ਬੌਲੀਵੁੱਡ ਦਾ ਉੱਘਾ ਨਿਰਦੇਸ਼ਕ ਇਮਤਿਆਜ਼ ਅਲੀ ਇੱਕ ਵਾਰ ਫਿਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨਾਲ ਆਪਣੀ ਫਿਲਮ ਲੈ ਕੇ ਆ ਰਿਹਾ ਹੈ। ਨਵੀਂ ਫਿਲਮ ਵਿੱਚ ਦਿਲਜੀਤ ਦੋਸਾਂਝ ਤੋਂ ਇਲਾਵਾ ਨਸੀਰੂਦੀਨ ਸ਼ਾਹ, ਸ਼ਰਵਰੀ ਵਾਘ ਅਤੇ ਵੇਦਾਂਗ ਰੈਨਾ ਵਰਗੇ ਸ਼ਾਨਦਾਰ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹਨ। ਫਿਲਮ ਦੀ ਸ਼ੂਟਿੰਗ ਮੁੰਬਈ ਤੋਂ ਇਲਾਵਾ ਪੰਜਾਬ ਵਿੱਚ ਵੀ ਕੀਤੀ ਗਈ। ਰਿਪੋਰਟਾਂ ਅਨੁਸਾਰ ਇਹ ਫਿਲਮ 12 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ 2024 ਵਿੱਚ ਇਤਿਆਜ਼ ਅਲੀ ਦੇ ਨਿਰਦੇਸ਼ਨ ਵਿੱਚ ਦਿਲਜੀਤ ਦੋਸਾਂਝ ਸੁਪਰਹਿੱਟ ਫਿਲਮ ‘ਅਮਰ ਸਿੰਘ ਚਮਕੀਲਾ’ ਕਰ ਚੁੱਕਿਆ ਹੈ। ਇਸ ਫਿਲਮ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ। ਇਹ ਫਿਲਮ ਨੈੱਟਫਲਿਕਸ ’ਤੇ ਸਟ੍ਰੀਮ ਕੀਤੀ ਗਈ ਸੀ।
ਫਿਲਮ ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਸੋਸ਼ਲ ਮੀਡੀਆ ’ਤੇ ਇਮਤਿਆਜ਼ ਅਲੀ ਦੀ ਇੱਕ ਫੋਟੋ ਸਾਂਝੀ ਕੀਤੀ ਹੈ, ਜਿਸ ਵਿੱਚ ਇਸ ਪ੍ਰਾਜੈਕਟ ਦਾ ਖੁਲਾਸਾ ਕੀਤਾ ਗਿਆ ਹੈ। ਫਿਲਮ ਦਾ ਨਾਂਅ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ, ਪਰ ਇਹ ਪੁਸ਼ਟੀ ਕੀਤੀ ਗਈ ਹੈ ਕਿ ਇਹ ਖੁਦ ਇਮਤਿਆਜ਼ ਅਲੀ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਰਿਪੋਰਟਾਂ ਅਨੁਸਾਰ ਇਹ ਫਿਲਮ ਇੱਕ ਪ੍ਰੇਮ ਕਹਾਣੀ ’ਤੇ ਆਧਾਰਿਤ ਹੋਵੇਗੀ, ਜਿਸ ਵਿੱਚ ਕਾਮੇਡੀ ਵੀ ਦੇਖਣ ਨੂੰ ਮਿਲੇਗੀ। ਫਿਲਮ ਪੂਰੀ ਹੋ ਚੁੱਕੀ ਹੈ ਅਤੇ ਇਸ ਸਮੇਂ ਪੋਸਟ-ਪ੍ਰੋਡਕਸ਼ਨ ਵਿੱਚ ਹੈ। ਇਮਤਿਆਜ਼ ਦੀਆਂ ਫਿਲਮਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਨ੍ਹਾਂ ਦਾ ਸੰਗੀਤ ਹੈ ਅਤੇ ਇਸ ਵਾਰ ਵੀ ਕੁਝ ਅਜਿਹਾ ਹੀ ਹੋਣ ਦੀ ਉਮੀਦ ਹੈ। ਇਸ ਫਿਲਮ ਲਈ ਏ. ਆਰ.ਰਹਿਮਾਨ, ਇਰਸ਼ਾਦ ਕਾਮਿਲ ਅਤੇ ਇਮਤਿਆਜ਼ ਅਲੀ ਦੀ ਰਚਨਾਤਮਕ ਟੀਮ ਮੁੜ ਇਕੱਠੀ ਹੋਈ ਹੈ ਜਿਨ੍ਹਾਂ ਨੇ ਹਿੰਦੀ ਸਿਨੇਮਾ ਲਈ ਯਾਦਗਾਰੀ ਸੰਗੀਤ ਦੀ ਸਿਰਜਣਾ ਕੀਤੀ ਹੈ।
ਇਮਤਿਆਜ਼ ਅਲੀ ਅਤੇ ਦਿਲਜੀਤ ਦੋਸਾਂਝ ਭਾਰਤੀ ਫਿਲਮ ਜਗਤ ਦੇ ਦੋ ਵਿਲੱਖਣ ਨਾਮ ਹਨ, ਜਿਨ੍ਹਾਂ ਨੇ ਆਪਣੀ-ਆਪਣੀ ਕਲਾ ਨਾਲ ਦਰਸ਼ਕਾਂ ਦੇ ਦਿਲ ਜਿੱਤੇ ਹਨ। ਇਮਤਿਆਜ਼ ਅਲੀ ਨੂੰ ਆਪਣੀਆਂ ਸੰਵੇਦਨਸ਼ੀਲ ਅਤੇ ਅੰਦਰੂਨੀ ਜਜ਼ਬਾਤਾਂ ਨੂੰ ਛੂਹਣ ਵਾਲੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ, ਜਿਵੇਂ ਕਿ ‘ਜਬ ਵੀ ਮੈਟ’ ਅਤੇ “ਰੌਕਸਟਾਰ”, ਜਿੱਥੇ ਪਿਆਰ ਅਤੇ ਜ਼ਿੰਦਗੀ ਦੇ ਅਰਥ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ। ਦੂਜੇ ਪਾਸੇ, ਦਿਲਜੀਤ ਦੋਸਾਂਝ ਨੇ ਪੰਜਾਬੀ ਸੰਗੀਤ ਤੋਂ ਲੈ ਕੇ ਬੌਲੀਵੁੱਡ ਤੱਕ ਆਪਣੀ ਅਦਾਕਾਰੀ ਅਤੇ ਗਾਇਕੀ ਨਾਲ ਖ਼ਾਸ ਮੁਕਾਮ ਬਣਾਇਆ ਹੈ। ਦੋਵੇਂ ਕਲਾਕਾਰ ਆਪਣੀ ਸਾਦਗੀ ਅਤੇ ਮਜ਼ਬੂਤ ਕਲਾਤਮਕ ਦ੍ਰਿਸ਼ਟੀ ਨਾਲ ਅੱਜ ਦੇ ਦਰਸ਼ਕਾਂ ਲਈ ਪ੍ਰੇਰਣਾ ਦਾ ਸਰੋਤ ਹਨ।
![]()
