ਇਜ਼ਰਾਇਲ-ਇਰਾਨ ਜੰਗ ਦੇ ਨਿਕਲ ਸਕਦੇ ਹਨ ਖ਼ਤਰਨਾਕ ਨਤੀਜੇ

In ਮੁੱਖ ਲੇਖ
June 21, 2025

ਇਜ਼ਰਾਇਲ ਨੇ ਪਿਛਲੇ ਦਿਨੀਂ ‘ਅਪਰੇਸ਼ਨ ਰਾਈਜ਼ਿੰਗ ਲਾਈਨ’ ਤਹਿਤ ਇਰਾਨ ਦੇ ਫ਼ੌਜੀ ਤੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸਵੇਰੇ ਪੰਜ ਵਜੇ ਇਜ਼ਰਾਇਲ ਦੇ 500 ਫਾਈਟਰ ਜੈੱਟ ਇਰਾਨ ਦੇ ਅੰਦਰ ਵੜ ਗਏ ਤੇ ਦੋ ਵਾਰ ਉਸ ਦੇ 100 ਪਰਮਾਣੂ ਟਿਕਾਣਿਆਂ ’ਤੇ ਤਾਬੜਤੋੜ ਬੰਬਾਰੀ ਕੀਤੀ।
ਛੇ ਸ਼ਹਿਰਾਂ ਉੱਤੇ ਵੀ ਹਮਲਾ ਕੀਤਾ ਜਿਸ ਕਰਕੇ 138 ਤੋਂ ਵੱਧ ਇਰਾਨੀਆਂ ਦੀ ਮੌਤ ਹੋ ਗਈ। ਇਜ਼ਰਾਇਲ ਨੇ ਇਰਾਨ ਦੀ ਸਭ ਤੋਂ ਅਹਿਮ ਨਾਤਾਂਜ਼ ਅੰਡਰਗਰਾਊਂਡ ਲੈਬ ਸਹਿਤ ਤਿੰਨ ਅਹਿਮ ਨਿਊਕਲੀਅਰ ਸਾਈਟਾਂ ਨੂੰ ਨਸ਼ਟ ਕਰ ਦਿੱਤਾ। ਪੰਤਾਲੀ ਸਾਲ ਪਿੱਛੋਂ ਇਸ ਸਭ ਤੋਂ ਵੱਡੇ ਹਮਲੇ ’ਚ ਇਰਾਨੀ ਆਰਮੀ ਚੀਫ ਮੁਹੰਮਦ ਬਘੇਰੀ, ਰੈਵੋਲਿਊਸ਼ਨਰੀ ਗਾਰਡ ਦੇ ਕਮਾਂਡਰ ਹੁਸੈਨ ਸਲਾਮੀ, ਬੈਲੇਸਟਿਕ ਮਿਜ਼ਾਈਲ ਪ੍ਰੋਗਰਾਮ ਦੇ ਚੀਫ ਅਮਿਰ ਅਲੀ ਹਾਜ਼ੀਦਾਹ ਤੋਂ ਇਲਾਵਾ ਦੋ ਪ੍ਰਮੁੱਖ ਪਰਮਾਣੂ ਵਿਗਿਆਨਕ ਮੇਹਦੀ ਤੇਹਰਾਂਚੀ ਅਤੇ ਫਰਦੂਨ ਅੱਬਾਸੀ ਵੀ ਮਾਰੇ ਗਏ।
ਹਮਲੇ ਵਿੱਚ ਇਰਾਨ ਦੇ 20 ਟਾਪ ਕਮਾਂਡਰ ਅਤੇ ਪਰਮਾਣੂ ਵਿਗਿਆਨਕ ਮਾਰੇ ਗਏ। ਇਰਾਨ ਦੇ ਸਰਬਉੱਚ ਨੇਤਾ ਅਯਾਤੁੱਲਾ ਖਮੇਨੀ ਨੇ ਜਨਰਲ ਮੁਹੰਮਦ ਬਘੇਰੀ ਦੀ ਥਾਂ ਜਨਰਲ ਅਬਦੁਲ ਰਹੀਮ ਮੋਸਾਵੀ ਨੂੰ ਹਥਿਆਰਬੰਦ ਸੈਨਾ ਦਾ ਨਵਾਂ ਮੁਖੀ ਅਤੇ ਜਨਰਲ ਸਲਾਮੀ ਦੀ ਥਾਂ ’ਤੇ ਮੁਹੰਮਦ ਪਾਕਪੌਰ ਨੂੰ ਨੀਮ ਫ਼ੌਜੀ ਬਲ ਰੈਵੋਲਿਊਸ਼ਨਰੀ ਗਾਰਡ ਦੀ ਅਗਵਾਈ ਲਈ ਚੁਣਿਆ ਹੈ। ਇਜ਼ਰਾਇਲ ਦੇ ਲੜਾਕੂ ਜਹਾਜ਼ਾਂ ਨੇ ਇਰਾਨ ’ਚ 1500 ਕਿੱਲੋਮੀਟਰ ਅੰਦਰ ਜਾ ਕੇ ਹਮਲਾ ਕੀਤਾ। ਇਜ਼ਰਾਇਲ ਦੇ ਇਨ੍ਹਾਂ ਹਮਲਿਆਂ ਕਾਰਨ ਲੋਕਾਂ ’ਚ ਦਹਿਸ਼ਤ ਤੇ ਗੁੱਸਾ ਹੈ।
ਇਰਾਨ ਦੀਆਂ ਸੜਕਾਂ ’ਤੇ ਹਜ਼ਾਰਾਂ ਲੋਕਾਂ ਨੇ ਸੜਕਾਂ ’ਤੇ ਉਤਰ ਕੇ ਇਜ਼ਰਾਇਲ ਖ਼ਿਲਾਫ਼ ਮੁਜ਼ਾਹਰੇ ਕੀਤੇ। ਉਹ ਬੋਲੇ, ‘ਇਜ਼ਰਾਇਲ ਦੇ ਹਮਲੇ ਦਾ ਬਦਲਾ ਲਓ’। ਇਰਾਨ ਦੇ ਸਰਬਉੱਚ ਨੇਤਾ ਅਯਾਤੁੱਲਾ ਖਮੇਨੀ ਨੇ ਕਿਹਾ ਕਿ ਉਸ ਦੇ ਦੇਸ਼ ’ਤੇ ਹਮਲੇ ਲਈ ਇਜ਼ਰਾਈਲ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਇਰਾਨ ਦੀ ਸਰਕਾਰੀ ਏਜੰਸੀ ‘ਆਈ.ਆਰ.ਐੱਨ.ਏ.’ ਨੇ ਪੁਸ਼ਟੀ ਕੀਤੀ ਕਿ ਹਮਲੇ ’ਚ ਸੈਨਾ ਦੇ ਸਿਖਰਲੇ ਅਧਿਕਾਰੀ ਅਤੇ ਵਿਗਿਆਨੀ ਮਾਰੇ ਗਏ ਹਨ।
ਖਮੇਨੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ’ਤੇ ਹੋਏ ਇਸ ਹਮਲੇ ’ਚ ‘ਇਜ਼ਰਾਇਲ ਦੇ ਖ਼ੂਨ ਨਾਲ ਲਿਬੜੇ ਹੱਥ ਸ਼ਾਮਲ ਹਨ’। ਉਨ੍ਹਾਂ ਕਿਹਾ ਕਿ ਇਜ਼ਰਾਇਲ ਨੇ ਰਿਹਾਇਸ਼ੀ ਇਲਾਕਿਆਂ ’ਤੇ ਹਮਲੇ ਕਰ ਕੇ ਆਪਣੇ ਮਾੜੇ ਇਰਾਦੇ ਜ਼ਾਹਰ ਕੀਤੇ ਹਨ। ਇਰਾਨ ਨੇ ਵੀ ਜਵਾਬੀ ਹਮਲੇ ’ਚ 150 ਮਿਜ਼ਾਈਲਾਂ ਤੇ 100 ਡ੍ਰੋਨ ਦਾਗ਼ੇ। ਇਰਾਨ ਮੁਤਾਬਕ ਉਸ ਦੀਆਂ ਮਿਜ਼ਾਈਲਾਂ ਇਜ਼ਰਾਇਲ ਦੇ ਰੱਖਿਆ ਮੰਤਰਾਲੇ ’ਤੇ ਡਿੱਗੀਆਂ। ਛੇ ਤਾਂ ਰਾਜਧਾਨੀ ਤਲ-ਅਵੀਵ ’ਤੇ ਡਿੱਗੀਆਂ ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਮੌਸਾਦ ਏਜੰਟਾਂ ਨੇ ਤਹਿਰਾਨ ਦੇ ਅੰਦਰ ਹੀ ਇੱਕ ਛੁਪੀ ਹੋਈ ਡ੍ਰੋਨ ਨਿਰਮਾਣ/ਸਟਾਕਿੰਗ ਸਾਈਟ ਸਥਾਪਤ ਕੀਤੀ ਜਿੱਥੇ ਉਨ੍ਹਾਂ ਛੋਟੇ-ਛੋਟੇ ਵਿਸਫੋਟਕ ਡ੍ਰੋਨ ਬਣਾਏ ਅਤੇ ਕਈ ਮਹੀਨਿਆਂ ਤੱਕ ਛੁਪਾ ਕੇ ਰੱਖੇ।
ਮੌਸਾਦ ਨੇ ਇਰਾਨ ਵਿੱਚ ਰਣਨੀਤਕ ਰੂਪ ’ਚ ਜ਼ਰੂਰੀ ਇਲਾਕਿਆਂ ਜਿਵੇਂ ਏਅਰ ਡਿਫੈਂਸਿੰਗ ਸੈਂਟਰ, ਸੇਮ ਬੈਟਰੀਆਂ, ਅਤੇ ਮਿਜ਼ਾਈਲ ਲਾਂਚਰ ਬੇਸ ਦੇ ਨਜ਼ਦੀਕ ਡ੍ਰੋਨ ਅਤੇ ਗਾਈਡਿਡ ਮਿਜ਼ਾਈਲਾਂ ਨੂੰ ਡਿਸਪਲੇ ਕੀਤਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਪਰਮਾਣੂ ਸਮਝੌਤਾ ਕਰਨ ਲਈ ਇਰਾਨ ਨੂੰ 60 ਦਿਨਾਂ ਦਾ ਸਮਾਂ ਦਿੱਤਾ ਸੀ, ਅੱਜ 61 ਵਾਂ ਦਿਨ ਸੀ ਤੇ ਇਜ਼ਰਾਇਲ ਨੇ ਉਸ ’ਤੇ ਹਮਲਾ ਕਰ ਦਿੱਤਾ। ਇਰਾਨ ਦੇ ਰਣਨੀਤਕ ਭਾਈਵਾਲ ਰੂਸ ਨੇ ਇਰਾਨ ’ਤੇ ਇਜ਼ਰਾਇਲ ਦੇ ਹਮਲੇ ਨੂੰ ਉਕਸਾਵੇ ਵਾਲਾ ਤੇ ਨਾਜਾਇਜ਼ ਦੱਸਿਆ। ਰੂਸ ਇਰਾਨ ਦੇ ਸ਼ਾਂਤੀਪੂਰਵਕ ਮਕਸਦਾਂ ਲਈ ਚੱਲ ਰਹੇ ਪਰਮਾਣੂ ਪ੍ਰੋਗਰਾਮ ਵਿੱਚ ਸਹਿਯੋਗ ਕਰ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਦੋਵਾਂ ਧਿਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਅਮਰੀਕਾ ਤੇ ਇਰਾਨ ਵਿਚਾਲੇ ਪਰਮਾਣੂ ਸਮਝੌਤੇ ਲਈ ਸਹਿਯੋਗ ਕਰਨ ਦੀ ਤਜਵੀਜ਼ ਵੀ ਰੱਖੀ ਹੈ। ਵੱਡੀ ਗੱਲ ਇਹ ਹੈ ਕਿ ਜਨਰਲ ਸੁਲੇਮਾਨੀ ਦੀ ਮੌਤ ਤੋਂ ਇਰਾਨ ਉੱਭਰ ਨਹੀਂ ਸਕਿਆ ਹੈ। ਸੰਨ 2020 ’ਚ ਇਰਾਨ ਦੇ ਸਭ ਤੋਂ ਪ੍ਰਭਾਵਸ਼ਾਲੀ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਇਰਾਨੀ ਸੈਨਾ ਅਤੇ ਪਰਮਾਣੂ ਪ੍ਰੋਗਰਾਮ ਸੰਭਲ ਨਹੀਂ ਸਕਿਆ। ਪੰਜਾਂ ਸਾਲਾਂ ’ਚ ਇਰਾਨ ਦੇ 9 ਫ਼ੌਜੀ ਕਮਾਂਡਰ ਅਤੇ 7 ਪਰਮਾਣੂ ਵਿਗਿਆਨਕ ਮਾਰੇ ਜਾ ਚੁੱਕੇ ਹਨ।
ਕਈ ਅਰਬ ਦੇਸ਼ ਅਮਰੀਕਾ ਤੇ ਇਜ਼ਰਾਇਲ ਦੀ ਮਦਦ ਕਰ ਰਹੇ ਹਨ ਪਰ ਸੀਰੀਆ ਨੇ ਇਰਾਨ ਦੇ ਸਵੈ-ਰੱਖਿਆ ਦੇ ਹੱਕ ਦਾ ਸਮਰਥਨ ਕੀਤਾ ਤੇ ਇਜ਼ਰਾਇਲ ਦੇ ਹਮਲੇ ਖ਼ਿਲਾਫ਼ ਆਪਣੀ ਨੈਤਿਕ ਤੇ ਸਿਆਸੀ ਇਕਜੁੱਟਤਾ ਜਤਾਈ। ਸਾਊਦੀ ਅਰਬ ਤੇ ਮਿਸਰ ਨੇ ਕੂਟਨੀਤਕ ਪੱਧਰ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ। ਹਾਲਾਂਕਿ ਖ਼ਬਰ ਹੈ ਕਿ ਸਾਊਦੀ ਅਰਬ ਗੁਪਤ ਰੂਪ ’ਚ ਇਜ਼ਰਾਇਲ-ਅਮਰੀਕਾ ਰੱਖਿਆ ਗਤੀਵਿਧੀਆਂ ’ਚ ਸਹਿਯੋਗ ਵੀ ਕਰ ਰਿਹਾ ਹੈ। ਜਾਰਡਨ ਨੇ ਸੰਜਮ ਵਰਤਣ ਦੀ ਗੱਲ ਆਖੀ ਪਰ ਅਮਰੀਕਾ ਦੇ ਸਹਿਯੋਗ ਨਾਲ ਇਜ਼ਰਾਇਲ ਨੂੰ ਹਵਾਈ ਬਚਾਅ-ਤੰਤਰ ਉਪਲਭਧ ਕਰਵਾਇਆ। ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਕਿਹਾ ਕਿ ਇਜ਼ਰਾਇਲ ਨੇ ਇਰਾਨ ਵਿਰੁੱਧ ਇਕਪਾਸੜ ਕਾਰਵਾਈ ਕੀਤੀ ਹੈ ਤੇ ਇਜ਼ਰਾਇਲ ਨੇ ਅਮਰੀਕਾ ਨੂੰ ਕਿਹਾ ਹੈ ਕਿ ਇਹ ਹਮਲੇ ਉਸ ਦੀ ਆਤਮ-ਰੱਖਿਆ ਲਈ ਜ਼ਰੂਰੀ ਹਨ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ’ਚ ਰੂਬੀਓ ਨੇ ਕਿਹਾ, ‘ਅਸੀਂ ਇਰਾਨ ਖ਼ਿਲਾਫ਼ ਹਮਲਿਆਂ ’ਚ ਸ਼ਾਮਲ ਨਹੀਂ ਹਾਂ ’।
ਰਾਸ਼ਟਰਪਤੀ ਡੋਨਾਲਡ ਟਰੰਪ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਇਨ੍ਹਾਂ ਇਲਾਕਿਆਂ (ਦੇਸ਼ਾਂ) ਵਿੱਚ ਤਾਇਨਾਤ ਅਮਰੀਕੀ ਦੂਤਘਰਾਂ ਦੇ ਅਮਲੇ ਤੇ ਫ਼ੌਜ ਦੀ ਰੱਖਿਆ ਕਿਵੇਂ ਕੀਤੀ ਜਾਵੇ। ਇਸ ਮੁਸੀਬਤ ਤੋਂ ਅਮਰੀਕਾ ਆਪਣੇ-ਆਪ ਨੂੰ ਜਿੰਨਾ ਸੰਭਵ ਹੋਵੇ, ਦੂਰ ਹੀ ਰੱਖੇ। ਪਰ ਇਜ਼ਰਾਇਲ ਦੇ ਵਧਦੇ ਖ਼ਤਰਨਾਕ ਮਨਸੂਬਿਆਂ ਦਾ ਪ੍ਰਮੁੱਖ ਕਾਰਨ ਇਰਾਨ ਦਾ ਅੜੀਅਲ ਰੁਖ਼ ਹੈ। ਓਧਰ ਨੇਤਨਯਾਹੂ ਤੇ ਟਰੰਪ ਨੇ ਬੀਤੇ ’ਚ ਕਈ ਵੱਡੀਆਂ ਗ਼ਲਤੀਆਂ ਕੀਤੀਆਂ ਸਨ। ਨੇਤਨਯਾਹੂ ਦੀ ਮਜ਼ਬੂਤ ਹਮਾਇਤ ਦੇ ਚੱਲਦਿਆਂ ਟਰੰਪ ਨੇ 2018 ਵਿੱਚ ਓਬਾਮਾ ਦੁਆਰਾ ਕੀਤੇ ਪਰਮਾਣੂ ਸਮਝੌਤੇ ਤੋਂ ਖ਼ੁਦ ਨੂੰ ਵੱਖ ਕਰ ਲਿਆ ਸੀ ਜਿਸ ਵਿੱਚ ਕਾਫ਼ੀ ਹੱਦ ਤੱਕ ਇਰਾਨ ਦੇ ਪਰਮਾਣੂ ਪ੍ਰੋਗਰਾਮ ’ਤੇ ਕੰਟਰੋਲ ਕਰ ਲਿਆ ਸੀ।
ਪਰ ਟਰੰਪ ਨੂੰ ਉਮੀਦ ਸੀ ਕਿ ਇਸ ਤੋਂ ਬਾਅਦ ਇਰਾਨ ਗੋਡਿਆਂ ਭਾਰ ਚੱਲ ਕੇ ਉਸ ਕੋਲ ਆਵੇਗਾ ਅਤੇ ਹੋਰ ਰਿਆਇਤਾਂ ਮੰਗੇਗਾ ਪਰ ਇਰਾਨ ਇਸ ਦੇ ਉਲਟ ਯੂਰੇਨੀਅਮ ਇਕੱਠਾ ਕਰਨ ਅਤੇ ਐਟਮ ਬੰਬ ਬਣਾਉਣ ਦੇ ਨਜ਼ਦੀਕ ਪੁੱਜ ਚੁੱਕਾ ਸੀ। ਇਜ਼ਰਾਇਲ ਦੇ ਇੱਕ ਸਾਬਕਾ ਸੁਰੱਖਿਆ ਅਧਿਕਾਰੀ ਨੇ 2018 ਦੀ ਇਸ ਡੀਲ ਨੂੰ ਰੱਦ ਕਰਨ ਦੇ ਫ਼ੈਸਲੇ ਨੂੰ ਹਾਦਸਾ ਦੱਸਿਆ ਸੀ, ਉੱਥੇ ਹੀ ਦੂਸਰੇ ਨੇ ਇਸ ਨੂੰ ਇਤਿਹਾਸਕ ਭੁੱਲ ਕਿਹਾ ਸੀ।
ਇਰਾਨ ’ਤੇ ਭਿਆਨਕ ਹਮਲੇ ਤੇ ਉਸ ਦੀ ਬਰਬਾਦੀ ਤੋਂ ਬਾਅਦ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕੌਮਾਂਤਰੀ ਹਮਾਇਤ ਹਾਸਲ ਕਰਨ ਦੀਆਂ ਕੂਟਨੀਤਕ ਕੋਸ਼ਿਸ਼ਾਂ ਤਹਿਤ ਕਈ ਆਲਮੀ ਆਗੂਆਂ ਨਾਲ ਗੱਲ ਕੀਤੀ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਲੰਘੀ ਰਾਤ ਤੋਂ ਹੁਣ ਤੱਕ ਨੇਤਨਯਾਹੂ ਨੇ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਜ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਂਕਰੋ ਸਮੇਤ ਕਈ ਆਲਮੀ ਆਗੂਆਂ ਨਾਲ ਗੱਲਬਾਤ ਕੀਤੀ।
ਇਸ ਵਿੱਚ ਕਿਹਾ ਗਿਆ ਕਿ ਉਹ ਅਮਰੀਕੀ ਰਾਸ਼ਟਰਪਤੀ ਟਰੰਪ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਵੀ ਗੱਲ ਕਰਨਗੇ। ਭਾਰਤ ਨੇ ਕਿਹਾ ਕਿ ਉਹ ਇਰਾਨ-ਇਜ਼ਰਾਇਲ ਵਿਚਾਲੇ ਬਣੇ ਹਾਲਾਤ ਤੋਂ ਬਹੁਤ ਫ਼ਿਕਰਮੰਦ ਹੈ ਤੇ ਉਹ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਜ਼ਰਾਇਲ ਦੇ ਹਮਲੇ ਦੇ ਨਤੀਜੇ ਉਲਟ ਵੀ ਹੋ ਸਕਦੇ ਹਨ ਕਿਉਂਕਿ ਇਸ ਤਰ੍ਹਾਂ ਦੇ ਹਮਲੇ ਇਰਾਨ ਦੇ ਪਰਮਾਣੂ ਹਥਿਆਰਾਂ ਨੂੰ ਬਣਾਉਣ ਦੀ ਮੁਹਿੰਮ ਵਿੱਚ ਤੇਜ਼ੀ ਲਿਆ ਸਕਦੇ ਹਨ। ਇਸ ਤੋਂ ਇਲਾਵਾ ਇਰਾਨ ਵੀ ਇਜ਼ਰਾਇਲ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਲੱਗਾ ਹੈ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਕਸ਼ੀਦਗੀ ਬਲਦੀ ’ਤੇ ਘਿਉ ਪਾਉਣ ਦਾ ਕੰਮ ਕਰ ਰਹੀ ਹੈ।
ਮੌਜੂਦਾ ਸਥਿਤੀ ਵਿੱਚ ਮੱਧ-ਪੂਰਬੀ ਦੇਸ਼ਾਂ ’ਚ ਅਮਰੀਕੀ ਦੂਤਘਰ ਤੇ ਫ਼ੌਜੀ ਖ਼ਤਰੇ ’ਚ ਹੋਣਗੇ। ਅਮਰੀਕੀ ਰਾਸ਼ਟਰਪਤੀ ਦੀ ਇਸ ਨਵੀਂ ਪਾਰੀ ’ਚ ਅਜੇ ਟਰੰਪ ਨੇ ਜੰਗਾਂ ਵਿੱਚ ਉਲਝਣ ਤੋਂ ਟਾਲਾ ਹੀ ਵੱਟਿਆ ਹੈ। ਕੀ ਉਹ ਇਰਾਨ ਦੇ ਮਾਮਲੇ ਵਿੱਚ ਵੀ ਇਸੇ ਤਰ੍ਹਾਂ ਕਰਨਗੇ? ਸਵਾਲ ਇਹ ਹੈ ਕਿ ਕੀ ਮੁਸਲਿਮ ਦੇਸ਼ ਇਰਾਕ, ਬਹਿਰੀਨ ਜਾਂ ਮੱਧ-ਪੂਰਬ ਵਿੱਚ ਕਿਧਰੇ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣਗੇ। ਅਸੀਂ ਮੱਧ-ਪੂਰਬ ਵਿੱਚ ਵਧਦੇ ਤਣਾਅ ਨੂੰ ਇੱਕ ਅਜਿਹੀ ਵੱਡੀ ਜੰਗ ਵੱਲ ਜਾਂਦਾ ਵੇਖ ਸਕਦੇ ਹਾਂ ਜਿਸ ਨੂੰ ਕੋਈ ਨਹੀਂ ਚਾਹੁੰਦਾ ਤੇ ਯੁੱਧ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ।
-ਮੁਖ਼ਤਾਰ ਗਿੱਲ

Loading