ਇੱਕ ਬੂਟਾ ਅੰਬੀ ਦਾ…….

In ਮੁੱਖ ਲੇਖ
July 07, 2025

ਵਰਿੰਦਰ ਸਿੰਘ ਨਿਮਾਣਾ

ਬਚਪਨ ਦੇ ਦਿਨੀਂ ਪਿੰਡ ਵਿੱਚ ਮੀਹਾਂ ਦੀ ਰੁੱਤੇ ਪੱਕਣ ਵਾਲੇ ਅੰਬਾਂ, ਜਾਮਣਾਂ ਤੇ ਅਮਰੂਦਾਂ ਵਾਲੇ ਰੁੱਖਾਂ ਦੀ ਭਰਮਾਰ ਰਿਹਾ ਕਰਦੀ ਸੀ। ਪਿੰਡ ਦੀ ਜਿਹੜੀ ਮਰਜ਼ੀ ਦਿਸ਼ਾ ਵੱਲ ਚਲੇ ਜਾਣਾ, ਹਰ ਪਾਸੇ ਵੱਖ ਵੱਖ ਮੌਸਮਾਂ ’ਚ ਕੁਦਰਤੀ ਨਿਆਮਤਾਂ ਦੇ ਇਹ ਖ਼ਜ਼ਾਨੇ ਧਰਤੀ ਮਾਂ ਦੇ ਸੀਨੇ ’ਤੇ ਉਲੱਦੇ ਹੋਏ ਘੁੱਗ ਵਸਦੀ ਜ਼ਿੰਦਗੀ ਦੀਆਂ ਬਰਕਤਾਂ ਵਧਾਉਂਦੇ ਨਜ਼ਰ ਆਇਆ ਕਰਦੇ ਸਨ। ਜੇਠ ਮਹੀਨੇ ਦੀਆਂ ਤਿੱਖੜ ਦੁਪਹਿਰਾਂ ਤੋਂ ਬਾਅਦ ਜਦੋਂ ਹਾੜ ਮਹੀਨੇ ਦੇ ਮੀਂਹ ਦਾ ਦੌਰ ਸ਼ੁਰੂ ਹੁੰਦਾ ਤਾਂ ਪਿੰਡ ਦੀਆਂ ਵੱਖ ਵੱਖ ਦਿਸ਼ਾਵਾਂ ਵਿੱਚ ਵਿਸ਼ਾਲ ਕਾਇਆ ਵਾਲੇ ਅੰਬਾਂ ਨੂੰ ਲੱਗਿਆ ਫ਼ਲ ਟਪਕਣ ਲੱਗ ਪੈਂਦਾ।
ਇਨ੍ਹਾਂ ਦਰੱਖਤਾਂ ’ਤੇ ਪੱਕ ਰਹੇ ਅੰਬਾਂ ਦੀ ਮੌਜੂਦਗੀ ਤੇ ਦਿਲ ਨੂੰ ਧੂਹ ਪਾਉਣ ਵਾਲੀ ਮਹਿਕ ਇਨ੍ਹਾਂ ਕੋਲੋਂ ਲੰਘਦੇ ਹਰ ਸ਼ਖ਼ਸ ਨੂੰ ਆਪਣੇ ਵੱਲ ਖਿੱਚਦੀ ਮਹਿਸੂਸ ਹੋਇਆ ਕਰਦੀ ਸੀ। ਇਨ੍ਹਾਂ ਖੁਸ਼ਬੋਦਾਰ ਦਰੱਖਤਾਂ ਦੁਆਲੇ ਬਚਪਨ ਦੀਆਂ ਮੌਜ ਬਹਾਰਾਂ ਮਾਣ ਰਹੇ ਤੇ ਛੋਟੀਆਂ ਛੋਟੀਆਂ ਖੇਡਾਂ ਖੇਡਦੇ ਨਿਆਣਿਆਂ ਲਈ ਇਨ੍ਹਾਂ ਰਸੀਲੇ ਤੇ ਮਹਿਕਾਂ ਛੱਡਦੇ ਫ਼ਲਾਂ ਤੱਕ ਪਹੁੰਚਣਾ ਬੜਾ ਔਖਾ ਕੰਮ ਹੁੰਦਾ ਸੀ। ਕਾਰਨ ਇਹ ਕਿ ਅੰਬਾਂ ਦੇ ਦਰੱਖਤਾਂ ’ਤੇ ਲੱਗਾ ਫ਼ਲ ਜਦੋਂ ਹੀ ਪੱਕਣ ਦੀ ਤਿਆਰੀ ਕਰਦਾ ਤਾਂ ਦਰੱਖਤਾਂ ਦੇ ਮਾਲਕਾਂ ਵੱਲੋਂ ਫ਼ਲਾਂ ਦੀ ਰਾਖੀ ਲਈ ਦਰੱਖਤਾਂ ਹੇਠ ਆਰਜ਼ੀ ਕੁੱਲੀਆਂ ਪਾ ਕੇ ਸਖ਼ਤ ਨਿਗਰਾਨੀ ਸ਼ੁਰੂ ਕਰ ਦਿੱਤੀ ਜਾਂਦੀ ਸੀ। ਸਾਡੇ ਘਰ ਦੇ ਨੇੜੇ ਪਿੰਡ ਦੇ ਚੜ੍ਹਦੇ ਪਾਸੇ ਲਾਗਲੇ ਪਿੰਡ ਦੀ ਜ਼ਮੀਨ ਵਿੱਚ ਰਾਹ ਦੇ ਕੰਢੇ ਹੀ ਦੋ ਵੱਡ ਆਕਾਰੀ ਅੰਬਾਂ ਨੂੰ ਹਰ ਸਾਲ ਭਰਵਾਂ ਫ਼ਲ ਲੱਗਿਆ ਕਰਦਾ।
ਹਾੜ ਦੇ ਅੱਧ ਤੋਂ ਬਾਅਦ ਪੱਕਣ ਵਾਲਾ ਛੱਲੀ ਵਰਗਾ ਲੰਮੂਤਰਾ ਜਿਹਾ ਅੰਬ ਬਹੁਤ ਹੀ ਸੁਆਦੀ ਤੇ ਮਹਿਕਦਾਰ ਹੁੰਦਾ ਤੇ ਦੂਜਾ ਸਾਉਣ ਬੀਤ ਜਾਣ ਤੋਂ ਬਾਅਦ ਭਾਦੋਂ ਦੇ ਮਹੀਨੇ ਜਾ ਪੱਕਦਾ, ਜਿਹਨੂੰ ਲੋਕ ਭਦਵਾੜਾ ਅੰਬ ਕਿਹਾ ਕਰਦੇ ਸਨ। ਰਾਹ ਕੋਲੋਂ ਲੰਘਣ ਵਾਲੇ ਹਰ ਸ਼ਖ਼ਸ ਨੂੰ ਦੋਹਾਂ ’ਚੋਂ ਪਹਿਲਾਂ ਪੱਕਣ ਵਾਲੇ ਛੱਲੀ ਅੰਬ ਦੇ ਸੁਆਦ ਤੇ ਪੱਕਣ ਵਾਲੇ ਸਮੇਂ ਵਾਰੇ ਪੂਰੀ ਜਾਣਕਾਰੀ ਹੁੰਦੀ ਤੇ ਬਹੁਤੇ ਬੰਦੇ ਇਸ ਦਾ ਸੁਆਦ ਮਾਣਨ ਲਈ ਮੂੰਹ ਹਨੇਰੇ ਹੀ ਇਹਦੇ ਵੱਲ ਆਪਣਾ ਦਾਅ ਲਾਉਣ ਦੀ ਕੋਸ਼ਿਸ਼ ਕਰਦੇ, ਕਿਉਂਕਿ ਦਿਨ ਚੜ੍ਹਨ ਤੱਕ ਤਾਂ ਅੰਬਾਂ ਦੀ ਰਾਖੀ ਕਰਨ ਵਾਲਾ ਮੁੰਡਾ ਇੱਥੇ ਪਹੁੰਚ ਕੇ ਕਿਸੇ ਨੂੰ ਅੰਬਾਂ ਦੇ ਨੇੜੇ ਨਹੀਂ ਸੀ ਫਟਕਣ ਦਿੰਦਾ। ਜਿੱਦਣ ਕਿਤੇ ਅੰਬਾਂ ਦਾ ਰਾਖਾ ਮੁੰਡਾ ਘਰੋਂ ਆਉਣ ਵਿੱਚ ਕੁਝ ਦੇਰ ਕਰ ਦਿੰਦਾ ਤਾਂ ਰਾਹੇ ਕੰਢੇ ਪੈਂਦੇ ਅੰਬਾਂ ਦੇ ਦਰੱਖਤਾਂ ਤੋਂ ਅੰਬਾ ਦੇ ਸ਼ੌਕੀਨ ਰਾਤ ਦੇ ਡਿੱਗੇ ਅੰਬ ਮੂੰਹ ਹਨੇਰੇ ਹੀ ਚੋਰੀ ਚੁੱਕ ਦਰੱਖਤ ਦਾ ਥੱਲਾ ਸਾਫ਼ ਕਰ ਦਿੰਦੇ, ਜਿਸ ਕਰਕੇ ਅੰਬਾਂ ਦੀ ਰਾਖੀ ਕਰਨ ਵਾਲੇ ਮੁੰਡੇ ਦਾ ਅੜਬ ਪਿਓ ਫ਼ਲਾਂ ਦੀ ਰਾਖੀ ਨਾ ਕਰ ਸਕਣ ਕਰਕੇ ਉਸ ਦੀ ਚੰਗੀ ਛਾਮਤ ਲਿਆਉਂਦਾ।
ਹਾਲਾਂਕਿ ਅੰਬਾਂ ਦੀ ਰਾਖੀ ਕਰਨ ਵਾਲਾ ਮੁੰਡਾ ਸਾਡੇ ਸਕੂਲ ਹੀ ਪੜ੍ਹਦਾ ਹੋਣ ਕਰਕੇ ਸਾਡਾ ਵੀ ਚੰਗਾ ਵਾਕਿਫ ਹੁੰਦਾ, ਪਰ ਆਪਣੇ ਬੂਟਿਆਂ ਤੋਂ ਪੱਕੇ ਅੰਬ ਚੁਪਾਉਣ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਕੋਰਾ ਤੇ ਬੇਲਿਹਾਜ਼ੀ ਦਿਖਾਇਆ ਕਰਦਾ। ਜੇ ਕਿੱਧਰੇ ਅੰਬਾਂ ਨੂੰ ਦਾਅ ਲਾਉਣ ਲਈ ਅਸੀਂ ਦੋ ਤਿੰਨ ਜਣੇ ਉਸ ਨੂੰ ਗੱਲਾਂ ਵਿੱਚ ਫਸਾਉਣ ਜਾਂ ਕਿਸੇ ਖੇਡ ਵਿੱਚ ਉਲਝਾਉਣ ਦੀ ਕੋਸ਼ਿਸ਼ ਵੀ ਕਰਦੇ ਤਾਂ ਉਹ ਮੰਡਾ ਆਪਣੇ ਕੰਮ ਵਿੱਚ ਮੁਸ਼ਤੈਦੀ ਦਿਖਾਉਂਦਿਆਂ ਆਪਣੇ ਅੜਬ ਪਿਓ ਨੂੰ ਸਾਡੀ ਸ਼ਿਕਾਇਤ ਲਾ ਕੇ ਛਿੱਤਰ ਪਰੇਡ ਕਰਾਉਣ ਦੀ ਧਮਕੀ ਦਿੰਦਾ ਰਹਿੰਦਾ ਤੇ ਅੰਬ ਚੂਪਣ ਦੀਆਂ ਸਾਡੀਆਂ ਸਾਰੀਆਂ ਸਕੀਮਾਂ ’ਤੇ ਪਾਣੀ ਫੇਰਦਿਆਂ ਕਹਿੰਦਾ, ‘‘ਭਾਪਾ ਕਹਿੰਦਾ ਸੀ ਅੰਬ ਉਤੋਂ ਨਹੀਂ ਲਾਹੁਣੇ, ਜੇ ਕੋਈ ਜ਼ਬਰਦਸਤੀ ਕਰੂ ਤਾਂ ਮੈਨੂੰ ਦੱਸਣਾ, ਮੈਂ ਬਣਾਊਂ ਉਨ੍ਹਾਂ ਨੂੰ ਬੰਦੇ ਦੇ ਪੁੱਤ।’’ ਇਸ ਤਰ੍ਹਾਂ ਹਰ ਸਾਲ ਮੀਹਾਂ ਦੀ ਰੁੱਤੇ ਘਰ ਦੇ ਨੇੜੇ ਹੀ ਮਹਿਕਦੀਆਂ ਇਨ੍ਹਾਂ ਕੁਦਰਤੀ ਦਾਤਾਂ ਨੂੰ ਮਾਣਨ ਲਈ ਮਨ ਹਮੇਸ਼ਾਂ ਤਾਂਘਦਾ ਰਹਿੰਦਾ ਅਤੇ ਦਾਅ ਲੱਗਦਿਆਂ ਹੀ ਇਨ੍ਹਾਂ ਨੂੰ ਹਾਸਲ ਕਰਕੇ ਜ਼ਿੰਦਗੀ ਦੀ ਵੱਡੀ ਖ਼ੁਸ਼ੀ ਮਿਲ ਗਈ ਸਮਝਿਆ ਕਰਦਾ ਸੀ।
ਇਸ ਤਰ੍ਹਾਂ ਹੀ ਸਕੂਲ ਵਾਲੇ ਰਾਹ ’ਤੇ ਆਪਣੇ ਹੀ ਨੇੜਲੇ ਰਿਸ਼ਤੇਦਾਰਾਂ ਦੇ ਖੇਤਾਂ ’ਚ ਰਾਹ ਦੇ ਨਾਲ ਨਾਲ 6-7 ਅੰਬਾਂ ਦੇ ਬੂਟਿਆਂ ਦੀ ਲੰਮੀ ਪਾਲ ਦੇ ਅੰਬ ਜਦੋਂ ਪੱਕਣੇ ਸ਼ੁਰੂ ਹੋ ਜਾਂਦੇ ਤਾਂ ਇਨ੍ਹਾਂ ਫ਼ਲਾਂ ਦਾ ਖੁਸ਼ਬੋਦਾਰ ਸੁਆਦ ਮਾਣਨ ਲਈ ਮਨ ਵਿੱਚ ਕਈ ਤਰਕੀਬਾਂ ਬਣਦੀਆਂ ਰਹਿੰਦੀਆਂ ਸਨ। ਭਾਵੇਂ ਇਨ੍ਹਾਂ ਕੁਦਰਤੀ ਸੌਗਾਤਾਂ ਦੇ ਮਾਲਕ ਤਾਂ ਆਪਣੇ ਰਿਸ਼ਤੇਦਾਰ ਹੀ ਹੁੰਦੇ ਸਨ, ਪਰ ਪਿੰਡ ਦੇ ਬਾਕੀ ਨਿਆਣਿਆਂ ਵਾਂਗ ਇਨ੍ਹਾਂ ਪੱਕਦੇ ਫ਼ਲਾਂ ਦੇ ਸੁਆਦ ਨੂੰ ਮਾਣਨ ਦੀ ਕਦੇ ਖੁੱਲ੍ਹ ਨਹੀਂ ਸੀ ਮਿਲੀ।
ਸਕੂਲ ਵਾਲੀ ਦਿਸ਼ਾ ਵਿੱਚ ਹੀ ਆਬਾਦੀ ਤੋਂ ਦੂਰ ਬੋਹੜ ਦੇ ਦਰੱਖਤ ਵਾਂਗ ਆਪਣੀਆਂ ਵੱਡੀਆਂ ਤੇ ਉੱਚੀਆਂ ਟਾਹਣੀਆਂ ਨਾਲ ਕੂਹਣੀ ਭਾਰ ਧਰਤੀ ਨੂੰ ਜਾ ਲੱਗੇ ‘ਕਲਮੀ ਅੰਬ’ ਦੇ ਸੁਆਦ ਤੇ ਖੁਸ਼ਬੋ ਦੀਆਂ ਗੱਲਾਂ ਵੀ ਦੂਰ ਦੂਰ ਤੱਕ ਫੈਲੀਆਂ ਹੋਈਆਂ ਸਨ।
ਪਿੰਡ ਦੇ ਲਹਿੰਦੇ ਪਾਸੇ ਪੈਂਦੇ ਸੰਤਾਂ ਦੇ ਡੇਰੇ ਵਿੱਚ ਅੰਬਾਂ ਵਾਲੇ ਝੰਡ ਦੇ ਅੰਬ ਜਦੋਂ ਪੱਕਣ ਲੱਗਦੇ ਤਾਂ ਪਿੰਡ ਦੇ ਬਹੁਤ ਸਾਰੇ ਬੰਦਿਆਂ ਤੇ ਨਿਆਣਿਆਂ ਦੇ ਗੇੜੇ ਇਸ ਪਾਸੇ ਵਧਣੇ ਸ਼ੁਰੂ ਹੋ ਜਾਂਦੇ। ਡੇਰੇ ਵਿੱਚ ਰਹਿੰਦੇ ਸੰਤਾਂ ਤੇ ਸਾਧੂਆਂ ਦੀ ਨਿਆਣਿਆਂ ਨਾਲ ਬਹੁਤੀ ਜਾਣ ਪਛਾਣ ਨਾ ਹੋਣ ਕਰਕੇ ਬਹੁਤੇ ਨਿਆਣੇ ਡੇਰੇ ਦੇ ਅੰਦਰ ਜਾਣ ਤੋਂ ਝਿਜਕਦੇ ਤੇ ਡਰਦੇ ਰਹਿੰਦੇ ਸਨ। ਕਿਸੇ ਇੱਕ ਅੱਧੇ ਸਾਥੀ ਦੀ ਬੇਨਤੀ ’ਤੇ ਜੇਕਰ ਡੇਰੇ ਅੰਦਰ ਚੁੱਪਚਾਪ ਤੇ ਕੋਈ ਸ਼ਰਾਰਤ ਨਾ ਕਰਨ ਦੀ ਸ਼ਰਤ ’ਤੇ ਦਰੱਖਤਾਂ ਥੱਲਿਓਂ ਸੰਤਾਂ ਕੋਲੋਂ ਪੱਕੇ ਅੰਬ ਚੁੱਕਣ ਦੀ ਆਗਿਆ ਮਿਲ ਜਾਣੀ ਤਾਂ ਨਿਆਣੇ ਮੂੰਹਾਂ ’ਤੇ ਉਂਗਲ ਰੱਖ, ਦੱਬੇ ਦੱਬੇ ਪੈਰੀਂ ਬਿਨਾਂ ਕੋਈ ਖੜਾਕ ਕੀਤਿਆਂ ਪੱਕੇ ਪੱਕੇ ਅੰਬ ਆਪਣੇ ਭਾਂਡਿਆਂ ਵਿੱਚ ਪਾ ਕੇ ਪਿੰਡ ਵੱਲ ਨੂੰ ਇਸ ਤਰ੍ਹਾਂ ਦੌੜਦੇ ਜਿਵੇਂ ਕੋਈ ਬਹੁਤ ਵੱਡਾ ਖ਼ਜ਼ਾਨਾ ਲੱਭ ਲਿਆਏ ਹੋਣ। ਇਸ ਤਰ੍ਹਾਂ ਪੇਂਡੂ ਰਹਿਤਲ ਦੀਆਂ ਨਿਆਮਤਾਂ ਮਾਣਨ ਤੋਂ ਬਾਅਦ ਜ਼ਿੰਦਗੀ ਜਦੋਂ ਸਕੂਲੀ ਪੜ੍ਹਾਈਆਂ ਖ਼ਤਮ ਕਰਕੇ ਕਾਲਜਾਂ ਦੀਆਂ ਚਾਰਦੀਵਾਰੀਆਂ ਵਿੱਚ ਆਪਣੇ ਸੁਪਨਿਆਂ ਦੇ ਆਲ੍ਹਣਿਆਂ ਨੂੰ ਬੁਣਨ ਲੱਗੀ ਤਾਂ ਪੜ੍ਹਾਈਆਂ ਦੇ ਨਾਲ ਘਰੇਲੂ ਜ਼ਿੰਮੇਵਾਰੀਆਂ ਦੀਆਂ ਉਲਝਣਾਂ ਵੀ ਵਧਣ ਲੱਗ ਪਈਆਂ ਸਨ।
ਪੰਜ ਕੁ ਸਾਲ ਪਹਿਲਾਂ ਘਰ ਦੇ ਵਿਹੜੇ ’ਚ ਬੀਜੀ ਅੰਬ ਦੀ ਗਿਟਕ ਤੋਂ ਤਿਆਰ ਬੂਟੇ ਨੂੰ ਪਿਉਂਦ ਕਰਾਈ ਗਈ ਸੀ, ਇਸ ਸਾਲ ਉਸ ਬੂਟੇ ’ਤੇ ਜਿਹੜੇ ਅੰਬ ਲੱਗੇ ਉਹ ਕੁਦਰਤੀ ਉਸ ਸੰਧੂਰੀ ਅੰਬ ਵਰਗੇ ਨਿਕਲੇ ਜੋ ਕਦੇ ਬਚਪਨ ਵਿੱਚ ਉੱਚੇ ਲੰਮੇਂ ਦਰੱਖਤ ’ਤੇ ਆਪਣੇ ਅਦਭੁੱਤ ਰੰਗ ਤੇ ਖੁਸ਼ਬੋ ਕਾਰਨ ਬਚਪਨ ਦੀਆਂ ਝੇਡਾਂ ਨੂੰ ਮਹਿਕਾ ਜਾਂਦਾ ਸੀ ਤੇ ਅਕਸਰ ਸਾਡੀ ਪਹੁੰਚ ਤੋਂ ਦੂਰ ਹੁੰਦਾ ਸੀ। ਘਰ ਵਾਲੇ ਰਾਹ ਤੋਂ ਲੰਘਣ ਵਾਲੇ ਹਰ ਕਿਸੇ ਨੂੰ ਸੈਨਤ ਮਾਰ ਰਹੇ ਇਸ ਸੰਧੂਰੀ ਅੰਬ ਦੀ ਕਿਸਮ ਤੇ ਖੂਬਸੂਰਤੀ ਨੂੰ ਦੇਖ ਕੇ ਖ਼ੁਸ਼ ਹੋ ਜਾਂਦੇ ਹਨ। ਕੁਦਰਤ ਨੂੰ ਨੀਝ ਨਾਲ ਤੱਕਣ ਤੇ ਕੁਦਰਤ ਦੀਆਂ ਬੇਹਿਸਾਬ ਮੌਸਮੀ ਰਹਿਮਤਾਂ ਨਾਲ ਮੋਹ ਰੱਖਣ ਦਾ ਹੀ ਅਸਰ ਇਹ ਹੋਇਆ ਹੈ ਕਿ ਬਚਪਨ ਦੇ ਦੌਰ ਦੀ ਉਹ ਮਹਿਕ ਜੋ ਵਕਤ ਦੀਆਂ ਪੈੜਾਂ ’ਚ ਕਿਧਰੇ ਗੁਆਚ ਗਈ ਸੀ, ਘਰ ਦੇ ਵਿਹੜੇ ’ਚ ਹੀ ‘ਸੰਧੂਰੀ ਅੰਬ’ ਦੀ ਖੁਸ਼ਬੋ ਬਣ ਕੇ ਜ਼ਿੰਦਗੀ ਦੇ ਕਈ ਉਦਰੇਵਿਆਂ ਦੀ ਦਵਾ ਬਣਦੀ ਮਹਿਸੂਸ ਹੋਣ ਲੱਗ ਪਈ ਹੈ।

Loading