
ਬੀਰਸ਼ੇਬਾ(ਇਜ਼ਰਾਇਲ)/ਏ.ਟੀ.ਨਿਊਜ਼: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਜ਼ਰਾਇਲ ਤੇ ਇਰਾਨ ਵਿਚਾਲੇ ਚੱਲ ਰਹੇ ਟਕਰਾਅ ਵਿੱਚ ਅਮਰੀਕੀ ਫ਼ੌਜ ਦੀ ਸਿੱਧੀ ਸ਼ਮੂਲੀਅਤ ਸਬੰਧੀ ਉਹ ਅਗਲੇ ਦੋ ਹਫ਼ਤਿਆਂ ਵਿੱਚ ਫ਼ੈਸਲਾ ਲੈਣਗੇ। ਟਰੰਪ ਨੇ ਕਿਹਾ ਕਿ ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਨਵੇਂ ਸਿਰੇ ਤੋਂ ਗੱਲਬਾਤ ਲਈ ‘ਬਹੁਤ ਸਾਰੇ ਮੌਕੇ’ ਹਨ। ਇਸ ਦੌਰਾਨ ਦੋਵਾਂ ਧਿਰਾਂ (ਇਜ਼ਰਾਇਲ ਤੇ ਇਰਾਨ) ਵੱਲੋਂ ਇੱਕ ਦੂਜੇ ’ਤੇ ਹਮਲੇ ਜਾਰੀ ਰਹੇ।
ਟਰੰਪ ਵੱਲੋਂ ਦੋ ਹਫ਼ਤਿਆਂ ਦੀ ਮੋਹਲਤ ਤੋਂ ਸਾਫ਼ ਹੈ ਕਿ ਉਹ ਇਰਾਨ ਦੇ ਸੁਰੱਖਿਅਤ ਫ਼ੋਰਡੋ ਯੂਰੇਨੀਅਮ ਸੋਧ ਸੈਂਟਰ ’ਤੇ ਹਮਲਾ ਕੀਤੇ ਜਾਣ ਨੂੰ ਲੈ ਕੇ ਦੁਚਿੱਤੀ ਵਿੱਚ ਹਨ। ਇਹ ਸੈਂਟਰ ਇੱਕ ਪਹਾੜ ਹੇਠਾਂ ਦੱਬਿਆ ਹੈ ਤੇ ਵਿਆਪਕ ਰੂਪ ਵਿੱਚ ਅਮਰੀਕਾ ਦੇ ‘ਬੰਕਰ ਬਸਟਰ’ ਬੰਬਾਂ ਨੂੰ ਛੱਡ ਕੇ ਕਿਸੇ ਹੋਰ ਦੀ ਪਹੁੰਚ ਤੋਂ ਬਾਹਰ ਮੰਨਿਆ ਜਾਂਦਾ ਹੈ। ਟਰੰਪ ਦੇ ਉਪਰੋਕਤ ਬਿਆਨ ਨੂੰ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਪੜਿ੍ਹਆ।
ਇਸ ਤੋਂ ਪਹਿਲਾਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਕੋਈ ਵੀ ਇਜ਼ਰਾਇਲੀ ਹਮਲੇ ਤੋਂ ਨਹੀਂ ਬੱਚ ਸਕਦਾ। ਉਨ੍ਹਾਂ ਇਸ਼ਾਰਾ ਕੀਤਾ ਕਿ ਅਗਲਾ ਨਿਸ਼ਾਨਾ ਇਰਾਨ ਦਾ ਸੁਪਰੀਮ ਆਗੂ ਅਯਾਤੁੱਲ੍ਹਾ ਖਮੇਨੀ ਹੋ ਸਕਦਾ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਟਰੰਪ ‘ਅਮਰੀਕਾ ਲਈ ਸਭ ਤੋਂ ਵਧੀਆ ਹੀ ਕਰਨਗੇ।’ ਬੀਰਸ਼ੇਬਾ ਦੇ ਸੋਰੋਕਾ ਮੈਡੀਕਲ ਸੈਂਟਰ ਨੇੜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੇਤਨਯਾਹੂ ਨੇ ਕਿਹਾ, ‘‘ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਉਹ ਪਹਿਲਾਂ (ਟਰੰਪ) ਹੀ ਬਹੁਤ ਮਦਦ ਕਰ ਰਹੇ ਹਨ।’’