ਇੱਕ ਤਰਫ਼ਾ ਟੈਰਿਫ਼ ਵਾਧਾ ਅਮਰੀਕਾ ਦਾ ਸੰਸਾਰ ਬਾਜ਼ਾਰ ’ਤੇ ਹਮਲਾ

In ਮੁੱਖ ਲੇਖ
August 11, 2025

ਜਗਦੀਸ਼ ਸਿੰਘ ਚੋਹਕਾ

       ਅੱਜ ਸੰਸਾਰ ਅੰਦਰ ਪੂੰਜੀਵਾਦੀ ਪ੍ਰਣਾਲੀਗਤ ਸੰਕਟ ਦੇ ਸਿੱਟੇ ਵਜੋਂ ਸਾਮਰਾਜੀ ਅਮਰੀਕਾ ਸਮੇਤ ਵਿਕਸਤ ਦੇਸ਼ਾਂ ਅੰਦਰ ਵਿਕਾਸ ਦਰ ਸੁਸਤ ਚਲ ਰਹੀ ਹੈ। ਜਿਸ ਕਰਕੇ ਸਿੱਟੇ ਵਜੋਂ ਆਰਥਿਕ ਅਸਮਾਨਤਾਵਾਂ, ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਵਧ ਰਹੀ ਹੈ। ਉਥੇ ਅਮਰੀਕਾ ਇਸ ਸੰਕਟ ਦਾ ਬੋਝ ਅੰਤਰ-ਰਾਸ਼ਟਰੀ ਵਿੱਤੀ ਪੂੰਜੀ ਦੀ ਅਗਵਾਈ ਅਤੇ ਦਬਾਅ ਅਧੀਨ ਆਪਣੇ ਪੂੰਜੀ-ਸੰਗ੍ਰਹਿ ਦੀ ਪ੍ਰਕਿਰਿਆ ਨੂੰ ਤੇਜ਼ ਕਰ ਰਿਹਾ ਹੈ। ਇਹ ਅਮਰੀਕਾ ਦੇ ਸਾਮਰਾਜਵਾਦੀ ਹਮਲਾਵਰੀ ਵੱਲ ਵਧਣ ਦੇ ਸਪਸ਼ਟ ਲੱਛਣ ਹਨ। ਅਮਰੀਕਾ ਦੀ ਅਗਵਾਈ ਵਾਲੇ ਜੀ-7 ਅਤੇ ਨਾਟੋ ’ਤੇ ਖੁਦ ਅਮਰੀਕਾ, ਖੁਲ੍ਹੇਆਮ ਕੇਵਲ ਆਰਥਿਕ ਮੁਹਾਜ਼ ਹੀ ਨਹੀਂ ਸਗੋਂ ਨਾ-ਸਹਿਮਤੀ ਵਾਲੇ ਦੇਸ਼ਾਂ ਅੰਦਰ ਯੁੱਧ ਅਤੇ ਆਰਥਿਕ ਧੌਂਸਾ ਰਾਹੀਂ ਅਲੱਗ-ਥਲੱਗ ਵਾਲੀਆਂ ਜਬਰੀ ਨੀਤੀਆਂ ਵੀ ਲਾਗੂ ਕਰ ਰਿਹਾ ਹੈ। ਡੋਨਾਲਡ ਟਰੰਪ ਵੱਲੋਂ ਚੀਨ, ਭਾਰਤ ਅਤੇ ਹੋਰ ਕਈ ਦੇਸ਼ਾਂ ਨਾਲ ਵਪਾਰ ਅੰਦਰ ਵਿੱਤੀ ਹਮਲੇ ਵੀ ਸੇਧ ਦਿੱਤੇ ਹਨ। ਕਈ ਖੇਤਰਾਂ ਅੰਦਰ ਵਪਾਰ ਪੂੰਜੀ ਨਿਵੇਸ਼ ਅਤੇ ਐਕਸਪੋਰਟ ਖੇਤਰ ਵਿੱਚ ਜਿਨ੍ਹਾਂ ਕਿਸੇ ਦੋ ਧਿਰੀ  (ਰੀ-ਨੈਗੋਸੀਏਸ਼ਨ) ਗੱਲਬਾਤ, ‘ਸਿੱਧੇ ਟੈਰਿਫ਼ ਦੀਆਂ ਦਰਾਂ ’ਚ ਅਥਾਹ ਵਾਧਾ ਕਰ ਦਿੱਤਾ ਹੈ। ਭਾਰਤ ਅੰਦਰ ਮੋਦੀ ਸਰਕਾਰ ਜੋ ਟਰੰਪ ਦੀ ਨੇੜਤਾ ਰੱਖਦੀ ਸੀ, ਉੱਤੇ 25-ਫ਼ੀਸਦੀ ਟੈਰਿਫ਼ (ਟੈਕਸ) ਲਗਾਇਆ ਸੀ, ਉਹ ਹੁਣ ਵਧਾ ਕੇ 50-ਫ਼ੀਸਦੀ ਕਰਨ ਦਾ ਐਲਾਨ ਕਰ ਦਿੱਤਾ ਹੈ।
      ਇਸ ਵੇਲੇ ਦੁਨੀਆ ਦੇ 166-ਦੇਸ਼ ਸੰਸਾਰ ਵਪਾਰ ਸੰਸਥਾ ਦੇ ਮੈਂਬਰ ਹਨ। ਇਹ ਦੇਸ਼ ਆਪੋ ਆਪਣੇ ਹਿੱਤਾਂ ਮੁਤਾਬਕ ਅੰਦਰ ਰਹਿਕੇ ਜਾਂ ਬਾਹਰ ਰਹਿ ਕੇ ਆਪਸੀ ਸਮਝੌਤੇ ਰਾਹੀਂ ਵਪਾਰ ਕਰਦੇ ਆ ਰਹੇ ਹਨ। ਅਮਰੀਕਾ ਅਤੇ ਭਾਰਤ ਵਿਚਕਾਰ ਵੀ ਆਪਸੀ ਸੰਬੰਧ ਕਾਫ਼ੀ ਸੁਧਰੇ ਹੋਏ ਸਨ। ਭਾਰਤ ਜੋ ਸ਼ੁਰੂ ਤੋਂ ਹੀ ਨਿਰਪੱਖਤਾ ਵਾਲੀ ਨੀਤੀ ਅਪਣਾਉਂਦਾ ਰਿਹਾ ਸੀ। ਪਰ ਪਿਛਲੇ ਇੱਕ ਦਹਾਕੇ ਤੋਂ ਮੌਜੂਦਾ ਬੀ.ਜੇ.ਪੀ. ਦੀ ਮੋਦੀ ਸਰਕਾਰ ਕਾਫ਼ੀ ਹੱਦ ਤੱਕ ਅਮਰੀਕਾ ਪੱਖੀ ਪੈਂਤੜੇ ਲੈਂਦੀ ਆ ਰਹੀ ਹੈ। 1947-48 ਕਸ਼ਮੀਰ ਸੰਕਟ ਤੋਂ ਲੈ ਕੇ ਭਾਰਤ ਆਪਣੇ ਨਿੱਜੀ ਹਿਤਾਂ ਕਾਰਨ ਪਹਿਲਾ ਸੋਵੀਅਤ ਯੂਨੀਅਨ ਅਤੇ 1991 ਤੋਂ ਬਾਅਦ ਰੂਸ ਵੱਲ ਝੁਕਾਅ ਰੱਖਦਾ ਆ ਰਿਹਾ ਸੀ। ਕੁਝ ਅਰਸੇ ਤੋਂ ਕੌਮਾਂਤਰੀ ਹਾਲਾਤਾਂ ਦੀ ਬਦਲੀ ਹਵਾ ਅਨੁਸਾਰ ਹੁਣ ਭਾਰਤ, ਚੀਨ ਨਾਲ ਵੀ ਨੇੜਤਾ ਲਈ ਆਪਣਾ ਹੱਥ ਮਿਲਾ ਰਿਹਾ ਹੈ। ਗ਼ਾਜ਼ਾ ਅੰਦਰ ਇਜ਼ਰਾਇਲ ਦੇ ਵਿਸਥਾਰਵਾਦੀ ਨੀਤੀਆਂ ਅਤੇ ਲੋਕਾਂ ’ਤੇ ਹਮਲਿਆਂ ਕਾਰਨ, ਯੂਕ੍ਰੇਨ-ਰੂਸ ਜੰਗ ਅਤੇ ਮੱਧ-ਪੂਰਬ ਅੰਦਰ ਸਾਮਰਾਜੀ ਹਮਲਿਆਂ ਦੇ ਨਤੀਜੇ ਵਜੋਂ ਭਾਰਤ ਹੁਣ ਕੌਮਾਂਤਰੀ ਸਾਖ ਅਤੇ ਏਸ਼ੀਆ ਅੰਦਰ ਆਪਣੀ ਸਥਾਪਤੀ ਲਈ ਰੂਸ ਅਤੇ ਚੀਨ ਦੇ ਹੋਰ ਨੇੜੇ ਵੀ ਆ ਰਿਹਾ ਹੈ। ਜੋ ਦੁਨੀਆ ਦੀ ਦਾਦਾਗਿਰੀ ਕਰਨ ਵਾਲੇ ਅਮਰੀਕਾ ਨੂੰ ਭਾਉਂਦਾ ਨਹੀਂ ਹੈ। ਇਹ ਤਾਂ ਭਾਰਤ ਨੇ ਦੇਖਣਾ ਹੈ ਕਿ ਉਸ ਦੇ ਆਰਥਿਕ ਅਤੇ ਕੌਮਾਂਤਰੀ ਹਿਤ ਕਿਸ ਦੇਸ਼ ਨਾਲ ਠੀਕ ਬਹਿੰਦੇ ਹਨ?
      ਪਰ ਅਜੇ ਵੀ ਭਾਰਤ ਵੱਲੋਂ ਆਪਣੀ ਅਮਰੀਕਾ ਪੱਖੀ ਵਿਦੇਸ਼ ਨੀਤੀ ਅਤੇ ਅਮਰੀਕੀ ਸਾਮਰਾਜਵਾਦ ਨਾਲ ਰਣਨੀਤਕ ਸਬੰਧਾਂ ਨੂੰ ਨਾ ਹੀ ਬਦਲਿਆ ਤੇ ਨਾ ਹੀ ਕੋਈ ਆਸ ਦਿਸਦੀ ਹੈ? ਵੱਧ ਰਹੇ ਬਹੁ-ਧਰੁਵੀ ਸੰਸਾਰ ਦੀਆਂ ਹਕੀਕਤਾਂ ਨੇ ਮੋਦੀ ਸਰਕਾਰ ਨੂੰ ਬ੍ਰਿਕਸ ਅਤੇ ਸ਼ਿੰਘਾਈ ਸਹਿਯੋਗ ਸੰਗਠਨ ਵਿੱਚ ਇੱਕ ਸਰਗਰਮ ਭਾਈਵਾਲ ਬਣਨ ਲਈ ਭਾਵੇਂ ਮਜਬੂਰ ਵੀ ਕੀਤਾ ਹੋਇਆ ਹੈ ਪਰ ਯੂਕ੍ਰੇੇਨ-ਰੂਸ ਜੰਗ ਨੂੰ ਛੱਡ ਕੇ ਜਿਥੇ ਭਾਰਤ ਨੇ ਨਿਰਪੱਖ ਸਥਿਤੀ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ, ਉਥੇ ਅਜੇ ਵੀ ਭਾਰਤ ਦੀ ਵਿਦੇਸ਼ ਨੀਤੀ ਮੋਟੇ ਤੌਰ ’ਤੇ ਅਮਰੀਕਾ ਦੇ ਭੂਗੋਲਿਕ ਰਾਜਨੀਤਕ ਮਨਸੂਬਿਆਂ ਨਾਲ ਜੁੜੀ ਰਹੀ ਹੈ। ਪਿਛਲੇ 7-ਸਾਲਾਂ ਵਿੱਚ ਭਾਰਤ ਨੇ ਅਮਰੀਕਾ ਤੋਂ 15-ਬਿਲੀਅਨ ਡਾਲਰ ਦੇ ਹਥਿਆਰ ਖ਼ਰੀਦੇ ਹਨ। ਪਰ ਪਿਛਲੇ ਕੁਝ ਦਿਨਾਂ ਤੋਂ ਹੁਣ ਨਿਰਯਾਤ ’ਤੇ ਟੈਕਸ ਅਤੇ ਟੈਰਿਫ਼ ਦੇ ਮੁੱਦੇ ’ਤੇ ਟਰੰਪ ਦਾ ਰੁੱਖ ਭਾਰਤ ਪ੍ਰਤੀ ਅਲੱਗ ਹੀ ਨਹੀਂ ਸਗੋਂ ਹਮਲਾਵਰੀ ਵੀ ਦਿਸ ਰਿਹਾ ਹੈ। ਉਸ ਦਾ ਕਾਰਨ ਦੁਨੀਆਂ ਅੰਦਰ ਸਾਮਰਾਜੀ ਅਮਰੀਕਾ ਦੀ ਅਰਥ-ਵਿਵਸਥਾ ਦੀ ਸਥਿਤੀ ਅੰਦਰ ਆਈ ਡਾਵਾਂਡੋਲਤਾ ਵੀ ਹੈ। ਹੁਣ ਟਰੰਪ ਨੇ ਆਪਣੇ ਵਪਾਰ ਸਬੰਧਾਂ ਅੰਦਰ ਕਾਫ਼ੀ ਬਦਲਾਅ ਕਰਕੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਟੈਰਿਫ਼ ਦਰਾਂ ’ਚ ਅਥਾਹ ਵਾਧਾ ਐਲਾਨਿਆ ਹੈ।
      ਭਾਰਤ ਕਿਉਂਕਿ ਤੇਲ ਅਤੇ ਹਥਿਆਰ ਰੂਸ ਪਾਸੋਂ ਖਰੀਦਦਾ ਹੈ ਅਤੇ ਦੋਨੋਂ ਦੇਸ਼ਾਂ ਦੇ ਕੁਝ ਖੇਤਰਾਂ ’ਚ ਮਜ਼ਬੂਤ ਸਬੰਧਾਂ ਕਾਰਨ, ‘ਅਮਰੀਕਾ ਨੇ ਬਖਲਾਕੇ ਭਾਰਤ ’ਤੇ 25-ਫ਼ਰ ’ਤੇ ਟੈਰਿਫ਼ ਥੋਪਿਆ ਸੀ। ਬਹਾਨਾ ਇਹ ਬਣਾ ਰਿਹਾ ਹੈ, ‘ਕਿ ਭਾਰਤ ਤੇ ਰੂਸ ਦੀ ਆਰਥਿਕਤਾ ਮਰੀ ਹੋਈ ਭਾਵ ਡੁੱਬ ਰਹੀ ਹੈ। ਹੁਣ ਉਹ ਵਧਾ ਕੇ 50 ਫ਼ੀਸਦੀ ਕਰਨ ਦਾ ਐਲਾਨ ਕਰ ਦਿੱਤਾ ਹੈ। ਮੋਦੀ ਦੇ ਮਿੱਤਰ ਟਰੰਪ ਨੇ ਹੋਰ ਕਈ ਢੁੱਚਰਾਂ ਵੀ ਢਾਹੀਆਂ ਹਨ ਪਰ ਇਹ ਵੀ ਐਲਾਨਿਆਂ ਕਿ ਭਾਰਤ-ਅਮਰੀਕਾ ਮਿੱਤਰ ਹਨ ਪਰ ਭਾਰਤ ਨੇ ਸਾਡੇ ਨਾਲ ਘੱਟ ਵਪਾਰ ਕੀਤਾ ਹੈ। ਭਾਵੇਂ ਅਮਰੀਕਾ ਨੇ 70 ਤੋਂ ਵੱਧ ਦੇਸ਼ਾਂ ਤੇ 10 ਫ਼ੀਸਦੀ ਤੋਂ 41 ਫ਼ੀਸਦੀ ਤੱਕ  ਦੋ ਤਰਫ਼ਾ ਆਪਸੀ ਟੈਰਿਫ਼ ਲਾਉਣ ਦਾ ਵੀ ਐਲਾਨ ਕੀਤਾ ਹੈ। ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ’ਤੇ 19-ਫ਼ੀਸਦੀ ਟੈਰਿਫ਼ ਲਾਇਆ ਹੈ। ਇਹ ਵਪਾਰ ਟੈਕਸ ਕੀ ਹੁਣ ਗੱਲਬਾਤ ਰਾਹੀਂ ਘਟਣਗੇ ਜਾਂ ਦੋ ਤਰਫ਼ਾਂ ਟੈਕਸ ਦਬਾਅ ਅਧੀਨ ਹੋਰ ਸ਼ਕਲ ਅਖਤਿਆਰ ਕਰਨਗੇ, ਸਮਾਂ ਹੀ ਦੱਸੇਗਾ? ਭਾਰਤ ਵੱਲੋਂ ਵੀ ਅਧਿਕਾਰਤ ਜਵਾਬੀ ਪ੍ਰਕਿਰਿਆ ਹੋਈ ਹੈ। ਭਾਰਤ ਹੁਣ ਆਪਣੇ ਕੌਮੀ ਹਿਤਾਂ ਅਤੇ ਆਰਥਿਕ ਰੱਖਿਆ ਲਈ ਜ਼ਰੂਰੀ ਕਦਮ ਉਠਾਏਗਾ। ਇਹ ਵੀ ਕਿਹਾ ਕਿ ਸਾਡੇ ’ਤੇ ਅਲੋਚਨਾ ਕਰਨ ਵਾਲੇ ਖੁਦ ਰੂਸ ਨਾਲ ਵਪਾਰ ਕਰਦੇ ਹਨ। ਇਹ ਵਿਰੋਧੀਆਂ ’ਤੇ ਦਬਾਅ ਪਾਉਣ ਲਈ ਅਜਿਹੇ ਹੱਥਕੰਡੇ ਵਰਤੇ ਜਾ ਰਹੇ ਹਨ। ਚੀਨ ’ਤੇ 145-ਫ਼ੀਸਦੀ ਟੈਕਸ ਐਲਾਨਿਆ, ਜਦ ਚੀਨ ਨੇ ਵੀ ਅੱਖਾਂ ਦਿਖਾਈਆਂ ਤਾਂ ਘੱਟ ਕਰਕੇ 35 ਫ਼ੀਸਦੀ ਕਰ ਦਿੱਤਾ।
  ਕੂਟਨੀਤਕ ਹਲਕਿਆਂ ਅੰਦਰ ਇਹ ਵੀ ਇਕ ਪੱਖ ਹੈ ਕਿ ਟਰੰਪ ਇਸ ਗੱਲੋਂ ਨਾਰਾਜ਼ ਹੈ ਕਿ ਭਾਰਤ-ਪਾਕਿ ਜੰਗਬੰਦੀ ਲਈ ਭਾਰਤ ਸਰਕਾਰ ਟਰੰਪ ਦੀ ਵਿਚੋਲਗੀ ਤੋਂ ਇਨਕਾਰੀ ਹੋ ਰਿਹਾ ਹੈ। ਸ਼ੀਤ ਯੁੱਧ ਦੇ ਸਮੇਂ ਤੋਂ ਅੱਜ ਤੱਕ ਅਮਰੀਕਾ ਨਾਲ ਭਾਰਤ ਦੇ ਸਬੰਧ ਕਈ ਵਾਰ ਖਰਾਬ ਹੋਏ ਤੇ ਖੱਟੇ-ਮਿੱਠੇ ਰਹੇ ਹਨ। ਅਟੱਲ-ਵਾਜਪਈ ਵੇਲੇ ਤੇ ਮਨਮੋਹਨ ਸਿੰਘ ਵੇਲੇ ਪਰਮਾਣੂ ਸੰਧੀ ’ਤੇ ਕਈ ਹੋਰ ਮੁੱਦਿਆਂ ’ਤੇ ਸਬੰਧ ਸੁਧਰੇ ਤੇ ਦੂਰੀਆਂ ਵਧੀਆ ਵੀ: ਪਿੱਛੇ ਜਿਹੇ ਹੀ ਮੋਦੀ ਸਰਕਾਰ ਦੇ ਗਲਿਆਰਿਆ ਅੰਦਰ ਟਰੰਪ ਨੂੰ ਸ਼ਾਂਤੀ ਨੋਬਲ ਪ੍ਰਾਇਜ਼ ਦੇਣ ਲਈ ਚਰਚਾ ਵੀ ਹੁੰਦੀ ਸੀ। ਟਰੰਪ ਵੱਲੋਂ ਮਿੱਤਰ ਦੱਸ ਕੇ ਟੈਰਿਫ਼ ਦਰਾਂ ’ਚ ਵਾਧਾ ਐਲਾਨ ਦਾ ਭਾਰਤ ਲਈ ਕਠੋਰ, ਗੈਰ-ਸਹਿਣਯੋਗ ਅਤੇ ਗੈਰ-ਮੁਦਰਿਕ ਵਪਾਰ ਰੋਕਾਂ ਹਨ। ਟਰੰਪ ਨੇ ਫ਼ਿਰ ਦੁਹਰਾਇਆ ਹੈ ਕਿ ਭਾਰਤ ਅਮਰੀਕਾ ਪ੍ਰਤੀ ਵਪਾਰ ਅੰਦਰ ਸੰਕੋਚ ਵਰਤ ਰਿਹਾ ਹੈ। ਉਹ ਰੂਸ ਨਾਲ ਵਪਾਰ ਅਤੇ ਤੇਲ ਲੈਣ ਲਈ ਨੇੜਤਾ ਜਾਰੀ ਰੱਖ ਰਿਹਾ ਹੈ। ਪਰ ਟਰੰਪ ਦਾ ਪਾਕਿਸਤਾਨ ਪ੍ਰਤੀ ਨਰਮ ਰਵੱਈਆ ਤੇ ਰੂਸ-ਭਾਰਤ ਡੈਡ-ਆਰਥਿਕਤਾ ਨੇ ਅਮਰੀਕਾ-ਭਾਰਤ ਸਬੰਧਾਂ ’ਤੇ ਪਾਣੀ ਫ਼ੇਰਨਾ ਤੇ ਰਾਜਨੀਤਕ ਸਬੰਧਾਂ ਨੂੰ ਫਿੱਕਾ ਕੀਤਾ ਹੈ। ਕੀ ਹੁਣ ਭਾਰਤ ਅਮਰੀਕਾ ਦੇ ਇਸ ਰਵੱਈਏ ਪ੍ਰਤੀ ਅਡਿੱਗ ਰਹਿ ਸਕੇਗਾ ?
     ਭਾਰਤ ਆਪਣੀ ਤੇਲ ਦੀ ਜ਼ਰੂਰਤ ਪੂਰੀ ਕਰਨ ਲਈ 2021-22 ’ਚ ਰੂਸ ਤੋਂ 2.10 ਫ਼ੀਸਦੀ ਤੇਲ ਖਰੀਦਦਾ ਸੀ ਜੋ 2022-23 ’ਚ 19.10-ਫ਼ੀਸਦੀ, 2023-24 ’ਚ ਇਹ ਵਾਧਾ 33.40-ਫ਼ੀਸਦੀ ਅਤੇ 2024-25 ਤੱਕ ਇਹ ਵੱਧ ਕੇ 35.10ਫ਼ੀਸਦੀ ਪੁੱਜ ਗਿਆ ਸੀ। ਇਸ ਤੋਂ ਬਿਨਾਂ ਭਾਰਤ ਇਰਾਕ, ਇਰਾਨ, ਅਰਬ ਅਤੇ ਹੋਰ ਦੇਸ਼ਾਂ ਤੋਂ ਵੀ ਜ਼ਰੂਰਤ ਲਈ ਤੇਲ ਖਰੀਦ ਰਿਹਾ ਹੈ। ਭਾਰਤ ਨੇ ਅਮਰੀਕਾ ਤੋਂ ਸਾਲ 2024-25 ਦੌਰਾਨ 4.60 ਫ਼ੀਸਦੀ ਤੇਲ ਖ਼ਰੀਦਿਆ ਸੀ। ਹਰ ਸਾਲ ਭਾਰਤ 11 ਲੱਖ ਕਰੋੜ ਰੁਪਏ ਦਾ ਪੈਟਰੋਲ ਤੇ ਡੀਜ਼ਲ ਦੂਸਰੇ ਦੇਸ਼ਾਂ ਤੋਂ ਖਰੀਦਦਾ ਹੈ, ਜੋ 80 ਫ਼ੀਸਦੀ ਸੀ। ਭਾਰਤ ਦਾ ਰੁਪਿਆ ਡਾਲਰ ਦੇ ਮੁਕਾਬਲੇ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ। ਪਰ ਟਰੰਪ ਵੱਲੋਂ ਭਾਰਤ ਨੂੰ ਕੋਈ ਰਾਹਤ ਅਤੇ ਸਹੂਲਤ ਨਹੀਂ ਮਿਲ ਰਹੀ ਹੈ। ਫ਼ਿਰ ਭਾਰਤ ਅਮਰੀਕਾ ਤੋਂ ਮਹਿੰਗਾ ਤੇਲ ਕਿਉਂ ਖ਼ਰੀਦੇਗਾ? 50-ਫ਼ੀਸਦੀ ਟੈਰਿਫ਼ ਭਾਰਤ ’ਤੇ ਲਗਾਉਣਾ ਇਹ ਸੁਝਾਅ ਕਿਉਂ? ਟਰੰਪ ਅਜੇ ਹੋਰ ਜੁਰਮਾਨਾ ਲਾਉਣ ਲਈ ਕਹਿ ਰਿਹਾ ਹੈ। ਅਮਰੀਕਾ ਵੱਲੋਂ ਰੂਸ ’ਤੇ ਤੇਲ ਦੀਆਂ ਕੀਮਤਾਂ ਘੱਟ ਕਰਾਉਣ ਲਈ, ‘ਟਰੰਪ ਦਾ ਇਹ ਇਕ ਢੰਗ ਹੈ। ਕਿਵੇਂ ਪੂਤਿਨ ੳੁੱਪਰ ਯੂਕ੍ਰੇਨ ਜੰਗ ਰੋਕਣ ਲਈ ਦਬਾਅ ਬਣਾਉਣਾ ਹੈ? ਦੂਸਰੇ ਪਾਸੇ 2024 ਦੌਰਾਨ ਯੂਰਪੀ-ਸੰਘ ਦਾ ਰੂਸ ਨਾਲ ਵਪਾਰ 67.5 ਅਰਬ ਯੂਰੋ ਤੱਕ ਸੀ, ਜੋ ਫ਼ਰਟਾਲਾਈਜ਼ਰ, ਖਣਨ, ਕੈਮੀਕਲ, ਲੋਹਾ, ਸਟੀਲ, ਆਟੋਪਾਰਟ, ਯੂਰੇਨੀਅਮ ਗੈਸ ਆਦਿ ਖੇਤਰਾਂ ਅੰਦਰ ਹੋਇਆ।
     ਅਮਰੀਕਾ ਅਤੇ ਯੂਰਪੀ ਸੰਘ ਦੇ ਉਨ੍ਹਾਂ ਯਤਨਾਂ ਦੀ ਭਾਰਤ ਨੇ ਆਲੋਚਨਾ ਕੀਤੀ ਹੈ ਜਿਹੜੇ ਭਾਰਤ ਦੀਆਂ ਰਿਫ਼ਾਈਨਰੀਆਂ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤ ਦਾ ਆਯਾਤ ਗਲੋਬਲ ਮਾਰਕੀਟ ਦੇ ਹਾਲਾਤਾਂ ਅਨੁਸਾਰ ਜ਼ਰੂਰੀ ਹੈ। ਇਹ ਭਾਰਤ ਦਾ ਨਿੱਜੀ ਮਾਮਲਾ ਹੈ। ਭਾਰਤ ਨੇ ਆਪਣੀਆਂ ਲੋੜਾਂ ਅਨੁਸਾਰ ਆਯਾਤ-ਨਿਰਯਾਤ ਕਰਨਾ ਹੈ। ਇਸ ਨੂੰ ਰੋਕਣਾ ਕਈ ਪ੍ਰਕਾਰ ਦੀਆਂ ਉਲਝਣਾ ਪੈਦਾ ਕਰਨਾ ਹੋਵੇਗਾ? ਤੇਲ ਅੱਜ ਦੁਨੀਆਂ ਅੰਦਰ ਇੱਕ ਯੁਧਨੀਤਿਕ ਹਥਿਆਰ ਹੈ। ਇਸ ਨੂੰ  ਭਾਰਤ ਵੱਲੋਂ ਸੰਸਾਰ-ਵਿਆਪੀ ਘਟਨਾਕਰਮ ਅਤੇ ਭੂਗੋਲਿਕ-ਰਾਜਨੀਤਕ ਰਿਸ਼ਤਿਆਂ ਦੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਜਿਸ ਦਾ ਭਾਰਤ ਦੀ ਕੌਮੀ ਸਥਿਤੀ ’ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਭਾਰਤ ਵੱਲੋਂ ਰੂਸ ਤੋਂ ਤੇਲ ਖ਼ਰੀਦਣਾ ਤੇ ਵਪਾਰ ਵਧਾਉਣਾ ਦੋਨੋਂ ਦੇਸ਼ਾਂ ਦੇ ਹਿਤਾਂ ਵਿੱਚ ਹੈ ਜੋ ਅਮਰੀਕਾ ਨੂੰ ਭਾਉਂਦਾ ਨਹੀਂ ਹੈ।

Loading