
ਤਹਿਰਾਨ/ਏ.ਟੀ.ਨਿਊਜ਼:
ਇਰਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਇਰਾਨ ਵਿੱਚ ਇੱਕ ਬੰਦਰਗਾਹ ਵਿੱਚ ਹੋਏ ਇੱਕ ਜ਼ਬਰਦਸਤ ਧਮਾਕੇ ਅਤੇ ਅੱਗ ਲੱਗਣ ਦੀ ਘਟਨਾ ਕਾਰਨ 18 ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ 750 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾਂਦੇ ਹਨ। ਸ਼ਾਹਿਦ ਰਾਜੇਈ ਬੰਦਰਗਾਹ ’ਤੇ ਇਹ ਧਮਾਕਾ ਅਜਿਹੇ ਮੌਕੇ ਹੋਇਆ ਜਦੋਂ ਇਰਾਨ ਅਤੇ ਅਮਰੀਕਾ ਪਿਛਲੇ ਦਿਨੀਂ ਓਮਾਨ ਵਿੱਚ ਤਹਿਰਾਨ ਦੇ ਤੇਜ਼ੀ ਨਾਲ ਵਧ ਰਹੇ ਪ੍ਰਮਾਣੂ ਪ੍ਰੋਗਰਾਮ ਬਾਰੇ ਤੀਜੇ ਦੌਰ ਦੀ ਗੱਲਬਾਤ ਲਈ ਮਿਲੇ ਸਨ। ਦੇਸ਼ ਦੇ ਬਚਾਅ ਸੰਗਠਨ ਦੇ ਮੁਖੀ ਬਾਬਕ ਮਹਿਮੂਦੀ ਨੇ ਸਰਕਾਰੀ ਟੈਲੀਵਿਜ਼ਨ ’ਤੇ ਇਹ ਐਲਾਨ ਕੀਤਾ ਹੈ।
ਦੱਖਣੀ ਇਰਾਨ ਵਿੱਚ ਪਿਛਲੇ ਦਿਨੀਂ ਇੱਕ ਬੰਦਰਗਾਹ ‘ਤੇ ਜ਼ੋਰਦਾਰ ਧਮਾਕਾ ਅਤੇ ਅੱਗ ਲੱਗ ਗਈ, ਜਿਸ ਕਾਰਨ ਘੱਟੋ-ਘੱਟ 700 ਲੋਕ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸਰਕਾਰੀ ਟੈਲੀਵਿਜ਼ਨ ਨੇ ਆਪਣੀ ਰਿਪੋਰਟ ਵਿੱਚ ਦਿੱਤੀ ਹੈ। ਇਹ ਬੰਦਰਗਾਹ ਇਸ ਇਸਲਾਮੀ ਗਣਰਾਜ ਲਈ ਕੰਟੇਨਰ ਸ਼ਿਪਮੈਂਟ ਦਾ ਪ੍ਰਮੁੱਖ ਟਿਕਾਣਾ ਹੈ, ਜੋ ਇੱਕ ਸਾਲ ਵਿੱਚ ਲਗਭਗ 8 ਕਰੋੜ ਟਨ (7.25 ਕਰੋੜ ਮੀਟ੍ਰਿਕ ਟਨ) ਮਾਲ ਨੂੰ ਸੰਭਾਲਦੀ ਹੈ।
ਸੋਸ਼ਲ ਮੀਡੀਆ ਵੀਡੀਓਜ਼ ਨੇ ਧਮਾਕੇ ਤੋਂ ਬਾਅਦ ਕਾਲੇ ਧੂੰਏਂ ਦੇ ਉੱਠਦੇ ਗ਼ੁਬਾਰ ਦਿਖਾਏ ਹਨ। ਕੁਝ ਹੋਰ ਵੀਡੀਓਜ਼ ਵਿੱਚ ਧਮਾਕੇ ਦੇ ਕੇਂਦਰ ਤੋਂ ਕਈ ਕਿਲੋਮੀਟਰ ਦੂਰ ਇਮਾਰਤਾਂ ਦੇ ਸ਼ੀਸ਼ੇ ਟੁੱਟਦੇ ਦਿਖਾਏ ਗਏ ਹਨ। ਅਧਿਕਾਰੀਆਂ ਨੇ ਘੰਟਿਆਂ ਬਾਅਦ ਵੀ ਧਮਾਕੇ ਦਾ ਕੋਈ ਕਾਰਨ ਨਹੀਂ ਦੱਸਿਆ, ਹਾਲਾਂਕਿ ਵੀਡੀਓਜ਼ ਤੋਂ ਜਾਪਦਾ ਹੈ ਕਿ ਬੰਦਰਗਾਹ ’ਤੇ ਜਿਸ ਵੀ ਚੀਜ਼ ਤੋਂ ਅੱਗ ਲੱਗੀ, ਉਹ ਬਹੁਤ ਜ਼ਿਆਦਾ ਜਲਣਸ਼ੀਲ ਸੀ।
ਇਰਾਨ ਵਿੱਚ ਸਨਅਤੀ ਹਾਦਸੇ ਹੁੰਦੇ ਰਹਿੰਦੇ ਹਨ, ਖਾਸ ਕਰਕੇ ਇਸਦੀਆਂ ਪੁਰਾਣੀਆਂ ਤੇਲ ਸਹੂਲਤਾਂ ’ਤੇ ਜੋ ਅੰਤਰਰਾਸ਼ਟਰੀ ਪਾਬੰਦੀਆਂ ਅਧੀਨ ਹਿੱਸਿਆਂ-ਪੁਰਜ਼ਿਆਂ ਤੱਕ ਪਹੁੰਚ ਲਈ ਜੂਝਦੀਆਂ ਹਨ। ਪਰ ਇਰਾਨੀ ਸਰਕਾਰੀ ਟੀਵੀ ਨੇ ਖਾਸ ਤੌਰ ’ਤੇ ਕਿਸੇ ਵੀ ਊਰਜਾ ਬੁਨਿਆਦੀ ਢਾਂਚੇ ਦੇ ਧਮਾਕੇ ਕਾਰਨ ਹੋਣ ਜਾਂ ਧਮਾਕੇ ਕਾਰਨ ਨੁਕਸਾਨੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ।