ਉਲੰਪੀਅਨ ਮਹਿੰਦਰ ਸਿੰਘ ਮੁਣਸ਼ੀ ਨੂੰ ਜਿੰਦਾ ਰੱਖਦਿਆਂ

In ਮੁੱਖ ਲੇਖ
August 13, 2024
ਪ੍ਰਮਿੰਦਰ ਸਿੰਘ ਪ੍ਰਵਾਨਾ ਜੀਵਨ ਅਤੇ ਮੌਤ ਦੋਵੇਂ ਅੱੱਟਲ ਸੱਚਾਈਆਂ ਹਨ, ਮੌਤ ਇੱਕ ਅਜਿਹਾ ਸੱਚ ਹੈ ਕਿ ਵਾਪਰਦੀ ਹੀ ਹੈ ਪਰ ਕੋਈ ਮੌਤ ਸਮਾਂ ਪਾ ਕੇ ਹੋਵੇ ਤਾਂ ਹੋਣੀ ਹੈ, ਪਰ ਜੋ ਬੁਲੰਦੀਆਂ ’ਤੇ ਹੋਵੇ ਤੇ ਸਮਾਂ ਜਾਣ ਦਾ ਨਾ ਹੋਵੇ ਤਾਂ ਅਣਹੋਣੀ ਹੈ। ਜਿਸ ਨਾਲ ਹਾਕੀ ਖੇਡ ਜਗਤ ਦਾ ਸਿਤਾਰਾ ਮਹਿੰਦਰ ਸਿੰਘ ਮੁਣਸ਼ੀ ਭਰ ਜਵਾਨੀ ਸਿਰਫ 24 ਸਾਲ ਦੀ ਉਮਰ ਵਿੱਚ ਤੁਰ ਗਿਆ ਜਦੋਂਕਿ ਉਸ ਦੀ ਹਾਕੀ ਖੇਡ ਦਾ ਹੁਨਰ ਸਿਤਾਰਾ ਬੁਲੰਦੀਆਂ ਤੇ ਸੀ ਅਜੇ ਉਸ ਨੇ ਹੋਰ ਮੱਲਾਂ ਮਾਰਨੀਆਂ ਸਨ। ਜਦ ਕਿਸੇ ਦੇ ਅਜ਼ੀਜ਼ ਪਿਆਰੇ ਤੁਰ ਜਾਂਦੇ ਹਨ ਤਾਂ ਪਿੱਛੇ ਰਹਿ ਗਏ ਸੋਚਦੇ ਹਨ ਕਿ ਉਹ ਮਰੇ ਨਹੀਂ ਅਤੇ ਕਿਵੇਂ ਸਾਡੇ ਦਿਲਾਂ ਵਿੱਚ ਰਹਿ ਸਕਦੇ ਹਨ ਤਾਂ ਉਹ ਉਹਨਾਂ ਦੀ ਯਾਦਗਾਰ ਬਣਾਉਂਦੇ ਹਨ। ਕੋਈ ਅਮੀਰ ਹੈ,ਵੱਡੀ ਜਾਇਦਾਦ ਬਣਾਉਂਦਾ ਹੈ ਜਿਵੇਂ ਸ਼ਾਹ ਜਹਾਨ ਨੇ ਬਣਾਈ। ਕੋਈ ਗਰੀਬ ਹੈ ਉਹ ਕੱਚੀ ਪੱਕੀ ਸਮਾਧ ਬਣਾਉਂਦਾ ਹੈ। ਫਿਰ ਕਿਸੇ ਧਾਰਮਿਕ ਅਸਥਾਨ ਤੇ ਪੱਖਾ, ਨਲਕਾ ਲੁਆ ਦਿੰਦਾ ਲੰਗਰ ਲਗਾ ਦਿੰਦਾ ਆਪਣੀ ਯਥਾ ਸ਼ਕਤੀ ਅਨੁਸਾਰ ਦਾਨ ਕਰ ਦਿੰਦਾ ਹੈ ਪਰ ਜਜਬਾ ਦੋਵਾਂ ਦਾ ਬਰਾਬਰ ਹੈ। ਦੋਵਾਂ ਨੇ ਯਾਦਗਾਰ ਦਿਲ ਵਿੱਚ ਬਣਾਈ ਹੈ। ਮੈਂ ਆਪਣੀ ਧੀ ਗਿੰਨੀ ਦੀ ਯਾਦ ਵਿੱਚ ਜਿਸਦੀ ਉਮਰ 13 ਸਾਲ ਸੀ ਕਿ ਉਸ ਦੀ ਇੱਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਗਿੰਨੀ ਸਿਮ੍ਰਤੀ ਗ੍ਰੰਥ ਦੀ ਪੁਸਤਕ ਬਣਾਈ ਜੋ ਇੱਕ ਸਾਹਿਤਕ ਯਾਦਗਾਰ ਵਜੋਂ ਪੰਜਾਬੀ ਸਾਹਿਤ ਵਿੱਚ ਦਰਜ ਹ ੋਈ ਹੈ। ਇਸੇ ਤਰ੍ਹਾਂ ਉਲੰਪੀਅਨ ਮੁਣਸ਼ੀ ਨੂੰ ਜਿੰਦਾ ਰੱਖਦਿਆਂ ਉਸ ਦੇ ਪ੍ਰਵਾਰ ਅਤੇ ਉਸ ਦੀ ਖੇਡ ਨੂੰ ਪਿਆਰ ਕਰਨ ਵਾਲਿਆਂ ਨੇ ਉਲੰਪੀਅਨ ਮਹਿੰਦਰ ਸਿੰਘ ਮੁਣਸ਼ੀ ਯਾਦਗਾਰੀ ਹਾਕੀ ਕਲੱਬ ਦੀ ਸਥਾਪਨਾ ਕੀਤੀ। ਜਿਸ ਨੂੰ ਉਸ ਦਾ ਛੋਟਾ ਭਰਾ ਸਤਪਾਲ ਸਿੰਘ , ਜੋ ਦੁਆਬਾ ਖ਼ਾਲਸਾ ਸੀਨੀਅਰ ਸੈਂਕਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿੱਚ ਸੇਵਾ ਕਰਦਾ ਹੈ, ਚਲਾ ਰਿਹਾ ਹੈ। ਗਿੰਨੀ ਸਿਮ੍ਰਤੀ ਗ੍ਰੰਥ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਅਤੇ ਉਲੰਪੀਅਨ ਮਹਿੰਦਰ ਸਿੰਘ ਮੁਣਸ਼ੀ ਯਾਦਗਾਰੀ ਹਾਕੀ ਕਲੱਬ ਦੋਵੇਂ ਅਜਿਹੀਆਂ ਯਾਦਗਾਰਾਂ ਹਨ ਜੋ ਇਹਨਾਂ ਪਿਆਰਿਆਂ ਨੂੰ ਹਮੇਸ਼ਾ ਜਿੰਦਾ ਰੱਖਣਗੀਆਂ। ਸ਼ਿਲਾਲੇਖ ਦੇ ਅੱਖਰ ਫਿੱਕੇ ਪੈ ਸਕਦੇ ਹਨ ਪਰ ਗਿੰਨੀ ਸਿਮ੍ਰਤੀ ਗ੍ਰੰਥ ਦੇ ਅੱਖਰ ਹਮੇਸ਼ਾ ਰੋਸ਼ਨ ਰਹਿਣਗੇ। ਇਸੇ ਤਰ੍ਹਾਂ ਮੁਣਸ਼ੀ ਦੀ ਖੇਡ ਦੀ ਮਹਿਕ ਹਾਕੀ ਖੇਡ ਮੈਦਾਨਾਂ ਵਿੱਚ ਚੰਬੇ ਦੀ ਕਲੀ ਵਾਂਗ ਮਹਿਕ ਖਿਲਾਰਦੀ ਰਹੇਗੀ। ਸੰਸਾਰ ਵਿੱਚ ਜਿਥੇ ਵੀ ਸੰਸਾਰ ਹਾਕੀ ਦੀ ਗੱਲ ਹੋਵੇਗੀ। ਮੁਣਸ਼ੀ ਦਾ ਜ਼ਿਕਰ ਜ਼ਰੂਰ ਹੋਵੇਗਾ। ਮੁਣਸ਼ੀ ਦੇ ਜੀਵਨ ਅਤੇ ਉਸ ਦੇ ਹਾਕੀ ਖੇਡ ਦੇ ਹੁਨਰ ਨੂੰ ਦਰਸਾਉਣ ਲਈ ਵਰਨਣਯੋਗ ਹੈ ਕਿ ਪੰਜਾਬ ਦੇ ਦੁਆਬਾ ਖੇਤਰ ਦੇ ਸ਼ਹਿਰ ਜਲੰਧਰ ਦੀ ਤਹਿਸੀਲ ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆ ਵਿੱਚ ਮੁਣਸ਼ੀ ਦਾ ਜਨਮ ਮਾਤਾ ਰਖੀ ਅਤੇ ਪਿਤਾ ਮੁਣਸ਼ੀ ਦੇ ਘਰ ਹੋਇਆ। ਜਿਸ ਦੇ ਬਚਪਨ ਦੇ ਕਦਮ ਦੁਆਬਾ ਖ਼ਾਲਸਾ ਸੀਨੀਅਰ ਸੈਂਕਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਦੇ ਖੇਡਾਂ ਦੇ ਮੈਦਾਨਾਂ ਵਿੱਚ ਪੁਟਣੇ ਸ਼ੁਰੂ ਹੋਏ, ਜਿਥੇ ਉਸ ਦੇ ਪਿਤਾ ਜੀ ਸੇਵਾਦਾਰ ਸਨ। ਉਨ੍ਹਾਂ ਦੀ ਜ਼ਿੰਮੇਵਾਰੀ ਟੂਰਨਾਮੈਂਟਾਂ ਦੌਰਾਨ ਖੇਡ ਮੈਦਾਨਾਂ ਦੀ ਰਖ ਰਖਾਓ ਅਤੇ ਸੰਭਾਲ ਦੀ ਵੀ ਸੀ। ਮੁਣਸ਼ੀ ਬਚਪਨ ਵਿੱਚ ਹੀ ਆਪਣੇ ਪਿਤਾ ਨਾਲ ਕੰਮਾਂ ਵਿੱਚ ਹੱਥ ਵਟਾਉਣ ਲੱਗ ਪਿਆ ਸੀ। ਹਾਕੀ ਮੈਚਾਂ ਦੌਰਾਨ ਗੇਂਦ ਲਾਇਨ ਤੋਂ ਬਾਹਰ ਜਾਨੀ ਤਾਂ ਉਹ ਆਪਣੇ ਪਿਤਾ ਨਾਲ ਵਾਪਸ ਮੈਦਾਨ ਵਿੱਚ ਫੜਾਉਂਦਾ ਸੀ। ਮੇਰਾ ਹਮ ਉਮਰ ਹੋਣ ਤੇ ਅਸੀਂ ਮਹੱਲਿਆਂ ਵਿੱਚ ਹਾਕੀ ਟੀਮਾਂ ਬਣਾ ਕੇ ਐਂਟਰੀ ਮੈਚ ਖੇਡਿਆ ਕਰਦੇ ਸਾਂ। ਸਾਡੇ ਵਿਚੋਂ ਬਹੁਤਿਆਂ ਕੋਲ ਹਾਕੀ ਵੀ ਨਹੀਂ ਸੀ ਹੁੰਦੀ ਤਾਂ ਅਕੜੇ ਦੀ ਸੋਟੀ ਨੂੰ ਸੁਕਾ ਕੇ ਖੂੰਡੀ ਬਣਾ ਬਣਾ ਖੇਡਦੇ ਸਾਂ। ਮੈਂ ਤਾਂ ਸਕੂੁਲੀ ਪੜਾਈ ਵਿੱਚ ਹੀ ਲੱਗ ਗਿਆ ਪਰ ਮੁਣਸ਼ੀ ਆਪਣੀ ਹਾਕੀ ਪ੍ਰਤੀ ਲਗਨ ਨਾਲ ਸਾਡੀਆਂ ਅੱਖਾਂ ਸਾਹਮਣੇ ਅੱਗੇ ਹੀ ਅੱਗੇ ਵਧਦਾ ਗਿਆ ਅਤੇ ਇਹੀ ਹੁਨਰ ਉਸਦਾ ਕਾਰੋਬਾਰ ਹੋ ਗਿਆ। ਮੈਂ ਜਦ ਇਹ ਗੱਲਾਂ ਉਸ ਦੇ ਛੋਟੇ ਭਰਾ ਸਤਪਾਲ ਸਿੰਘ ਨਾਲ ਸਾਂਝੀਆਂ ਕੀਤੀਆਂ ਤਾਂ ਉਹ ਹੈਰਾਨੀ ਭਰਿਆ ਹੱਸ ਪਿਆ। ਛੋਟੇ ਹੁੰਦੇ ਮੁਣਸ਼ੀ ਨੂੰ ਸਕੂਲ ਬੋਰਡਾਂ ਵਿੱਚ ਗੇਂਦ ਸੁੱਟਣੀ ਜਾਂ ਕੰਥ ਉਤੇ ਗੋਲਚੱਕਰ ਵਾਹ ਕੇ ਗੇਂਦ ਸੁੱਟਣ ਦੀ ਮੁਹਾਰਤ ਨਾਲ ਉਹ ਯਕੀਨਨ ਗੋਲ ਲਈ ਪ੍ਰਸਿੱਧ ਹੋ ਗਿਆ। ਉਸ ਦਾ ਪੈਨਲਟੀ ਸਟਰੋਕ ਅਜਾਂਈ ਨਾ ਜਾਂਦਾ। ਸ਼ੁਰੂ ਵਿੱਚ ਮੁਣਸ਼ੀ ਫੁਟਬਾਲ ਖੇਡਦਾ ਸੀ, ਉਹ ਵੀ ਵਧੀਆ ਖੇਡਿਆ। ਇੱਕ ਘਟਨਾ ਉਸ ਦੇ ਛੋਟੇ ਭਰਾ ਸਤਪਾਲ ਸਿੰਘ ਨਾਲ ਵੀ ਸਾਂਝੀ ਕੀਤੀ ਕਿ ਜਦੋਂ ਸੁਰਜਨ ਸਿੰਘ ਚੱਠਾ ਹੈਡਮਾਸਟਰ ਹੁੰਦੇ ਸਨ ਤਾਂ ਮੈਚ ਦੇ ਦਿਨਾਂ ਵਿੱਚ ਮੁਣਸ਼ੀ ਦੀ ਪਿੱਠ ਤੇ ਗਰਮ ਪਾਣੀ ਪੈਣ ਕਾਰਨ ਪੀੜਤ ਸੀ, ਉਸ ਨੇ ਹੈਡਮਾਸਟਰ ਸਾਹਿਬ ਨੂੰ ਕਿਹਾ ਕਿ ਮੈਂ ਵੀ ਹਾਕੀ ਦੀ ਟੀਮ ਵਿੱਚ ਹਿੱਸਾ ਲੈਣਾ ਹੈ । ਉਹਨਾਂ ਕਿਹਾ ਕਿ ਤੇਰੀ ਤਾਂ ਪਿੱਠ ਸੜੀ ਹੈ ਤਾਂ ਮੁਣਸ਼ੀ ਨੇ ਕਿਹਾ ਕਿ ਹਾਕੀ ਤਾਂ ਹੱਥਾਂ ਪੈਰਾਂ ਨਾਲ ਖੇਡਣੀ ਹੈ ਪਿੱਠ ਨਾਲ ਨਹੀਂ ਤਾਂ ਉਸ ਨੂੰ ਅਭਿਆਸ ਕਰਨ ਵਿੱਚ ਪਾ ਦਿੱਤਾ। ਖੇਡ ਦੌਰਾਨ ਮਹਿੰਦਰ ਸਿੰਘ ਨੇ ਗੋਲ ਕਰ ਦਿਤਾ ਤਾਂ ਇੱਕੋ ਆਵਾਜ਼ ਵਿੱਚ ਦਰਸ਼ਕਾਂ ਨੇ ਕਿਹਾ ਕਿ ਮੁਣਸ਼ੀ ਦੇ ਮੁੰਡੇ ਨੇ ਗੋਲ ਕਰ ਦਿੱਤਾ। ਹੈਡਮਾਸਟਰ ਸਾਹਿਬ ਵੀ ਕਹਿਣ ਲੱਗਾ ਮੁਣਸ਼ੀ ਨੂੰ ਖੇਡਣ ਦਿਓ। ਉਸ ਦਿਨ ਤੋਂ ਮਹਿੰਦਰ ਸਿੰਘ ਦੇ ਨਾਉਂ ਨਾਲ ਮੁਣਸ਼ੀ ਜੁੜ ਗਿਆ, ਜੋ ਸੰਸਾਰ ਪੱਧਰ ਦੀ ਹਾਕੀ ਵਿੱਚ ਮਸ਼ਹੂਰ ਹੋ ਗਿਆ। ਉਸ ਦਾ ਹਾਕੀ ਸਫਰ ਇਥੋਂ ਸ਼ੁਰੂ ਹੋਇਆ। ਉਸ ਨੇ ਹਾਕੀ ਖੇਡ ਦੇ ਹੁਨਰ ਨੂੰ ਇਸ ਸ਼ਿੱਦਤ ਨਾਲ ਸਵੀਕਾਰ ਕੀਤਾ ਕਿ ਉਸ ਦਾ ਗੇਂਦ ਉਤੇ ਕੰਟਰੋਲ, ਪਾਸ ਲੈਣ ਦੇਣ ਵਿੱਚ ਨਿੰਪੁਨ, ਖਿਡਾਰੀ ਨਾਲ ਭਿੜਨ ਤੇ ਸਹੀ ਫੈਸਲਾ ਲੈਣਾ, ਹਰ ਸਾਇਡ ਤੇ ਵਧੀਆ ਖੇਡਣ ਦੇ ਯੋਗ ਅਤੇ ਵਧੀਆ ਖੇਡ ਪ੍ਰਦਰਸ਼ਨਾਂ ਸਦਕਾ ਹੀ ਸਕੁਲੀ ਟੀਮ ਵਿੱਚ ਖੇਡਦਿਆਂ 1969 ਵਿੱਚ 16 ਸਾਲ ਦੀ ਉਮਰ ਵਿੱਚ ਹੀ ਸੂਬੇ ਦੀ ਹਾਕੀ ਟੀਮ ਵਿੱਚ ਚੁਣਿਆ ਗਿਆ। ਇੱਥੇ ਹੀ ਸੁਡੋਲ ਮਸਲਦਾਰ, ਚੁਸਤ ਸਰੀਰ ਵਾਲਾ ਮੁਣਸ਼ੀ ਸਿੱਖੀ ਸਰੂਪ ਵਿੱਚ ਆਉਣ ਲੱਗਾ ਸਾਡੇ ਦੇਖਦਿਆਂ ਉਸ ਨੇ ਮੈਚ ਖੇਡਦਿਆਂ ਉਸ ਦੇ ਵਾਲਾਂ ਦੇ ਪਟੇ ਵੱਡੇ ਹੋ ਰਹੇ ਸਨ ਤੇ ਪਟਿਆ ਸਮੇਤ ਖੇਡਿਆ ਤੇ ਜੂੜੇ ’ਤੇ ਰੁਮਾਲ ਆਇਆ। ਫਿਰ ਪੱਗ ਸਜਾਈ ਤਾਂ ਉਸ ਦੀ ਇੱਕ ਰੋਅਬਦਾਰ ਪ੍ਰਭਾਵਸ਼ਾਲੀ ਸਿੱਖ ਦੀ ਦਿੱਖ ਸਾਨੂੰ ਨਜ਼ਰ ਆਈ। ਮੁਣਸ਼ੀ ਦੇ ਘਰੇਲੂ ਹਾਲਾਤ ਚੰਗੇ ਨਾ ਹੋਣ ਕਾਰਨ ਉਸ ਨੇ ਕਲਕੱਤੇ ਜਾ ਕੇ ਫ਼ੌਜ ਦੀ ਨੌਕਰੀ ਕਰ ਲਈ ਤੇ ਖੇਡਾਂ ਵਿੱਚ ਜਸ ਲੈਂਦਿਆਂ ਕਈ ਨਾਮਵਰ ਹਾਕੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ। ਉਸ ਦੀ ਜਾਦੂਗਰੀ ਹਾਕੀ ਖੇਡ ਤੋਂ ਪ੍ਰਭਾਵਿਤ ਹੋ ਕੇ ਅੰਤਰਰਾਸ਼ਟਰੀ ਗੋਲਕੀਪਰ ਰਾਜ ਕੁਮਾਰ ਬਾਊ ਜੀ ਨੇ ਮੁਣਸ਼ੀ ਨੂੰ 1970 ਵਿੱਚ ਪੰਜਾਬ ਪੁਲਿਸ ਵਿੱਚ ਸਿਪਾਹੀ ਭਰਤੀ ਕਰਵਾ ਦਿੱਤਾ। ਪੰਜਾਬ ਪੁਲਿਸ ਹਾਕੀ ਟੀਮ ਵੱਲੋਂ ਸੈਂਟਰ ਹਾਫ ਖੇਡਦਿਆਂ ਮਧੂਬਨ, ਬੰਗਲੋੋਰ, ਜੈਪੁਰ, ਜਲੰਧਰ, ਸ੍ਰੀਲੰਕਾ ਵਿਖੇ ਹੋਏ ਹਕੀ ਮੁਕਾਬਲਿਆਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ। ਇੱਥੇ ਹੀ ਉਸ ਨੇ ਆਪਣੀ ਵਧੀਆ ਖੇਡ ਦਾ ਲੋਹਾ ਮੰਨਵਾ ਲਿਆ। ਤਦ ਮਹਿਕਮੇ ਨੇ ਉਸ ਨੂੰ ਸਬ ਇੰਸਪੈਕਟਰ ਦੀ ਤਰੱਕੀ ਦਿੱਤੀ। ਜਿਥੇ ਹੁਣ ਉਹ ਹਾਕੀ ਖੇਡ ਜਗਤ ਵਿੱਚ ਹਰਮਨ ਪਿਆਰ ਹੋ ਗਿਆ ਸੀ, ਉਥੇ ਉਸ ਨੇ ਆਪਣੀ ਗਰੀਬੀ ਦੀ ਕਮੀ ਸ਼ਰਾਰਤੀ ਮੁਸਕਰਾਹਟ ਹੇਠ ਛੁਪਾ ਲਈ ਸੀ ਉਸ ਨੇ ਸੋਹਣੇ ਕਪੜੇ ਪਾਉਣੇ ਹਮੇਸ਼ਾ ਬਨ ਠਨ ਕੇ ਰਹਿਣਾ, ਇੱਕ ਰੋਹਬਦਾਰ ਸਰਦਾਰ ਵਜੋਂ ਵਿਚਰਿਆ। ਗਰੀਬੀ ਦੀਆਂ ਹੰਡਾਈਆਂ ਤੰਗੀਆਂ ਤੋਂ ਉਹ ਹੁਣ ਬੇਪ੍ਰਵਾਹ ਸੀ। 1970 ਵਿੱਚ 17 ਸਾਲ ਦੀ ਉਮਰ ਵਿੱਚ ਮੁਣਸ਼ੀ ਬੈਂਕਾਂਕ ਏਸ਼ੀਅਨ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ। ਜਿਥੇ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ। ਨਿੱਕੀ ਉਮਰ ਦਾ ਹੋਣ ਕਰਕੇ ਅੱਖੀ ਡਿੱਠਾ ਹਾਲ ਸੁਨਾਉਣ ਵਾਲੇ ਨੇ ਬੇਲੀ ਮਹਿੰਦਰ ਕਹਿ ਕੇ ਦਰਸਾਇਆ। 1974 ਵਿੱਚ ਏਸ਼ੀਅਨ ਆਲ ਸਟਾਰ ਟੀਮ ਵਿਰੁਧ ਖੇਡੇ ਗਏ ਮੈਚ ਦੌਰਾਨ ਵਧੀਆ ਪ੍ਰਦਰਸ਼ਨ ਨੂੰ ਦੇਖ ਕੇ 1975 ਹਾਕੀ ਸੰਸਾਰ ਕੱਪ ਲਈ ਉਸ ਦੀ ਚੋਣ ਹੋ ਗਈ। ਭਾਰਤੀ ਹਾਕੀ ਟੀਮ ਸੰਸਾਰ ਕੱਪ ਜਿਤਿਆ,ਜਿਸ ਵਿੱਚ ਮੁਣਸ਼ੀ ਦੀ ਅਹਿਮ ਭੂਮਿਕਾ ਮੰਨੀ ਗਈ। 1976 ਦੀਆਂ ਮਾਂਟਰੀਅਲ ਉਲੰਪਿਕ ਖੇਡਾਂ ਸਮੇਂ ਉਸ ਦੇ ਹੁਨਰ ਨੇ ਬੁਲੰਦੀਆਂ ਨੂੰ ਛੋਹਿਆ। ਜਿਥੇ ਉਸ ਨੂੰ ਬੈਸਟ ਸਕੋਅਰ ਅਤੇ ਲਾਜ਼ਮੀ ਗੋਲ ਦੀ ਪ੍ਰਸਿੱਧੀ ਮਿਲੀ। ਆਪਣੀ ਨਿੱਕੀ ਉਮਰ ਵਿੱਚ ਹੀ ਹਾਕੀ ਸੰਸਾਰ ਕੱਪ ਜੇਤੂ, ਬੈਸਟ ਸਕੋਅਰ ਅਤੇ ਲਾਜਮੀ ਗੋਲ ਕਰਨ ਵਾਲਾ ਹੋਣਹਾਰ ਖਿਡਾਰੀ 19 ਸਤੰਬਰ 1977 ਨੂੰ ਸਦਾ ਲਈ ਵਿਛੜ ਗਿਆ। ਹੁਣ ਮੁਣਸ਼ੀ ਦੀ ਯਾਦ ਵਿੱਚ ਉਸ ਦੇ ਛੋਟੇ ਭਰਾ ਸਤਪਾਲ ਸਿੰਘ ਅਤੇ ਸਾਥੀਆਂ ਵੱਲੋਂ ਮਹਿੰਦਰ ਮੁਣਸ਼ੀ ਯਾਦਗਾਰੀ ਹਾਕੀ ਕਲੱਬ ਚਲਾਇਆ ਜਾ ਰਿਹਾ ਹੈ। ਜਿਸ ਵਲੋਂ ਹਰ ਸਾਲ ਉਸਦੀ ਬਰਸੀ ’ਤੇ ਟੂਰਨਾਮੈਂਟ ਕਰਵਾਏ ਜਾਂਦੇ ਹਨ। 19 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਦੇ ਹਾਕੀ ਮੁਕਾਬਲੇ ਕਰਵਾਏ ਜਾਂਦੇ ਹਨ। ਖਿਡਾਰੀਅਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ 12 ਟੀਮਾਂ ਇਹਨਾਂ ਹਾਕੀ ਮੈਚਾਂ ਵਿੱਚ ਹਿੱਸਾ ਲੈਂਦੀਆਂ ਹਨ। ਕਲੱਬ ਦਾ ਮਨੋਰਥ ਹੈ ਕਿ ਮੁਣਸ਼ੀ ਵਰਗੇ ਹੋਣਹਾਰ ਅਤੇ ਵਧੀਆ ਖਿਡਾਰੀ ਪੈਦਾ ਕੀਤੇ ਜਾਣ। ਮੁਣਸ਼ੀ ਦੇ ਛੋਟੇ ਭਰਾ ਸਤਪਾਲ ਸਿੰਘ ਨੇ ਪਛਤਾਵੇ ਭਰੇ ਮਨ ਨਾਲ ਦਸਿਆ ਕਿ ਸਰਕਾਰ ਵੱਲੋਂ ਮੁਣਸ਼ੀ ਨੂੰ ਬਣਦਾ ਕੋਈ ਸਨਮਾਨ ਨਹੀਂ ਦਿੱਤਾ ਗਿਆ। ਨਾ ਹੀ ਕਦੇ ਪ੍ਰਵਾਰ ਦੀ ਮਦਦ ਕੀਤੀ ਗਈ ਹੈ। ਮੁਣਸ਼ੀ ਦੀ ਖੇਡ ਦੇ ਪ੍ਰੇਮੀ ਉਸ ਦੇ ਸਕੂਲ ਦੇ ਸਾਥੀ ਜਾਂ ਹੋਰ ਪਤਵੰਤਿਆਂ ਦੀ ਮਦਦ ਨਾਲ ਕਲੱਬ ਚਲਾਇਆ ਜਾ ਰਿਹਾ ਹੈ ਅਤੇ ਮੁਣਸ਼ੀ ਨੂੰ ਹਾਕੀ ਖੇਡ ਵਿੱਚ ਵਿੱਚ ਜਿੰਦਾ ਰੱਖਣਾ ਦਾ ਉਦਮ ਹੈ। ਮਹਿੰਦਰ ਮੁਣਸ਼ੀ ਯਾਦਗਾਰੀ ਹਾਕੀ ਕਲੱਬ ਅਤੇ ਗਿੰਨੀ ਸਿਮ੍ਰਤੀ ਗ੍ਰੰਥ ਅਜਿਹੇ ਕੀਤੇ ਗਏ ਉਦਮ ਹਨ ਜੋ ਨਿਰੋਏ ਸਮਾਜ ਦੀ ਉਸਾਰੀ ਵਿੱਚ ਯੋਗਦਾਨ ਪਾ ਸਕਦੇ ਹਨ। ਇਸ ਨਾਲ ਲੋਕ ਮਨਾਂ ਵਿੱਚ ਖੇਡਾਂ ਲਈ ਪਿਆਰ ਅਤੇ ਧੀਆਂ ਲਈ ਸਤਿਕਾਰ ਉਤਪਣ ਹੋਵੇਗਾ।

Loading