜਿੰਨੀਆਂ ਉਸ ਸਮੇਂ ਸਨ। ਇਕਬਾਲ ਸਿੰਘ ਲਾਲਪੁਰਾ ਨੇ ਆਪਣੀ ਡੂੰਘੀ ਖੋਜ ਅਤੇ ਸਮਰਪਣ ਭਾਵਨਾ ਰਾਹੀਂ ‘ਤਿਲਕ ਜੰਝੂ ਕਾ ਰਾਖਾ’ ਵਰਗੀ ਮਹੱਤਵਪੂਰਨ ਕਿਤਾਬ ਰਾਹੀਂ ਇਸ ਵਿਰਾਸਤ ਨੂੰ ਸਮਾਜ ਦੇ ਸਾਹਮਣੇ ਪੇਸ਼ ਕੀਤਾ ਹੈ। ਇਹ ਸਮਾਗਮ ਗਲੋਬਲ ਪੰਜਾਬੀ ਐਸੋਸੀਏਸ਼ਨ (ਜੀ.ਪੀ.ਏ.) ਵੱਲੋਂ ਕਰਵਾਇਆ ਗਿਆ ਸੀ । ਇਸ ਮੌਕੇ ਡਾ. ਲਾਲਪੁਰਾ ਦੇ ਪੁੱਤਰ, ਭਾਜਪਾ ਜਿਲ੍ਹਾ ਰੋਪੜ ਦੇ ਪ੍ਰਧਾਨ ਤੇ ਵਰਲਡ ਕੈਂਸਰ ਕੇਅਰ ਇੰਡੀਆ ਦੇ ਡਾਇਰੈਕਟਰ ਅਜੈਵੀਰ ਸਿੰਘ ਲਾਲਪੁਰਾ, ਇਕਬਾਲ ਸਿੰਘ ਲਾਲਪੁਰਾ ਦੀ ਪਤਨੀ ਹਰਦੀਪ ਕੌਰ ਲਾਲਪੁਰਾ, ਜੈਸਮੀਨ ਕੌਰ ਲਾਲਪੁਰਾ, ਜ਼ੇਨੀਆ ਲਾਲਪੁਰਾ ਨੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਇਕਬਾਲ ਸਿੰਘ ਲਾਲਪੁਰਾ ਹੁਣ ਤੱਕ 600 ਤੋਂ ਵੱਧ ਖੋਜ ਲੇਖ ਤੇ 25 ਤੋਂ ਵੱਧ ਕਿਤਾਬਾਂ ਲਿਖ ਚੁੱਕੇ ਹਨ।