ਗੁਰਪ੍ਰੀਤ
ਜੰਗਾਂ ਦਾ ਨਾਂ ਹੀ ਮਾੜਾ ਹੈ। ਜੰਗਾਂ ਲੱਗਦੀਆਂ ਨੇ ਤੇ ਕਈ ਘਰ ਉੱਜੜ ਜਾਂਦੇ ਨੇ। ਕਿਤੇ-ਕਿਤੇ ਤਾਂ ਪੀੜ੍ਹੀਆਂ ਦਰ ਪੀੜ੍ਹੀਆਂ ਖ਼ਤਮ ਹੋ ਜਾਂਦੀਆਂ ਹਨ। ਭਾਰਤ-ਪਾਕਿਸਤਾਨ ਵਿਚਾਲੇ ਕਈ ਜੰਗਾਂ ਲੱਗੀਆਂ, ਨਿਕਲਿਆ ਕੁਝ ਨਹੀਂ; ਇੱਕ-ਦੂਜੇ ਨੂੰ ਕੋਸਦੇ ਹੀ ਰਹੇ। ਕੁਝ-ਕੁਝ ਸਮੇਂ ਬਾਅਦ ਅੱਗ ਲੱਗਦੀ ਰਹਿੰਦੀ ਹੈ, ਲੋਕ ਮਰਦੇ ਰਹਿੰਦੇ ਨੇ, ਪਰ ਪੁੱਛਦਾ-ਦੱਸਦਾ ਕੋਈ ਨਹੀਂ। ਕਸ਼ਮੀਰ ਵਿੱਚ ਜਦੋਂ ਕੋਈ ਹਮਲਾ ਹੁੰਦਾ ਹੈ ਤਾਂ ਉਸ ਦਾ ਅਸਰ ਸਾਰੇ ਮੁਲਕ ’ਤੇ ਪੈਂਦਾ ਹੈ। ਭਾਰਤ-ਪਾਕਿਸਤਾਨ ਵਿਚਾਲੇ 2025 ਵਿੱਚ ਵੀ ਛੋਟੀ ਜੰਗ ਲੱਗੀ; ਭਾਵੇਂ ਕਿ ਉਸ ਵਿੱਚ ਨੁਕਸਾਨ ਕੋਈ ਬਹੁਤਾ ਨਹੀਂ ਹੋਇਆ, ਪਰ ਦੋਵਾਂ ਵਿਚਾਲੇ ਲੱਗੀ ਜੰਗ ਨੇ ਇੱਕ ਵਾਰ ਲੋਕਾਂ ਦੇ ਸਾਹ ਜ਼ਰੂਰ ਸੁਕਾ ਦਿੱਤੇ ਸਨ।
ਕਦੇ ਕਿਸੇ ਨੇ ਸੋਚਿਆ ਹੈ ਕਿ ਇਨ੍ਹਾਂ ਜੰਗਾਂ ਦਾ ਕਿੰਨਾ ਨੁਕਸਾਨ ਹੁੰਦਾ ਹੈ? ਯੂਕ੍ਰੇਨ ਉੱਤੇ ਰੂਸ ਦੇ ਹਮਲੇ ਲਗਾਤਾਰ ਜਾਰੀ ਹਨ। ਯੂਕ੍ਰੇਨ ਵੀ ਕਦੇ-ਕਦਾਈਂ ਰੂਸ ਉੱਤੇ ਹਮਲਾ ਕਰਦਾ ਰਹਿੰਦਾ ਹੈ। ਇਜ਼ਰਾਇਲ-ਫਲਸਤੀਨ ਦੇ ਵਿਚਾਲੇ ਕਰੀਬ ਢਾਈ-ਤਿੰਨ ਸਾਲਾਂ ਤੋਂ ਜੰਗ ਲਗਾਤਾਰ ਜਾਰੀ ਹੈ। ਕੋਈ ਹਵਾ ਫਲਸਤੀਨ ਨੂੰ ਦੇ ਰਿਹਾ ਹੈ ਤੇ ਕੋਈ ਇਜ਼ਰਾਇਲ ਨੂੰ। ਇਜ਼ਰਾਇਲ ਦਾ ਪ੍ਰਧਾਨ ਮੰਤਰੀ ਸਮੇਂ-ਸਮੇਂ ’ਤੇ ਵੱਖੋ-ਵੱਖ ਐਲਾਨ ਕਰ ਚੁੱਕਿਆ ਹੈ ਅਤੇ ਉਹਦਾ ਇੱਕੋ-ਇੱਕ ਟੀਚਾ ਹੈ ਕਿ ਗਾਜ਼ਾ ਨੂੰ ਖ਼ਤਮ ਕਰ ਦੇਣਾ, ਨਕਸ਼ੇ ਤੋਂ ਮਿਟਾ ਦੇਣਾ, ਭੂਮੀ ਖ਼ਤਮ ਕਰ ਦੇਣੀ ਹੈ। ਮਤਲਬ ਸਾਫ਼ ਹੈ ਕਿ ਨਸਲਕੁਸ਼ੀ ਕਰਨੀ ਹੈ ਜੋ ਕਿ ਹੋ ਵੀ ਰਹੀ ਹੈ। ਗਾਜ਼ਾ ਉੱਪਰ ਲਗਾਤਾਰ ਹੋ ਰਹੀ ਬੰਬਾਰੀ ਭਾਵੇਂ ਸਾਨੂੰ ਇੱਥੇ ਭਾਰਤ ’ਚ ਬੈਠੇ ਲੋਕਾਂ ਨੂੰ ਨਹੀਂ ਦਿਸਦੀ, ਪਰ ਵੀਡੀਓ ਅਤੇ ਫੋਟੋਆਂ ਰਾਹੀਂ ਜੋ ਕੁਝ ਅਸੀਂ ਵੇਖਦੇ ਹਾਂ, ਉਸ ਨੂੰ ਦੇਖ ਕੇ ਮਨ ਬੇਹੱਦ ਦੁਖੀ ਹੁੰਦਾ ਹੈ। ਹਜ਼ਾਰਾਂ ਲੋਕ ਇਸ ਜੰਗ ਵਿੱਚ ਮਰ ਚੁੱਕੇ ਹਨ, ਬੱਚੇ ਸਭ ਤੋਂ ਵੱਧ ਸ਼ਿਕਾਰ ਹੋਏ ਹਨ।
ਫਲਸਤੀਨ ਉੱਤੇ ਹਮਲਿਆਂ ਦੀਆਂ ਖ਼ਬਰਾਂ ਦੇ ਵਿਚਾਲੇ ਹੀ ਇਸੇ ਸਾਲ ਮਾਰਚ ਦੇ ਮਹੀਨੇ ਵਿੱਚ ਇਰਾਨ ਉੱਪਰ ਇਜ਼ਰਾਇਲ ਨੇ ਅਮਰੀਕੀ ਸ਼ਹਿ ਪ੍ਰਾਪਤ ਕਰਦਿਆਂ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਮੇਨੇਈ ਦੀ ਪਰਿਵਾਰ ਸਮੇਤ ਕਈ ਜੀਆਂ ਦੀ ਮੌਤ ਹੋ ਗਈ। ਦੋਵਾਂ ਪਾਸਿਓਂ ਬੰਬਾਰੀ ਹੋ ਰਹੀ ਹੈ, ਲੋਕ ਮਰ ਰਹੇ ਹਨ; ਹਸਪਤਾਲ, ਸਕੂਲ, ਕਾਲਜ, ਸੜਕਾਂ, ਜ਼ਮੀਨ-ਜਾਇਦਾਦ ਸਭ ਤਬਾਹ ਹੋ ਰਹੀ ਹੈ, ਪਰ ਇਸ ਵੱਲ ਕੋਈ ਨਹੀਂ ਵੇਖ ਰਿਹਾ। ਸੀਜ਼ਫਾਇਰ ਦੀਆਂ ਗੱਲਾਂ ਸਿਰਫ਼ ਹਵਾਈ ਹੋ ਰਹੀਆਂ ਹਨ ਅਤੇ ਇੰਝ ਲੱਗਦਾ ਹੈ ਕਿ ਸੀਜ਼ਫਾਇਰ ਹੋਣੀ ਨਹੀਂ। ਜਦੋਂ ਵੀ ਕਿਸੇ ਮੁਲਕ ਵਿੱਚ ਜੰਗ ਲੱਗਦੀ ਹੈ ਤਾਂ ਜੇਕਰ ਉਸ ਦਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੈ, ਤਾਂ ਉਹ ਹੁੰਦਾ ਹੈ ਵਾਤਾਵਰਣ ਦਾ, ਜਿਸ ਬਾਰੇ ਕੋਈ ਸੋਚਦਾ ਹੀ ਨਹੀਂ। ਨਾ ਕੋਈ ਸਰਕਾਰ ਸੋਚਦੀ ਹੈ, ਨਾ ਕੋਈ ਹੋਰ ਧਿਰ ਜਾਂ ਜਥੇਬੰਦੀ ਸੋਚਦੀ ਹੈ। ਸਭ ਨੂੰ ਇੱਕੋ-ਇੱਕ ਅੱਗ ਲੱਗੀ ਹੁੰਦੀ ਹੈ ਕਿ ਅਸੀਂ ਫਲਾਣੇ ਮੁਲਕ ਨੂੰ ਤਬਾਹ ਕਰ ਦੇਣਾ ਹੈ।
ਇਰਾਨ ਅਤੇ ਇਜ਼ਰਾਇਲ ਵਿਚਕਾਰ ਚੱਲ ਰਹੀ ਜੰਗ ਵਿੱਚ ਹਜ਼ਾਰਾਂ ਹਮਲੇ ਹੋਏ ਹਨ। ਦੂਜੇ ਪਾਸੇ ਵੇਖਿਆ ਜਾਵੇ ਤਾਂ ਇਰਾਨ ਅਤੇ ਇਜ਼ਰਾਈਲ-ਅਮਰੀਕਾ ਵਿਚਾਲੇ ਜਾਰੀ ਖ਼ੂਨੀ ਸੰਘਰਸ਼, ਹੁਣ ਤੱਕ ਦੀ ਸਭ ਤੋਂ ਮਹਿੰਗੀ ਜੰਗ ਦਾ ਰੂਪ ਲੈ ਚੁੱਕਾ ਹੈ। ਸ਼ੁਰੂਆਤੀ ਚਾਰ ਦਿਨਾਂ ਵਿੱਚ ਹਥਿਆਰਾਂ ’ਤੇ ਹੋਏ 28,000 ਕਰੋੜ ਰੁਪਏ ਦੇ ਖ਼ਰਚੇ ਵਿੱਚੋਂ ਅੱਧੇ ਤੋਂ ਵੱਧ ਪੈਸਾ ਸਿਰਫ਼ ਇਰਾਨੀ ਹਮਲਿਆਂ ਨੂੰ ਰੋਕਣ ’ਤੇ ਖ਼ਰਚ ਹੋਇਆ ਹੈ। ਅਮਰੀਕਾ ਨੇ ਪਹਿਲੇ 72 ਘੰਟਿਆਂ ਵਿੱਚ 400 ਤੋਂ ਵੱਧ ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ਵਿੱਚੋਂ ਇੱਕ ਦੀ ਕੀਮਤ 11 ਕਰੋੜ ਰੁਪਏ ਹੈ। ਵੈਸੇ, ਇਸ ਲੜਾਈ ਦੌਰਾਨ ਅਮਰੀਕਾ ਨੂੰ ਆਪਣੇ ਆਧੁਨਿਕ ਹਥਿਆਰਾਂ ਦਾ ਵੀ ਭਾਰੀ ਨੁਕਸਾਨ ਝੱਲਣਾ ਪਿਆ ਹੈ। ਰੱਖਿਆ ਮਾਹਿਰਾਂ ਅਨੁਸਾਰ, ਜੇਕਰ ਇਹ ਜੰਗ ਲੰਮੀ ਚੱਲਦੀ ਹੈ ਤਾਂ ਇਸ ਦਾ ਅਸਰ ਆਮ ਲੋਕਾਂ ਦੇ ਨਾਲ-ਨਾਲ ਦੁਨੀਆ ਭਰ ਦੇ ਵਾਤਾਵਰਨ ਅਤੇ ਵਿਸ਼ਵ ਆਰਥਿਕਤਾ ’ਤੇ ਬਹੁਤ ਗੰਭੀਰ ਪਵੇਗਾ।
ਬੰਬ ਬਣਾਉਣ ਵਾਲੀਆਂ ਕੰਪਨੀਆਂ ਹਮੇਸ਼ਾਂ ਚਾਹੁੰਦੀਆਂ ਹਨ ਕਿ ਜੰਗਾਂ ਲੱਗਦੀਆਂ ਰਹਿਣ; ਜੰਗਾਂ ਲੱਗਣਗੀਆਂ ਤਾਂ ਉਨ੍ਹਾਂ ਦਾ ਕਾਰੋਬਾਰ ਵਧੇ ਫੁੱਲੇਗਾ, ਪਰ ਕਦੀ ਕਿਸੇ ਨੇ ਸੋਚਿਆ ਕਿ ਬੰਬ, ਮਿਜ਼ਾਈਲਾਂ, ਪਰਮਾਣੂ ਅਤੇ ਹੋਰ ਖ਼ਤਰਨਾਕ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਦੀ ਕਮਾਈ ਦਿਨ-ਪ੍ਰਤੀ-ਦਿਨ ਵਧਦੀ ਕਿਉਂ ਜਾ ਰਹੀ ਹੈ? ਕਿਸੇ ਵੀ ਮੁਲਕ ਵਿੱਚ ਜਦੋਂ ਵੀ ਕੋਈ ਜੰਗ ਲੱਗਦੀ ਹੈ ਤਾਂ ਇੱਕ ਸਥਾਨਕ ਪੱਧਰ ਤੋਂ ਖ਼ਬਰ ਲੱਗਦੀ ਹੈ; ਛੋਟਾ ਜਿਹਾ ਮਸਲਾ ਵੱਡਾ ਬਣਾ ਦਿੱਤਾ ਜਾਂਦਾ ਹੈ। ਪਹਿਲਾਂ ਉਕਤ ਮੁੱਦੇ ਨੂੰ ਸੋਸ਼ਲ ਮੀਡੀਆ ’ਤੇ ਭੰਡਿਆ ਜਾਂਦਾ ਹੈ, ਫਿਰ ਜਾ ਕੇ ਕਿਤੇ ਉਹ ਜੰਗ ‘ਤੀਲ੍ਹੀ’ ਫੜ ਲੈਂਦੀ ਹੈ। ਵੈਸੇ ਤਾਂ ਜੰਗਾਂ ਦਾ ਨਾਂ ਹੀ ਮਾੜਾ ਹੈ। ਜੰਗਾਂ ਲੱਗਦੀਆਂ ਨੇ, ਬੰਦ ਹੋ ਜਾਂਦੀਆਂ ਨੇ, ਪਰ ਪਿੱਛੇ ਛੱਡ ਜਾਂਦੀਆਂ ਨੇ ਬਹੁਤ ਸਾਰੇ ਦੁੱਖ।
ਕੀ ਕਦੇ ਕਿਸੇ ਨੇ ਸੋਚਿਆ ਹੈ ਕਿ ਜੇਕਰ ਜੰਗਾਂ ਨਾ ਵੀ ਲੱਗਣਗੀਆਂ ਤਾਂ ਕੀ ਫ਼ਰਕ ਪੈ ਜਾਏਗਾ? ਕਈ ਮੁਲਕਾਂ ਜਿਵੇਂ ਕਿ ਅਮਰੀਕਾ, ਰੂਸ, ਇਜ਼ਰਾਈਲ, ਚੀਨ, ਫਰਾਂਸ ਦੀ ਤਾਂ ਅਰਥ ਵਿਵਸਥਾ ਹੀ ਹਥਿਆਰ ਬਣਾਉਣ ਨਾਲ ਚੱਲਦੀ ਹੈ। ਇਹ ਸਾਰੇ ਉਹ ਮੁਲਕ ਹਨ ਜਿਹੜੇ ਮਾਰੂ ਹਥਿਆਰ ਬਣਾਉਂਦੇ ਹਨ, ਪਰਮਾਣੂ ਹਥਿਆਰ ਅਤੇ ਹੋਰ ਕੁਝ ਬਣਾਉਂਦੇ ਹਨ, ਜਿਸ ਦਾ ਨੁਕਸਾਨ ਆਮ ਆਵਾਮ ਨੂੰ ਹੁੰਦਾ ਹੈ। ਇਸ ਬਾਰੇ ਕੋਈ ਨਹੀਂ ਸੋਚਦਾ ਕਿ ਕੋਈ ਮਰਦਾ ਹੈ ਜਾਂ ਕੋਈ ਜਿਉਂਦਾ ਹੈ, ਬਸ ਸਭ ਨੂੰ ਆਪਣੀ ‘ਜੇਬ੍ਹ’ ਨਾਲ ਮਤਲਬ ਹੁੰਦਾ ਹੈ।
ਇਜ਼ਰਾਇਲ-ਇਰਾਨ ਦੁਆਰਾ ਇੱਕ-ਦੂਜੇ ਉੱਪਰ ਕੀਤੇ ਜਾ ਰਹੇ ਲਗਾਤਾਰ ਹਮਲੇ ਸਾਡੀਆਂ ਅੱਖਾਂ ਵਿੱਚ ਹੰਝੂ ਭਰ ਰਹੇ ਹਨ। ਰਾਜਨੀਤਕ ਧਿਰਾਂ ਦੁਆਰਾ ਸ਼ੁਰੂ ਕੀਤੀਆਂ ਗਈਆਂ ਜੰਗਾਂ ਨੂੰ ਬਹੁਤ ਸਾਰੇ ਲੋਕ ਬੇਸ਼ੱਕ ਜਿੱਤ ਜਾਂ ਫਿਰ ਹਾਰ ਦੇ ਨਜ਼ਰੀਏ ਦੇ ਨਾਲ ਦੇਖ ਰਹੇ ਹੋਣਗੇ, ਪਰ ਜੇ ਅਸੀਂ ਕੁਦਰਤ ਦੇ ਨਜ਼ਰੀਏ ਤੋਂ ਤੱਕੀਏ ਤਾਂ ਪਤਾ ਲੱਗਦਾ ਹੈ ਕਿ ਇਨ੍ਹਾਂ ਜੰਗਾਂ ਦੇ ਵਿੱਚ ਕਿਸੇ ਮੁਲਕ ਦੀ ਹਾਰ ਨਹੀਂ ਹੋ ਰਹੀ, ਕੋਈ ਮੁਲਕ ਜਿੱਤਦਾ ਨਹੀਂ…! ਸਗੋਂ ਹਾਰ ਤਾਂ ਉਸ ਕੁਦਰਤ ਦੀ ਹੋ ਰਹੀ ਹੈ। ਬੰਬਾਂ ਨੇ ਹੁਣ ਤੱਕ ਉਜਾੜਾ ਹੀ ਕੀਤਾ ਹੈ, ਸਦੀਆਂ ਲੱਗ ਜਾਂਦੀਆਂ ਨੇ ਫਿਰ ਤੋਂ ਪੈਰਾਂ ਸਿਰ ਖੜ੍ਹੇ ਹੁੰਦਿਆਂ। ਮਨੁੱਖਤਾ ਖ਼ਤਰੇ ਵਿੱਚ ਹੈ, ਵਾਤਾਵਰਣ ਪਿਟ ਰਿਹਾ ਹੈ। ਵਾਤਾਵਰਣ ਦਾ ਨਾਸ਼ ਹੋ ਰਿਹਾ ਹੈ। ਅਸੀਂ ਇਸ ਬਾਰੇ ਕਦੋਂ ਸੋਚਾਂਗੇ।
![]()
