ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਕੰਸਾਸ ਵਿੱਚ ਇੱਕ ਕਾਊਂਟੀ ਨੇ 2023 ਵਿੱਚ ਇੱਕ ਛੋਟੇ ਕਸਬੇ ਵਿੱਚੋਂ ਨਿਕਲਦੇ ਅਖ਼ਬਾਰ ’ਤੇ ਮਾਰੇ ਛਾਪੇ ਲਈ ਮੁਆਫ਼ੀ ਮੰਗੀ ਹੈ ਤੇ 30 ਲੱਖ ਡਾਲਰ ਤੋਂ ਵਧ ਦੇਣ ਲਈ ਸਹਿਮਤ ਹੋਇਆ ਹੈ। ਅਗਸਤ 2023 ਵਿੱਚ ਮੈਰੀਆਨ ਕਾਊਂਟੀ ਰਿਕਾਰਡ ਅਖ਼ਬਾਰ ਅਤੇ ਇਸ ਦੇ ਪ੍ਰਕਾਸ਼ਕ ਦੇ ਘਰ ’ਤੇ ਮਾਰੇ ਛਾਪੇ ਦੌਰਾਨ ਹੋਰ ਸਮਾਨ ਤੋਂ ਇਲਾਵਾ ਰਿਪੋਰਟਰਾਂ ਦੇ ਸੈੱਲ ਫ਼ੋਨ ਤੇ ਕੰਪਿਊਟਰ ਜ਼ਬਤ ਕਰ ਲਿਆ ਗਿਆ ਸੀ। ਇਸ ਛਾਪੇ ਤੋਂ ਬਾਅਦ ਅਖ਼ਬਾਰੀ ਸੰਗਠਨਾਂ ਤੇ ਪ੍ਰੈਸ ਦੀ ਆਜ਼ਾਦੀ ਦੇ ਸਮਰਥਕਾਂ ਨੇ ਵੱਡੀ ਪੱਧਰ ’ਤੇ ਸਰਕਾਰ ਦੀ ਨਿੰਦਾ ਕੀਤੀ ਸੀ। ਉਸ ਸਮੇਂ ਮੈਰੀਆਨ ਪੁਲਿਸ ਵਿਭਾਗ ਦੇ ਮੁਖੀ ਗਿਡਆਨ ਕੋਡੀ ਨੇ ਕਿਹਾ ਸੀ ਕਿ ਛਾਪਾ ਇਸ ਵਿਸ਼ਵਾਸ ਦੇ ਆਧਾਰ ’ਤੇ ਮਾਰਿਆ ਗਿਆ ਸੀ ਕਿ ਇੱਕ ਰਿਪੋਰਟਰ ਨੇ ਇੱਕ ਰਿਪੋਰਟ ਛਾਪਣ ਤੋਂ ਪਹਿਲਾਂ ਇੱਕ ਰੈਸਟੋਰੈਂਟ ਮਾਲਕ ਦਾ ਡਰਾਈਵਿੰਗ ਰਿਕਾਰਡ ਗੈਰ ਕਾਨੂੰਨੀ ਢੰਗ ਨਾਲ ਪ੍ਰਾਪਤ ਕੀਤਾ ਸੀ।
ਬਾਅਦ ਵਿੱਚ ਪੁਲਿਸ ਮੁਖੀ ਨੇ ਅਸਤੀਫ਼ਾ ਦੇ ਦਿੱਤਾ ਸੀ ਤੇ ਉਸ ਵਿਰੁੱਧ ਨਿਆਇਕ ਪ੍ਰਕ੍ਰਿਆ ਵਿੱਚ ਦਖਲ ਅੰਦਾਜੀ ਕਰਨ ਦੇ ਦੋਸ਼ ਆਇਦ ਕੀਤੇ ਗਏ ਸਨ। ਅਖ਼ਬਾਰ ਦੇ ਸੰਪਾਦਕ ਤੇ ਪ੍ਰਕਾਸ਼ਕ ਏਰਿਕ ਮੇਯਰ ਨੇ ਕਿਹਾ ਹੈ ਕਿ ਮੁਆਵਜ਼ੇ ਨਾਲੋਂ ਜਿਆਦਾ ਮਹੱਤਵਪੂਰਨ ਸਮਝੌਤੇ ਵਿੱਚ ਮੁਆਫ਼ੀਨਾਮਾ ਸ਼ਾਮਿਲ ਕਰਨਾ ਹੈ।
![]()
