ਇਹ ਸਿਆਸੀ ਫ਼ੈਸਲਾ ਹੈ, ਧਾਰਮਿਕ ਨਹੀਂ : ਦਾਦੂਵਾਲ

In ਮੁੱਖ ਖ਼ਬਰਾਂ
February 11, 2025
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਦੋਂ ਤੱਕ ਜਥੇਦਾਰਾਂ ਨੂੰ ਲਗਾਉਣ ਦਾ ਕੋਈ ਵਿਧੀ ਵਿਧਾਨ ਨਹੀਂ ਬਣਦਾ, ਉਦੋਂ ਤੱਕ ਅਜਿਹੇ ਫ਼ੈਸਲੇ ਹੀ ਹੁੰਦੇ ਰਹਿਣਗੇ। ਦਾਦੂਵਾਲ ਨੇ ਇਹ ਵੀ ਕਿਹਾ ਕਿ ਜਦ ਤੱਕ ਨਿਰਖੱਪ ਤੌਰ ’ਤੇ ਸਰਬੱਤ ਖ਼ਾਲਸਾ ਬੁਲਾ ਕੇ ਜਥੇਦਾਰ ਨਹੀਂ ਥਾਪਿਆ ਜਾਂਦਾ, ਉਦੋਂ ਤੱਕ ਅਕਾਲੀ ਦਲ ਆਪ ਹੁਦਰੀ ਕਰਦਾ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇੱਕ ਸਿਆਸੀ ਧਿਰ ਦੁਆਰਾ ਇਸੇ ਤਰ੍ਹਾਂ ਹੀ ਐਸ.ਜੀ.ਪੀ.ਸੀ. ’ਤੇ ਕਬਜ਼ਾ ਬਰਕਰਾਰ ਰੱਖਿਆ ਜਾਵੇਗਾ ਤਾਂ ਅਜਿਹੇ ਹੀ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਦਾਦੂਵਾਲ ਨੇ ਕਿਹਾ ਕਿ ਇਹ ਸਿਆਸੀ ਫ਼ੈਸਲਾ ਹੈ, ਧਾਰਮਿਕ ਫ਼ੈਸਲਾ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਤੋਂ ਬਾਦਲ ਪਰਿਵਾਰ ਦੇ ਪ੍ਰਬੰਧ ਵਿੱਚ ਇਹ ਤਖ਼ਤ ਸਾਹਿਬ ਆਏ ਹਨ, ਉਦੋਂ ਤੋਂ ਅਜਿਹੇ ਹੀ ਫ਼ੈਸਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਰਘਬੀਰ ਸਿੰਘ ਹੁਰਾਂ ਨੇ ਕੁਝ ਸਮਾਂ ਪਹਿਲਾਂ ਤਾਂ ਇਹ ਵੀ ਕਿਹਾ ਸੀ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਐਸ.ਜੀ.ਪੀ.ਸੀ. ਨੇ ਕਾਰਵਾਈ ਕੀਤੀ ਤਾਂ ਉਹ ਵੀ ਅਸਤੀਫ਼ਾ ਦੇ ਦੇਣਗੇ। ਹੁਣ ਤਾਂ ਜਥੇਦਾਰ ਰਘਬੀਰ ਸਿੰਘ ਦੇ ਬਚਨਾ ਦੀ ਹੀ ਉਡੀਕ ਰਹੇਗੀ ਕਿ ਉਹ ਕੀ ਫ਼ੈਸਲਾ ਲੈਂਦੇ ਨੇ?

Loading