ਇਰਾਨ ਤੇ ਅਮਰੀਕਾ ਵਿਚਾਲੇ ਪਰਮਾਣੂ ਸਮਝੌਤੇ ਸਬੰਧੀ ਚੱਲ ਰਹੀ ਗੱਲਬਾਤ ਖਤਮ

In ਮੁੱਖ ਖ਼ਬਰਾਂ
February 18, 2026

ਜਨੇਵਾ/ਏ.ਟੀ.ਨਿਊਜ਼: ਇਰਾਨ ਤੇ ਅਮਰੀਕਾ ਵਿਚਕਾਰ ਪਰਮਾਣੂ ਵਾਰਤਾ ਦਾ ਨਵਾਂ ਗੇੜ ਖਤਮ ਹੋ ਗਿਆ। ਇਹ ਜਾਣਕਾਰੀ ਇਰਾਨ ਦੇ ਸਰਕਾਰੀ ਟੀਵੀ ਨੇ ਦਿੱਤੀ। ਜਨੇਵਾ ਵਿੱਚ ਇਹ ਗੱਲਬਾਤ ਉਸ ਸਮੇਂ ਹੋਈ ਜਦੋਂ ਇਰਾਨ ਨੇ ‘ਮਿਜ਼ਾਈਲ ਅਭਿਆਸ’ ਲਈ ਹੋਰਮੁਜ਼ ਦੀ ਖਾੜੀ ਬੰਦ ਕਰਨ ਦਾ ਐਲਾਨ ਕੀਤਾ ਸੀ। ਅਮਰੀਕਾ ਤੇ ਇਰਾਨ ਜਨੇਵਾ ਵਿੱਚ ਇਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਦੂਜੇ ਗੇੜ ਦੀ ਗੱਲਬਾਤ ਕਰ ਰਹੇ ਸਨ ਅਤੇ ਇਰਾਨ ਨੇ ਕਿਹਾ ਕਿ ਉਹ ਫੌਜੀ ਅਭਿਆਸਾਂ ਲਈ ਹੋਰਮੁਜ਼ ਦੀ ਖਾੜੀ ਕਈ ਘੰਟਿਆਂ ਲਈ ਬੰਦ ਰੱਖੇਗਾ ਅਤੇ ਇਸ ਦੌਰਾਨ ਅਮਰੀਕਾ ਖੇਤਰ ਵਿੱਚ ਆਪਣੀ ਫੌਜੀ ਤਾਕਤ ਵਧਾ ਰਿਹਾ ਹੈ। ਸਬੰਧਤ ਵਾਰਤਾ ’ਚ ਓਮਾਨੀ ਸਾਲਸ ਅਹਿਮ ਭੂਮਿਕਾ ਨਿਭਾ ਰਹੇ ਹਨ। ਦੂਜੇ ਪਾਸੇ ਤਹਿਰਾਨ ਪ੍ਰਤੀ ਆਪਣਾ ਸਖ਼ਤ ਰੁਖ਼ ਦੁਹਰਾਉਂਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਸਮਝੌਤਾ ਨਾ ਹੋਣ ਦੇ ਨਤੀਜਿਆਂ’ ਬਾਰੇ ਇਰਾਨ ਲਈ ਸਖ਼ਤ ਚਿਤਾਵਨੀ ਵੀ ਜਾਰੀ ਕੀਤੀ ਹੈ।
ਇਸ ਤੋਂ ਪਹਿਲਾਂ ਇਰਾਨ ਦੇ ਸਰਕਾਰੀ ਟੀ ਵੀ ਨੇ ਅੱਜ ਦੱਸਿਆ ਕਿ ਅਮਰੀਕਾ ਨਾਲ ਗੱਲਬਾਤ ਅਸਿੱਧੀ ਹੋਵੇਗੀ ਅਤੇ ਇਸ ’ਚ ਸਿਰਫ਼ ਇਰਾਨ ਦੇ ਪਰਮਾਣੂ ਪ੍ਰੋਗਰਾਮ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਨਾ ਕਿ ਘਰੇਲੂ ਨੀਤੀਆਂ ’ਤੇ, ਜਿਨ੍ਹਾਂ ’ਚ ਪਿਛਲੇ ਮਹੀਨੇ ਪ੍ਰਦਰਸ਼ਨਕਾਰੀਆਂ ’ਤੇ ਕੀਤੀ ਗਈ ਸਖ਼ਤ ਕਾਰਵਾਈ ਵੀ ਸ਼ਾਮਲ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਰਾਨ ਨੂੰ ਪਰਮਾਣੂ ਪ੍ਰੋਗਰਾਮ ਰੋਕਣ ਲਈ ਮਜਬੂਰ ਕਰਨ ਵਾਸਤੇ ਵਾਰ-ਵਾਰ ਤਾਕਤ ਦੀ ਵਰਤੋਂ ਕਰਨ ਦੀ ਧਮਕੀ ਦਿੰਦੇ ਰਹਿੰਦੇ ਹਨ। ਦੂਜੇ ਪਾਸੇ ਇਰਾਨ ਨੇ ਕਿਹਾ ਹੈ ਕਿ ਅਜਿਹਾ ਹੋਣ ’ਤੇ ਉਹ ਜਵਾਬੀ ਹਮਲਾ ਕਰੇਗਾ। ਟਰੰਪ ਨੇ ਹਾਲ ਹੀ ਵਿੱਚ ਹੋਏ ਦੇਸ਼ ਪੱਧਰੀ ਰੋਸ ਮੁਜ਼ਾਹਰਿਆਂ ਖ਼ਿਲਾਫ਼ ਇਰਾਨ ਦੀ ਘਾਤਕ ਕਾਰਵਾਈ ਨੂੰ ਲੈ ਕੇ ਵੀ ਉਸ ਨੂੰ ਧਮਕੀ ਦਿੱਤੀ ਹੈ। ਇਸੇ ਦੌਰਾਨ ਹੰਗਰੀ ਦੀ ਯਾਤਰਾ ਕਰ ਰਹੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕਾ ਨੂੰ ਆਸ ਹੈ ਕਿ ਮੁਸ਼ਕਿਲਾਂ ਦੇ ਬਾਵਜੂਦ ਇਰਾਨ ਨਾਲ ਸਮਝੌਤਾ ਹੋ ਜਾਵੇਗਾ।

Loading