ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਇੱਕ ਇਮੀਗ੍ਰੇਸ਼ਨ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੁਆਰਾ ਤੁਰਕੀ ਦੀ ਇੱਕ ਵਿਦਿਆਰਥਣ ਨੂੰ ਦੇਸ਼ ਨਿਕਾਲ਼ਾ ਦੇਣ ਦੀਆਂ ਕੋਸ਼ਿਸ਼ਾਂ ਉੱਪਰ ਰੋਕ ਲਾ ਦਿੱਤੀ ਹੈ। ਰੂਮੇਸਾ ਓਜ਼ਟਰਕ ਨਾਮੀ ਵਿਦਿਆਰਥਣ ਨੂੰ ਟਫ਼ਟਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਅਖ਼ਬਾਰ ਲਈ ਫ਼ਲਸਤੀਨ ਪੱਖੀ ਲੇਖ ਲਿਖਣ ਕਾਰਨ ਮਾਰਚ 2025 ਵਿੱਚ ਬੋਸਟਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਲੇਖ ਵਿੱਚ ਉਸ ਨੇ ਇਜ਼ਰਾਇਲ- ਗ਼ਾਜ਼ਾ ਜੰਗ ਬਾਰੇ ਸਕੂਲ ਦੇ ਪ੍ਰਤੀਕਰਮ ਦੀ ਨਿੰਦਾ ਕੀਤੀ ਸੀ। ਮਈ 2025 ਵਿੱਚ ਇੱਕ ਸੰਘੀ ਅਦਾਲਤ ਨੇ ਉਸ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ। ਫ਼ਰੀਡਮ ਆਫ਼ ਦਾ ਪ੍ਰੈਸ ਫ਼ਾਊਂਡੇਸ਼ਨ ਚੀਫ਼ ਆਫ਼ ਐਡਵੋਕੇਸੀ ਸੇਠ ਸਟਰਨ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਮਾਮਲਾ ਪ੍ਰੈਸ ਦੀ ਆਜ਼ਾਦੀ ਦੀ ਉਲੰਘਣਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਟਰੰਪ ਪ੍ਰਸ਼ਾਸਨ ਆਪਣੀ ਕਾਰਵਾਈ ਦਾ ਕਾਰਨ ਦੱਸਣ ਲਈ ਵੀ ਤਿਆਰ ਨਹੀਂ ਹੈ। ਓਜ਼ਰਟਕ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਬਹੁਤ ਹੀ ਬੁਰੇ ਹਾਲਾਤ ਵਿੱਚ ਰੱਖਿਆ ਗਿਆ ਤੇ ਉਸ ਨੂੰ ਇਸ ਆਧਾਰ ’ਤੇ ਦੇਸ਼ ਨਿਕਾਲ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਨੇ ਉਸ ਮੁੱਦੇ ’ਤੇ ਲੱਖਾਂ ਅਮਰੀਕੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਸਨ। ਜੋ ਮੁੱਦਾ ਇਸ ਵੇਲੇ ਬਹੁਤ ਅਹਿਮ ਬਣਿਆ ਹੋਇਆ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਸੰਘੀ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦੇਵੇਗਾ।
![]()
