ਐੱਨਕੇ ਸ਼ਰਮਾ ਵੱਲੋਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ

In ਮੁੱਖ ਖ਼ਬਰਾਂ
November 19, 2024
ਜ਼ੀਰਕਪੁਰ, 19 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਡੇਰਾਬੱਸੀ ਦੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਅੱਜ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਇਹ ਫ਼ੈਸਲਾ ਲੰਘੇ ਦਿਨੀਂ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੇ ਰੋਸ ਵਜੋਂ ਲਿਆ। ਐੱਨਕੇ ਸ਼ਰਮਾ, ਸੁਖਬੀਰ ਬਾਦਲ ਦੇ ਕਾਫ਼ੀ ਨੇੜਲਿਆਂ ’ਚੋਂ ਹਨ। ਜਾਣਕਾਰੀ ਅਨੁਸਾਰ ਸੁਖਬੀਰ ਬਾਦਲ ਦੇ ਅਸਤੀਫੇ ’ਤੇ ਫ਼ੈਸਲੇ ਬਾਰੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਣੀ ਸੀ, ਜਿਸ ਤੋਂ ਪਹਿਲਾਂ ਹੀ ਸ਼ਰਮਾ ਨੇ ਆਪਣਾ ਅਸਤੀਫਾ ਦੇ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਢਾਹ ਲਾਉਣ ਲਈ ਸੁਖਬੀਰ ਬਾਦਲ ਖ਼ਿਲਾਫ਼ ਗਿਣੀ ਮਿਥੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕੋਰ ਕਮੇਟੀ ਦੀ ਮੀਟਿੰਗ ’ਚ ਸੁਖਬੀਰ ਬਾਦਲ ਪਾਰਟੀ ਦੇ ਪ੍ਰਧਾਨ ਬਣੇ ਰਹਿੰਦੇ ਹਨ ਤਾਂ ਉਹ ਪਾਰਟੀ ਵਿੱਚ ਵਰਕਰ ਬਣ ਕੇ ਕਰਨਗੇ ਪਰ ਜੇ ਉਹ ਪਾਰਟੀ ਦੇ ਪ੍ਰਧਾਨ ਨਾ ਰਹੇ ਤਾਂ ਉਨ੍ਹਾਂ ਦਾ ਪਾਰਟੀ ’ਚ ਕੋਈ ਕੰਮ ਨਹੀਂ ਹੈ।

Loading