ਔਰਤਾਂ ਲਈ ਰੋਲ ਮਾਡਲ ਸੀ ਪੰਜਾਬ ਦੀ ਕੋਇਲ ਸੁਰਿੰਦਰ ਕੌਰ

ਪੰਜਾਬ ਦੀ ਕੋਇਲ ਕਹੀ ਜਾਣ ਵਾਲੀ ਅਤੇ ਪੰਜਾਬੀ ਗੀਤਾਂ ਦੀ ਸ਼ਹਿਜ਼ਾਦੀ ਸੁਰਿੰਦਰ ਕੌਰ ਨੂੰ ਔਰਤਾਂ ਲਈ ਰੋਲ ਮਾਡਲ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਉਸ ਵਕਤ ਸਟੇਜਾਂ ’ਤੇ ਗਾਉਣਾ ਸ਼ੁਰੂ ਕੀਤਾ ਜਦੋਂ ਕਿਸੇ ਲੜਕੀ ਲਈ ਘਰੋਂ ਬਾਹਰ ਜਾਣਾ ਸਮਾਜ ਦੀਆਂ ਨਜ਼ਰਾਂ ਵਿੱਚ ਇੱਕ ਗੁਨਾਹ ਸੀ। ਠੀਕ ਉਸ ਸਮੇਂ ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਨੇ ਇਸ ਤੋਂ ਬਗਾਵਤ ਕਰਦਿਆਂ ਗਾਇਕੀ ਖੇਤਰ ਨੂੰ ਅਪਣਾ ਕੇ ਔਰਤਾਂ ਨੂੰ ਅਜ਼ਾਦੀ ਪ੍ਰਤੀ ਜਾਗਰੂਕ ਕਰ ਕੇ ਸੁਨੇਹਾ ਦੇਣ ਦੀ ਕੋਸ਼ਿਸ ਕੀਤੀ। ਉਨ੍ਹਾਂ ਹਮੇਸ਼ਾ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਸੱਭਿਆਚਾਰਕ ਗੀਤ ਹੀ ਗਾਏ। ਬੀਬੀ ਸੁਰਿੰਦਰ ਕੌਰ ਦੇ ਗੀਤਾਂ ਰਾਹੀਂ ਮਾਂ ਅਤੇ ਧੀ ਦਾ ਦਰਦ ਛਲਕਦਾ ਸੀ। ਉਨ੍ਹਾਂ ਨੇ ਪਹਿਲਾ ਗੀਤ ਵੀ ਮਾਂ ਅਤੇ ਧੀ ਲਈ ਰਿਕਾਰਡ ਕਰਵਾਇਆ। ਸੁਰਿੰਦਰ ਕੌਰ ਦਾ ਜਨਮ ਲਾਹੌਰ ਵਿੱਚ 25 ਨਵੰਬਰ 1929 ਨੂੰ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੇ ਘਰ ਹੋਇਆ। ਉਸ ਦੀਆਂ ਚਾਰ ਭੈਣਾਂ, (ਪ੍ਰਕਾਸ਼ ਕੌਰ, ਮੁਹਿੰਦਰ ਕੌਰ, ਮਨਜੀਤ ਕੌਰ ਤੇ ਨਰਿੰਦਰ ਕੌਰ) ਅਤੇ ਪੰਜ ਭਰਾ ਸਨ। 12 ਸਾਲ ਦੀ ਉਮਰ ਵਿੱਚ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਦੇ ਨਾਲ ਹੀ ਮੁਸਲਿਮ ਉਸਤਾਦ ਇਨਾਇਤ ਹੁਸੈਨ ਅਤੇ ਹਿੰਦੂ ਉਸਤਾਦ ਪੰਡਿਤ ਮਨੀ ਪ੍ਰਸ਼ਾਦ ਤੋਂ ਸ਼ਾਸਤਰੀ ਸੰਗੀਤ ਦੀ ਸਿਖਿਆ ਹਾਸਲ ਕਰਨ ਲੱਗ ਪਈ ਸੀ, ਜਿਸ ਦੀ ਬਦੌਲਤ ਅਗਸਤ 1943 ਵਿੱਚ ਸੁਰਿੰਦਰ ਕੌਰ ਨੇ 13 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਲਾਹੌਰ ਰੇਡੀਓ ’ਤੇ ਗਾਇਆ। ਇਸੇ ਸਾਲ 31 ਅਗਸਤ ਨੂੰ ਐੱਚ.ਐੱਮ.ਵੀ. ਨੇ ਦੋਹਾਂ ਭੈਣਾਂ ਦੀ ਆਵਾਜ਼ ਵਿੱਚ ਪਹਿਲਾ ਗੀਤ ‘ਮਾਵਾਂ ਤੇ ਧੀਆਂ ਰਲ ਬੈਠੀਆਂ’ ਰਿਕਾਰਡ ਕੀਤਾ, ਜੋ ਬਹੁਤ ਸਲਾਹਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰੇ ਸਦਾਬਹਾਰ ਗੀਤ ਪੰਜਾਬੀ ਸਰੋਤਿਆਂ ਦੇ ਰੂਬਰੂ ਕੀਤੇ, ਜਿਨ੍ਹਾਂ ’ਚੋਂ ਕੁਝ ਗੀਤ ਕਾਫੀ ਮਕਬੂਲ ਹੋਏ, ਜਿਵੇਂ ‘ਚੰਨ ਕਿਥਾਂ ਗੁਜ਼ਾਰੀ ਆ ਰਾਤ ਵੇ’, ‘ਲੱਠੇ ਦੀ ਚਾਦਰ’, ‘ਸ਼ੌਂਕਣ ਮੇਲੇ ਦੀ’, ‘ਗੋਰੀ ਦੀਆਂ ਝਾਂਜਰਾਂ’, ‘ਸੜਕੇ-ਸੜਕੇ ਜਾਂਦੀਏ ਮੁਟਿਆਰੇ’, ‘ਮਾਵਾਂ ਤੇ ਧੀਆਂ’, ‘ਜੁੱਤੀ ਕਸੂਰੀ ਪੈਰੀ ਨਾ ਪੂਰੀ’, ‘ਮਧਾਣੀਆਂ’, ‘ਇਨ੍ਹਾਂ ਅੱਖੀਆਂ ’ਚ ਪਾਵਾਂ ਕਿਵੇਂ ਕਜਲਾ ਵੇ ਅੱਖੀਆਂ ਤੂੰ ਵੱਸਦਾ’, ‘ਗਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ’, ‘ਸੂਹੇ ਵੇ ਚੀਰੇ ਵਾਲਿਆ’। ਦੇਸ਼ ਦੀ ਵੰਡ ਸਮੇਂ ਉਹ ਪਰਿਵਾਰ ਦੇ ਨਾਲ ਹੀ ਗਾਜ਼ੀਆਬਾਦ (ਦਿੱਲੀ) ਆ ਵੱਸੀ ਤੇ ਫੇਰ ਮੁੰਬਈ। ਉੱਥੇ ਉਨ੍ਹਾਂ 1948 ਵਿੱਚ ਪਿੱਠਵਰਤੀ ਗਾਇਕਾ ਵਜੋਂ ਫਿਲਮ ‘ਸ਼ਹੀਦ’ ਲਈ ਯਾਦਗਾਰੀ ਗੀਤ ‘ਬਦਨਾਮ ਨਾ ਹੋ ਜਾਏ ਮੁਹੱਬਤ ਕਾ ਫ਼ਸਾਨਾ’ ਰਿਕਾਰਡ ਕਰਵਾਇਆ। ਸੰਨ 1952 ’ਚ ਵਾਪਸ ਦਿੱਲੀ ਪਰਤੀ ਸੁਰਿੰਦਰ ਦਾ ਵਿਆਹ ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਸਾਹਿਤ ਦੇ ਲੈਕਚਰਾਰ ਜੋਗਿੰਦਰ ਸਿੰਘ ਸੋਢੀ ਨਾਲ ਕਰ ਦਿੱਤਾ ਗਿਆ, ਜੋ ਉਸ ਦਾ ਵਿਸ਼ੇਸ਼ ਸਹਾਇਕ ਤੇ ਸਹਿਯੋਗੀ ਬਣਿਆ। ਆਪ ਦੇ ਘਰ ਤਿੰਨ ਲੜਕੀਆਂ ਨੇ ਜਨਮ ਲਿਆ, ਜਿਨ੍ਹਾਂ ’ਚੋਂ ਵੱਡੀ ਡੌਲੀ ਗੁਲੇਰੀਆ ਪੰਜਾਬੀ ਦੀ ਨਾਮਵਰ ਗਾਇਕਾ ਹੈ। ਸੁਰਿੰਦਰ ਕੌਰ ਨੇ ਆਸਾ ਸਿੰਘ ਮਸਤਾਨਾ, ਕਰਨੈਲ ਗਿੱਲ, ਹਰਚਰਨ ਗਰੇਵਾਲ, ਰੰਗੀਲਾ ਜੱਟ ਅਤੇ ਦੀਦਾਰ ਸੰਧੂ ਨਾਲ ਦੋਗਾਣਿਆਂ ਸਮੇਤ 2000 ਤੋਂ ਵਧੇਰੇ ਗੀਤ ਰਿਕਾਰਡ ਕਰਵਾਏ ਅਤੇ ਕਈ ਮੁਲਕਾਂ ਦੇ ਸਫਲ ਟੂਰ ਲਾਉਣ ਵਾਲੀ ਸੁਰਿੰਦਰ ਦੇ ਗੀਤਾਂ ਦੀ ਲੈਅ ਉਦਾਸ ਗੀਤਾਂ ’ਚ ਬਦਲ ਗਈ, ਜਦੋਂ 1975 ’ਚ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ। ਉਹ ਕਸੀਸ ਵੱਟ ਇਨ੍ਹਾਂ ਹਾਲਾਤ ਵਿੱਚ ਆਪਣੀ ਬੇਟੀ ਰੁਪਿੰਦਰ ਕੌਰ (ਡੌਲੀ ਗੁਲੇਰੀਆ) ਅਤੇ ਦੋਹਤੀ ਸੁਨੈਨਾ ਨਾਲ ਮਿਲ ਕੇ ਗਾਉਂਦੀ ਰਹੀ। ਪੰਜਾਬ ਦੀ ਕੋਇਲ, ਸੰਗੀਤ ਨਾਟਕ ਅਕੈਡਮੀ ਐਵਾਰਡ (1984), ਮਿਲੇਨੀਅਮ ਪੰਜਾਬੀ ਸਿੰਗਰ ਐਵਾਰਡ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਡਿਗਰੀ (2002), ਇੰਡੀਅਨ ਨੈਸ਼ਨਲ ਅਕੈਡਮੀ ਸੰਗੀਤ ਡਾਂਸ ਅਤੇ ਥੀਏਟਰ ਵਰਗੇ ਐਵਾਰਡ-ਸਨਮਾਨ ਹਾਸਲ ਕਰਨ ਵਾਲੀ ਸੁਰਿੰਦਰ ਕੌਰ ਆਪਣੀ ਮਿੱਟੀ ਦੇ ਮੋਹ ਦੀ ਮਾਰੀ 2004 ਵਿੱਚ ਪੰਚਕੂਲਾ ਆ ਵਸੀ। ਉਸ ਨੇ ਜ਼ੀਰਕਪੁਰ ਵਿਖੇ ਵੀ ਘਰ ਬਣਾਇਆ ਪਰ 22 ਦਸੰਬਰ 2005 ਨੂੰ ਉਹ ਹਾਰਟ ਅਟੈਕ ਦਾ ਸ਼ਿਕਾਰ ਹੋ ਗਈ ਅਤੇ ਪੰਚਕੂਲਾ ਦੇ ਜਨਰਲ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਠੀਕ ਹੋਣ ਉਪਰੰਤ ਦਿੱਲੀ ਵਿਖੇ ਜਨਵਰੀ 2006 ਵਿੱਚ ਉਹ ਪਦਮਸ਼੍ਰੀ ਐਵਾਰਡ ਹਾਸਲ ਕਰਨ ਲਈ ਵੀ ਪਹੁੰਚੀ। ਸਿਹਤ ਦੀ ਖ਼ਰਾਬੀ ਸਦਕਾ 2006 ਵਿੱਚ ਉਨ੍ਹਾਂ ਨੂੰ ਇਲਾਜ ਲਈ ਅਮਰੀਕਾ ਵਿਖੇ ਰਹਿੰਦੀਆਂ ਆਪਣੀਆਂ ਧੀਆਂ ਕੋਲ ਜਾਣਾ ਪਿਆ। ਜਿੱਥੇ ਉਸ ਨੂੰ ਨਿਊਜਰਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਹਸਪਤਾਲ ’ਚ ਪੰਜਾਬ ਦੀ ਇਸ ਮਹਾਨ ਗਾਇਕਾ ਨੇ 14 ਜੂਨ 2006 ਨੂੰ ਆਖ਼ਰੀ ਸਾਹ ਲਿਆ। ਅੱਜ ਉਹ ਜਿਸਮਾਨੀ ਤੌਰ ’ਤੇ ਤਾਂ ਭਾਵੇਂ ਸਾਡੇ ਵਿਚ ਨਹੀਂ ਹਨ ਪਰ ਉਨ੍ਹਾਂ ਦੀ ਮਿੱਠੀ ਗਾਇਕੀ ਹਮੇਸ਼ਾ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਦੀ ਰਹੇਗੀ। ਉਨ੍ਹਾਂ ਦੇ ਗਾਏ ਸਦਾਬਹਾਰ ਗੀਤ ਹਮੇਸ਼ਾ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਵਾਉਦੇ ਰਹਿਣਗੇ। - ਕੁਲਦੀਪ ਸਿੰਘ ਸਾਹਿਲ

Loading