ਬ੍ਰਿਟੇਨ ਦੇ ਵੈਸਟ ਮਿਡਲੈਂਡਜ਼ ਖੇਤਰ ਵਿੱਚ ਓਲਡਬਰੀ ਨਾਂ ਦੇ ਇਲਾਕੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਨੇ ਪੂਰੇ ਸਮਾਜ ਨੂੰ ਹੈਰਾਨ ਕਰ ਦਿੱਤਾ ਹੈ। ਇੱਕ 20 ਸਾਲਾਂ ਦੀ ਬ੍ਰਿਟਿਸ਼ ਸਿੱਖ ਕੁੜੀ ਨਾਲ ਦਿਨ ਦਿਹਾੜੇ ਦੋ ਗੋਰੇ ਗੁੰਡਿਆਂ ਨੇ ਬਲਾਤਕਾਰ ਕੀਤਾ ਅਤੇ ਨਸਲੀ ਗਾਲਾਂ ਕਢੀਆਂ ਤੇ ਕਾਤਲਾਨਾ ਹਮਲਾ ਕੀਤਾ। ਪੀੜਤ ਕੁੜੀ, ਜੋ ਬ੍ਰਿਟਿਸ਼ ਜਨਮੀ ਹੈ ਅਤੇ ਸਿੱਖ ਪਿਛੋਕੜ ਵਾਲੀ ਹੈ, ਓਲਡਬਰੀ ਵਿੱਚ ਰਹਿੰਦੀ ਹੈ। ਜਦੋਂ ਉਹ ਕੰਮ ਤੇ ਜਾਂਦੀ ਹੋਈ ਟੇਮ ਰੋਡ ਨੇੜੇ ਇੱਕ ਖੁੱਲ੍ਹੇ ਖੇਤ ਵਿੱਚੋਂ ਲੰਘ ਰਹੀ ਸੀ ਤਾਂ ਇੱਥੇ ਦੋ ਗੋਰੇ ਗੁੰਡਿਆਂ, ਜਿਨ੍ਹਾਂ ਵਿੱਚੋਂ ਇੱਕ ਨੰਗੇ ਸਿਰ ਵਾਲਾ ਭਾਰੀ ਕੱਦ ਵਾਲਾ ਸੀ ਜਿਸਨੇ ਕਾਲੀ ਸਵੈਟਸ਼ਰਟ ਅਤੇ ਗਲੱਬਜ਼ ਪਹਿਨੇ ਹੋਏ ਸਨ ਤੇ ਦੂਜਾ ਚਾਂਦੀ ਵਾਲੇ ਜ਼ਿਪ ਵਾਲੀ ਗ੍ਰੇ ਟੌਪ ਪਹਿਨਿਆ ਹੋਇਆ ਸੀ , ਨੇ ਕੁੜੀ ਨੂੰ ਨਸਲੀ ਤੇ ਜਿਨਸੀ ਨਿਸ਼ਾਨਾ ਬਣਾਇਆ ।ਵੈਸਟ ਮਿਡਲੈਂਡਜ਼ ਪੁਲਿਸ ਨੇ ਇਸ ਨੂੰ ‘ਨਸਲੀ ਤੌਰ ਤੇ ਹਮਲਾ’ ਕਰਾਰ ਦਿੱਤਾ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਸਰਗਰਮ ਹੋ ਗਈ ਹੈ। ਇਹ ਵਾਕਿਆ 9 ਸਤੰਬਰ 2025 ਨੂੰ ਸਵੇਰੇ ਟੇਮ ਰੋਡ ਦੇ ਨੇੜੇ ਵਾਪਰਿਆ ਸੀ, ਜਦੋਂ ਕੁੜੀ ਕੰਮ ਉਪਰ ਜਾ ਰਹੀ ਸੀ। ਪੁਲਿਸ ਅਨੁਸਾਰ, ਗੋਰੇ ਗੁੰਡਿਆਂ ਨੇ ਨਾ ਸਿਰਫ਼ ਉਸ ਨਾਲ ਜਿਨਸੀ ਛੇੜਛਾੜ ਕੀਤੀ, ਸਗੋਂ ਉਸ ਨੂੰ ‘ਆਪਣੇ ਦੇਸ਼ ਵਾਪਸ ਜਾ’ ਅਤੇ ‘ਤੂੰ ਇੱਥੇ ਦੀ ਨਹੀਂ ਹੈ’ ਵਰਗੀਆਂ ਨਸਲੀ ਟਿੱਪਣੀਆਂ ਵੀ ਕੀਤੀਆਂ।
ਚੀਫ਼ ਸੁਪਰਇੰਟੈਂਡੈਂਟ ਕਿਮ ਮੈਡਿਲ ਨੇ ਕਿਹਾ ਕਿ ਵੈਸਟ ਮਿਡਲੈਂਡਜ਼ ਵਿੱਚ ਨਸਲੀ ਤੌਰ ‘ਤੇ ਪ੍ਰੇਰਿਤ ਜ਼ਬਰ ਜਨਾਹ ਦੀ ਜਾਂਚ ਕਰ ਰਹੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। 30 ਸਾਲਾਂ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ। ਉਹ ਜ਼ਬਰ ਜਨਾਹ ਦੇ ਸ਼ੱਕ ਕਾਰਣ ਹਿਰਾਸਤ ਵਿੱਚ ਹੈ।
ਸੈਂਡਵੈੱਲ ਪੁਲਿਸ ਦੀ ਚੀਫ ਸੁਪਰਇੰਟੈਂਡੈਂਟ ਕਿਮ ਮੈਡਿਲ ਨੇ ਕਿਹਾ, “ਇਹ ਜਾਂਚ ਵਿੱਚ ਇੱਕ ਮਹੱਤਵਪੂਰਨ ਪ੍ਰਗਤੀ ਹੈ ਅਤੇ ਅਸੀਂ ਭਾਈਚਾਰੇ ਦੇ ਨਿਰੰਤਰ ਸਹਿਯੋਗ ਲਈ ਧੰਨਵਾਦੀ ਹਾਂ। ਜਾਂਚ ਅਜੇ ਜਾਰੀ ਹੈ ਅਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਟਕਲਬਾਜ਼ੀ ਨਾ ਕਰਨ ਜਦੋਂ ਤੱਕ ਅਸੀਂ ਸਾਰੇ ਸੰਭਾਵੀ ਦੋਸ਼ੀਆਂ ਦੀ ਪਛਾਣ ਅਤੇ ਭਾਲ ਨਹੀਂ ਕਰ ਲੈਂਦੇ।”
ਇਸ ਗ੍ਰਿਫ਼ਤਾਰੀ ਦੀ ਖਬਰ ਐਤਵਾਰ ਨੂੰ ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਇਕੱਠੇ ਹੋਣ ਤੋਂ ਬਾਅਦ ਆਈ, ਜੋ ਪੀੜਤ ਕੁੜੀ ਨੂੰ ਸਮਰਥਨ ਦਿਖਾਉਣ ਲਈ ਇਕੱਠੇ ਹੋਏ ਸਨ। ਸੈਂਕੜੇ ਲੋਕ ਸਮੇਥਵਿਕ ਦੇ ਗੁਰੂ ਨਾਨਕ ਗੁਰਦੁਆਰੇ ਦੇ ਇਕਠੇ ਹੋਏ, ਜਿੱਥੇ ਉਨ੍ਹਾਂ ਨੇ ਅਰਦਾਸ ਕੀਤੀ ਅਤੇ ਆਪਣਾ ਸਮਰਥਨ ਦਿੱਤਾ। ਇਸ ਤੋਂ ਬਾਅਦ ਉਹ ਘਟਨਾ ਵਾਲੀ ਥਾਂ ‘ਤੇ ਗਏ।ਇਲਾਕੇ ਵਿੱਚ ਵਾਧੂ ਗਸ਼ਤ ਵੀ ਵਧਾ ਦਿੱਤੀ ਗਈ ਹੈ ਤਾਂ ਜੋ ਲੋਕ ਸੁਰਖਿਅਤ ਮਹਿਸੂਸ ਕਰਨ।ਪੀੜਤਾ ਨੂੰ ਵੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ।ਅਧਿਕਾਰੀ ਨੇ ਮੌਕੇ ਉਪਰ ਮੌਜੂਦ ਲੋਕਾਂ ਨੂੰ ਗਵਾਹੀ ਲਈ ਅੱਗੇ ਆਉਣ ਦੀ ਅਪੀਲ ਕੀਤੀ।’
ਇਸ ਘਟਨਾ ਨੇ ਸਿੱਖ ਭਾਈਚਾਰੇ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦਿਤੀ। ਪੀੜਤ ਕੁੜੀ ਨੇ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਨਿਰਦੋਸ਼ ਫੜੇ ਜਾਣ ਤਾਂ ਜੋ ਅਜਿਹਾ ਕਿਸੇ ਹੋਰ ਨਾਲ ਨਾ ਵਾਪਰੇ।
ਇਸ ਘਟਨਾ ਨੇ ਪੂਰੇ ਬ੍ਰਿਟੇਨ ਵਿੱਚ ਨਸਲਵਾਦ ਅਤੇ ਔਰਤਾਂ ਵਿਰੁੱਧ ਹਿੰਸਾ ਨੂੰ ਲੈ ਕੇ ਵੱਡੀ ਚਰਚਾ ਛੇੜ ਦਿੱਤੀ ਹੈ।
ਸਿੱਖ ਯੂਥ ਯੂਕੇ ,ਵਰਲਡ ਸਿੱਖ ਪਾਰਲੀਮੈਂਟ ਅਤੇ ਸਿੱਖ ਫੈਡਰੇਸ਼ਨ ਯੂਕੇ ਨੇ ਪੀੜਤ ਅਤੇ ਉਸ ਦੇ ਪਰਿਵਾਰ ਨੂੰ ਸਹਾਇਤਾ ਦਾ ਵਾਅਦਾ ਕੀਤਾ।
ਇਹਨਾਂ ਪੰਥਕ ਜਥੇਬੰਦੀਆਂ ਅਨੁਸਾਰ, ਇਹ ਹਮਲਾ ਨਸਲਵਾਦ ਦੀ ਸਾਫ਼ ਨਿਸ਼ਾਨੀ ਹਨ।ਯੂਕੇ ਸਰਕਾਰ ਨੂੰ ਅਜਿਹੇ ਅਪਰਾਧਾਂ ਵਿਰੁੱਧ ਕਠੋਰ ਕਾਰਵਾਈ ਕਰਨੀ ਚਾਹੀਦੀ। ਅਸੀਂ ਪੀੜਤ ਲਈ ਦੁਆ ਕਰਦੇ ਹਾਂ।’ ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਵਧ ਰਹੀਆਂ ਹਨ, ਖਾਸ ਕਰਕੇ ਪੌਪੂਲਿਜ਼ਮ ਅਤੇ ਐਂਟੀ-ਇਮੀਗ੍ਰੇਸ਼ਨ ਰਾਜਨੀਤੀ ਕਾਰਨ। ਉਹਨਾਂ ਦਸਿਆ ਕਿ ਪਿਛਲੇ ਮਹੀਨੇ 15 ਅਗਸਤ ਨੂੰ ਵੁਲਵਰਹੈਂਪਟਨ ਵਿੱਚ ਦੋ ਸਿੱਖ ਟੈਕਸੀ ਡਰਾਈਵਰਾਂ ਤੇ ਹਮਲਾ ਹੋਇਆ ਸੀ, ਜਿੱਥੇ ਇੱਕ ਨੌਜਵਾਨ ਸਤਨਾਮ ਸਿੰਘ ਦੀ ਪੱਗ ਵੀ ਉਤਾਰੀ ਗਈ ਸੀ। ਉਸ ਮਾਮਲੇ ਵਿੱਚ ਤਿੰਨ ਗੁੰਡੇ ਗ੍ਰਿਫ਼ਤਾਰ ਹੋਏ ਸਨ ਪਰ ਜ਼ਮਾਨਤ ਤੇ ਛੱਡ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਇਹ ਨਸਲਵਾਦ ਨਾ ਸਿਰਫ਼ ਸਿੱਖਾਂ ਲਈ, ਸਗੋਂ ਸਾਰੇ ਭਿੰਨ ਭਿੰਨ ਨਸਲ ਦੇ ਭਾਈਚਾਰਿਆਂ ਲਈ ਖ਼ਤਰਾ ਹੈ।
ਬਰਮਿੰਘਮ ਵਿਚ ਸਿੱਖਾਂ ਵੱਲੋਂ ਬੀਤੇ ਦਿਨੀ ਸਿੱਖ ਲੜਕੀ ਨਾਲ ਜਬਰ ਜਨਾਹ ਅਤੇ ਨਸਲੀ ਹਮਲੇ ਦੇ ਵਿਰੋਧ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ ।ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੀ ਪ੍ਰਬੰਧਕ ਕਮੇਟੀ ਤੇ ਸਿੱਖ ਸੰਗਤਾਂ ਵੱਲੋਂ ਕੱਢੇ ਗਏ ਇਸ ਰੋਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਲੋਕ ਸ਼ਾਮਲ ਸਨ। ਗੁਰੂ ਨਾਨਕ ਗੁਰਦੁਆਰਾ ਸਾਹਿਬ ਤੋਂ ਘਟਨਾ ਸਥਾਨ ਤੱਕ ਭਾਰੀ ਮੀਂਹ ਦੌਰਾਨ ਵੀ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਾਡੀ ਭੈਣ ‘ਤੇ ਇਹ ਹਮਲਾ ਸ਼ਰਮਨਾਕ ਹੈ ।ਸਾਡੀਆਂ ਧੀਆਂ, ਭੈਣਾਂ ਤੇ ਮਾਵਾਂ ਸੁਰੱਖਿਅਤ ਰਹਿਣ ਦੀਆਂ ਹੱਕਦਾਰ ਹਨ, ਭਾਵੇਂ ਉਹ ਕਿਸੇ ਵੀ ਰੰਗ ਜਾਂ ਕਿਸੇ ਵੀ ਧਰਮ ਨਾਲ ਸਬੰਧਤ ਹੋਣ। ਬੁਲਾਰਿਆਂ ਨੇ ਕਿਹਾ ਕਿ ਸਥਾਨਕ ਸਿਆਸਤਦਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਸਾਡੇ ਭਾਈਚਾਰਿਆਂ ਦੀ ਰੱਖਿਆ ਅਤੇ ਏਕਤਾ ਲਈ ਹੋਰ ਯਤਨ ਕਰਨੇ ਚਾਹੀਦੇ ਹਨ | ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੇ ਪ੍ਰਧਾਨ ਜਤਿੰਦਰ ਸਿੰਘ ਬਾਸੀ, ਸਾਬਕਾ ਪ੍ਰਧਾਨ ਕੁਲਦੀਪ ਸਿੰਘ ਦਿਓਲ, ਨਰਿੰਦਰਜੀਤ ਸਿੰਘ, ਸੰਗਤ ਸਿੰਘ ਆਦਿ ਨੇ ਕਿਹਾ ਕਿ ਇਹ ਨਸਲੀ ਨਫ਼ਰਤ ਅਤੇ ਜਿਨਸੀ ਹਿੰਸਾ ਇਕ ਘਿਨਾਉਣਾ ਕੰਮ ਸੀ | ਸਿੱਖ ਲੜਕੀ ਨਾਲ ਵਾਪਰੀ ਘਟਨਾ ਨੇ ਸਿੱਖਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ |
ਬਰਮਿੰਘਮ ਐਡਗਬੈਸਟਨ ਦੀ ਐੱਮਪੀ ਪ੍ਰੀਤ ਕੌਰ ਗਿੱਲ ਨੇ ਐੱਕਸ ਤੇ ਲਿਖਿਆ ਕਿ ਮੈਂ ਓਲਡਬਰੀ ਵਿੱਚ ਸਿੱਖ ਕੁੜੀ ਤੇ ਹੋਏ ਹਮਲੇ ਨਾਲ ਹਕਾ ਬੱਕਾ ਰਹਿ ਗਈ ਹਾਂ। ਇਹ ਨਾ ਸਿਰਫ਼ ਹਿੰਸਾ ਹੈ, ਸਗੋਂ ਨਸਲੀ ਹਮਲਾ ਵੀ ਹੈ।
ਸਮੇਥਵਿਕ ਦੇ ਐੱਮਪੀ ਗੁਰਿੰਦਰ ਸਿੰਘ ਜੋਸਨ ਤੇ ਵੈਸਟ ਬ੍ਰੌਮਿਚ ਦੀ ਐੱਮਪੀ ਸਾਰਾ ਕੂਮਬਸ ਨੇ ਵਖੋ ਵਖ ਬਿਆਨਾਂ ਵਿਚ ਕਿਹਾ ਕਿ ਇਹ ਸੱਚਮੁੱਚ ਹੈਰਾਨ ਕਰਨ ਵਾਲਾ ਨਸਲੀ ਹਮਲਾ ਹੈ, ਜਿਸ ਨੇ ਪੀੜਤ ਨੂੰ ਸਦਮੇ ਵਿੱਚ ਪਾ ਦਿੱਤਾ ਹੈ।
ਇਥੇ ਜ਼ਿਕਰਯੋਗ ਹੈ ਕਿ ਬਿ੍ਟੇਨ ਵਿਚ ਨਸਲਵਾਦ ਵਧ ਰਿਹਾ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਬਿ੍ਟੇਨ ਸਰਕਾਰ ਨੂੰ ਵੱਡੇ ਕਦਮ ਚੁੱਕਣੇ ਚਾਹੀਦੇ ਹਨ। ਸਿੱਖ ਭਾਈਚਾਰੇ ਵਿਚ ਸਰਕਾਰ ਪ੍ਰਤੀ ਰੋਸ ਵਧ ਰਿਹਾ ਹੈ । ਓਲਡਬਰੀ ਵਿੱਚ ਸਿੱਖਾਂ ਨੇ ਇੱਕ ਵਿਸ਼ਾਲ ਰੈਲੀ ਵੀ ਕੀਤੀ, ਜਿੱਥੇ ਹਜ਼ਾਰਾਂ ਲੋਕ ਨਸਲਵਾਦ ਵਿਰੁੱਧ ਖੜ੍ਹੇ ਹੋਏ। ਇਹ ਘਟਨਾ ਇੱਕ ਸੁਨੇਹਾ ਹੈ ਕਿ ਬ੍ਰਿਟੇਨ ਵਿੱਚ ਸਭ ਨੂੰ ਬਰਾਬਰੀ ਦਾ ਹੱਕ ਹੋਣਾ ਚਾਹੀਦਾ ਹੈ।ਨਸਲਵਾਦ ਨਹੀਂ ਹੋਣਾ ਚਾਹੀਦਾ। ਦੋਸ਼ੀ ਫੜੇ ਜਾਣੇ ਚਾਹੀਦੇ ਹਨ ਤੇ ਸਖਤ ਸਜ਼ਾਵਾਂ ਮਿਲਣ।
![]()
