
ਇਕੱਲਾਪਣ ਸਿਰਫ ਸੋਸ਼ਲ ਮੀਡੀਆ ’ਤੇ ਘੱਟ ‘ਲਾਈਕ’ ਮਿਲਣ ਜਾਂ ਦੋਸਤਾਂ ਨਾਲ ਘੱਟ ਸਮਾਂ ਬਿਤਾਉਣ ਤਕ ਸੀਮਤ ਨਹੀਂ ਹੈ। ਇਹ ਇੱਕ ਡੂੰਘੀ ਭਾਵਨਾ ਹੈ ਜੋ ਸਾਨੂੰ ਇਕੱਲਾ ਮਹਿਸੂਸ ਕਰਾਉਂਦੀ ਹੈ, ਭਾਵੇਂ ਅਸੀਂ ਭੀੜ ਵਿੱਚ ਹੀ ਕਿਉਂ ਨਾ ਹੋਈਏ। ਲੰਬੇ ਸਮੇਂ ਤਕ ਇਕੱਲਾਪਣ ਮਹਿਸੂਸ ਕਰਨਾ ਡਿਪ੍ਰੈਸ਼ਨ, ਚਿੰਤਾ, ਦਿਲ ਦੀ ਬਿਮਾਰੀ ਅਤੇ ਇਮਿਊਨ ਸਿਸਟਮ ਦੀ ਕਮਜ਼ੋਰੀ ਦਾ ਕਾਰਨ ਬਣ ਸਕਦਾ ਹੈ, ਪਰ ਚਿੰਤਾ ਨਾ ਕਰੋ, ਕਿਉਂਕਿ ਅਸੀਂ ਇੱਥੇ ਤੁਹਾਨੂੰ ਇਸ ਨਾਲ ਲੜਨ ਦੇ 5 ਅਸਰਦਾਰ ਤਰੀਕੇ ਦੱਸਣ ਜਾ ਰਹੇ ਹਾਂ।
ਵਰਚੂਅਲ ਦੁਨੀਆ ਤੋਂ ਬਾਹਰ ਨਿਕਲੋ
ਅੱਜਕੱਲ੍ਹ ਅਸੀਂ ਸਾਰੇ ਸੋਸ਼ਲ ਮੀਡੀਆ ’ਤੇ ਘੰਟਿਆਂਬੱਧੀ ਕੰਮ ਕਰਦੇ ਹਾਂ, ਪਰ ਕੀ ਇਹ ਸੱਚਮੁੱਚ ਸਾਨੂੰ ਦੂਜਿਆਂ ਨਾਲ ਜੋੜਦਾ ਹੈ? ਦੱਸ ਦੇਈਏ ਕਿ ਇਕੱਲੇਪਣ ਨਾਲ ਲੜਨ ਦਾ ਪਹਿਲਾ ਕਦਮ ਹੈ ਅਸਲ ਦੁਨੀਆ ’ਚ ਲੋਕਾਂ ਨਾਲ ਜੁੜਨਾ। ਆਪਣੇ ਦੋਸਤਾਂ ਨਾਲ ਮਿਲੋ, ਛੋਟੀਆਂ-ਛੋਟੀਆਂ ਗੱਲਾਂ ਨਾਲ ਸ਼ੁਰੂਆਤ ਕਰੋ। ਜੇ ਤੁਸੀਂ ਸ਼ਰਮੀਲੇ ਹੋ ਤਾਂ ਕਿਸੇ ਹੌਬੀ ਗਰੁੱਪ, ਕਲਾਸ ਜਾਂ ਕਮਿਊਨਿਟੀ ਈਵੈਂਟ ’ਚ ਸ਼ਾਮਲ ਹੋਵੋ ਜਿੱਥੇ ਤੁਸੀਂ ਆਪਣੀ ਪਸੰਦ ਦੇ ਲੋਕਾਂ ਨਾਲ ਮਿਲ ਸਕੋ। ਯਾਦ ਰੱਖੋ, ਇੱਕ ਚੰਗੀ ਗੱਲਬਾਤ 1000 ‘ਲਾਈਕ’ ਤੋਂ ਬਿਹਤਰ ਹੈ।
ਆਪਣੀਆਂ ਹੌਬੀਜ਼ ਨੂੰ ਮੁੜ ਜਗਾਓ
ਜਦੋਂ ਤੁਸੀਂ ਇਕੱਲੇ ਹੁੰਦੇ ਹੋ ਤਾਂ ਤੁਹਾਡੇ ਕੋਲ ਆਪਣੇ ਲਈ ਸਮਾਂ ਹੁੰਦਾ ਹੈ। ਇਸ ਸਮੇਂ ਦਾ ਸਹੀ ਉਪਯੋਗ ਕਰੋ। ਆਪਣੀਆਂ ਪੁਰਾਣੀਆਂ ਹੌਬੀਜ਼ ਨੂੰ ਮੁੜ ਸ਼ੁਰੂ ਕਰੋ ਜਿਨ੍ਹਾਂ ਨੂੰ ਤੁਸੀਂ ਛੱਡ ਦਿੱਤਾ ਸੀ, ਜਿਵੇਂ ਕਿ ਪੇਂਟਿੰਗ, ਬਾਗਬਾਨੀ, ਕਿਤਾਬਾਂ ਪੜ੍ਹਨਾ ਜਾਂ ਸੰਗੀਤ ਸੁਣਨਾ ਜਾਂ ਫਿਰ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ – ਕੋਈ ਨਵੀਂ ਭਾਸ਼ਾ, ਕੋਈ ਸੰਗੀਤ ਦਾ ਸਾਜ਼ ਜਾਂ ਖਾਣਾ ਬਣਾਉਣਾ। ਇਹ ਸਰਗਰਮੀਆਂ ਨਾ ਸਿਰਫ ਤੁਹਾਡੇ ਦਿਮਾਗ ਨੂੰ ਵਿਅਸਤ ਰੱਖਣਗੀਆਂ, ਸਗੋਂ ਤੁਹਾਨੂੰ ਖੁਸ਼ੀ ਅਤੇ ਪ੍ਰਾਪਤੀ ਦਾ ਅਹਿਸਾਸ ਵੀ ਕਰਵਾਉਣਗੀਆਂ।
ਦੂਜਿਆਂ ਦੀ ਮਦਦ ਕਰੋ
ਦੂਜਿਆਂ ਦੀ ਮਦਦ ਕਰਨ ਨਾਲ ਨਾ ਸਿਰਫ ਉਨ੍ਹਾਂ ਨੂੰ ਫਾਇਦਾ ਹੁੰਦਾ ਹੈ, ਸਗੋਂ ਤੁਹਾਨੂੰ ਵੀ ਸੰਤੋਖ ਤੇ ਖੁਸ਼ੀ ਮਿਲਦੀ ਹੈ। ਕਿਸੇ ਐਨ.ਜੀ.ਓ. ਨਾਲ ਜੁੜੋ, ਕਿਸੇ ਬੁਜ਼ੁਰਗ ਗੁਆਂਢੀ ਦੀ ਮਦਦ ਕਰੋ ਜਾਂ ਸਿਰਫ ਕਿਸੇ ਦੋਸਤ ਦੀ ਗੱਲ ਧਿਆਨ ਨਾਲ ਸੁਣੋ। ਜਦੋਂ ਤੁਸੀਂ ਦੂਜਿਆਂ ਲਈ ਕੁਝ ਕਰਦੇ ਹੋ ਤਾਂ ਤੁਸੀਂ ਆਪਣੇ-ਆਪ ਨੂੰ ਮੁੱਲਵਾਣ ਤੇ ਜੁੜਿਆ ਮਹਿਸੂਸ ਕਰਦੇ ਹੋ। ਇਹ ਇਕੱਲਾਪਣ ਦੂਰ ਕਰਨ ਦਾ ਇਕ ਸ਼ਾਨਦਾਰ ਤਰੀਕਾ ਹੈ।
ਆਪਣੀਆਂ ਭਾਵਨਾਵਾਂ ਨੂੰ ਬਿਆਨ ਕਰੋ
ਇਕੱਲਾਪਣ ਅਕਸਰ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਅੰਦਰ ਦਬਾਉਣ ਲਈ ਮਜਬੂਰ ਕਰਦਾ ਹੈ ਪਰ ਇਹ ਸਹੀ ਨਹੀਂ ਹੈ। ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਉਣਾ ਬਹੁਤ ਜ਼ਰੂਰੀ ਹੈ। ਕਿਸੇ ਭਰੋਸੇਮੰਦ ਦੋਸਤ, ਪਰਿਵਾਰ ਦੇ ਮੈਂਬਰ ਜਾਂ ਥੈਰੇਪਿਸਟ ਨਾਲ ਗੱਲ ਕਰੋ। ਆਪਣੀਆਂ ਚਿੰਤਾਵਾਂ, ਡਰ ਤੇ ਇਕੱਲੇਪਣ ਦੀ ਭਾਵਨਾ ਨੂੰ ਸਾਂਝਾ ਕਰੋ। ਕਈ ਵਾਰੀ ਸਿਰਫ ਆਪਣੀ ਗੱਲ ਕਹਿਣ ਨਾਲ ਹੀ ਅੱਧਾ ਭਾਰ ਹਲਕਾ ਹੋ ਜਾਂਦਾ ਹੈ। ਯਾਦ ਰੱਖੋ, ਮਦਦ ਮੰਗਣਾ ਕਮਜ਼ੋਰੀ ਨਹੀਂ, ਸਗੋਂ ਤਾਕਤ ਦੀ ਨਿਸ਼ਾਨੀ ਹੈ।
ਆਪਣੇ-ਆਪ ਨਾਲ ਪਿਆਰ ਕਰੋ ਅਤੇ ਆਪਣਾ ਖਿਆਲ ਰੱਖੋ
ਇਕੱਲੇਪਣ ਨਾਲ ਜੂਝਦੇ ਸਮੇਂ ਅਸੀਂ ਅਕਸਰ ਆਪਣੇ-ਆਪ ਨੂੰ ਭੁੱਲ ਜਾਂਦੇ ਹਾਂ, ਪਰ ਇਹ ਸਭ ਤੋਂ ਜ਼ਰੂਰੀ ਸਮਾਂ ਹੈ ਜਦੋਂ ਤੁਹਾਨੂੰ ਆਪਣਾ ਖਿਆਲ ਰੱਖਣਾ ਚਾਹੀਦਾ ਹੈ। ਲੁੜੀਂਦੀ ਨੀਂਦ ਲਓ, ਪੋਸ਼ਣ ਭਰਪੂਰ ਭੋਜਨ ਖਾਓ ਤੇ ਨਿਯਮਤ ਕਸਰਤ ਕਰੋ। ਕੁਦਰਤ ਨਾਲ ਸਮਾਂ ਬਿਤਾਓ – ਪਾਰਕ ’ਚ ਟਹਿਲੋ ਜਾਂ ਖੁੱਲ੍ਹੀ ਹਵਾ ’ਚ ਕੁਝ ਸਮਾਂ ਬਿਤਾਓ। ਆਪਣੀਆਂ ਪਸੰਦ ਦੀਆਂ ਚੀਜ਼ਾਂ ਕਰੋ ਜੋ ਤੁਹਾਨੂੰ ਖੁਸ਼ੀ ਦਿੰਦੀਆਂ ਹਨ। ਜਦੋਂ ਤੁਸੀਂ ਆਪਣੇ-ਆਪ ਨਾਲ ਪਿਆਰ ਕਰਦੇ ਹੋ ਅਤੇ ਆਪਣਾ ਖਿਆਲ ਰੱਖਦੇ ਹੋ, ਤਾਂ ਤੁਸੀਂ ਮਾਨਸਿਕ ਅਤੇ ਭਾਵਨਾਤਮਕ ਤੌਰ ’ਤੇ ਮਜ਼ਬੂਤ ਬਣਦੇ ਹੋ, ਜੋ ਇਕੱਲੇਪਣ ਨਾਲ ਲੜਨ ’ਚ ਤੁਹਾਡੀ ਮਦਦ ਕਰਦਾ ਹੈ।