ਏ.ਆਈ. ਦੀ ਮਨੁੱਖੀ ਜੀਵਨ ਵਿੱਚ ਹੈ ਵੱਡੀ ਮਹੱਤਤਾ

In ਖਾਸ ਰਿਪੋਰਟ
August 12, 2025

ਮਸਨੂਈ ਬੁੱਧੀ (ਏ.ਆਈ.) ਸਾਡੇ ਜੀਵਨ ਦਾ ਅਤੁੱਟ ਹਿੱਸਾ ਬਣ ਚੁੱਕੀ ਹੈ। ਇਹ ਸਾਡੇ ਜੀਵਨ, ਕੰਮ ਕਰਨ, ਸਿੱਖਣ ਅਤੇ ਸੋਚਣ ਦੇ ਤਰੀਕੇ ਨੂੰ ਤੇਜ਼ੀ ਨਾਲ ਬਦਲ ਰਹੀ ਹੈ। ਸਾਡੇ ਸਮਾਰਟਫੋਨ ਵਿੱਚ ਵੁਆਇਸ ਅਸਿਸਟੈਂਟ ਤੋਂ ਲੈ ਕੇ ਕੰਪਨੀਆਂ ਦੇ ਫ਼ੈਸਲਿਆਂ ਤੱਕ, ਏ.ਆਈ. ਹਰ ਜਗ੍ਹਾ ਮੌਜੂਦ ਹੈ। ਜਿਵੇਂ ਜਿਵੇਂ ਭਾਰਤ ਏ.ਆਈ.-ਸੰਚਾਲਿਤ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਇਹ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਮਸ਼ੀਨੀ ਕੌਸ਼ਲ ਯਾਨੀ ਏ.ਆਈ. ਨੂੰ ਸਮਝੀਏ। ਅੱਜ ਏ.ਆਈ. ਦੀ ਤਾਕਤ ਕਿਸਾਨੀ ਤੋਂ ਲੈ ਕੇ ਸਿਹਤ, ਸਿੱਖਿਆ ਤੋਂ ਲੈ ਕੇ ਵਿੱਤ ਤੱਕ ਹਰ ਖੇਤਰ ਵਿੱਚ ਬਦਲਾਅ ਲਿਆ ਰਹੀ ਹੈ। ਭਾਰਤ ਵਿੱਚ ਕਿਸਾਨ ਹੁਣ ਏ.ਆਈ. ਆਧਾਰਿਤ ਸੈਂਸਰ ਅਤੇ ਡ੍ਰੋਨਾਂ ਦੀ ਮਦਦ ਨਾਲ ਫ਼ਸਲਾਂ ਦੀ ਨਿਗਰਾਨੀ ਅਤੇ ਸਿੰਚਾਈ ਦਾ ਪ੍ਰਬੰਧ ਕਰ ਰਹੇ ਹਨ ਜਿਸ ਨਾਲ ਉਤਪਾਦਨ ਵਧਿਆ ਹੈ ਅਤੇ ਸਰੋਤਾਂ ਦੀ ਬਰਬਾਦੀ ਘਟੀ ਹੈ। ਸਿਹਤ ਖੇਤਰ ਵਿੱਚ ਏ.ਆਈ. ਹੁਣ ਕੈਂਸਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਦੀ ਪਛਾਣ ਪਹਿਲਾਂ ਤੋਂ ਜ਼ਿਆਦਾ ਤੇਜ਼ ਅਤੇ ਸਹੀ ਤਰੀਕੇ ਨਾਲ ਕਰ ਰਹੀ ਹੈ। ਭਾਰਤੀ ਸਟਾਰਟਅਪ ਦੂਰ-ਦਰਾਜ ਦੇ ਇਲਾਕਿਆਂ ਵਿੱਚ ਏ.ਆਈ. ਦੀ ਮਦਦ ਨਾਲ ਐਕਸਰੇ ਅਤੇ ਐੱਮ.ਆਰ.ਆਈ. ਦੀ ਵਿਆਖਿਆ ਕਰ ਕੇ ਸਿਹਤ ਸੇਵਾਵਾਂ ਦੀ ਪਹੁੰਚ ਵਧਾ ਰਹੇ ਹਨ। ਵਿੱਤ, ਰਿਟੇਲ, ਆਵਾਜਾਈ, ਨਿਰਮਾਣ-ਹਰ ਖੇਤਰ ਵਿੱਚ ਏ.ਆਈ. ਆਧਾਰਤ ਬਦਲਾਅ ਦੀ ਲੈਅ ਚੱਲ ਰਹੀ ਹੈ। ਨੈਸਕਾਮ ਅਨੁਸਾਰ ਜੇਕਰ ਏ.ਆਈ. ਨੂੰ ਰਣਨੀਤਕ ਤੌਰ ’ਤੇ ਅਪਣਾਇਆ ਗਿਆ ਤਾਂ ਇਹ 2025 ਤੱਕ ਭਾਰਤ ਦੀ ਜੀ.ਡੀ.ਪੀ. ਵਿੱਚ 500 ਅਰਬ ਡਾਲਰ ਦਾ ਯੋਗਦਾਨ ਦੇ ਸਕਦੀ ਹੈ।
ਏ.ਆਈ. ਬਾਰੇ ਆਮ ਧਾਰਨਾ ਹੈ ਕਿ ਇਹ ਨੌਕਰੀਆਂ ਖੋਹ ਲਵੇਗੀ ਪਰ ਸੱਚਾਈ ਇਹ ਹੈ ਕਿ ਇਹ ਨਵੀਆਂ ਨੌਕਰੀਆਂ ਵੀ ਪੈਦਾ ਕਰ ਰਹੀ ਹੈ। ਹਾਲਾਂਕਿ ਜਲਦੀ ਹੀ ਦੁਹਰਾਏ ਜਾਣ ਵਾਲੇ ਅਤੇ ਨਿਯਮਤ ਕੰਮ ਏ.ਆਈ. ਦੁਆਰਾ ਆਪਣੇ-ਆਪ ਹੋ ਜਾਣਗੇ ਪਰ ਇਸ ਨਾਲ ਕਈ ਨਵੇਂ ਪੇਸ਼ੇ ਵੀ ਉੱਭਰ ਰਹੇ ਹਨ ਜਿਵੇਂ ਕਿ ਏਆਈ ਟਰੇਨਰ, ਮਸ਼ੀਨ ਲਰਨਿੰਗ ਡਿਵੈਲਪਰ, ਡਾਟਾ ਐਨੋਟੇਟਰ, ਏ.ਆਈ. ਐਥਿਸਿਸਟ, ਪ੍ਰਾਮਪਟ ਇੰਜੀਨੀਅਰ ਆਦਿ। ਭਾਰਤ ਦੀ ਯੁਵਾ, ਤਕਨੀਕੀ ਤੌਰ ’ਤੇ ਮਾਹਿਰ ਜਨਸੰਖਿਆ ਇਸ ਨੂੰ ਅਪਣਾਉਣ ਲਈ ਲੁੜੀਂਦੀ ਸਥਿਤੀ ਵਿੱਚ ਹੈ। ਸਰਕਾਰ ਦੁਆਰਾ ਸ਼ੁਰੂ ਕੀਤਾ ਗਿਆ ‘ਇੰਡੀਆ ਏ.ਆਈ.’ ਪ੍ਰੋਗਰਾਮ ਅਤੇ ਸਿੱਖਿਆ ਅਤੇ ਉਦਯੋਗ ਨਾਲ ਸਾਂਝੇਦਾਰੀ ਦੇਸ਼ ਦੀ ਏ.ਆਈ. ਸਮਰੱਥਾ ਨਿਰਮਾਣ ਵਿੱਚ ਮਦਦ ਕਰ ਰਹੀ ਹੈ। ਦੇਸ਼ ਭਰ ਵਿੱਚ ਡਾਟਾ ਸਾਇੰਸ, ਮਸ਼ੀਨ ਲਰਨਿੰਗ ਅਤੇ ਏ.ਆਈ. ਐਥਿਕਸ ਨਾਲ ਸਬੰਧਿਤ ਕੋਰਸ ਤੇਜ਼ੀ ਨਾਲ ਵਧ ਰਹੇ ਹਨ। ਬੈਂਗਲੁਰੂ, ਹੈਦਰਾਬਾਦ ਅਤੇ ਪੁਣੇ ਜਿਹੇ ਸ਼ਹਿਰ ਏ.ਆਈ. ਕੇਂਦਰਾਂ ਦੇ ਤੌਰ ’ਤੇ ਉੱਭਰ ਰਹੇ ਹਨ ਪਰ ਸਾਨੂੰ ਇਸ ਨੂੰ ਸਿਰਫ਼ ਆਸ਼ਾਵਾਦ ਦੇ ਚਸ਼ਮੇ ਨਾਲ ਨਹੀਂ ਦੇਖਣਾ ਚਾਹੀਦਾ। ਏ.ਆਈ. ਕਈ ਮੌਜੂਦਾ ਨੌਕਰੀਆਂ ਨੂੰ ਖ਼ਤਮ ਕਰੇਗੀ ਖਾਸ ਕਰਕੇ ਬੀ.ਪੀ.ਓ., ਕਸਟਮਰ ਸਰਵਿਸ, ਬੇਸਿਕ ਕੋਡਿੰਗ ਅਤੇ ਨਿਰਮਾਣ ਖੇਤਰ ਵਿੱਚ। ਮੈਕਿੰਜ਼ੀ ਅਨੁਸਾਰ ਸਾਲ 2030 ਤੱਕ ਦੁਨੀਆ ਭਰ ਵਿੱਚ 80 ਕਰੋੜ ਨੌਕਰੀਆਂ ਆਟੋਮੈਟਿਕ ਹੋ ਸਕਦੀਆਂ ਹਨ। ਭਾਰਤ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਗ਼ੈਰ-ਰਸਮੀ ਅਤੇ ਘੱਟ-ਹੁਨਰ ਵਾਲੀਆਂ ਨੌਕਰੀਆਂ ਵਿੱਚ ਹਨ, ਉਨ੍ਹਾਂ ਲਈ ਇਹ ਗੰਭੀਰ ਸੰਕਟ ਬਣ ਸਕਦਾ ਹੈ। ਏ.ਆਈ. ਯੁੱਗ ਵਿੱਚ ਜਿਨ੍ਹਾਂ ਹੁਨਰਾਂ ਦੀ ਲੋੜ ਹੈ, ਉਹ ਹੁਣ ਵੀ ਬਹੁਤ ਸੀਮਤ ਲੋਕਾਂ ਕੋਲ ਹਨ। ਜੇ ਤੁਰੰਤ ਡਿਜੀਟਲ ਸਾਖ਼ਰਤਾ ਅਤੇ ਵਪਾਰਕ ਏ.ਆਈ. ਸਿਖਲਾਈ ਵਿੱਚ ਨਿਵੇਸ਼ ਨਹੀਂ ਕੀਤਾ ਗਿਆ ਤਾਂ ਭਾਰਤ ਪਿੱਛੇ ਰਹਿ ਸਕਦਾ ਹੈ।
-ਜਸਪ੍ਰੀਤ ਬਿੰਦਰਾ

(ਲੇਖਕ ਏ.ਆਈ.ਐਂਡ ਬਿਓਂਡ ਦਾ ਸਹਿ-ਸੰਸਥਾਪਕ ਹੈ)।

Loading