ਨਵੀਂ ਦਿੱਲੀ/ਏ.ਟੀ.ਨਿਊਜ਼ : ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਪੈਰਿਸ ਉਲੰਪਿਕ 2024 ਵਿੱਚ ਦੋ ਤਗ਼ਮੇ ਜਿੱਤਣ ਤੋਂ ਬਾਅਦ ਘਰ ਪਰਤ ਆਈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਲੋਕਾਂ ਨੇ ਮਨੂੰ ਭਾਕਰ ਅਤੇ ਉਨ੍ਹਾਂ ਦੇ ਕੋਚ ਜਸਪਾਲ ਰਾਣਾ ਦਾ ਢੋਲ-ਢਮਕਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ ਅਤੇ ਫੁੱਲਾਂ ਦੇ ਹਾਰਾਂ ਦੀ ਵਰਖਾ ਕੀਤੀ। ਲੋਕ ਮਨੂ ਭਾਕਰ ਨਾਲ ਸੈਲਫੀ ਲੈ ਰਹੇ ਸਨ। ਮਨੂ ਭਾਕਰ ਸ਼ਾਨਦਾਰ ਸਵਾਗਤ ’ਤੇ ਬਹੁਤ ਖੁਸ਼ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਹੁਤ ਖੁਸ਼ ਹਨ। ਲੋਕਾਂ ਤੋਂ ਬਹੁਤ ਪਿਆਰ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ 22 ਸਾਲਾ ਮਨੂ ਭਾਕਰ ਨੇ ਪੈਰਿਸ ਉਲੰਪਿਕ ’ਚ ਦੋ ਕਾਂਸੀ ਦੇ ਤਗ਼ਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਮਨੂ ਨੇ ਪੈਰਿਸ ਉਲੰਪਿਕ ’ਚ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਉਸ ਨੇ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
ਇਸ ਨਾਲ ਉਹ ਇੱਕ ਉਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਆਜ਼ਾਦ ਭਾਰਤ ਤੋਂ ਪਹਿਲੀ ਭਾਰਤੀ ਬਣ ਗਈ। ਇਸ ਤੋਂ ਬਾਅਦ ਉਸ ਕੋਲ ਆਪਣਾ ਤੀਜਾ ਉਲੰਪਿਕ ਤਮਗਾ ਜਿੱਤ ਕੇ ਇਕਲੌਤੀ ਭਾਰਤੀ ਬਣ ਕੇ ਇਤਿਹਾਸ ਰਚਣ ਦਾ ਮੌਕਾ ਸੀ ਪਰ ਉਹ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਥੋੜ੍ਹੇ ਫਰਕ ਨਾਲ ਇਸ ਨੂੰ ਗੁਆ ਬੈਠੀ ਅਤੇ ਚੌਥੇ ਸਥਾਨ ’ਤੇ ਰਹੀ।
![]()
