ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਇਲੀਨੋਇਸ ਵਿੱਚ 6 ਜੁਲਾਈ 2024 ਨੂੰ ਵਾਪਰੀ ਇਕ ਘਟਨਾ ਦੇ ਮਾਮਲੇ ਜਿਸ ਵਿੱਚ ਸੋਨੀਆ ਮੈਸੀ ਨਾਮੀ ਇੱਕ ਕਾਲੀ ਔਰਤ ਇੱਕ ਪੁਲਿਸ ਅਫਸਰ ਦੁਆਰਾ ਚਲਾਈ ਗੋਲੀ ਨਾਲ ਮਾਰੀ ਗਈ ਸੀ, ਦੇ ਮਾਮਲੇ ਵਿੱਚ ਜਿਊਰੀ ਨੇ ਪੁਲਿਸ ਅਫ਼ਸਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਔਰਤ ਨੇ ਘਰ ਵਿੱਚ ਘੁਸਪੈਠੀਆ ਹੋਣ ਦੇ ਸ਼ੱਕ ਕਾਰਨ ਖੁਦ ਹੀ ਪੁਲਿਸ ਸੱਦੀ ਸੀ। ਜਦੋਂ ਪੁਲਿਸ ਮੌਕੇ ਉਪਰ ਪੁੱਜੀ ਤਾਂ ਸੀਨ ਗਰੇਸਨ ਨਾਮੀ ਪੁਲਿਸ ਅਫਸਰ ਨੇ ਸਟੋਵ ਤੋਂ ਗਰਮ ਪਾਣੀ ਦਾ ਪਤੀਲਾ ਲਾਹ ਰਹੀ ਔਰਤ ਨੂੰ ਘੁਸਪੈਠੀਆ ਸਮਝ ਕੇ ਗੋਲੀ ਮਾਰ ਦਿੱਤੀ। ਜਿਊਰੀ ਨੇ ਦੂਸਰਾ ਦਰਜਾ ਹੱਤਿਆ ਦੇ ਦੋਸ਼ਾਂ ਤਹਿਤ ਸੀਨ ਗਰੇਸਨ ਨੂੰ ਦੋਸ਼ੀ ਕਰਾਰ ਦਿੱਤਾ। ਉਸ ਨੂੰ 20 ਸਾਲ ਤੱਕ ਸਜ਼ਾ ਹੋ ਸਕਦੀ ਹੈ ਜਾਂ ਪ੍ਰੋਬੇਸ਼ਨ ’ਤੇ ਰਿਹਾਈ ਵੀ ਸੰਭਵ ਹੈ। ਮਾਮਲੇ ਦੀ ਸੁਣਾਵਾਈ 7 ਦਿਨ ਚੱਲੀ। ਵਕੀਲਾਂ ਦਾ ਕਹਿਣਾ ਹੈ ਕਿ ਉਨਾਂ ਦਾ ਵਿਸ਼ਵਾਸ਼ ਹੈ ਕਿ ਗਰੇਸਨ ਵਿਰੁੱਧ ਪਹਿਲਾ ਦਰਜਾ ਹੱਤਿਆ ਦੇ ਦੋਸ਼ਾਂ ਤਹਿਤ ਸਜ਼ਾ ਸੁਣਾਈ ਜਾਣੀ ਚਾਹੀਦੀ ਸੀ। ਦੂਸਰਾ ਦਰਜਾ ਹੱਤਿਆ ਤਹਿਤ ਸੁਣਾਈ ਸਜ਼ਾ ਸੋਨੀਆ ਮੈਸੀ ਨਾਲ ਇਨਸਾਫ ਨਹੀਂ ਹੈ।
![]()
