ਦਵਿੰਦਰ ਸ਼ਰਮਾ :
ਕਈ ਵਾਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਜੇਕਰ ਵਿਸ਼ਵ ਪੱਧਰ 'ਤੇ ਖੁਰਾਕ ਪ੍ਰਣਾਲੀ ਖੰਡਿਤ ਹੋ ਚੁੱਕੀ ਹੈ, ਜਿਵੇਂ ਕਿ ਹਰ ਕੋਈ ਅਜਿਹਾ ਕਹਿੰਦਾ ਨਜ਼ਰ ਆ ਰਿਹਾ ਹੈ ਤਾਂ ਇਸ ਨੂੰ ਠੀਕ ਕਰਨ ਲਈ ਕੋਈ ਗੰਭੀਰ ਯਤਨ ਕਿਉਂ ਨਹੀਂ ਕੀਤੇ ਜਾ ਰਹੇ?
ਵੱਕਾਰੀ ਪੱਤ੍ਰਿਕਾ ਸਾਇੰਟਿਫਿਕ ਅਮਰੀਕਨ ਦੇ 'ਅਰਥ ਟਾਕ' ਕਾਲਮ 'ਚ ਸਹੀ ਹਵਾਲਾ ਦਿੱਤਾ ਗਿਆ ਹੈ ਕਿ 'ਲੋਕ ਗ੍ਰਹਿ ਨੂੰ ਤਬਾਹ ਕੀਤੇ ਬਗੈਰ ਖੁਦ ਦਾ ਢਿੱਡ ਨਹੀਂ ਭਰ ਸਕਣਗੇ- ਜਦੋਂ ਤੱਕ ਅਸੀਂ ਉਦਯੋਗਿਕ ਕ੍ਰਾਂਤੀ ਦੇ ਪੈਮਾਨੇ 'ਤੇ ਵਿਸ਼ਵ ਪੱਧਰ 'ਤੇ ਖੁਰਾਕ ਪ੍ਰਣਾਲੀਆਂ ਨੂੰ ਬਦਲ ਨਹੀਂ ਸਕਦੇ।' ਹਾਲਾਂਕਿ ਇਹ ਗੱਲ ਪੜ੍ਹੇ-ਲਿਖੇ ਕੁਲੀਨ ਵਰਗ ਦੇ ਲੋਕਾਂ ਦੀ ਸਮਝ 'ਚ ਆ ਸਕਦੀ ਹੈ ਕਿ ਧਿਆਨਪੂਰਵਕ ਅਧਿਐਨ ਕਰਨ 'ਤੇ ਪਤਾ ਚੱਲਦਾ ਹੈ ਕਿ 'ਉਦਯੋਗਿਕ ਕ੍ਰਾਂਤੀ' ਦੇ ਪੈਮਾਨੇ 'ਤੇ ਖੁਰਾਕ ਪ੍ਰਣਾਲੀ ਦੇ ਪਰਿਵਰਤਨ ਦੇ ਸੁਝਾਏ ਗਏ ਤਰੀਕੇ ਦੇ ਹੱਲ ਨੇ ਹੀ ਅਸਲ 'ਚ ਖੰਡਿਤ ਖੁਰਾਕ ਪ੍ਰਬੰਧ ਨੂੰ ਜਨਮ ਦਿੱਤਾ ਹੈ। ਇਸ ਲਈ ਖੰਡਿਤ ਹੋਈਆਂ ਖੁਰਾਕ ਪ੍ਰਣਾਲੀਆਂ ਨੂੰ ਠੀਕ ਕਰਨ ਦਾ ਇਹ ਸਹੀ ਤਰੀਕਾ ਨਹੀਂ ਹੈ।
ਆਕਸਫੋਰਡ ਯੂਨੀਵਰਸਿਟੀ ਤੇ ਲੰਡਨ ਸਕੂਲ ਆਫ ਇਕਨਾਮਿਕਸ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਵਰਤਮਾਨ ਸਮੇਂ ਸਾਡੀਆਂ ਭੋਜਨ ਪ੍ਰਣਾਲੀਆਂ ਖ਼ੁਰਾਕੀ ਉਤਪਾਦਨਾਂ ਮੁੱਲਾਂਕਣ ਕਰਨ ਨਾਲੋਂ ਜ਼ਿਆਦਾ ਉਨ੍ਹਾਂ ਨੂੰ ਤਬਾਹ ਕਰ ਦਿੰਦੀਆਂ ਹਨ, ਜੋ ਅੱਜ ਮੁਨਾਫਾ ਕਮਾਉਣ ਲਈ ਭਵਿੱਖ ਤੋਂ ਉਧਾਰ ਲੈਂਦੀਆਂ ਹਨ। ਸੰਯੁਕਤ ਰਾਸ਼ਟਰ ਦੇ ਖੁਰਾਕ ਤੇ ਖੇਤੀਬਾੜੀ ਸੰਗਠਨ (ਐਫ.ਓ.ਓ.) ਦਾ ਹਵਾਲਾ ਦਿੰਦਿਆਂ ਖੋਜਕਰਤਾਵਾਂ ਨੇ ਦੱਸਿਆ ਕਿ 2020 'ਚ ਖੇਤੀ ਖੁਰਾਕ ਪ੍ਰਣਾਲੀ ਦੀਆਂ ਵਾਤਾਵਰਨ, ਸਮਾਜਿਕ ਤੇ ਸਿਹਤ ਸੰਬੰਧੀ ਛੁਪੀਆਂ ਹੋਈਆਂ ਲਾਗਤਾਂ 10 ਟ੍ਰਿਲੀਅਨ (ਦਸ ਲੱਖ ਕਰੋੜ) ਡਾਲਰ ਤੋਂ ਵੀ ਵੱਧ ਸਨ। ਇਸ ਲਈ ਖੁਰਾਕ ਪ੍ਰਣਾਲੀਆਂ ਨੂੰ ਬਦਲਣਾ- ਇਕ ਸਥਾਈ ਤਰਕਸੰਗਤ ਤੇ ਨਿਰਪੱਖ ਵਿਹਾਰ ਨਾਲ ਤੁਲਨਾਤਮਿਕ ਰੂਪ 'ਚ ਬਹੁਤ ਘੱਟ ਖਰਚੀਲਾ ਹੋਵੇਗਾ। ਜਿਵੇਂ ਕਿ ਬਰਤਾਨਵੀ ਦੇ ਖੁਰਾਕ ਪ੍ਰਣਾਲੀ ਇਕਨਾਮਿਕਸ ਕਮਿਸ਼ਨ ਦੁਆਰਾ ਪ੍ਰਕਾਸ਼ਿਤ ਗਲੋਬਲ ਪਾਲਿਸੀ ਰਿਪੋਰਟ ਲਈ ਲਾਗਤ ਵਿਸ਼ਲੇਸ਼ਣ ਦੀ ਅਗਵਾਈ ਕਰਨ ਵਾਲੇ ਆਕਸਫੋਰਡ ਯੂਨੀਵਰਸਿਟੀ ਦੇ ਵਾਤਾਵਰਨ ਪਰਿਵਰਤਨ ਸੰਸਥਾ ਦੇ ਡਾ. ਸਟੀਵਨ ਲਾਰਡ ਨੇ ਕਿਹਾ ਹੈ ਕਿ ਜੇਕਰ ਖੁਰਾਕ ਪ੍ਰਣਾਲੀ ਹਮੇਸ਼ਾ ਵਾਂਗ ਕਾਰੋਬਾਰ ਜਾਰੀ ਰੱਖਦੀ ਹੈ, ਤਾਂ ਬਚਾਉਣ ਯੋਗ ਅਜਿਹੀ ਟ੍ਰਿਲੀਅਨ ਡਾਲਰਾਂ ਦੀ ਲਾਗਤ ਆਵੇਗੀ, ਜੋ ਭਵਿੱਖ ਦੇ ਆਰਥਿਕ ਵਾਧੇ ਤੇ ਵਿਕਾਸ ਨੂੰ ਸੀਮਿਤ ਕਰ ਦੇਵੇਗੀ।
ਜਨਵਰੀ 2024 'ਚ ਜਾਰੀ ਹੋਏ ਇਕ ਵਿਸ਼ਲੇਸ਼ਣ 'ਚ ਦੱਸਿਆ ਗਿਆ ਹੈ ਕਿ ਵਿਸ਼ਵ ਪੱਧਰ 'ਤੇ 2050 ਤੱਕ ਮੋਟਾਪਾ 70 ਫ਼ੀਸਦੀ ਤੱਕ ਵਧ ਜਾਵੇਗਾ, ਖੁਰਾਕ ਪ੍ਰਣਾਲੀਆਂ ਗਲੋਬਲ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਦਾ ਇਕ ਤਿਹਾਈ ਨਿਕਾਸ ਜਾਰੀ ਰੱਖਣਗੀਆਂ ਅਤੇ ਇਹ ਸਦੀ ਦੇ ਅੰਤ ਤੱਕ ਤਾਪਮਾਨ 'ਚ 2.7 ਡਿਗਰੀ ਤੱਕ ਵਾਧਾ ਕਰ ਦੇਣਗੀਆਂ। ਇਹ ਵਿਸਥਾਰਤ ਰਿਪੋਰਟ ਦਿਲਚਸਪ ਤੇ ਹੈਰਾਨੀਜਨਕ ਜਾਣਕਾਰੀ ਦਿੰਦਿਆਂ ਭਵਿੱਖ ਦਾ ਇਕ ਦ੍ਰਿਸ਼ ਪੇਸ਼ ਕਰਦੀ ਹੈ, ਜੋ ਇਕ ਸਮਝਦਾਰੀ ਨਾਲ ਕੀਤੀ ਤਬਦੀਲੀ ਨਾਲ ਹੋਣ ਵਾਲੇ ਲਾਭਾਂ ਨੂੰ ਸੂਚੀਬੱਧ ਕਰਦਾ ਹੈ। ਪਰ ਇਥੇ ਸਮਝਣਯੋਗ ਸ਼ਬਦ ਸਮਝਦਾਰੀ (ਸੈਂਸੀਬਲ) ਹੈ, ਜਿਸ 'ਤੇ ਮੈਨੂੰ ਯਕੀਨ ਨਹੀਂ ਕਿ ਦੁਨੀਆ ਖੁਰਾਕ ਤੇ ਖੇਤੀਬਾੜੀ ਪ੍ਰਣਾਲੀਆਂ ਨੂੰ ਕਿੰਨਾ ਬਦਲ ਸਕਦੀ ਹੈ। ਇਸ ਤੋਂ ਪਹਿਲਾਂ ਕਿ ਅਸੀਂ ਹੋਰ ਅੱਗੇ ਵਧੀਏ, ਆਓ ਵੇਖੀਏ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਟੋਨੀਓ ਗੁਟੇਰੇਸ ਨੇ ਕੀ ਕਿਹਾ ਹੈ, ਕਿ ਵਿਸ਼ਵ ਪੱਧਰ 'ਤੇ ਖੁਰਾਕ ਪ੍ਰਬੰਧ ਟੁੱਟ ਚੁੱਕੇ ਹਨ ਤੇ ਅਰਬਾਂ ਲੋਕ ਇਸ ਦੀ ਕੀਮਤ ਅਦਾ ਕਰ ਰਹੇ ਹਨ। ਉਨ੍ਹਾਂ ਇਕ ਹੋਰ ਮੌਕੇ 'ਤੇ ਅੱਗੇ ਬੋਲਦਿਆਂ ਕਿਹਾ ਕਿ ਮੁਨਾਫਾ ਅਧਾਰਿਤ ਨਿੱਜੀ ਕੰਪਨੀਆਂ ਦੇ ਬਜਾਏ ਲੋਕਾਂ ਵੱਲ ਵਧੇਰੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਇਹ ਮੁਨਾਫਾ ਅਧਾਰਿਤ ਕੰਪਨੀਆਂ ਲਈ ਇਕ ਧੱਕਾ ਹੈ, ਅਸਲੀਅਤ 'ਚ ਇਹ ਉਹੀ ਹਨ, ਜਿਨ੍ਹਾਂ ਵੱਲ ਇਕ ਟਿਕਾਊ ਖੁਰਾਕ ਭਵਿੱਖ ਦੀ ਦਿਸ਼ਾ 'ਚ ਦੁਨੀਆ ਵੇਖ ਰਹੀ ਹੈ। ਭਾਵੇਂ ਏਸ਼ੀਆ, ਲੈਟਿਨ ਅਮਰੀਕਾ ਤੇ ਅਫਰੀਕਾ ਹੋਵੇ, ਖੁਰਾਕ ਤੇ ਖੇਤੀ ਨੂੰ ਬਦਲਣ ਲਈ ਸਰਕਾਰਾਂ 'ਤੇ ਨੀਤੀਗਤ ਦਬਾਅ ਹੈ, ਜੋ ਅਸਲ 'ਚ ਖੁਰਾਕ 'ਤੇ ਕਾਰਪੋਰੇਟ ਕੰਟਰੋਲ ਲਈ ਇਕ ਉਤਸੁਕਤਾ ਹੈ ਤੇ ਚਿੰਤਾਜਨਕ ਦਰ ਨਾਲ ਇਹ ਅਮਲ ਅੱਗੇ ਵਧ ਰਿਹਾ ਹੈ। ਜਦਕਿ ਲੋੜ ਵਿਭਿੰਨਤਾ ਵਾਲੀ ਤੇ ਲਚਕੀਲੀ ਖੇਤੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਹੈ, ਜਿਸ ਦਾ ਅਰਥ ਹੈ ਕਿ ਖੇਤੀ-ਵਾਤਾਵਰਨ ਤੇ ਏਕੀਕ੍ਰਿਤ ਖੇਤੀ ਪ੍ਰਣਾਲੀਆਂ 'ਚ ਤਬਦੀਲੀਆਂ ਨੂੰ ਵਧਾਉਣ ਦੇ ਨਾਲ-ਨਾਲ ਕਿਸਾਨਾਂ ਲਈ ਇਕ ਗਾਰੰਟੀਸ਼ੁਦਾ ਆਮਦਨ ਨੂੰ ਯਕੀਨੀ ਬਣਾਉਣਾ, ਹਾਲਾਂਕਿ ਮੈਨੂੰ ਪਿਛਲੇ ਦਰਵਾਜ਼ੇ ਤੋਂ ਕਾਰਪੋਰੇਟ ਖੇਤੀ ਲਿਆਉਣ ਦੀ ਇਕ ਰਹੱਸਮਈ ਤੇ ਛੁਪਵੀਂ ਕੋਸ਼ਿਸ਼ ਵੀ ਲੱਗਦੀ ਹੈ।
ਭਾਰਤ 'ਚ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਬਾਅਦ ਵੀ ਅਜਿਹਾ ਨਹੀਂ ਹੈ ਕਿ ਖੇਤੀ 'ਤੇ ਕਾਰਪੋਰੇਟ ਕੰਟਰੋਲ ਦੀ ਪਹੁੰਚ ਵਧਾਉਣ ਦੀ ਕੋਸ਼ਿਸ਼ ਮਰ ਚੁੱਕੀ ਹੈ ਜਾਂ ਇਹ ਦਫਨ ਹੋ ਗਈ ਹੈ। ਕਿਸੇ ਵੀ ਮੌਕੇ 'ਤੇ ਅਤੇ ਕਿਸੇ ਵੀ ਢੁਕਵੇਂ ਤੰਤਰ ਰਾਹੀਂ ਕਾਰਪੋਰੇਟ ਖੇਤੀ ਲਈ ਯੋਗ ਵਾਤਾਵਰਨ ਬਣਾਉਣ ਦੀ ਕੋਸ਼ਿਸ਼ ਸ਼ਾਇਦ ਹੀ ਕਦੇ ਬੰਦ ਹੋਈ ਹੋਵੇ। ਚਾਹੇ ਇਹ ਡਿਜ਼ੀਟਲੀਕਰਨ ਜਾਂ ਨਵੀਆਂ ਤਕਨੀਕਾਂ ਦੇ ਲਈ ਵਧੀ ਹੋਏ ਬਜਟ ਦੀ ਮਦਦ ਜਾਂ ਰਾਸ਼ਟਰੀ ਖੇਤੀ ਕੋਡ ਬਣਾਉਣ ਜਾਂ ਖੇਤੀ ਤੇ ਪੇਂਡੂ ਪਰਿਵਰਤਨ ਲਈ ਰਾਸ਼ਟਰੀ ਪ੍ਰੀਸ਼ਦ (ਐਮ.ਸੀ.ਏ.ਆਰ.ਟੀ.) ਦੀ ਸਥਾਪਨਾ ਦੇ ਪ੍ਰਸਤਾਵ ਦੇ ਮਾਧਿਅਮ ਨਾਲ ਜਾਂ ਹਾਲ ਹੀ 'ਚ ਖੇਤੀ ਮੰਡੀਕਰਨ ਬਾਰੇ ਰਾਸ਼ਟਰੀ ਨੀਤੀ ਢਾਂਚੇ ਦੇ ਖਰੜੇ ਦੀ ਮਨਜ਼ੂਰੀ ਮੰਗਣ ਦੀ ਪਹਿਲ ਹੋਵੇ, ਇਨ੍ਹਾਂ ਸਭ ਕਦਮਾਂ ਦੇ ਅੰਤਰੀਵੀ ਉਦੇਸ਼ ਸਪੱਸ਼ਟ ਹਨ, ਇਸ ਸਭ ਦਾ ਮਕਸਦ ਖੇਤੀ 'ਤੇ ਕਾਰਪੋਰੇਟ ਦੇ ਕਬਜ਼ੇ ਦੀ ਨੀਂਹ ਰੱਖਣਾ ਹੈ। ਜਦੋਂ ਤੱਕ ਤੁਸੀਂ ਇਨ੍ਹਾਂ ਨੀਤੀਗਤ ਪਹਿਲਕਦਮੀਆਂ ਦੇ ਪ੍ਰਭਾਵ ਨੂੰ ਸਮਝਣਯੋਗ ਹੋ ਸਕੋਗੇ ਤਦ ਤੱਕ ਅੰਤਿਮ ਹਮਲੇ ਲਈ ਜ਼ਮੀਨ ਤਿਆਰ ਹੋ ਚੁੱਕੀ ਹੋਵੇਗੀ। ਇਸ ਪ੍ਰਕਿਰਿਆ 'ਚ ਜੋ ਗੱਲ ਛੁੱਟ ਰਹੀ ਹੈ, ਉਹ ਇਹ ਹੈ ਕਿ ਇਕ-ਇਕ ਕਰਕੇ ਜੋ ਮਾਪਦੰਡ ਪੇਸ਼ ਕੀਤੇ ਜਾ ਰਹੇ ਹਨ ਦਰਅਸਲ ਉਹ ਦੁਨੀਆ 'ਚ ਖੰਡਿਤ ਹੋਈਆਂ ਖੁਰਾਕ ਪ੍ਰਣਾਲੀਆਂ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਵਿਚੋਂ ਸੰਸਾਰ ਆਪਣੇ-ਆਪ ਨੂੰ ਲੱਭਦਾ ਹੈ। ਇਹ ਦੋਸ਼ਪੂਰਨ ਨੁਸਖੇ ਵੀ ਕਾਰਪੋਰੇਟ ਵਿਚਾਰ ਪ੍ਰਕਿਰਿਆ 'ਚੋਂ ਨਿਕਲਦੇ ਹਨ। ਵਿਸ਼ਵ ਆਰਥਿਕ ਮੰਚ (ਡਬਲਿਊ.ਈ.ਐਫ.) ਜੋ ਅਮੀਰ ਤੇ ਸੁੰਦਰ ਲੋਕਾਂ ਦੀ ਮੌਜਮਸਤੀ ਦੇ ਇਕੱਠ (ਜੰਬੂਰੀ) ਵਜੋਂ ਸ਼ੁਰੂ ਹੋਇਆ ਸੀ, ਹੁਣ ਸਰਕਾਰਾਂ ਦੇ ਇਕ ਨੀਤੀਗਤ ਮੰਚ ਦੇ ਰੂਪ 'ਚ ਉੱਭਰਿਆ ਚੁੱਕਾ ਹੈ। ਇਸ ਲਈ ਇਹ ਜਾਨਣਾ ਬਹੁਤ ਦਿਲਚਸਪ ਹੋਵੇਗਾ ਕਿ ਡਬਲਿਊ.ਈ.ਐਫ. ਖੰਡਿਤ ਖੁਰਾਕ ਪ੍ਰਣਾਲੀਆਂ ਨੂੰ ਕਿਵੇਂ ਵੇਖਦਾ ਹੈ ਤੇ ਇਸ ਨੂੰ ਕਿਵੇਂ ਠੀਕ ਕਰਦਾ ਹੈ? ਮੇਰਾ ਧਿਆਨ ਇਕ ਪੇਪਰ (ਅਖ਼ਬਾਰ) ਨੇ ਖਿੱਚਿਆ, ਜਿਸ ਦਾ ਸਿਰਲੇਖ ਸੀ- ਸਾਡੀ ਖੁਰਾਕ ਪ੍ਰਣਾਲੀ ਟੁੱਟ ਚੁੱਕੀ ਹੈ, ਇਥੇ ਇਸ ਨੂੰ ਠੀਕ ਕਰਨ ਦੇ ਤਿੰਨ ਤਰੀਕੇ ਦਿੱਤੇ ਗਏ ਸਨ। ਇਹ 2018 ਦਾ ਪੇਪਰ (ਜੋ ਹੁਣ ਪੁਰਾਣਾ ਹੋ ਚੁੱਕਾ ਹੈ, ਪਰ ਤੁਹਾਨੂੰ ਦੱਸਦਾ ਕਿ ਡਬਲਿਊ.ਈ.ਐਫ. ਇਸ ਚੁਣੌਤੀ ਨੂੰ ਕਿਵੇਂ ਵੇਖਦਾ ਹੈ) ਇਹ ਖੁਰਾਕ ਪ੍ਰਣਾਲੀਆਂ ਨੂੰ ਇਕ ਕਾਰੋਬਾਰ ਦੇ ਰੂਪ 'ਚ ਵੇਖਣ ਤੋਂ ਸ਼ੁਰੂ ਹੁੰਦਾ ਹੈ। ਇਹ ਲੇਖ ਸਵੀਕਾਰ ਕਰਦਾ ਹੈ ਕਿ ਖੁਰਾਕ ਪ੍ਰਣਾਲੀ ਅਨਿਯਮਿਤ, ਅਸੰਤੁਲਿਤ ਤੇ ਅਸਥਿਰ ਹੈ ਤੇ ਇਸ 'ਚ ਬਦਲਾਅ ਦੀ ਜ਼ਰੂਰਤ ਹੈ। ਇਹ ਲੇਖ ਖੁਰਾਕ 'ਤੇ ਸਾਡੇ ਸੋਚਣ ਤੇ ਕੰਮ ਕਰਨ ਦੇ ਤਰੀਕੇ ਨੂੰ ਬਦਲਣ ਦੇ ਮੂਲ ਤਰੀਕਿਆਂ ਨੂੰ ਸੂਚੀਬੱਧ ਕਰਦਾ ਹੈ।
ਡਬਲਿਊ.ਈ.ਐਫ. ਦੇ ਲੇਖ 'ਚ ਦੱਸਿਆ ਗਿਆ ਹੈ ਕਿ ਜੇਕਰ ਕੋਈ ਸੀ.ਈ.ਓ. ਖਰੀਦਦਾਰੀ (ਸ਼ਾਪਿੰਗ) ਕਰਨ ਜਾਵੇ ਤਾਂ ਉਹ ਸੁਪਰ ਮਾਰਕੀਟ ਨੂੰ ਕਿਸ ਤਰ੍ਹਾਂ ਵੇਖੇਗਾ? ਇਨ੍ਹਾਂ ਸੁਪਰ ਮਾਰਕੀਟ ਦੀਆਂ ਅਲਮਾਰੀਆਂ 'ਚ ਬਹੁਤ ਸਾਰੀਆਂ ਖਾਲੀ ਥਾਵਾਂ ਹਨ, ਜੋ ਭੋਜਨਾਂ ਨੂੰ ਥੋੜ੍ਹੇ ਜਿਹੇ ਕੀਮਤੀ ਪੋਸ਼ਣ ਮੁੱਲਾਂ ਨੂੰ ਆਕਰਸ਼ਿਤ ਕਰਨ ਲਈ ਸਮਰਪਿਤ ਹਨ। ਇਸ ਲੇਖ ਨੂੰ ਲਿਖਿਆਂ ਲਗਭਗ 6 ਸਾਲ ਹੋ ਚੁੱਕੇ ਹਨ ਤੇ ਸੁਪਰ ਮਾਰਕੀਟ ਦੀਆਂ ਅਲਮਾਰੀਆਂ 'ਚ ਸ਼ਾਇਦ ਹੀ ਹੁਣ ਕੋਈ ਖਾਲੀ ਥਾਂ ਬਚੀ ਹੋਵੇ ਅਤੇ ਵੇਖੋ ਕਿ ਇਨ੍ਹਾਂ ਖਾਲੀ ਅਲਮਾਰੀਆਂ ਨੂੰ ਭਰਨ ਲਈ ਸਾਨੂੰ ਕੀ ਮਿਲਿਆ ਹੈ: ਇਕ ਮੈਟਾ-ਅਧਿਐਨ ਤੋਂ ਪਤਾ ਚੱਲਦਾ ਹੈ ਕਿ ਸੁਪਰ ਮਾਰਕੀਟ ਦੀਆਂ ਅਲਮਾਰੀਆਂ 'ਚ ਪਿਆ ਲਗਭਗ 89 ਫ਼ੀਸਦੀ ਪ੍ਰੋਸੈਸਡ ਭੋਜਨ ਪਦਾਰਥ ਪੌਸ਼ਟਿਕ ਨਹੀਂ ਤੇ ਘਟੀਆ ਗੁਣਵੱਤਾ ਵਾਲਾ ਹੈ। ਜੇਕਰ ਪ੍ਰੋਸੈਸਿਡ ਭੋਜਨ ਉਦਯੋਗ ਨੇ ਲੋਕਾਂ ਨੂੰ ਇਹੀ ਕੁਝ ਦਿੱਤਾ ਹੈ ਤਾਂ ਹੁਣ ਇਸ ਨੂੰ ਠੀਕ ਕਰਨ ਦਾ ਸਮਾਂ ਆ ਗਿਆ ਹੈ। ਇਹ ਖੰਡਿਤ ਹੋਈ ਖੁਰਾਕ ਪ੍ਰਣਾਲੀ ਦਾ ਇਕ ਹਿੱਸਾ ਹੈ ਤੇ ਇਸ ਨੂੰ ਤੁਰੰਤ ਠੀਕ ਕੀਤੇ ਜਾਣ ਦੀ ਲੋੜ ਹੈ। ਤਾਕਤ ਤੇ ਲਾਭ ਕੌਣ ਕਮਾਉਂਦਾ ਹੈ ਤੇ ਦੁਨੀਆ ਨੂੰ ਲੋੜੀਂਦੀ ਖੁਰਾਕ ਪ੍ਰਣਾਲੀਆਂ ਦੀ ਅਗਵਾਈ ਕਰਨ ਦੀ ਗੱਲ ਕਰਦਿਆਂ ਲੇਖਕ ਆਖਰਕਾਰ ਦੱਸਦਾ ਹੈ ਕਿ ਅਸੀਂ ਵਿਸ਼ਵ ਆਰਥਿਕ ਮੰਚ ਦੇ ਖੁਰਾਕ ਸੁਰੱਖਿਆ ਤੇ ਖੇਤੀ ਬਾਰੇ ਗਲੋਬਲ ਫਿਊਚਰ ਕੌਂਸਿਲ ਦੇ ਮੈਂਬਰਾਂ ਨੂੰ ਜਾਣਦੇ ਹਾਂ ਤੇ ਉਹ ਕਿਸ ਦਾ ਪੱਖ ਪੂਰਦੇ ਹਨ, ਉਸ ਦਾ ਵੀ ਪਤਾ ਹੈ। ਦਰਅਸਲ ਲਾਭ ਇੰਨੇ ਵੱਡੇ ਹੁੰਦੇ ਹਨ ਕਿ ਉਨ੍ਹਾਂ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ।
ਅਸੀਂ ਇਹ ਵੀ ਜਾਣਦੇ ਹਾਂ ਕਿ ਡਬਲਿਊ.ਈ.ਐਫ. ਦੀ ਗਲੋਬਲ ਫਿਊਚਰ ਕੌਂਸਿਲ ਕਿਵੇਂ ਰੁੱਝੀ ਹੋਈ ਹੈ ਅਤੇ ਜਦੋਂ ਖੁਰਾਕ ਪ੍ਰਣਾਲੀਆਂ ਦੀ ਅਗਵਾਈ ਪ੍ਰਦਾਨ ਕਰਨ ਦੀ ਗੱਲ ਆਉਂਦੀ ਹੈ ਤਾਂ ਇਸ ਦੇ ਧਿਆਨ 'ਚ ਕੀ ਹੁੰਦਾ ਹੈ? ਚਾਹੇ ਡਬਲਿਊ.ਈ.ਐਫ. ਇਸ ਨੂੰ ਪਸੰਦ ਕਰੇ ਜਾਂ ਨਾ, ਪਰ ਤੱਥ ਇਹੀ ਹੈ ਕਿ ਗਲੋਬਲ ਫੂਡ ਸਿਸਟਮ ਉਨ੍ਹਾਂ ਕਾਰਨਾਂ ਕਰਕੇ ਟੁੱਟਿਆ ਹੈ, ਜਿਨ੍ਹਾਂ ਨੂੰ ਬਹੁ-ਰਾਸ਼ਟਰੀ ਕੰਪਨੀਆਂ ਹੁਣ ਹਮਲਾਵਰ ਤੌਰ 'ਤੇ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਦੁਨੀਆ ਨੂੰ ਉਦਯੋਗਿਕ ਖੇਤੀ ਪ੍ਰਣਾਲੀਆਂ ਤੋਂ ਦੂਰ ਜਾਣ ਦੀ ਲੋੜ ਹੈ ਅਤੇ ਬਾਅਦ 'ਚ ਪਛਤਾਉਣਾ ਨਹੀਂ ਚਾਹੀਦਾ, ਕਿਉਂਕਿ ਉਸ ਤਰ੍ਹਾਂ ਦੀਆਂ ਜ਼ਿਆਦਾ ਕੋਸ਼ਿਸ਼ਾਂ ਕਰਨ ਨਾਲ ਗ੍ਰਹਿ ਦੀ ਹੋਰ ਤਬਾਹੀ ਹੋਵੇਗੀ। ਇਹ ਜਾਣਦੇ ਹੋਏ ਕਿ ਭਾਰਤ ਨੂੰ ਟਿਕਾਊ ਖੁਰਾਕ ਤੇ ਖੇਤੀ ਭਵਿੱਖ ਲਈ ਇਕ ਮਜ਼ਬੂਤ ਮਾਰਗ ਤਿਆਰ ਕਰਨ ਲਈ ਦੁੱਗਣੀ ਸਾਵਧਾਨੀ ਵਰਤਣ ਦੀ ਲੋੜ ਹੈ। ਹਮੇਸ਼ਾ ਦੀ ਤਰ੍ਹਾਂ 'ਕੱਟ ਐਂਡ ਪੇਸਟ' ਕਰਨ ਦੀ ਬਜਾਏ ਇਕ ਅਜਿਹਾ ਦ੍ਰਿਸ਼ਟੀਕੋਣ ਪ੍ਰਦਰਸ਼ਿਤ ਕਰਨ ਦਾ ਸਮਾਂ ਆ ਗਿਆ ਹੈ, ਜੋ ਸਿਹਤਮੰਦ ਵਾਤਾਵਰਨ, ਸਿਹਤਮੰਦ ਭੋਜਨ ਤੇ ਖੁਸ਼ਹਾਲ ਕਿਸਾਨਾਂ ਵੱਲ ਜਾਂਦਾ ਹੋਵੇ।
![]()
