ਮੁੰਬਈ/ਏ.ਟੀ.ਨਿਊਜ਼: ਇੱਥੋਂ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ ਵਿੱਚ ਖੇਡ ਜਗਤ ਦੇ ਦੋ ਮਹਾਨ ਖਿਡਾਰੀਆਂ ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਅਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਸਾਂਝੇ ਮੰਚ ’ਤੇ ਆ ਕੇ ਇਤਿਹਾਸ ਸਿਰਜ ਦਿੱਤਾ। ਮੈਸੀ ਆਪਣੇ ‘ਗੋਟ ਇੰਡੀਆ ਟੂਰ’ ਤਹਿਤ ਇੱਥੇ ਪੁੱਜਿਆ ਸੀ। ਇਸ ਮੌਕੇ ਸਟੇਡੀਅਮ ‘ਮੈਸੀ-ਮੈਸੀ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਸਚਿਨ ਨੇ ਇਸ ਨੂੰ ਮੁੰਬਈ ਅਤੇ ਭਾਰਤ ਲਈ ‘ਸੁਨਹਿਰੀ ਪਲ’ ਕਰਾਰ ਦਿੱਤਾ। ਉਸ ਨੇ ਕਿਹਾ ਕਿ 2011 ਦੇ ਕ੍ਰਿਕਟ ਵਿਸ਼ਵ ਕੱਪ ਦੀ ਜਿੱਤ ਤੋਂ ਬਾਅਦ ਅਜਿਹਾ ਮਾਹੌਲ ਦੇਖਣ ਨੂੰ ਮਿਲਿਆ ਹੈ। ਉਸ ਨੇ ਮੈਸੀ ਦੀ ਨਿਮਰਤਾ ਅਤੇ ਸਮਰਪਣ ਦੀ ਰੱਜ ਕੇ ਤਾਰੀਫ਼ ਕੀਤੀ।
ਇਸ ਯਾਦਗਾਰੀ ਮੌਕੇ ਸਚਿਨ ਨੇ ਮੈਸੀ ਨੂੰ ਆਪਣੀ ਦਸਤਖ਼ਤ ਕੀਤੀ ਹੋਈ 10 ਨੰਬਰ ਵਾਲੀ ਭਾਰਤੀ ਜਰਸੀ ਭੇਟ ਕੀਤੀ, ਮੈਸੀ ਨੇ ਸਚਿਨ ਨੂੰ ਫੁਟਬਾਲ ਤੋਹਫ਼ੇ ਵਜੋਂ ਦਿੱਤਾ। ਮੈਸੀ ਨਾਲ ਉਸ ਦੇ ਸਾਥੀ ਲੁਈ ਸੁਆਰੇਜ਼ ਅਤੇ ਰੋਡਰੀਗੋ ਡੀ ਪੌਲ ਵੀ ਮੌਜੂਦ ਸਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਨੇ ਇਸ ਮੌਕੇ ਸੂਬੇ ਵਿੱਚ ਨੌਜਵਾਨ ਫੁੱਟਬਾਲ ਖਿਡਾਰੀਆਂ ਨੂੰ ਤਿਆਰ ਕਰਨ ਲਈ ‘ਪ੍ਰਾਜੈਕਟ ਮਹਾ-ਦੇਵਾ’ ਦੀ ਸ਼ੁਰੂਆਤ ਕੀਤੀ। ਸਮਾਗਮ ਦੌਰਾਨ ਭਾਰਤੀ ਫੁੱਟਬਾਲ ਆਈਕਨ ਸੁਨੀਲ ਛੇਤਰੀ ਵੀ ਮੌਜੂਦ ਸੀ, ਜਿਸ ਨੂੰ ਮੈਸੀ ਨੇ ਅਰਜਨਟੀਨਾ ਦੀ ਜਰਸੀ ਭੇਟ ਕੀਤੀ। ਇਸ ਦੌਰਾਨ ਪ੍ਰਦਰਸ਼ਨੀ ਮੈਚ ਵੀ ਖੇਡਿਆ ਗਿਆ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਭਾਵੇਂ ਕੋਲਕਾਤਾ ਵਿੱਚ ਹੰਗਾਮਾ ਹੋਇਆ ਸੀ ਪਰ ਹੈਦਰਾਬਾਦ ਅਤੇ ਮੁੰਬਈ ਦੇ ਸਮਾਗਮ ਪੂਰੀ ਤਰ੍ਹਾਂ ਸ਼ਾਂਤਮਈ ਰਹੇ। ਮੈਸੀ ਅਤੇ ਉਸ ਦੇ ਸਾਥੀਆਂ ਨੇ ਦਰਸ਼ਕਾਂ ਦਾ ਪਿਆਰ ਕਬੂਲਿਆ ਅਤੇ ਸਟੇਡੀਅਮ ਦਾ ਚੱਕਰ ਲਾਇਆ। ਵਾਨਖੇੜੇ ਆਉਣ ਤੋਂ ਪਹਿਲਾਂ ਮੈਸੀ ਨੇ ਕ੍ਰਿਕਟ ਕਲੱਬ ਆਫ ਇੰਡੀਆ (ਸੀ ਸੀ ਆਈ) ਦਾ ਦੌਰਾ ਵੀ ਕੀਤਾ।
![]()
