ਉਜ਼ਬੇਕਿਸਤਾਨ ਵਿੱਚ ਸਿੱਖ ਧਰਮ ਦੀਆਂ ਪੈੜਾਂ

In ਮੁੱਖ ਲੇਖ
October 18, 2025

ਪ੍ਰੋਫ਼ੈਸਰ ਬਲਵਿੰਦਰ ਪਾਲ ਸਿੰਘ
9815700916

ਮੱਧ ਏਸ਼ੀਆ ਦੇ ਦਿਲ ਉਜ਼ਬੇਕਿਸਤਾਨ ਵਿੱਚ ਸਿੱਖ ਇਤਿਹਾਸ ਅਤੇ ਰੂਹਾਨੀਅਤ ਦੀਆਂ ਪਰਤਾਂ ਮਿਲਦੀਆਂ ਹਨ। ਸਿਲਕ ਰੋਡ ਦੇ ਪ੍ਰਾਚੀਨ ਰਾਹਾਂ ’ਤੇ ਜਿੱਥੇ ਪੂਰਬ-ਪੱਛਮ ਦੀ ਸੱਭਿਆਚਾਰਕ ਗੂੰਜ ਸੁਣਾਈ ਦਿੰਦੀ ਹੈ, ਉਥੇ ਸਿੱਖ ਧਰਮ ਨਾਲ ਜੁੜੀਆਂ ਯਾਦਾਂ ਵੀ ਮੌਜੂਦ ਹਨ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਸੰਬੰਧਿਤ ਸਾਖੀਆਂ ਇਥੇ ਲੋਕਵਾਰਤਾ ਦੇ ਰੂਪ ਵਿੱਚ ਜੀਉਂਦੀਆਂ ਹਨ। 15ਵੀਂ-16ਵੀਂ ਸਦੀ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਯਾਤਰਾਵਾਂ ਰਾਹੀਂ ਸਿੱਖੀ ਦਾ ਸੁਨੇਹਾ ਫ਼ੈਲਾਇਆ, ਕਈ ਸੂਫ਼ੀ ਪਰੰਪਰਾਵਾਂ ਵਿੱਚ ਉਨ੍ਹਾਂ ਨੂੰ “ਨਾਨਕ ਕਲੰਦਰ” ਨਾਮ ਨਾਲ ਯਾਦ ਕੀਤਾ ਗਿਆ। ਸਮਰਕੰਦ ਅਤੇ ਬੁਖਾਰਾ ਵਿੱਚ ਅਜੇ ਵੀ ਕੁਝ ਥਾਵਾਂ ਉਨ੍ਹਾਂ ਦੇ ਨਾਂ ਨਾਲ ਜੁੜੀਆਂ ਮੰਨੀਆਂ ਜਾਂਦੀਆਂ ਹਨ, ਜਿਵੇਂ “ਨਾਨਕ ਕਲੰਦਰ ਦਾ ਸਮਾਰਕ”, ਜਿੱਥੇ ਸਥਾਨਕ ਲੋਕ ਗੁਰੂ ਜੀ ਨਾਲ ਜੁੜੀ ਯਾਦ ਦਾ ਆਦਰ ਕਰਦੇ ਹਨ। ਹਾਲਾਂਕਿ ਇਨ੍ਹਾਂ ਸਥਾਨਾਂ ਦੇ ਇਤਿਹਾਸਕ ਸਰੋਤ ਘੱਟ ਹਨ, ਪਰ ਇਹ ਸਾਖੀਆਂ ਗੁਰੂ ਨਾਨਕ ਦੇ ਸੁਨੇਹੇ ਦੀ ਸਰਵਵਿਆਪਕਤਾ ਨੂੰ ਦਰਸਾਉਂਦੀਆਂ ਹਨ।
ਉਜ਼ਬੇਕਿਸਤਾਨ ਵਿੱਚ ਸਿੱਖਾਂ ਦੀ ਹਾਜ਼ਰੀ ਵਪਾਰਕ ਰਾਹਾਂ ਦੁਆਰਾ ਹੋਈ ਸੀ। 18ਵੀਂ-19ਵੀਂ ਸਦੀ ਵਿੱਚ ਪੰਜਾਬੀ ਵਪਾਰੀ ਸਿਲਕ, ਊਨ ਅਤੇ ਸੁੱਕੇ ਫ਼ਲਾਂ ਦੇ ਕਾਰੋਬਾਰ ਲਈ ਬੁਖਾਰਾ ਅਤੇ ਤਾਸ਼ਕੰਦ ਤੱਕ ਪਹੁੰਚੇ ਸਨ। ਕੁਝ ਪਰਿਵਾਰ ਇਥੇ ਵਸ ਗਏ ਅਤੇ ਆਪਣੇ ਘਰਾਂ ਵਿੱਚ ਧਰਮਸ਼ਾਲਾਵਾਂ ਬਣਾਈਆਂ।
ਅੱਜ ਦੇ ਸਮੇਂ ਵਿੱਚ ਉਜ਼ਬੇਕਿਸਤਾਨ ਵਿੱਚ ਸਿੱਖਾਂ ਦੀ ਗਿਣਤੀ ਕਾਫ਼ੀ ਘੱਟ (ਲਗਭਗ 50-100 ਪਰਿਵਾਰ) ਮੰਨੀ ਜਾਂਦੀ ਹੈ। ਉਹ ਤਾਸ਼ਕੰਦ, ਬੁਖਾਰਾ ਅਤੇ ਸਮਰਕੰਦ ਵਿੱਚ ਛੋਟੀ ਗਿਣਤੀ ਵਿੱਚ ਵਸਦੇ ਹਨ। ਸਰਕਾਰੀ ਤੌਰ ’ਤੇ ਕੋਈ ਰਜਿਸਟਰਡ ਗੁਰਦੁਆਰਾ ਨਹੀਂ, ਪਰ ਘਰੇਲੂ ਪ੍ਰਕਾਸ਼ ਕੇਂਦਰਾਂ ਵਿੱਚ ਪਾਠ, ਕੀਰਤਨ ਅਤੇ ਲੰਗਰ ਦੀ ਰੀਤ ਜਾਰੀ ਹੈ।
ਇਹ ਕੇਂਦਰ ਸਿਰਫ਼ ਪੂਜਾ-ਸਥਾਨ ਨਹੀਂ—ਇਹ ਪੰਜਾਬੀ ਭਾਸ਼ਾ, ਗੁਰਮੁਖੀ ਲਿਪੀ ਅਤੇ ਸਿੱਖ ਪਰੰਪਰਾਵਾਂ ਨੂੰ ਜਿਉਂਦੇ ਰੱਖਣ ਦੇ ਯਤਨ ਹਨ। ਹਾਲਾਂਕਿ ਨੌਜਵਾਨ ਪੀੜ੍ਹੀ ਵਿੱਚ ਪੰਜਾਬੀ ਜਾਣਕਾਰੀ ਘਟ ਰਹੀ ਹੈ, ਪਰ ਬਜ਼ੁਰਗ ਸਿੱਖ ਇਸ ਸੰਸਕਾਰ ਨੂੰ ਸੰਭਾਲਣ ਲਈ ਸਮਰਪਿਤ ਹਨ।
1858 ਵਿੱਚ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ ਸੀ, ਜੋ ਸਿੱਖ ਭਾਈਚਾਰੇ ਦੀ ਸਰਗਰਮੀ ਤੇ ਫ਼ੈਲਾਅ ਦਾ ਸਬੂਤ ਹੈ।
ਕਰਮੀਨਾ ਅਤੇ ਕਾਰਸ਼ੀ ਵੱਲ ਦੇ ਖੇਤਰਾਂ ਵਿੱਚ “ਨਾਨਕ ਪੀਰ ਦੇ ਝਰਨੇ” ਜਾਂ ਪਾਣੀ ਦੇ ਸਰੋਤਾਂ ਨਾਲ ਸੰਬੰਧਤ ਸਥਾਨਕ ਕਥਾਵਾਂ ਮਿਲਦੀਆਂ ਹਨ, ਜਿਥੇ ਅਰਦਾਸ ਜਾਂ ਮੰਨਤ ਦੇ ਰਿਵਾਜ ਦੀ ਗੱਲ ਕੀਤੀ ਜਾਂਦੀ ਹੈ; ਇਹ ਥਾਵਾਂ ਸਾਂਝੀ ਆਸਥਾ ਦੇ ਸਥਾਨ ਵਜੋਂ ਮੰਨੀਆਂ ਜਾਂਦੀਆਂ ਹਨ।
ਸਮਰਕੰਦ ਵਿੱਚ ‘ਨਾਨਕ ਕਲੰਦਰ’ ਦਾ ਸਮਾਰਕ ਹੈ, ਜਿੱਥੇ ਲੋਕ ਗੁਰੂ ਜੀ ਦੀ ਡਾਂਗ ਦੀ ਪੂਜਾ ਕਰਦੇ ਨੇ। ਇੱਕ ਸਾਖੀ ਮੁਤਾਬਕ, 1826 ਵਿੱਚ ਬੁਖਾਰਾ ਦੇ ਅਮੀਰ ਨੇ ਹਿਸਾਰ ਦੇ ਅਮੀਰ ’ਤੇ ਹਮਲਾ ਕੀਤਾ। ਪਹਿਲੀ ਲੜਾਈ ਵਿੱਚ ਹਾਰਨ ਤੋਂ ਬਾਅਦ, ਉਸ ਨੇ ਨਾਨਕ ਪੀਰ ਦੇ ਝਰਨੇ ’ਤੇ ਅਰਦਾਸ ਕੀਤੀ ਅਤੇ ਜਿੱਤ ਹਾਸਲ ਕੀਤੀ। ਨਰਤਾ ਪਿੰਡ ਵਿੱਚ ਇੱਕ ਪਹਾੜੀ ’ਤੇ ਸਥਿਤ ਝਰਨਾ ਵੀ ਗੁਰੂ ਜੀ ਨਾਲ ਜੁੜਿਆ ਹੈ, ਜਿੱਥੇ ਸਥਾਨਕ ਲੋਕ ਉਨ੍ਹਾਂ ਨੂੰ ‘ਪੀਰ ਵਾਲੀ ਹਿੰਦ’ ਜਾਂ ‘ਨਾਨਕ ਕਲੰਦਰ’ ਕਹਿ ਕੇ ਯਾਦ ਕਰਦੇ ਨੇ। ਇਹ ਸਾਖੀਆਂ ਸਿੱਖ ਧਰਮ ਦੀ ਹੋਂਦ ਨੂੰ ਦਰਸਾਉਂਦੀਆਂ ਨੇ।
ਸਿੱਖਾਂ ਦੀ ਸਥਾਪਨਾ ਤੇ ਗੁਰਦੁਆਰਿਆਂ ਦਾ ਇਤਿਹਾਸ
ਉਜ਼ਬੇਕਿਸਤਾਨ ਵਿੱਚ ਸਿੱਖ ਭਾਈਚਾਰਾ ਮੁੱਖ ਤੌਰ ’ਤੇ ਵਪਾਰਕ ਉਦੇਸ਼ ਕਰਕੇ ਵਸਿਆ ਸੀ। 19ਵੀਂ ਸਦੀ ਵਿੱਚ ਪੰਜਾਬੀ ਵਪਾਰੀ ਸਿਲਕ, ਊਨ ਅਤੇ ਸੁੱਕੇ ਮੇਵਿਆਂ ਦੇ ਵਪਾਰ ਲਈ ਬੁਖਾਰਾ ਪੁੱਜੇ। ਮੁਗਲ ਕਾਲ ਵਿੱਚ ਪੰਜਾਬ ਅਤੇ ਉਜ਼ਬੇਕਿਸਤਾਨ ਦਰਮਿਆਨ ਕਾਰਵਾਂ ਸਰਾਵਾਂ ਸਥਾਪਤ ਹੋਈਆਂ, ਜਿੱਥੇ ਸਿੱਖਾਂ ਨੇ ਧਰਮਸ਼ਾਲਾਵਾਂ ਬਣਾਈਆਂ।
ਸੋਵੀਅਤ ਸਮੇਂ (1924-1991) ਵਿੱਚ, ਜਦੋਂ ਧਾਰਮਿਕ ਗਤੀਵਿਧੀਆਂ ’ਤੇ ਸਖ਼ਤ ਪਾਬੰਦੀਆਂ ਸਨ, ਸਿੱਖ ਭਾਈਚਾਰੇ ਨੇ ਗੁਪਤ ਰੂਪ ਵਿੱਚ ਆਪਣੀਆਂ ਪਰੰਪਰਾਵਾਂ ਨੂੰ ਜਾਰੀ ਰੱਖਿਆ। 1991 ਵਿੱਚ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ, ਉਜ਼ਬੇਕਿਸਤਾਨ ਵਿੱਚ ਸਿੱਖ ਭਾਈਚਾਰੇ ਨੂੰ ਧਾਰਮਿਕ ਅਤੇ ਸੱਭਿਆਚਾਰਕ ਸਰਗਰਮੀਆਂ ਲਈ ਵਧੇਰੇ ਆਜ਼ਾਦੀ ਮਿਲੀ। ਹਾਲਾਂਕਿ, ਸਰਕਾਰੀ ਨਿਗਰਾਨੀ ਅਤੇ ਧਾਰਮਿਕ ਘੱਟ-ਗਿਣਤੀਆਂ ’ਤੇ ਨਿਯਮ ਅਜੇ ਵੀ ਕੁਝ ਰੁਕਾਵਟਾਂ ਪੈਦਾ ਕਰਦੇ ਹਨ।
ਉਜ਼ਬੇਕਿਸਤਾਨ ਵਿੱਚ ਇਸ ਵੇਲੇ ਕੋਈ ਸਰਕਾਰੀ ਰਜਿਸਟਰਡ ਸਿੱਖ ਗੁਰਦੁਆਰਾ ਮੰਨਿਆ ਨਹੀਂ ਜਾਂਦਾ, ਸਿੱਖ ਸੰਗਤ ਤਾਸ਼ਕੰਦ, ਬੁਖਾਰਾ ਅਤੇ ਸਮਰਕੰਦ ਵਿੱਚ ਘਰੇਲੂ ਜਾਂ ਕਿਰਾਏ ਦੇ ਹਾਲਾਂ ਵਿੱਚ ਪ੍ਰਕਾਸ਼, ਕੀਰਤਨ ਅਤੇ ਲੰਗਰ ਕਰਦੀ ਹੈ, ਇਸ ਲਈ ਉਨ੍ਹਾਂ ਨੂੰ ਚਲੰਤ ਸੰਗਤ ਕੇਂਦਰ ਕਿਹਾ ਜਾ ਸਕਦਾ ਹੈ, ਪਰ ਕਨੂੰਨੀ ਤੌਰ ਉਪਰ ਗੁਰਦੁਆਰਾ ਦਰਜੇ ਵਾਲਾ ਸਥਾਨ ਦਰਜ ਨਹੀਂ ਹੈ। ਇਥੇ ਲੰਗਰ ਵਿੱਚ ਸਥਾਨਕ ਉਜ਼ਬੇਕ ਵੀ ਸ਼ਾਮਲ ਹੁੰਦੇ ਨੇ, ਜੋ ਸਿੱਖੀ ਦੇ ਬਰਾਬਰੀ ਦੇ ਸਿਧਾਂਤ ਨੂੰ ਮਜਬੂਤ ਕਰਦਾ ਹੈ।
ਇਤਿਹਾਸਕ ਸਾਖੀਆਂ ਵਿੱਚ ਸਮਰਕੰਦ-ਬੁਖਾਰਾ ਨਾਲ “ਨਾਨਕ ਕਲੰਦਰ” ਵਾਰੀ ਲੋਕ-ਰਿਵਾਇਤਾਂ ਮਿਲਦੀਆਂ ਹਨ, ਪਰ ਇਹ ਸਥਾਨ ਸਿੱਖ ਪ੍ਰਬੰਧਕ ਕਮੇਟੀਆਂ ਅਧੀਨ ਰਜਿਸਟਰਡ ਗੁਰਦੁਆਰੇ ਵਜੋਂ ਹੋਂਦ ਨਹੀਂ ਰਖਦੇ; ਇਨ੍ਹਾਂ ਦੀ ਹੋਂਦ ਜ਼ਿਆਦਾਤਰ ਸਾਂਝੇ ਜਾਂ ਸਥਾਨਕ ਧਾਰਮਿਕ ਸਮਾਰਕਾਂ ਦੀ ਰਹੀ ਹੈ। ਮੌਜੂਦਾ ਦਹਾਕੇ ਵਿੱਚ ਉਜ਼ਬੇਕਿਸਤਾਨ ਦੀ ਸਿੱਖ ਅਬਾਦੀ ਬਹੁਤ ਘੱਟ ਹੈ, ਇਸ ਲਈ ਅਰਦਾਸ, ਪਾਠ ਅਤੇ ਲੰਗਰ ਘਰਾਂ ਜਾਂ ਛੋਟੇ ਕਮਿਊਨਿਟੀ ਹਾਲਾਂ ਵਿੱਚ ਹੁੰਦੇ ਹਨ। ਪਰ ਨੌਜਵਾਨ ਪੀੜ੍ਹੀ ਵਿੱਚ ਪੰਜਾਬੀ ਭਾਸ਼ਾ ਦਾ ਘਟਣਾ ਚਿੰਤਾ ਦੀ ਗੱਲ ਹੈ, ਕਿਉਂਕਿ ਸਥਾਨਕ ਸਕੂਲਾਂ ਵਿੱਚ ਉਜ਼ਬੇਕ ਅਤੇ ਰੂਸੀ ਭਾਸ਼ਾ ਨੂੰ ਤਰਜੀਹ ਹੈ।
ਉਜ਼ਬੇਕਿਸਤਾਨ ਦੇ ਵਿਕਾਸ ਵਿੱਚ ਸਿੱਖਾਂ ਦਾ ਹਿੱਸਾ
ਸਿੱਖ ਭਾਈਚਾਰੇ ਨੇ ਉਜ਼ਬੇਕਿਸਤਾਨ ਦੇ ਆਰਥਿਕ ਤੇ ਸਮਾਜਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ। ਅੱਜ ਸਿੱਖ ਛੋਟੇ ਧੰਦਿਆਂ, ਰਿਟੇਲ ਵਪਾਰ ਅਤੇ ਸਿੱਖਿਆ ਵਿੱਚ ਲੱਗੇ ਹੋਏ ਨੇ। ਤਾਸ਼ਕੰਦ ਵਿੱਚ ਸਿੱਖ ਦੁਕਾਨਦਾਰ ਸਥਾਨਕ ਬਜਾਰਾਂ ਵਿੱਚ ਕਾਰੋਬਾਰ ਕਰਦੇ ਹਨ। ਸਿਹਤ ਖੇਤਰ ਵਿੱਚ, ਕੁਝ ਸਿੱਖ ਡਾਕਟਰ ਤਾਸ਼ਕੰਦ ਦੇ ਹਸਪਤਾਲਾਂ ਵਿੱਚ ਸੇਵਾ ਕਰਦੇ ਹਨ। ਫ਼ਰਗਾਨਾ ਵਾਦੀ ਵਿੱਚ ਸਿੱਖ ਪਰਿਵਾਰ ਫ਼ਲਾਂ ਦੇ ਬਾਗਾਂ ਅਤੇ ਸਬਜ਼ੀਆਂ ਦੀ ਖੇਤੀ ਕਰਦੇ ਹਨ। ਉਨ੍ਹਾਂ ਨੇ ਸਥਾਨਕ ਖੇਤੀ ਉਤਪਾਦਨ ਨੂੰ ਵਧਾਇਆ ਹੈ। ਸਿੱਖ ਸਥਾਨਕ ਸਕੂਲਾਂ ਵਿੱਚ ਅਧਿਆਪਕ ਵਜੋਂ ਕੰਮ ਕਰਦੇ ਨੇ । ਸਮਾਜਿਕ ਪੱਧਰ ’ਤੇ, ਲੰਗਰ ਦੀ ਪਰੰਪਰਾ ਨੇ ਉਜ਼ਬੇਕ ਸਮਾਜ ਵਿੱਚ ਏਕਤਾ,ਭਾਈਚਾਰਾ ਪੈਦਾ ਕੀਤਾ। ਮਹਾਮਾਰੀ (2020-2022) ਦੌਰਾਨ, ਸਿੱਖਾਂ ਨੇ ਤਾਸ਼ਕੰਦ ਵਿੱਚ ਮੁਫ਼ਤ ਖਾਣਾ ਵੰਡਿਆ, ਜਿਸ ਨੂੰ ਸਥਾਨਕ ਮੁਸਲਮਾਨ ਭਾਈਚਾਰੇ ਨੇ ਸਲਾਹਿਆ। ਰਾਜਨੀਤੀ ਵੀ ਵਿਚ ਸਿੱਖਾਂ ਦੀ ਸਿੱਧੀ ਭੂਮਿਕਾ ਘੱਟ ਹੈ, ਪਰ ਉਹ ਸਾਂਝੀਵਾਲਤਾ ਨੂੰ ਉਤਸ਼ਾਹਿਤ ਕਰਦੇ ਨੇ। ਉਜ਼ਬੇਕਿਸਤਾਨ ਦੇ ਸੰਵਿਧਾਨਕ ਧਾਰਮਿਕ ਆਜ਼ਾਦੀ ਦੇ ਅਧੀਨ, ਸਿੱਖ ਨੁਮਾਇੰਦੇ ਧਾਰਮਿਕ ਮੰਚਾਂ ’ਤੇ ਸਰਗਰਮ ਨੇ।
ਪਰ ਸਿੱਖ ਭਾਈਚਾਰੇ ਨੂੰ ਵੱਡੀਆਂ ਚੁਣੌਤੀਆਂ ਵੀ ਸਾਹਮਣੇ ਨੇ। ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਦੀ ਘੱਟ ਗਿਣਤੀ ਹੈ, ਜਿਸ ਕਾਰਨ ਸਮਾਜਿਕ ਅਤੇ ਧਾਰਮਿਕ ਸਰਗਰਮੀਆਂ ਨੂੰ ਜਾਰੀ ਰੱਖਣਾ ਔਖਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਪੰਜਾਬੀ ,ਸਿੱਖ ਸਾਹਿਤ ਦੀ ਘਾਟ ਵੀ ਇੱਕ ਵੱਡੀ ਰੁਕਾਵਟ ਹੈ। ਸਰਕਾਰੀ ਨਿਗਰਾਨੀ ਅਤੇ ਧਾਰਮਿਕ ਘੱਟ-ਗਿਣਤੀਆਂ ’ਤੇ ਸਖਤ ਨਿਯਮ ਸਮਾਗਮ ਕਰਨ ਵਿਚ ਮੁਸ਼ਕਿਲ ਪੈਦਾ ਕਰਦੇ ਨੇ। ਨੌਜਵਾਨ ਪੀੜ੍ਹੀ ਵਿੱਚ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਗਿਆਨ ਘਟਣਾ ਵੀ ਚਿੰਤਾ ਦੀ ਗੱਲ ਹੈ, ਕਿਉਂਕਿ ਸਥਾਨਕ ਸਕੂਲ ਉਜ਼ਬੇਕ ਅਤੇ ਰੂਸੀ ’ਤੇ ਜ਼ੋਰ ਦਿੰਦੇ ਨੇ। ਸਿੱਖ ਭਾਈਚਾਰੇ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ, ਉਨ੍ਹਾਂ ਦੀ ਸੱਭਿਆਚਾਰਕ ਅਤੇ ਧਾਰਮਿਕ ਮੌਜੂਦਗੀ ਮਜਬੂਤ ਹੈ। ਲੰਗਰ ਵਰਗੀਆਂ ਪਰੰਪਰਾਵਾਂ ਸਥਾਨਕ ਲੋਕਾਂ ਵਿੱਚ ਮਕਬੂਲ ਨੇ, ਅਤੇ ਸਿੱਖ ਸਥਾਨ ਸੈਰ-ਸਪਾਟੇ ਨੂੰ ਵਧਾਉਂਦੇ ਨੇ। ਸਿੱਖ ਭਾਈਚਾਰੇ ਦੀ ਸੇਵਾ ਅਤੇ ਸਮਰਪਣ ਦੀ ਭਾਵਨਾ ਉਨ੍ਹਾਂ ਨੂੰ ਸਥਾਨਕ ਸਮਾਜ ਵਿਚ ਸਤਿਕਾਰ ਦਿਵਾਉਂਦੀ ਹੈ। ਭਵਿੱਖ ਵਿੱਚ, ਜੇ ਸਰਕਾਰੀ ਨੀਤੀਆਂ ਵਿੱਚ ਨਰਮੀ ਅਤੇ ਸ਼੍ਰੋਮਣੀ ਕਮੇਟੀ, ਵਿਸ਼ਵ ਸਿੱਖ ਸੰਗਠਨਾਂ ਦਾ ਸਹਿਯੋਗ ਮਿਲੇ, ਤਾਂ ਸਿੱਖ ਧਰਮ ਇਥੇ ਹੋਰ ਵਿਕਸਤ ਹੋ ਸਕਦਾ ਹੈ। ਗੁਰੂ ਨਾਨਕ ਦੇ ਸੁਨੇਹੇ ਨੂੰ ਜੀਵਤ ਰੱਖਣ ਲਈ, ਸਿੱਖ ਭਾਈਚਾਰੇ ਨੂੰ ਆਪਣੀ ਭਾਸ਼ਾ, ਸਭਿਆਚਾਰ ਅਤੇ ਧਰਮ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਲੋੜ ਹੈ।
ਉਜ਼ਬੇਕਿਸਤਾਨ ਵਿੱਚ ਸਿੱਖ ਧਰਮ ਦੀ ਮੌਜੂਦਗੀ, ਹਾਲਾਂਕਿ ਘੱਟ ਗਿਣਤੀ ਵਿੱਚ ਹੈ, ਪਰ ਇਸ ਦੀ ਸੇਵਾ ਅਤੇ ਸਮਾਨਤਾ ਦੀ ਭਾਵਨਾ ਸਥਾਨਕ ਸਮਾਜ ਵਿੱਚ ਡੂੰਘੀਆਂ ਪੈੜਾਂ ਛੱਡ ਰਹੀ ਹੈ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਜੁੜੀਆਂ ਸਾਖੀਆਂ ਅਤੇ ਸਿੱਖ ਵਪਾਰੀਆਂ ਦੀ ਵਸੇਬਾ ਨੇ ਇਸ ਖੇਤਰ ਵਿੱਚ ਸਿੱਖੀ ਦੀ ਨੀਂਹ ਰੱਖੀ। ਅੱਜ ਸਿੱਖ ਭਾਈਚਾਰਾ ਵਪਾਰ, ਸਿਹਤ, ਸਿੱਖਿਆ, ਅਤੇ ਖੇਤੀ ਵਿੱਚ ਯੋਗਦਾਨ ਪਾ ਰਿਹਾ ਹੈ, ਜਦਕਿ ਲੰਗਰ ਵਰਗੀਆਂ ਪਰੰਪਰਾਵਾਂ ਸਥਾਨਕ ਲੋਕਾਂ ਵਿੱਚ ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰ ਰਹੀਆਂ ਹਨ।
ਚੁਣੌਤੀਆਂ ਦੇ ਬਾਵਜੂਦ, ਸਿੱਖ ਭਾਈਚਾਰੇ ਦੀ ਸਮਰਪਣ ਭਾਵਨਾ ਅਤੇ ਸਥਾਨਕ ਸਮਾਜ ਨਾਲ ਸਾਂਝ ਨੇ ਉਜ਼ਬੇਕਿਸਤਾਨ ਵਿੱਚ ਸਿੱਖੀ ਦੀ ਮੌਜੂਦਗੀ ਨੂੰ ਜੀਵੰਤ ਰੱਖਿਆ ਹੈ। ਭਵਿੱਖ ਵਿੱਚ, ਸਰਕਾਰੀ ਸਹਿਯੋਗ ਅਤੇ ਅੰਤਰਰਾਸ਼ਟਰੀ ਸਿੱਖ ਸੰਗਠਨਾਂ ਦੀ ਮਦਦ ਨਾਲ, ਸਿੱਖ ਧਰਮ ਇਥੇ ਹੋਰ ਵਿਕਸਤ ਹੋ ਸਕਦਾ ਹੈ। ਗੁਰੂ ਨਾਨਕ ਦੇ ਸੁਨੇਹੇ ‘ਸੱਚ, ਸੇਵਾ ਅਤੇ ਸਮਾਨਤਾ’ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ, ਸਿੱਖ ਭਾਈਚਾਰੇ ਨੂੰ ਆਪਣੀ ਭਾਸ਼ਾ, ਸੱਭਿਆਚਾਰ, ਅਤੇ ਧਰਮ ਦੀ ਸੰਭਾਲ ਲਈ ਯਤਨ ਜਾਰੀ ਰੱਖਣੇ ਪੈਣਗੇ।

Loading