ਇੱਕ ਫ਼ੁੱਲ ਕੱਢਦਾ ਫ਼ੁੱਲਕਾਰੀ…….

In ਮੁੱਖ ਲੇਖ
February 28, 2026

ਬਹਾਦਰ ਸਿੰਘ ਗੋਸਲ

ਫ਼ੁਲਕਾਰੀ ਸ਼ਬਦ ਪੰਜਾਬੀ ਸੱਭਿਆਚਾਰ ਦੀ ਜਿੰਦ ਜਾਨ ਕਿਹਾ ਜਾ ਸਕਦਾ ਹੈ। ਸਦੀਆਂ ਤੋਂ ਪੰਜਾਬ ਦੇ ਪੇਂਡੂ ਖੇਤਰ ਵਿੱਚ ਹਰ ਖੁਸ਼ੀ ਦੇ ਮੌਕੇ ਫ਼ੁਲਕਾਰੀ ਦੀ ਸਰਦਾਰੀ ਰਹੀ ਹੈ। ਪੰਜਾਬ ਦੇ ਪਿੰਡਾਂ ਵਿੱਚ ਤਾਂ ਹਰ ਬੱਚੇ-ਬੁੱਢੇ, ਜਵਾਨ ਅਤੇ ਖਾਸ ਕਰਕੇ ਮੁਟਿਆਰਾਂ ਦੇ ਮੂੰਹ ’ਚੋਂ ਇਹ ਸ਼ਬਦ ਸਦਾ ਹੀ ਗੂੰਜਦਾ ਰਹਿੰਦਾ ਹੈ। ਜਿੰਨੀ ਸੋਹਣੀ ਫ਼ੁਲਕਾਰੀ ਦੀ ਦਿੱਖ ਹੁੰਦੀ ਹੈ ਉਸ ਤੋਂ ਕਿਤੇ ਵੱਧ ਇਸ ਦੇ ਨਾਂ ਵਿੱਚ ਹੀ ਮਿਠਾਸ ਭਰੀ ਪਈ ਹੈ। ਇੰਝ ਲੱਗਦਾ ਹੈ ਕਿ ਫ਼ੁਲਕਾਰੀ ਸ਼ਬਦ ਹੀ ਚਾਵਾਂ, ਰੀਝਾਂ ਅਤੇ ਖੁਸ਼ੀਆਂ ਦੀ ਬੁਣਤੀ ਵਿੱਚ ਅਜਿਹਾ ਬੁਣਿਆ ਗਿਆ ਹੈ ਕਿ ਇਹ ਹਰ ਇੱਕ ਨੂੰ ਖੁਸ਼ੀਆਂ ਵੰਡਦਾ ਹੈ, ਮਨ ਹੀ ਮਨ ਝੂਮਣ ਲਾ ਦਿੰਦਾ ਹੈ।
ਜੇ ਅਸੀਂ ਫ਼ੁਲਕਾਰੀ ਦੇ ਸ਼ਬਦੀ ਅਰਥ ਜਾਣਨੇ ਹੋਣ ਤਾਂ ਕਿਹਾ ਜਾਂਦਾ ਹੈ ਕਿ ਫ਼ੁਲਕਾਰੀ ਦਾ ਸਾਧਾਰਨ ਜਿਹਾ ਅਰਥ ਕਿਸੇ ਕੱਪੜੇ ’ਤੇ ਫ਼ੁੱਲ ਕੱਢਣਾ ਹੁੰਦਾ ਹੈ। ਫ਼ੁੱਲ ਆਪਣੇ ਆਪ ਵਿੱਚ ਹੀ ਖੁਸ਼ੀਆਂ ਦਾ ਗੁਲਦਸਤਾ ਹੁੰਦਾ ਹੈ, ਪਰ ਜੇ ਕੁਦਰਤੀ ਰੰਗਾਂ ਵਾਲੇ ਫ਼ੁੱਲਾਂ ਨੂੰ ਕੱਪੜੇ ’ਤੇ ਕਢਾਈ ਕਰਕੇ ਕੁਝ ਨਵੇਂ-ਨਵੇਂ ਡਿਜ਼ਾਇਨ ਬਣਾ ਕੇ ਉਤਾਰਿਆ ਜਾਵੇ ਤਾਂ ਗੱਲ ਕੁਝ ਹੋਰ ਹੀ ਬਣ ਜਾਂਦੀ ਹੈ। ਜੇ ਇਸ ਤੋਂ ਅੱਗੇ ਇਹ ਬਣਤਰ ਕਿਸੇ ਸੋਹਣੀ ਮੁਟਿਆਰਾਂ ਦੁਆਰਾ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਅਤੇ ਆਪਣੇ ਮਨ ਦੇ ਖੁਸ਼ੀਆਂ ਦੇ ਵਲਵਲਿਆਂ ਨੂੰ ਰੀਝਾਂ ਅਤੇ ਚਾਵਾਂ ਨਾਲ ਬਣਾਇਆ ਗਿਆ ਹੋਵੇ ਤਾਂ ਕੁਦਰਤ ਵੀ ਮਾਤ ਖਾ ਜਾਂਦੀ ਹੈ।
ਕਿਹਾ ਜਾਂਦਾ ਹੈ ਕਿ ਫ਼ੁਲਕਾਰੀ ਸ਼ਬਦ ਪੁਰਾਣੇ ਸਮੇਂ ਤੋਂ ਹੀ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਪੁਰਾਣੇ ਪੰਜਾਬ ਦੇ ਪੂਰੇ ਖੇਤਰ ਵਿੱਚ ਆਮ ਵਰਤਿਆ ਜਾਂਦਾ ਸੀ। ਇਸ ਦੇ ਨਾਲ ਹੀ ਫ਼ੁਲਕਾਰੀ ਕੱਢਣ ਦੀ ਕਲਾ ਪੰਜਾਬ ਭਰ ਦੀਆਂ ਜੋਬਨ ਮੱਤੀਆਂ ਮੁਟਿਆਰਾਂ ਦੀ ਰੂਹ ਦਾ ਹਿੱਸਾ ਹੁੰਦੀ ਸੀ। ਇੱਥੇ ਹੀ ਬਸ ਨਹੀਂ, ਇਹ ਸ਼ਬਦ ਬਹੁਤ ਹੀ ਪਿਆਰਿਆਂ ਅਤੇ ਸਤਿਕਾਰਿਆ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਵੀ ਆਪਣੇ ਇੱਕ ਸ਼ਬਦ ਵਿੱਚ ਇਸ ਬਾਰੇ ਬਿਆਨ ਕਰਦੇ ਹਨ ਅਤੇ ਕਹਿੰਦੇ ਹਨ;
ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮ ਜਾਣਹੁ ਨਾਰੀ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਤ੍ਰੀਮਤਾਂ ਵਿੱਚ ਕਸੀਦਾ ਕੱਢਣ ਦਾ ਗੁਣ ਕੁਦਰਤੀ ਤੌਰ ’ਤੇ ਵਿਆਪਕ ਹੁੰਦਾ ਹੈ। ਫ਼ੁਲਕਾਰੀ ਨੂੰ ਕੇਵਲ ਸਜਾਵਟੀ ਵਸਤੂ ਕਰਕੇ ਹੀ ਨਹੀਂ ਸਗੋਂ ਪ੍ਰੇਮ-ਪਿਆਰ ਦੀ ਇੱਕ ਵਿਆਪਕ ਲੜੀ ਵਜੋਂ ਵੀ ਜਾਣਿਆ ਜਾਂਦਾ ਸੀ। ਪੰਜਾਬੀ ਮੁਟਿਆਰਾਂ ਇਸ ਕਲਾ ਦਾ ਲਾਭ ਆਪਣੇ ਪ੍ਰੇਮੀਆਂ ਨੂੰ ਜਾ ਪ੍ਰਦੇਸੀ ਢੋਲ ਨੂੰ ਖੁਸ਼ ਕਰਨ ਲਈ ਵੀ ਵਰਤਦੀਆਂ ਸਨ ਅਤੇ ਇਸੇ ਕਰਕੇ ਪੰਜਾਬੀ ਸੱਭਿਆਚਾਰ ਦੀ ਉਦਾਹਰਣ ਦਿੰਦੀਆਂ ਹੋਈਆਂ ਉਹ ਕਹਿੰਦੀਆਂ ਸਨ;
ਮੈਂਡੇ ਸਿਰ ਫ਼ੁਲਕਾਰੀ ਆ
ਤੁਸੀਂ ਪਰਦੇਸ ਗਏ
ਜੋਬਨ ਕਿਸ ਕਾਰੀ ਆ।
ਇਸੇ ਤਰ੍ਹਾਂ ਬੜੇ ਲੰਬੇ ਸਮੇਂ ਤੋਂ ਵਿੱਛੜੇ ਆਪਣੇ ਢੋਲ ਨੂੰ ਬੇਨਤੀ ਕਰਦੀ ਹੋਈ ਕੋਈ ਜੋਬਨ ਮੱਤੀ ਮੁਟਿਆਰ ਫ਼ੁਲਕਾਰੀ ਦਾ ਵਾਸਤਾ ਪਾ ਕੇ ਕਹਿ ਦਿੰਦੀ ਸੀ;
ਕੌਲ ਫ਼ੁੱਲ ਮੈਂ ਕੱਢ ਕੇ
ਕਰਦੀ ਹਾਂ ਅਰਦਾਸ।
ਛੇਤੀ ਆ ਮਿਲ ਸੱਜਣਾ
ਭੁੱਲ, ਚੁੱਕ ਕਰਦੇ ਮੁਆਫ਼।
ਇਹ ਫ਼ੁਲਕਾਰੀ ਕੇਵਲ ਪ੍ਰੇਮੀ ਨੂੰ ਰੁਝਾਉਣ ਲਈ ਹੀ ਨਹੀਂ ਸੀ ਸਗੋਂ ਖੁਸ਼ੀਆਂ ਦੇ ਹਰ ਮੌਕਿਆਂ ’ਤੇ ਮੁਟਿਆਰਾਂ ਵੱਲੋਂ ਫ਼ੁਲਕਾਰੀ ਪਹਿਨੀ ਜਾਂਦੀ ਸੀ ਅਤੇ ਖਾਸ ਕਰਕੇ ਜਦੋਂ ਸਾਵਣ ਦੇ ਮਹੀਨੇ ਕਿਸੇ ਦਿਨ ਤਿਉਹਾਰ ਲਈ ਮੁਟਿਆਰਾਂ ਇਕੱਠੀਆਂ ਹੁੰਦੀਆਂ ਸਨ ਤਾਂ ਵੀ ਉਹ ਫ਼ੁਲਕਾਰੀ ਪਹਿਨ ਕੇ ਆਪਣੇ ਮਨਾਂ ਦੀ ਰੀਝ ਨੂੰ ਪੂਰੀ ਕਰਦੀਆਂ ਸਨ ਜਿਵੇਂ ਕਿਹਾ ਜਾਂਦਾ ਹੈ;
ਆਇਆ ਸਾਵਣ ਦਿਲ ਪ੍ਰਚਾਵਣ
ਝੜੀ ਲੱਗ ਗਈ ਭਾਰੀ।
ਝੂਟੇ ਲੈਂਦੀ ਰਾਣੋ ਭਿੱਜ ਗਈ
ਭਿੱਜਗੀ ਜੀਤੋ ਦੀ ਫ਼ੁਲਕਾਰੀ।
ਪੀਂਘ ਝੂਟਦੀ ਨਣਦ ਡਿੱਗ ਪਈ
ਨਾਲੇ ਨੂਰੀ ਨਾਭੇ ਵਾਲੀ।
ਬੱਦਲਾਂ ਨਾ ਵਰ੍ਹ ਵੇ
ਹੀਰ ਭਿੱਜਗੀ ਸਿਆਲਾਂ ਵਾਲੀ।
ਇਸੇ ਤਰ੍ਹਾਂ ਕਈ ਵਾਰ ਘਰ ਪਰਿਵਾਰਾਂ ਵਿੱਚ ਥੋੜ੍ਹੀ ਪਤੀ-ਪਤਨੀ ਵਿੱਚ ਨੋਕ-ਝੋਕ ਹੁੰਦੀ ਹੀ ਰਹਿੰਦੀ ਹੈ, ਪਰ ਕਈ ਵਾਰ ਤਾਂ ਇਹ ਨੋਕ-ਝੋਕ ਕੇਵਲ ਪੰਜਾਬੀ ਵਿਰਸੇ ਜਾਂ ਪੰਜਾਬੀ ਸੱਭਿਆਚਾਰ ਕਾਰਨ ਹੀ ਵਧ ਜਾਂਦੀ ਹੈ ਕਿਉਂਕਿ ਹਰ ਪਤੀ ਚਾਹੁੰਦਾ ਹੈ ਕਿ ਉਸ ਦੀ ਘਰਵਾਲੀ ਵਿੱਚ ਕਸੀਦਾ ਕੱਢਣ ਦੇ ਵਧੀਆ ਗੁਣ ਹੋਣੇ ਚਾਹੀਦੇ ਹਨ ਤਾਂ ਹੀ ਕਈ ਵਾਰ ਇੰਝ ਵੀ ਹੋ ਜਾਂਦਾ ਹੈ;
ਮੈਨੂੰ ਕਹਿੰਦਾ ਕੱਢਣਾ ਨੀਂ ਆਉਾਂਦਾ
ਮੈਂ ਕੱਢ ਲਈ ਫ਼ੁਲਕਾਰੀ
ਜਦ ਮੈਂ ਉਤੇ ਲਈ, ਤੈਂ ਹੂੰਗਰ ਕਿਉਂ ਮਾਰੀ।
ਅਜੋਕਾ ਪੰਜਾਬੀ ਸੱਭਿਆਚਾਰ ਆਪਣੇ ਪੁਰਾਣੇ ਰੰਗਾਂ ਤੋਂ ਕਾਫ਼ੀ ਦੂਰ ਜਾ ਰਿਹਾ ਹੈ। ਗੱਭਰੂ ਅਤੇ ਮੁਟਿਆਰ ਆਪਣੇ ਪੁਰਾਣੇ ਵਿਰਸੇ ਤੋਂ ਨੱਕ ਵੱਟ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਸੱਭਿਆਚਾਰਕ ਵਿਰਸੇ ਦੀਆਂ ਉਹ ਪੁਰਾਣੀਆਂ ਯਾਦਾਂ ਤਾਂ ਆਉਾਂਦੀਆਂਹਨ, ਪਰ ਉਹ ਦ੍ਰਿਸ਼ ਦੇਖਣ ਨੂੰ ਘੱਟ ਹੀ ਮਿਲਦੇ ਹਨ ਤਾਂ ਹੀ ਅੱਜਕੱਲ੍ਹ ਕਿਹਾ ਜਾਂਦਾ ਹੈ;
ਪਿਛਲਾ ਜੱਗ ਤਾਂ ਭੁੱਲ ਜਾਓ ਲੋਕੋ
ਹੁਣ ਫ਼ੈਸ਼ਨ ਨੇ ਮੱਤ ਮਾਰੀ
ਸੁੱਭਰੂ ਸਾਲੂ ਵਾਲੀ ਕੋਈ
ਦਿਸਦੀ ਨਹੀਂ ਹੁਣ ਨਾਰੀ
ਸੱਗੀ ਫ਼ੁੱਲ, ਡੰਡੀਆਂ ਕੋਕਰੂ
ਸਭ ਉੱਡਗੇ, ਮਾਰ ਉਡਾਰੀ
ਉੱਡਗੇ ਦੁਨੀਆ ਤੋਂ ਘੁੰਡ ਘੱਗਰੇ ਫ਼ੁਲਕਾਰੀ।
ਇਸ ਤਰ੍ਹਾਂ ਫ਼ੁਲਕਾਰੀ ਕਿਤੇ ਕਿਤੇ ਹੀ ਦੇਖਣ ਨੂੰ ਮਿਲਦੀ ਹੈ ਜਦੋਂ ਕਿ ਪਹਿਲਾ ਫ਼ੁਲਕਾਰੀ ਕੱਢਣ ਲਈ ਕੁੜੀਆਂ ਤਿੰਝਣਾਂ ਜਾਂ ਸੱਥਾਂ ਦੇ ਰੂਪ ਵਿੱਚ ਇਕੱਠੀਆਂ ਹੁੰਦੀਆਂ ਸਨ। ਇਕੱਠੀਆਂ ਬੈਠ ਉਹ ਕੱਪੜਿਆਂ ’ਤੇ ਬੂਟੀਆਂ ਪਾਉਂਦੀਆਂ, ਫ਼ੁਲਕਾਰੀ ਕੱਢਦੀਆਂ ਅਤੇ ਇੱਥੋਂ ਤੱਕ ਕਿ ਆਪਣੇ ਦਾਜ ਵਿੱਚ ਰੱਖਣ ਲਈ ਵੱਧ ਤੋਂ ਵੱਧ ਆਪਣੀ ਕਲਾਂ ਦੇ ਜੌਹਰ ਦਿਖਾਉਂਦੀਆਂ। ਪੁਰਾਣੇ ਸਮਿਆਂ ਵਿੱਚ ਪੂਜਾ ਪਾਠ ਕਰਨ ਲਈ ਫ਼ੁਲਕਾਰੀ ਲੈਣ ਨੂੰ ਸ਼ਗਨ ਮੰਨਿਆ ਜਾਂਦਾ ਸੀ। ਜਦੋਂ ਵੀ ਘਰ-ਪਰਿਵਾਰਾਂ ਵਿੱਚ ਕੋਈ ਪੂਜਾ-ਪਾਠ ਕਰਵਾਇਆ ਜਾਂਦਾ ਤਾਂ ਫ਼ੁਲਕਾਰੀ ਦਾ ਮਹੱਤਵ ਵਧ ਜਾਂਦਾ ਸੀ। ਇਸੇ ਤਰ੍ਹਾਂ ਹੀ ਇੱਕ ਪੰਜਾਬੀ ਬੋਲੀ ਵਿੱਚ ਦੱਸਿਆ ਗਿਆ ਹੈ; ਸੱਸ ਮੇਰੀ ਦੇ ਮਾਤਾ ਨਿਕਲੀ ਮੋਟਾ ਮੋਟਾ ਦਾਣਾ
ਬਈ ਸਹੁਰਾ ਮੇਰਾ ਪੂਜਣ ਚੱਲਿਆ
ਲੈ ਕੇ ਲਾਲ ਫ਼ੁਲਕਾਰੀ
ਜੋਤ-ਜਗਾਉਂਦੇ ਨੇ, ਦਾੜ੍ਹੀ ਫ਼ੂਕ ਲਈ ਸਾਰੀ
ਉਂਝ ਵੀ ਪੰਜਾਬੀ ਬੋਲੀਆਂ ਵਿੱਚ ਤਾਂ ਫ਼ੁਲਕਾਰੀ ਆਮ ਹੀ ਵਰਤੀ ਜਾਂਦੀ ਸੀ। ਕੋਈ ਵੀ ਸਮਾਗਮ ਹੋਵੇ ਜਾਂ ਭੈਣ-ਭਰਾ ਦਾ ਪਿਆਰ ਜਾਂ ਮੁਟਿਆਰਾਂ ਲਈ ਪੇਕਿਆਂ ਤੋਂ ਆਇਆ ਕੋਈ ਸਾਮਾਨ ਹੋਵੇ ਤਾਂ ਫ਼ੁਲਕਾਰੀ ਆਪਣਾ ਰੰਗ ਦਿਖਾਉਂਦੀ ਸੀ ਜਿਵੇਂ ਇੱਕ ਪੰਜਾਬੀ ਬੋਲੀ ਵਿੱਚ ਇਹ ਸੁਣਨ ਨੂੰ ਮਿਲਦਾ ਹੈ;
ਵੀਰ ਮੇਰੇ ਨੇ ਕੁੜਤੀ ਭੇਜੀ, ਭਾਬੋ ਨੇ ਫ਼ੁਲਕਾਰੀ
ਨੀਂ ਜੁੱਗ-ਜੁੱਗ ਜੀ ਭਾਬੋ, ਲੱਗੇ ਵੀਰ ਤੋਂ ਪਿਆਰੀ।
ਆਮ ਕਰਕੇ ਫ਼ੁਲਕਾਰੀ ਨੂੰ ਸੂਤੀ ਜਾਂ ਰੇਸ਼ਮੀ ਕੱਪੜੇ ’ਤੇ ਹੀ ਕੱਢਿਆ ਜਾਂਦਾ ਸੀ, ਪਰ ਰੇਸ਼ਮੀ ਫ਼ੁਲਕਾਰੀ ਤੇ ਰੰਗਾਂ ਦਾ ਮੇਲ ਕਰਨਾ ਥੋੜ੍ਹਾ ਮੁਸ਼ਕਿਲ ਹੁੰਦਾ ਸੀ। ਇਸੇ ਲਈ ਕੋਈ ਫ਼ੁਲਕਾਰੀ ਦੀ ਸ਼ੌਕੀਨ ਮੁਟਿਆਰ ਕਹਿੰਦੀ ਹੈ;
ਫ਼ੁਲਕਾਰੀ ਮੇਰੀ ਰੇਸ਼ਮੀ
ਰੰਗ ਨਾ ਆਇਆ ਠੀਕ
ਛੇਤੀ ਦਰਸ਼ਨ ਦੇਵਣੇ
ਮੈਂ ਰਸਤਾ ਰਹੀਂ ਉਡੀਕ।
ਇਸੇ ਤਰ੍ਹਾਂ ਹੀ ਰੇਸ਼ਮੀ ਫ਼ੁਲਕਾਰੀ ਦੀ ਸਿਫ਼ਤ ਕਰਦੀ ਕੋਈ ਅੱਲ੍ਹੜ ਮੁਟਿਆਰ ਕਹਿੰਦੀ ਹੈ ਕਿ ਨਿਰੀਆਂ ਮਿੱਠੀਆਂ ਗੱਲਾਂ ਕਰਨ ਨਾਲ ਹੀ ਕਿਸੇ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ, ਮਨੁੱਖ ਦਾ ਮਨ ਅੰਦਰੋਂ ਤੇ ਬਾਹਰੋਂ ਬਿਲਕੁਲ ਪਵਿੱਤਰ ਅਤੇ ਇੱਕੋ ਜਿਹਾ ਹੋਣਾ ਚਾਹੀਦਾ ਹੈ ਤਾਂ ਕਿ ਕਿਸੇ ਨੂੰ ਧੋਖਾ ਨਾ ਮਿਲੇ;
ਫ਼ੁਲਕਾਰੀ ਸਾਡੀ ਰੇਸ਼ਮੀ
ਉੱਤੇ ਚਮਕਣ ਮੋਰ
ਗੱਲਾਂ ਤੁਹਾਡੀਆਂ ਮਿੱਠੀਆਂ
ਅੰਦਰੋਂ ਦਿਲ ਦੇ ਹੋਰ।
ਹਾਂ, ਅਸੀਂ ਇਹ ਜਾਣਦੇ ਹਾਂ ਕਿ ਬਹੁਤ ਸਮਾਂ ਪਹਿਲਾ ਪਿੰਡਾਂ ਵਿੱਚ ਗ਼ਰੀਬੀ ਵੀ ਬੜੀ ਹੁੰਦੀ ਸੀ, ਪਰ ਫ਼ੁਲਕਾਰੀ ਕੱਢਣਾ ਕੋਈ ਸਸਤਾ ਕੰਮ ਨਹੀਂ ਸੀ ਹੁੰਦਾ, ਇਸ ਲਈ ਰੇਸ਼ਮੀ ਕੱਪੜਾ, ਰੰਗੀਨ ਧਾਗੇ ਅਤੇ ਰੰਗਦਾਰ ਲੋਗੜੀ ਦੀ ਲੋੜ ਪੈਂਦੀ ਸੀ ਅਤੇ ਇਸ ਦੇ ਨਾਲ ਹੀ ਹੋਰ ਸਜਾਵਟੀ ਸਾਮਾਨ ਵੀ ਚਾਹੀਦਾ ਹੁੰਦਾ ਸੀ ਤਾਂ ਹੀ ਕੋਈ ਮੁਟਿਆਰ ਆਪਣੇ ਢੋਲ ਨੂੰ ਕੁਝ ਪੈਸੇ ਖ਼ਰਚ ਕੇ ਸਾਰਾ ਸਾਮਾਨ ਲਿਆਉਣ ਲਈ ਮਨਾਉਂਦੀ;
ਮੈਂ ਕੱਢਣਾ ‘ਦਿੱਲੀ ਦਰਵਾਜ਼ਾ’
ਪੱਚੀਆਂ ਦੀ ਲਿਆ ਦੇ ਲੋਗੜੀ।
ਇਸ ਤਰ੍ਹਾਂ ਸੱਚ ਵਿੱਚ ਹੀ ਮੁਟਿਆਰਾਂ ਆਪਣੀ ਕਲਾ ਅਨੁਸਾਰ ਵੱਡੀਆਂ-ਵੱਡੀਆਂ ਮੋਰਨੀਆਂ, ਮੋਰ ਅਤੇ ਫ਼ੁੱਲਾਂ ਦੇ ਬਾਗ਼ ਜਾਂ ਕੋਈ ਜਾਣੀਆਂ ਪਛਾਣੀਆਂ ਇਮਾਰਤਾਂ ਦੀਆਂ ਤਸਵੀਰਾਂ ਇਨ੍ਹਾਂ ਫ਼ੁਲਕਾਰੀਆਂ ’ਤੇ ਪਾ ਦਿੰਦੀਆਂ ਸਨ, ਪਰ ਇਹ ਫ਼ੁਲਕਾਰੀ ਕਿਸੇ ਵੀ ਮੁਟਿਆਰ ਦੀ ਕਲਾ, ਸਮਝ, ਹੁਸਨ ਅਤੇ ਪ੍ਰੇਮ ਭਾਵਨਾ ਦੀ ਪ੍ਰਤੀਕ ਹੁੰਦੀ ਸੀ।

Loading