ਨਵੀਂ ਦਿੱਲੀ/ਏ.ਟੀ.ਨਿਊਜ਼: ਐਫ.ਬੀ.ਆਈ. ਨੇ ਆਪਣੇ 10 ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ ਜਿਨ੍ਹਾਂ ਨੇ ਪਹਿਲੇ ਕਾਰਜਕਾਲ ਤੋਂ ਬਾਅਦ ਡੋਨਾਲਡ ਟਰੰਪ ਵੱਲੋਂ ਗੁਪਤ ਦਸਤਾਵੇਜ਼ਾਂ ਦੀ ਸਾਂਭ-ਸੰਭਾਲ ਦੀ ਜਾਂਚ ਕੀਤੀ ਸੀ। ਐਫ.ਬੀ.ਆਈ. ਡਾਇਰੈਕਟਰ ਕਾਸ਼ ਪਟੇਲ ਨੇ ਦੱਸਿਆ ਕਿ ਮੌਜੂਦਾ ਵ੍ਹਾਈਟ ਹਾਊਸ ਚੀਫ਼ ਆਫ਼ ਸਟਾਫ ਸੂਸੀ ਵਿਲਸ ਦੇ ਫੋਨ ਰਿਕਾਰਡ ਵੀ ਜਾਂਚ ਦੇ ਹਿੱਸੇ ਵਜੋਂ ਉਦੋਂ ਮੰਗੇ ਗਏ ਸਨ ਜਦੋਂ ਉਹ ਇੱਕ ਆਮ ਨਾਗਰਿਕ ਸੀ। ਪਟੇਲ ਨੇ ਬਰਖਾਸਤ ਕੀਤੇ ਗਏ ਐਫ.ਬੀ.ਆਈ. ਮੁਲਾਜ਼ਮਾਂ ਵੱਲੋਂ ਕੀਤੀ ਗਈ ਕਿਸੇ ਵੀ ਗਲਤ ਹਰਕਤ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ।
ਕੀ ਸੀ ਮਾਮਲਾ?
2021 ਵਿੱਚ ਟਰੰਪ ਦੇ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਵਿਸ਼ੇਸ਼ ਵਕੀਲ ਜੈਕ ਸਮਿਥ ਨੇ ਹੁਣ ਰਾਸ਼ਟਰਪਤੀ ਬਣ ਚੁੱਕੇ ਟਰੰਪ ਵਿਰੁੱਧ ਦੋ ਸੰਘੀ ਜਾਂਚਾਂ ਦੀ ਅਗਵਾਈ ਕੀਤੀ ਸੀ। ਇੱਕ ਮਾਮਲਾ ਇਸ ’ਤੇ ਕੇਂਦਰਿਤ ਸੀ ਕਿ ਕੀ ਟਰੰਪ ਨੇ 2020 ਦੇ ਚੋਣ ਨਤੀਜਿਆਂ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ ਸੀ।
ਦੂਜਾ ਮਾਮਲਾ ਉਨ੍ਹਾਂ ਗੁਪਤ ਦਸਤਾਵੇਜ਼ਾਂ ਨਾਲ ਸਬੰਧਿਤ ਸੀ ਜਿਨ੍ਹਾਂ ਨੂੰ ਟਰੰਪ ਫਲੋਰੀਡਾ ’ਚ ਆਪਣੇ ਮਾਰ-ਏ-ਲਾਗੋ ਨਿਵਾਸ ’ਤੇ ਵਾਪਸ ਲੈ ਗਏ ਸਨ ਤੇ ਬਾਅਦ ’ਚ ਉਨ੍ਹਾਂ ਨੂੰ ਵਾਪਸ ਲੈਣ ਤੋਂ ਅਮਰੀਕੀ ਨਿਆਂ ਵਿਭਾਗ ਨੂੰ ਰੋਕਣ ਦੀਆਂ ਉਨ੍ਹਾਂ ਦੀਆਂ ਕਥਿਤ ਕੋਸ਼ਿਸ਼ਾਂ ਨਾਲ ਜੁੜਿਆ ਸੀ। ਜਿਨ੍ਹਾਂ ਐਫ.ਬੀ.ਆਈ. ਮੁਲਾਜ਼ਮਾਂ ਨੂੰ ਕੱਢਿਆ ਗਿਆ, ਉਹ ਸਾਰੇ ਗੁਪਤ ਦਸਤਾਵੇਜ਼ਾਂ ਵਾਲੇ ਮਾਮਲੇ ’ਚ ਸ਼ਾਮਲ ਸਨ।
ਕਿਉਂ ਕੀਤੇ ਗਏ ਬਰਖ਼ਾਸਤ?
ਕਲਾਸੀਫਾਈਡ (ਗੁਪਤ) ਦਸਤਾਵੇਜ਼ਾਂ ਦੀ ਸਮਿਥ ਦੀ ਜਾਂਚ ਤੋਂ ਬਾਅਦ 2023 ਵਿੱਚ ਟਰੰਪ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਦੋਸ਼ੀ ਬਣਾਇਆ ਗਿਆ ਸੀ। 2024 ’ਚ, ਫਲੋਰੀਡਾ ਦੇ ਇੱਕ ਸੰਘੀ ਜੱਜ ਨੇ ਟਰੰਪ ਵਿਰੁੱਧ ਮਾਮਲਾ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਸੀ ਕਿ ਸਮਿਥ ਦੀ ਨਿਯੁਕਤੀ ਗੈਰ-ਕਾਨੂੰਨੀ ਸੀ। ਇਸ ਸਾਲ, ਜਾਰਜੀਆ ਦੀ ਇੱਕ ਫੈਡਰਲ ਅਪੀਲ ਅਦਾਲਤ ਨੇ ਟਰੰਪ ਦੇ ਨਿਆਂ ਵਿਭਾਗ ਦੀ ਬੇਨਤੀ ’ਤੇ ਆਖਰੀ ਦੋ ਪ੍ਰਤੀਵਾਦੀਆਂ ਵਿਰੁੱਧ ਮਾਮਲਾ ਹਟਾ ਦਿੱਤਾ ਸੀ।
ਜਨਵਰੀ ’ਚ ਟਰੰਪ ਦੀ ਵ੍ਹਾਈਟ ਹਾਊਸ ’ਚ ਵਾਪਸੀ ਤੋਂ ਬਾਅਦ, ਨਿਆਂ ਵਿਭਾਗ ਅਤੇ ਐਫਬੀਆਈ ਨੇ ਉਨ੍ਹਾਂ ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ ਜਿਨ੍ਹਾਂ ਨੇ ਉਨ੍ਹਾਂ ਵਿਰੁੱਧ ਸੰਘੀ ਜਾਂਚ ਵਿੱਚ ਹਿੱਸਾ ਲਿਆ ਸੀ। ਨਿਆਂ ਵਿਭਾਗ ਨੇ ਸਾਬਕਾ ਐਫਬੀਆਈ ਨਿਰਦੇਸ਼ਕ ਜੇਮਜ਼ ਕੋਮੀ, ਜਿਨ੍ਹਾਂ ਨੂੰ ਟਰੰਪ ਨੇ 2017 ’ਚ ਆਪਣੇ ਪਹਿਲੇ ਕਾਰਜਕਾਲ ਦੌਰਾਨ ਬਰਖਾਸਤ ਕੀਤਾ ਸੀ ਅਤੇ ਨਿਊਯਾਰਕ ਦੀ ਅਟਾਰਨੀ ਜਨਰਲ ਲੇਟੀਟੀਆ ਜੇਮਜ਼, ਜਿਨ੍ਹਾਂ ਨੇ ਟਰੰਪ ਵਿਰੁੱਧ ਸਿਵਲ ਧੋਖਾਧੜੀ ਦਾ ਮੁਕੱਦਮਾ ਚਲਾਇਆ ਸੀ, ਉਨ੍ਹਾਂ ਵਿਰੁੱਧ ਵੀ ਦੋਸ਼ ਤੈਅ ਕਰਨ ਦੀ ਕੋਸ਼ਿਸ਼ ਕੀਤੀ ਹੈ।
![]()
