
ਸਿਓਲ/ਏ.ਟੀ.ਨਿਊਜ਼: ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਵਿਦੇਸ਼ੀ ਨੇਤਾਵਾਂ ਦੀ ਸ਼ਮੂਲੀਅਤ ਵਾਲੀ ਇੱਕ ਵਿਸ਼ਾਲ ਫ਼ੌਜੀ ਪਰੇਡ ’ਚ ਆਪਣੀ ਪ੍ਰਮਾਣੂ-ਹਥਿਆਰਬੰਦ ਫ਼ੌਜ ਦੇ ਸਭ ਤੋਂ ਸ਼ਕਤੀਸ਼ਾਲੀ ਹਥਿਆਰਾਂ, ਜਿਨ੍ਹਾਂ ਵਿਚ ਇਕ ਨਵੀਂ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਵੀ ਸ਼ਾਮਲ ਹੈ, ਦਾ ਪ੍ਰਦਰਸ਼ਨ ਕੀਤਾ। ਉੱਤਰੀ ਕੋਰੀਆ ਆਉਣ ਵਾਲੇ ਦਿਨਾਂ ਵਿੱਚ ਮਿਜ਼ਾਈਲ ਦਾ ਪ੍ਰੀਖਣ ਕਰਨ ਦੀ ਤਿਆਰੀ ਕਰ ਰਿਹਾ ਹੈ।
ਸੱਤਾਧਾਰੀ ਵਰਕਰਜ਼ ਪਾਰਟੀ ਦੀ ਸਥਾਪਨਾ ਦੀ 80ਵੀਂ ਵਰ੍ਹੇਗੰਢ ਦੇ ਮੌਕੇ ਪਿਛਲੇ ਦਿਨੀਂ ਰਾਤ ਨੂੰ ਪਿਓਂਗਯਾਂਗ ਦੇ ਮੁੱਖ ਚੌਕ ਵਿੱਚ ਮੀਂਹ ਦੇ ਵਿਚਕਾਰ ਪਰੇਡ ਸ਼ੁਰੂ ਹੋਈ। ਪਰੇਡ ਨੇ ਕਿਮ ਦੇ ਵਧਦੇ ਕੂਟਨੀਤਕ ਪ੍ਰਭਾਵ ਅਤੇ ਇਕ ਅਜਿਹਾ ਹਥਿਆਰ ਬਣਾਉਣ ਦੀ ਉਸ ਦੀ ਅਣਥੱਕ ਕੋਸ਼ਿਸ਼ ਨੂੰ ਉਜਾਗਰ ਕੀਤਾ, ਜੋ ਅਮਰੀਕਾ ਅਤੇ ਏਸ਼ੀਆ ਵਿੱਚ ਉਸ ਦੇ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਉੱਤਰੀ ਕੋਰੀਆ ਦੀ ਸਰਕਾਰੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇ. ਸੀ. ਐੱਨ. ਏ.) ਨੇ ਰਿਪੋਰਟ ਦਿੱਤੀ ਕਿ ਹਵਾਸੋਂਗ-20 ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ, ਜਿਸ ਦਾ ਅਜੇ ਤੱਕ ਪ੍ਰੀਖਣ ਨਹੀਂ ਕੀਤਾ ਗਿਆ ਹੈ, ਪਰੇਡ ’ਚ ਪ੍ਰਦਰਸ਼ਿਤ ਕੀਤੀ ਗਈ ਹੈ।