ਉਮਰ ਖਾਲਿਦ ਦਾ ਜੇਲ੍ਹਬੰਦੀ ਦਾ ਮਾਮਲਾ ਉਭਰਿਆ, ਅੰਤਰਰਾਸ਼ਟਰੀ ਚਿੰਤਾ ਵਧੀ

In ਮੁੱਖ ਖ਼ਬਰਾਂ
January 05, 2026

ਭਾਰਤ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਚੱਲ ਰਹੀ ਬਹਿਸ ਵਿੱਚ ਇੱਕ ਨਵਾਂ ਮੋੜ ਆਇਆ ਹੈ। ਫਰਵਰੀ 2020 ਵਿੱਚ ਦਿੱਲੀ ਵਿੱਚ ਹੋਏ ਦੰਗਿਆਂ ਨਾਲ ਜੁੜੇ ਮਾਮਲੇ ਵਿੱਚ ਗਿ੍ਰਫਤਾਰ ਐਕਟਿਵਿਸਟ ਉਮਰ ਖਾਲਿਦ ਨੂੰ ਪੰਜ ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ ਜੇਲ੍ਹ ਵਿੱਚ ਬੰਦ ਹੈ, ਪਰ ਅਜੇ ਤੱਕ ਉਸ ਦਾ ਮੁਕੱਦਮਾ ਸ਼ੁਰੂ ਨਹੀਂ ਹੋਇਆ। ਇਸ ਮਾਮਲੇ ਨੇ ਹੁਣ ਅੰਤਰਰਾਸ਼ਟਰੀ ਪੱਧਰ ’ਤੇ ਧਿਆਨ ਖਿੱਚਿਆ ਹੈ। ਨਿਊਯਾਰਕ ਸਿਟੀ ਦੇ ਨਵੇਂ ਮੇਅਰ ਜ਼ੋਹਰਾਨ ਮਮਦਾਨੀ ਨੇ ਖਾਲਿਦ ਨੂੰ ਇੱਕ ਨੋਟ ਲਿਖ ਕੇ ਹੌਸਲਾ ਵਧਾਇਆ ਹੈ, ਜਦਕਿ ਅਮਰੀਕੀ ਕਾਂਗਰਸ ਦੇ ਅੱਠ ਮੈਂਬਰਾਂ ਨੇ ਭਾਰਤੀ ਰਾਜਦੂਤ ਨੂੰ ਪੱਤਰ ਲਿਖ ਕੇ ਖਾਲਿਦ ਨੂੰ ਜ਼ਮਾਨਤ ਅਤੇ ਨਿਰਪੱਖ ਕਾਰਵਾਈ ਦੀ ਮੰਗ ਕੀਤੀ ਹੈ। ਇਸ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਭੜਕ ਉੱਠੀ ਹੈ ਅਤੇ ਇਸ ਨੂੰ ਭਾਰਤ ਵਿਰੋਧੀ ਸਾਜ਼ਿਸ਼ ਕਰਾਰ ਦਿੱਤਾ ਹੈ, ਜਿਸ ਵਿੱਚ ਉਸਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਵੀ ਘਸੀਟ ਲਿਆ ।
ਉਮਰ ਖਾਲਿਦ ਇੱਕ ਸਾਬਕਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿਦਿਆਰਥੀ ਨੇਤਾ ਹੈ ਅਤੇ ਐਕਟਿਵਿਸਟ ਹੈ। ਉਹ ਮੁਸਲਿਮ ਭਾਈਚਾਰੇ ਤੋਂ ਆਉਂਦਾ ਹੈ ਅਤੇ ਆਪਣੇ ਆਪ ਨੂੰ ਇੱਕ ਕਮਿਊਨਿਸਟ ਕਹਿੰਦਾ ਹੈ। ਉਸ ਨੇ ਜੇਐੱਨਯੂ ਤੋਂ ਐੱਮਫਿਲ ਅਤੇ ਪੀਐੱਚਡੀ ਕੀਤੀ ਹੈ। ਉਸ ਦੀ ਪੀਐੱਚਡੀ ਥੀਸਿਸ ਦਾ ਵਿਸ਼ਾ ਸੀ ‘ਕੰਟੈਸਟਿੰਗ ਕਲੇਮਜ਼ ਐਂਡ ਕੰਟਿੰਜੈੰਸੀਜ਼ ਆਫ ਰੂਲ ਆਨ ਆਦਿਵਾਸੀਆਂ ਆਫ ਝਾਰਖੰਡ’ ਜੋ ਝਾਰਖੰਡ ਦੇ ਆਦਿਵਾਸੀਆਂ ਦੇ ਅਧਿਕਾਰਾਂ ਅਤੇ ਰਾਜ ਨਾਲ ਉਨ੍ਹਾਂ ਦੇ ਰਿਸ਼ਤੇ ਬਾਰੇ ਸੀ। ਇਸ ਥੀਸਿਸ ਨੂੰ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਸੀ, ਕਿਉਂਕਿ ਇਹ ਆਦਿਵਾਸੀਆਂ ਦੇ ਇਤਿਹਾਸ ਅਤੇ ਸੰਘਰਸ਼ ਨੂੰ ਡੂੰਘਾਈ ਨਾਲ ਪੇਸ਼ ਕਰਦੀ ਹੈ। ਖਾਲਿਦ ਨੇ ਸਮਾਜਿਕ ਨਿਆਂ, ਘੱਟ ਗਿਣਤੀਆਂ ਅਧਿਕਾਰਾਂ ਅਤੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਵਿਰੋਧੀ ਅੰਦੋਲਨਾਂ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਉਹ ਆਪਣੀਆਂ ਤਿੱਖੀਆਂ ਭਾਸ਼ਣਾਂ ਅਤੇ ਅਸਹਿਮਤੀ ਦੀ ਆਵਾਜ਼ ਲਈ ਜਾਣਿਆ ਜਾਂਦਾ ਹੈ।
ਫਰਵਰੀ 2020 ਵਿੱਚ ਦਿੱਲੀ ਵਿੱਚ ਹੋਏ ਦੰਗੇ, ਜਿਨ੍ਹਾਂ ਵਿੱਚ 53 ਲੋਕ ਮਾਰੇ ਗਏ ਅਤੇ 700 ਤੋਂ ਵੱਧ ਜ਼ਖਮੀ ਹੋਏ, ਉਨ੍ਹਾਂ ਨੂੰ ਸੀ.ਏ.ਏ. ਵਿਰੋਧੀ ਪ੍ਰਦਰਸ਼ਨਾਂ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਦਿੱਲੀ ਪੁਲਿਸ ਨੇ ਖਾਲਿਦ ਅਤੇ ਕਈ ਹੋਰ ਐਕਟਿਵਿਸਟਾਂ ਨੂੰ ਇਨ੍ਹਾਂ ਦੰਗਿਆਂ ਦਾ ‘ਮਾਸਟਰਮਾਈੰਡ’ ਕਿਹਾ ਸੀ ਅਤੇ ਖਾਲਿਦ ’ਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂਏਪੀਏ) ਅਤੇ ਭਾਰਤੀ ਦੰਡ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਖਾਲਿਦ ਨੂੰ ਸਤੰਬਰ 2020 ਵਿੱਚ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਉਹ ਤਿਹਾੜ ਜੇਲ੍ਹ ਵਿੱਚ ਬੰਦ ਹੈ। ਪੰਜ ਸਾਲਾਂ ਵਿੱਚ ਉਸ ਨੇ ਕਈ ਵਾਰ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਪਰ ਹਰ ਵਾਰ ਰੱਦ ਹੋ ਗਈ। ਦਸੰਬਰ 2025 ਵਿੱਚ ਉਸ ਨੂੰ ਆਪਣੀ ਭੈਣ ਦੇ ਵਿਆਹ ਲਈ ਅਸਥਾਈ ਜ਼ਮਾਨਤ ਮਿਲੀ ਸੀ, ਪਰ ਉਹ ਵਾਪਸ ਜੇਲ੍ਹ ਵਿੱਚ ਹੈ। ਸੁਪਰੀਮ ਕੋਰਟ ਨੇ ਨਵੰਬਰ 2025 ਵਿੱਚ ਉਸ ਦੀ ਜ਼ਮਾਨਤ ਅਰਜ਼ੀ ’ਤੇ ਫੈਸਲਾ ਸੁਰੱਖਿਅਤ ਰੱਖ ਲਿਆ ।
ਹੁਣ ਇਹ ਮਾਮਲਾ ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ਵਿੱਚ ਆ ਗਿਆ ਹੈ। ਨਿਊਯਾਰਕ ਸਿਟੀ ਦੇ ਨਵੇਂ ਮੇਅਰ ਜ਼ੋਹਰਾਨ ਮਮਦਾਨੀ, ਜੋ ਭਾਰਤੀ ਮੂਲ ਦੇ ਮੁਸਲਿਮ ਹਨ, ਨੇ ਖਾਲਿਦ ਦੀ ਰਿਹਾਈ ਮੰਗੀ ਹੈ। ਮਮਦਾਨੀ ਨੇ ਖਾਲਿਦ ਦੇ ਮਾਤਾ-ਪਿਤਾ ਨਾਲ ਦਸੰਬਰ 2025 ਵਿੱਚ ਅਮਰੀਕਾ ਵਿੱਚ ਮੁਲਾਕਾਤ ਕੀਤੀ ਸੀ। ਮਮਦਾਨੀ ਨੂੰ 1 ਜਨਵਰੀ 2026 ਨੂੰ ਨਿਊਯਾਰਕ ਦੇ ਮੇਅਰ ਵਜੋਂ ਸਹੁੰ ਚੁੱਕੀ ਸੀ ਅਤੇ ਉਹ ਨਿਊਯਾਰਕ ਦੇ ਪਹਿਲੇ ਏਸ਼ੀਆਈ ਅਮਰੀਕੀ ਅਤੇ ਮੁਸਲਿਮ ਮੇਅਰ ਹਨ।

Loading