
ਚੰਡੀਗੜ੍ਹ: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਦੀਆਂ ਬਰੂਹਾਂ ‘ਤੇ ਲੱਗੇ ਕੌਮੀ ਇਨਸਾਫ ਮੋਰਚੇ ਵੱਲੋਂ 2 ਸਾਲ ਪੂਰੇ ਹੋਣ ’ਤੇ ਰੋਸ ਵਜੋਂ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਸੀ। ਮੋਰਚੇ ਦੀ ਕਾਲ ਨੂੰ ਅਸਫਲ ਕਰਨ ਲਈ ਪੁਲੀਸ ਨੇ ਲਾਠੀਚਾਰਜ ਕੀਤਾ, ਗੰਦੇ ਪਾਣੀ ਦੀਆਂ ਬੁਛਾੜਾਂ ਮਾਰੀਆਂ।ਕਈ ਪੰਥਕ ਆਗੂਆਂ ਬਾਪੂ ਤਰਸੇਮ ਸਿੰਘ, ਸਿਮਰਨਜੀਤ ਸਿੰਘ ਮਾਨ,ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦੇ ਮੈਂਬਰ ਗੁਰਿੰਦਰ ਸਿੰਘ ਬਾਜਵਾ, ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਆਗੂ ਸੁਰਿੰਦਰ ਸਿੰਘ ਨਥਾਣਾ ਨੂੰ ਘਰ ਵਿਚ ਨਜ਼ਰਬੰਦ ਕੀਤਾ ਗਿਆ। ਭਾਈ ਜਸਬੀਰ ਸਿੰਘ ਰੋਡੇ ,ਗੁਰਦੀਪ ਸਿੰਘ ਨੂੰ ਗਿ੍ਫਤਾਰ ਕੀਤਾ ਗਿਆ ਕੌਮੀ ਇਨਸਾਫ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ,ਭਾਈ ਮੋਹਕਮ ਸਿੰਘ ਤੇ ਸਾਥੀਆਂ ਨੂੰ ਗੁਰਦੁਆਰਾ ਅੰਬ ਸਾਹਿਬ ਤੋਂ ਖਰੜ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਲੰਬਾ ਸਮਾਂ ਥਾਣੇ ਵਿਚ ਬਿਠਾਉਣ ਤੋਂ ਬਾਅਦ ਦੇਰ ਸ਼ਾਮ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ। ਭਾਈ ਪਾਲ ਸਿੰਘ ਫਰਾਂਸ ਨੇ ਦੱਸਿਆ ਕਿ ਉਹ ਆਪਣੇ ਪਿੰਡ ਢੰਡੋਵਾਲ (ਸ਼ਾਹਕੋਟ) ਤੋਂ ਮੋਰਚੇ ’ਚ ਸ਼ਾਮਲ ਹੋਣ ਲਈ ਗਏ ਸਨ। ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਘੇਰਾ ਪਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਇੰਦਰਬੀਰ ਸਿੰਘ ਪਟਿਆਲਾ, ਨਗਿੰਦਰ ਸਿੰਘ ਪਰਜੀਆਂ ,ਭਾਈ ਮੋਹਕਮ ਸਿੰਘ ਅਤੇ ਨਰਿੰਦਰ ਸਿੰਘ ਢੰਡੋਵਾਲ ਨੂੰ ਵੀ ਗ੍ਰਿਫਤਾਰ ਕਰ ਕੇ ਖਰੜ ਥਾਣੇ ਵਿਖੇ ਰੱਖਿਆ ਗਿਆ ਤੇ ਦੇਰ ਸ਼ਾਮ ਸਾਰਿਆਂ ਨੂੰ ਛੱਡ ਦਿੱਤਾ ਗਿਆ। ਭਾਈ ਪਾਲ ਸਿੰਘ ਨੇ ਕਿਹਾ ਕਿ ਮੋਰਚੇ ਵੱਲੋਂ ਸ਼ਾਂਤਮਈ ਢੰਗ ਨਾਲ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਰੋਸ ਮਾਰਚ ਕੀਤਾ ਜਾਣਾ ਸੀ ਪਰ ‘ਆਪ’ ਸਰਕਾਰ ਲੋਕਾਂ ਦਾ ਰੋਸ ਪ੍ਰਗਟ ਕਰਨ ਦਾ ਕਾਨੂੰਨੀ ਅਧਿਕਾਰ ਵੀ ਖੋਹ ਰਹੀ ਹੈ। ਬੰਦੀ ਸਿੰਘਾਂ ਦੀ ਰਿਹਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ 2 ਸਾਲ ਤੋਂ ਮੋਰਚਾ ਲੱਗਾ ਹੋਇਆ ਹੈ ਪਰ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਵੀ ਕੌਮੀ ਇਨਸਾਫ ਮੋਰਚੇ ਦੇ ਹੱਕ ਵਿਚ ਫੈਸਲਾ ਸੁਣਾਇਆ ਜਾ ਚੁੱਕਾ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਸਰਕਾਰ ਖਿਲਾਫ ਆਪਣਾ ਰੋਸ ਪ੍ਰਗਟ ਕਰ ਸਕਦੇ ਹਨ ਤੇ ਕੋਈ ਵੀ ਮੋਰਚੇ ਨੂੰ ਚੁਕਾ ਨਹੀਂ ਸਕਦਾ। ਉਨ੍ਹਾਂ ਦੁਹਰਾਇਆ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮੰਗਾਂ ਪੂਰੀਆਂ ਹੋਣ ਤੱਕ ਮੋਰਚਾ ਚੜ੍ਹਦੀ ਕਲਾ ਵਿਚ ਚੱਲਦਾ ਰਹੇਗਾ।