ਇਰਾਨ ਵਿੱਚ ਜਾਸੂਸੀ ਦੇ ਦੋਸ਼ਾਂ ’ਤੇ ਸਖ਼ਤ ਕਾਰਵਾਈ

In ਮੁੱਖ ਖ਼ਬਰਾਂ
August 19, 2025

ਇਰਾਨ ਨੇ ਜੂਨ 2025 ਵਿੱਚ ਇਜ਼ਰਾਇਲ ਅਤੇ ਅਮਰੀਕਾ ਨਾਲ ਹੋਏ 12 ਦਿਨਾਂ ਦੇ ਯੁੱਧ ਤੋਂ ਬਾਅਦ ਜਾਸੂਸੀ ਦੇ ਦੋਸ਼ਾਂ ’ਤੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਰਾਨੀ ਪੁਲਿਸ ਨੇ ਦੇਸ਼ ਭਰ ਵਿੱਚ ਵਿਸ਼ੇਸ਼ ਮੁਹਿੰਮ ਚਲਾ ਕੇ 21 ਹਜ਼ਾਰ ਲੋਕਾਂ ਨੂੰ ਜਾਸੂਸੀ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਹੈ। ਇਨ੍ਹਾਂ ਵਿੱਚ ਆਮ ਨਾਗਰਿਕਾਂ ਤੋਂ ਇਲਾਵਾ ਡਾਕਟਰ, ਇੰਜਨੀਅਰ, ਪੱਤਰਕਾਰ, ਮਨੁੱਖੀ ਅਧਿਕਾਰ ਕਾਰਕੁੰਨ ਅਤੇ ਪਰਮਾਣੂ ਵਿਗਿਆਨੀ ਵੀ ਸ਼ਾਮਲ ਹਨ। ਸਥਾਨਕ ਮੀਡੀਆ ਮੁਤਾਬਕ, ਇਰਾਨ ਨੇ ਜਾਸੂਸੀ ਦੇ ਦੋਸ਼ ਵਿੱਚ ਪਰਮਾਣੂ ਵਿਗਿਆਨੀ ਸਮੇਤ 7 ਲੋਕਾਂ ਨੂੰ ਫ਼ਾਂਸੀ ’ਤੇ ਲਟਕਾ ਦਿੱਤਾ ਸੀ। ਇਸ ਮੁਹਿੰਮ ਨੇ ਅਮਰੀਕਾ ਅਤੇ ਇਜ਼ਰਾਇਲ ਨਾਲ ਇਰਾਨ ਦੇ ਤਣਾਅ ਨੂੰ ਹੋਰ ਵਧਾ ਦਿੱਤਾ ਹੈ।
ਇਰਾਨ ਨੇ ਜਾਸੂਸੀ ਦੇ ਦੋਸ਼ਾਂ ਵਿੱਚ ਸਭ ਤੋਂ ਵੱਡੀ ਕਾਰਵਾਈ ਕਰਦਿਆਂ ਪਰਮਾਣੂ ਵਿਗਿਆਨੀ ਰੂਜ਼ਬੇਹ ਵਾਦੀ ਨੂੰ 6 ਅਗਸਤ 2025 ਨੂੰ ਫ਼ਾਂਸੀ ਦੇ ਦਿੱਤੀ ਸੀ। ਵਾਦੀ ’ਤੇ ਇਜ਼ਰਾਇਲ ਦੀ ਖੁਫ਼ੀਆ ਏਜੰਸੀ ਮੋਸਾਦ ਨੂੰ ਪਰਮਾਣੂ ਪ੍ਰੀਖਣਾਂ ਨਾਲ ਜੁੜੀਆਂ ਗੁਪਤ ਅਤੇ ਸੰਵੇਦਨਸ਼ੀਲ ਜਾਣਕਾਰੀਆਂ ਸਾਂਝੀਆਂ ਕਰਨ ਦਾ ਦੋਸ਼ ਸੀ। ਇਸ ਤੋਂ ਇਲਾਵਾ, 2020 ਵਿੱਚ ਇਰਾਨ ਦੇ ਪਰਮਾਣੂ ਵਿਗਿਆਨੀ ਮੋਹਸਿਨ ਫ਼ਖਰੀਜ਼ਾਦੇਹ ਦੀ ਹੱਤਿਆ ਵਿੱਚ ਮਦਦ ਦੇਣ ਵਾਲੇ ਕਈ ਹੋਰ ਦੋਸ਼ੀਆਂ ਨੂੰ ਵੀ ਫ਼ਾਂਸੀ ਦਿੱਤੀ ਗਈ ਸੀ। ਇਰਾਨ ਦੇ ਕਾਨੂੰਨ ਲਾਗੂ ਕਰਨ ਵਾਲੇ ਬੁਲਾਰੇ ਸਈਦ ਮੋਤ ਜੇਰੋਲ ਮਹਿਦੀ ਨੇ ਦੱਸਿਆ ਕਿ 13 ਜੂਨ 2025 ਨੂੰ ਇਜ਼ਰਾਇਲ ਨੇ ਹਵਾਈ ਹਮਲੇ ਕੀਤੇ ਸਨ, ਜਿਸ ਤੋਂ ਬਾਅਦ ਅਮਰੀਕਾ ਨੇ ਵੀ ਇਰਾਨ ’ਤੇ ਹਮਲਾ ਕੀਤਾ ਸੀ। ਇਨ੍ਹਾਂ ਹਮਲਿਆਂ ਲਈ ਜਾਣਕਾਰੀਆਂ ਸਾਂਝੀਆਂ ਕਰਨ ਵਾਲਿਆਂ ਨੂੰ ਪਕੜਨ ਲਈ ਇਰਾਨ ਨੇ ਵਾਧੂ ਚੌਕੀਆਂ ਸਥਾਪਤ ਕੀਤੀਆਂ ਸਨ ਅਤੇ ਸੁਰੱਖਿਆ ਬਲਾਂ ਨੇ ਦੇਸ਼ ਵਿੱਚ ਗੱਦਾਰਾਂ” ਦੀ ਪਛਾਣ ਲਈ ਵਿਸ਼ੇਸ਼ ਮੁਹਿੰਮ ਚਲਾਈ ਸੀ। ਇਰਾਨ ਦੀ ਸਾਈਬਰ ਅਪਰਾਧ ਸੈੱਲ ਨੇ ਵੀ ਯੁੱਧ ਦੌਰਾਨ 5,700 ਤੋਂ ਵੱਧ ਮਾਮਲਿਆਂ ਵਿੱਚ ਕਾਰਵਾਈ ਕੀਤੀ ਸੀ।
ਇਰਾਨੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਰਵਾਈ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਸੀ। ਪਰ ਮਨੁੱਖੀ ਅਧਿਕਾਰ ਸੰਗਠਨਾਂ, ਜਿਵੇਂ ਕਿ ਓਸਲੋ ਸਥਿਤ ਇਰਾਨ ਹਿਊਮਨ ਰਾਈਟਸ, ਨੇ ਇਸ ਦੀ ਸਖ਼ਤ ਨਿੰਦਾ ਕੀਤੀ ਹੈ। ਇਰਾਨ ਹਿਊਮਨ ਰਾਈਟਸ ਮੁਤਾਬਕ, ਕਈ ਮਾਮਲਿਆਂ ਵਿੱਚ ਜਲਦਬਾਜ਼ੀ ਵਿੱਚ ਮੁਕੱਦਮੇ ਚਲਾਏ ਗਏ ਅਤੇ ਦੋਸ਼ੀਆਂ ਨੂੰ ਵਕੀਲ ਦੀ ਸਹਾਇਤਾ ਵੀ ਨਹੀਂ ਦਿੱਤੀ ਗਈ। ਮਿਸਾਲ ਵਜੋਂ, ਸਿਆਸੀ ਕੈਦੀ ਇਸਮਾਈਲ ਫ਼ਕਰੀ ਨੂੰ ਸਿਰਫ਼ 10 ਮਿੰਟ ਦੀ ਸੁਣਵਾਈ ਤੋਂ ਬਾਅਦ ਫ਼ਾਂਸੀ ਦੇ ਦਿੱਤੀ ਗਈ ਸੀ।
ਇਜ਼ਰਾਇਲ-ਇਰਾਨ ਯੁੱਧ 2025: 12 ਦਿਨਾਂ ਦੀ ਜੰਗ ਦੀ ਕਹਾਣੀ
ਜੂਨ 2025 ਦੌਰਾਨ ਇਜ਼ਰਾਇਲ ਅਤੇ ਇਰਾਨ ਵਿਚਕਾਰ 12 ਦਿਨਾਂ ਦੀ ਜੰਗ ਨੇ ਵਿਸ਼ਵ ਭਰ ਵਿੱਚ ਹਲਚਲ ਮਚਾ ਦਿੱਤੀ ਸੀ। 13 ਜੂਨ 2025 ਨੂੰ ਇਜ਼ਰਾਇਲ ਨੇ “ਆਪਰੇਸ਼ਨ ਰਾਈਜ਼ਿੰਗ ਲਾਇਨ” ਦੇ ਤਹਿਤ ਇਰਾਨ ਦੇ ਪਰਮਾਣੂ ਅਤੇ ਫ਼ੌਜੀ ਟਿਕਾਣਿਆਂ ’ਤੇ ਤਾਬੜਤੋੜ ਹਮਲੇ ਸ਼ੁਰੂ ਕੀਤੇ ਸਨ। ਨਤਾਂਜ਼, ਇਸਫ਼ਹਾਨ ਵਰਗੇ ਅਹਿਮ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਨਾਲ ਇਰਾਨ ਦੇ ਕਈ ਸਿਖਰਲੇ ਫ਼ੌਜੀ ਅਫ਼ਸਰ ਅਤੇ ਵਿਗਿਆਨੀ ਮਾਰੇ ਗਏ ਸਨ। ਇਰਾਨ ਦੇ ਮਿਸਾਈਲ ਲਾਂਚਰ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਸੀ।
ਜਵਾਬ ਵਿੱਚ, ਇਰਾਨ ਨੇ ਇਜ਼ਰਾਇਲ ’ਤੇ ਦੋ ਪੜਾਵਾਂ ਵਿੱਚ ਲਗਭਗ 200 ਮਿਸਾਈਲਾਂ ਦਾਗੀਆਂ ਅਤੇ ਦਾਅਵਾ ਕੀਤਾ ਕਿ ਉਸ ਨੇ ਇਜ਼ਰਾਇਲ ਦੇ ਮਹੱਤਵਪੂਰਨ ਫ਼ੌਜੀ ਟਿਕਾਣਿਆਂ ਨੂੰ ਨੁਕਸਾਨ ਪਹੁੰਚਾਇਆ ਸੀ। ਇਜ਼ਰਾਇਲ ਦੇ ਸਮਰਥਨ ਵਿੱਚ ਅਮਰੀਕਾ ਵੀ ਜੰਗ ਵਿੱਚ ਸ਼ਾਮਲ ਹੋਇਆ ਸੀ ਅਤੇ ਇਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਹਮਲੇ ਕੀਤੇ ਸਨ। 12 ਦਿਨਾਂ ਦੀ ਇਸ ਜੰਗ ਦਾ ਅੰਤ 24 ਜੂਨ 2025 ਨੂੰ ਸੰਘਰਸ਼ ਰੁਕਿਆ ਸੀ। ਪਰ ਇਸ ਜੰਗ ਨੇ ਇਰਾਨ ਵਿੱਚ ਅੰਦਰੂਨੀ ਅਸਥਿਰਤਾ ਨੂੰ ਵਧਾ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਸਰਕਾਰ ਨੇ ਜਾਸੂਸੀ ਦੇ ਸ਼ੱਕ ਵਿੱਚ ਸਖ਼ਤ ਕਾਰਵਾਈ ਸ਼ੁਰੂ ਕੀਤੀ ਸੀ।
ਇਸ ਜੰਗ ਦੇ ਮੁੱਖ ਕਾਰਨਾਂ ਵਿੱਚ 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਇਰਾਨ ਅਤੇ ਇਜ਼ਰਾਇਲ ਵਿਚਕਾਰ ਚੱਲੀ ਆ ਰਹੀ ਇਤਿਹਾਸਕ ਦੁਸ਼ਮਣੀ ਸ਼ਾਮਲ ਹੈ। ਇਰਾਨ ਦਾ ਤੇਜ਼ੀ ਨਾਲ ਵਧਦਾ ਪਰਮਾਣੂ ਪ੍ਰੋਗਰਾਮ ਇਜ਼ਰਾਇਲ ਲਈ ਵੱਡਾ ਖਤਰਾ ਸੀ। ਇਸ ਤੋਂ ਇਲਾਵਾ, ਇਰਾਨ ਵੱਲੋਂ ਹਮਾਸ ਅਤੇ ਹਿਜ਼ਬੁੱਲਾ ਵਰਗੇ ਸੰਗਠਨਾਂ ਨੂੰ ਸਮਰਥਨ, ਸੀਰੀਆ ਅਤੇ ਲੇਬਨਾਨ ਵਿੱਚ ਅਸਿੱਧੇ ਟਕਰਾਅ ਅਤੇ ਇਜ਼ਰਾਇਲ ਦੀ ਸਿਆਸੀ-ਸੁਰੱਖਿਆ ਰਣਨੀਤੀ ਨੇ ਇਸ ਜੰਗ ਨੂੰ ਹੋਰ ਭੜਕਾਇਆ ਸੀ।
ਇਜ਼ਰਾਇਲ-ਇਰਾਨ ਜੰਗ ਤੋਂ ਬਾਅਦ ਇਰਾਨ ਵਿੱਚ ਅਫ਼ਗਾਨ ਸ਼ਰਨਾਰਥੀਆਂ ਖਿਲਾਫ਼ ਗੁੱਸਾ ਵਧ ਗਿਆ ਹੈ। ਵੱਡੀ ਗਿਣਤੀ ’ਚ ਅਫ਼ਗਾਨ ਨਾਗਰਿਕਾਂ ਨੂੰ ਜਾਸੂਸ ਕਰਾਰ ਦੇ ਕੇ ਦੇਸ਼ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਮੁਤਾਬਕ, ਪਿਛਲੇ ਦੋ ਮਹੀਨਿਆਂ ਵਿੱਚ 13 ਲੱਖ ਤੋਂ ਵੱਧ ਅਫ਼ਗਾਨ ਨਾਗਰਿਕਾਂ ਨੂੰ ਇਰਾਨ ਛੱਡਣਾ ਪਿਆ ਹੈ। ਅੰਦਾਜ਼ਾ ਹੈ ਕਿ ਸਾਲ ਦੇ ਅੰਤ ਤੱਕ ਇਹ ਅੰਕੜਾ 30 ਲੱਖ ਤੱਕ ਪਹੁੰਚ ਸਕਦਾ ਹੈ। ਇਸਲਾਮ ਕਲਾ ਸਰਹੱਦੀ ਚੌਕੀ ਤੋਂ ਹਰ ਰੋਜ਼ 30 ਤੋਂ 50 ਹਜ਼ਾਰ ਲੋਕ ਅਫ਼ਗਾਨਿਸਤਾਨ ਵਾਪਸ ਜਾ ਰਹੇ ਹਨ।
ਇਰਾਨੀ ਸਰਕਾਰ ਦਾ ਦਾਅਵਾ ਹੈ ਕਿ ਕਈ ਅਫ਼ਗਾਨ ਸ਼ਰਨਾਰਥੀਆਂ ਨੇ ਇਜ਼ਰਾਇਲ ਅਤੇ ਅਮਰੀਕਾ ਲਈ ਜਾਸੂਸੀ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਦੇਸ਼ ਛੱਡਣ ਦੇ ਹੁਕਮ ਦਿੱਤੇ ਗਏ ਹਨ। ਪਰ ਮਨੁੱਖੀ ਅਧਿਕਾਰ ਸੰਗਠਨਾਂ ਨੇ ਇਸ ਨੂੰ ਅਫ਼ਗਾਨ ਸ਼ਰਨਾਰਥੀਆਂ ’ਤੇ ਜ਼ੁਲਮ ਕਰਾਰ ਦਿੱਤਾ ਹੈ। ਇਰਾਨ ਹਿਊਮਨ ਰਾਈਟਸ ਦੇ ਨਿਰਦੇਸ਼ਕ ਮਹਿਮੂਦ ਅਮੀਰੀ-ਮੋਗਦਮ ਨੇ ਕਿਹਾ, “ਇਰਾਨ ਇਤਿਹਾਸ ਦੇ ਸਭ ਤੋਂ ਬੁਰੇ ਦੌਰ ’ਚੋਂ ਲੰਘ ਰਿਹਾ ਹੈ। ਸਰਕਾਰ ਆਪਣੇ ਹੀ ਲੋਕਾਂ ਨੂੰ ਸਭ ਤੋਂ ਵੱਡਾ ਖਤਰਾ ਮੰਨਦੀ ਹੈ ਅਤੇ ਫ਼ਾਂਸੀਆਂ ਦੀ ਗਿਣਤੀ ’ਚ 119% ਵਾਧਾ ਹੋਇਆ ਹੈ।”
ਇਰਾਨ ਦੀ ਸਖ਼ਤੀ: ਮਨੁੱਖੀ ਅਧਿਕਾਰਾਂ ’ਤੇ ਸਵਾਲ
ਇਰਾਨ ਦੀ ਇਸ ਮੁਹਿੰਮ ਨੇ ਮਨੁੱਖੀ ਅਧਿਕਾਰਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਜਾਸੂਸੀ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਲੋਕਾਂ ਨੂੰ ਨਿਰਪੱਖ ਸੁਣਵਾਈ ਦਾ ਮੌਕਾ ਨਹੀਂ ਦਿੱਤਾ ਗਿਆ। ਕਈ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਜ਼ਬਰਦਸਤੀ ਅਪਰਾਧ ਕਬੂਲ ਕਰਵਾਏ ਗਏ। ਮਿਸਾਲ ਵਜੋਂ, ਮੁਹੰਮਦ ਅਮੀਨ ਮਹਿਦਵੀ ਸ਼ਾਇਸਤੇਹ ਨੂੰ ਤਸੀਹੇ ਦੇ ਕੇ ਅਪਰਾਧ ਕਬੂਲਣ ਲਈ ਮਜਬੂਰ ਕੀਤਾ ਗਿਆ ਅਤੇ ਫ਼ਿਰ ਫ਼ਾਂਸੀ ਦਿੱਤੀ ਗਈ।
ਇਸ ਤੋਂ ਇਲਾਵਾ, ਇਰਾਨ ਨੇ ਜਾਸੂਸੀ ਤੋਂ ਇਲਾਵਾ ਨਸ਼ੀਲੇ ਪਦਾਰਥਾਂ ਨਾਲ ਜੁੜੇ ਮਾਮਲਿਆਂ ਵਿੱਚ ਵੀ ਫ਼ਾਂਸੀਆਂ ਦਿੱਤੀਆਂ। ਜੂਨ ਵਿੱਚ 98 ਲੋਕਾਂ ਨੂੰ ਫ਼ਾਂਸੀ ਦਿੱਤੀ ਗਈ ਸੀ, ਜਿਨ੍ਹਾਂ ਵਿਚੋਂ ਅੱਧੇ ’ਤੇ ਨਸ਼ੀਲੇ ਪਦਾਰਥਾਂ ਦੇ ਦੋਸ਼ ਸਨ। ਇਸ ਦੇ ਨਾਲ ਹੀ, ਕੁਰਦ, ਅਫ਼ਗਾਨ, ਬਲੋਚ ਅਤੇ ਅਰਬ ਘੱਟਗਿਣਤੀਆਂ ਸਮੇਤ ਇੱਕ ਔਰਤ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਗਈ ਸੀ।
ਇਰਾਨ ਦੀ ਸਰਕਾਰ ਨੇ ਸਪੱਸ਼ਟ ਕੀਤਾ ਕਿ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਹਾਲ ਵਿੱਚ ਮੁਆਫ਼ ਨਹੀਂ ਕੀਤਾ ਜਾਵੇਗਾ। ਪਰ ਅੰਤਰਰਾਸ਼ਟਰੀ ਮੰਚ ’ਤੇ ਇਰਾਨ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸਿਆ ਜਾ ਰਿਹਾ ਹੈ। ਅਮਰੀਕਾ ਅਤੇ ਇਜ਼ਰਾਇਲ ਨੇ ਵੀ ਇਰਾਨ ਦੀਆਂ ਇਨ੍ਹਾਂ ਕਾਰਵਾਈਆਂ ’ਤੇ ਚਿੰਤਾ ਜ਼ਾਹਰ ਕੀਤੀ ਹੈ, ਜਦਕਿ ਇਰਾਨ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ ਹੈ।

Loading