ਹਰਿਆਣਾ ਦੇ ਆਈ.ਪੀ.ਐੱਸ. ਅਧਿਕਾਰੀ ਵਾਈ ਪੂਰਨ ਕੁਮਾਰ ਦਾ ਕਥਿਤ ਖ਼ੁਦਕੁਸ਼ੀ ਮਾਮਲਾ, ਜਿਸ ਵਿੱਚ ਪੁਲਿਸ ਨੇ ਹਰਿਆਣਾ ਦੇ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਉੱਪਰ ਕੇਸ ਦਰਜ ਕੀਤਾ ਹੈ, ਇਸ ਦੀਆਂ ਪੇਚੇਦਗੀਆਂ ਦੇ ਚਲਦਿਆਂ ਸੁਰਖ਼ੀਆਂ ਵਿੱਚ ਬਣਿਆ ਹੋਇਆ ਹੈ। ਇਸ ਮਾਮਲੇ ਦੀ ਜਾਂਚ 6 ਮੈਂਬਰੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਕਰ ਰਹੀ ਹੈ।
ਇਸ ਮਾਮਲੇ ਦੇ ਚਲਦਿਆਂ ਵਿੱਚ ਹਰਿਆਣਾ ਦੇ ਡੀ.ਜੀ.ਪੀ. ਸ਼ਤਰੂਜੀਤ ਕਪੂਰ ਨੂੰ ਛੁੱਟੀ ਉੱਤੇ ਭੇਜਿਆ ਗਿਆ ਹੈ। ਹਰਿਆਣਾ ਸਰਕਾਰ ਨੇ ਆਈ.ਪੀ.ਐੱਸ. ਅਧਿਕਾਰੀ ਓਮ ਪ੍ਰਕਾਸ਼ ਸਿੰਘ ਨੂੰ ਹਰਿਆਣਾ ਦਾ ਕਾਰਜਕਾਰੀ ਡੀ.ਜੀ.ਪੀ. ਨਿਯੁਕਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਵਾਈ ਪੂਰਨ ਕੁਮਾਰ ਦੀ ਪਤਨੀ ਆਈ.ਏ.ਐੱਸ. ਅਧਿਕਾਰੀ ਅਮਨੀਤ ਪੀ ਕੁਮਾਰ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਐੱਫ਼ਆਈਆਰ ਵਿੱਚ, ਮ੍ਰਿਤਕ ਦੇ ਅੰਤਿਮ ਨੋਟ ਵਿੱਚ ਦੱਸੇ ਗਏ ਵਿਅਕਤੀਆਂ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਅਤੇ ਐੱਸਸੀ/ਐੱਸਟੀ (ਅੱਤਿਆਚਾਰ ਰੋਕਥਾਮ) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਕਥਿਤ ਖੁਦਕੁਸ਼ੀ ਦੇ ਨੋਟ ਵਿੱਚ ਹਰਿਆਣਾ ਦੇ ਡੀ.ਜੀ.ਪੀ. ਸ਼ਤਰੁਜੀਤ ਸਿੰਘ ਕਪੂਰ ਅਤੇ ਰੋਹਤਕ ਦੇ ਐੱਸ.ਪੀ. ਨਰਿੰਦਰ ਬਿਜਾਰਨੀਆ ਸਣੇ ਹੋਰ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਦੇ ਨਾਮ ਸ਼ਾਮਲ ਹਨ। ਆਈ.ਪੀ.ਐੱਸ. ਪੂਰਨ ਕੁਮਾਰ ਦੀ ਲਾਸ਼ 7 ਅਕਤੂਬਰ ਨੂੰ ਚੰਡੀਗੜ੍ਹ ਸੈਕਟਰ 11 ਸਥਿਤ ਉਨ੍ਹਾਂ ਦੀ ਰਿਹਾਇਸ਼ ਉੱਤੇ ਮਿਲੀ ਸੀ।
ਕਥਿਤ ਖ਼ੁਦਕੁਸ਼ੀ ਨੋਟ ਮੁਤਾਬਕ ਪੂਰਨ ਕੁਮਾਰ ਵੱਲੋਂ ਪੇਸ਼ੇਵਾਰ ਸਫ਼ਰ, ਤਬਾਦਲਿਆਂ, ਕੈਰੀਅਰ ਅਤੇ ਜਾਤ-ਪਾਤ ਦੀਆਂ ਵਾਰ-ਵਾਰ ਸ਼ਿਕਾਇਤਾਂ ਦਾ ਵਰਣਨ ਕੀਤਾ ਗਿਆ ਹੈ। ਹਰਿਆਣਾ ਸਰਕਾਰ ਨੇ ਆਈਪੀਐੱਸ ਅਧਿਕਾਰੀ ਓਮ ਪ੍ਰਕਾਸ਼ ਸਿੰਘ 14 ਅਕਤੂਬਰ ਨੂੰ ਹਰਿਆਣਾ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ 11 ਅਕਤੂਬਰ ਨੂੰ ਸੁਰਿੰਦਰ ਸਿੰਘ ਭੌਰੀਆ ਨੂੰ ਰੋਹਤਕ ਦਾ ਐੱਸ.ਪੀ. ਲਾਇਆ ਸੀ।
ਇਸ ਮਾਮਲੇ ਵਿੱਚ ਨੈਸ਼ਨਲ ਐੱਸਸੀ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨੇ ਵੀ ਪੂਰਨ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਮਕਵਾਨਾ ਨੇ ਕਿਹਾ, ‘ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲੇਗਾ।’
ਕੌਣ ਹਨ ਵਾਈ ਪੂਰਨ ਕੁਮਾਰ?
ਵਾਈ. ਪੂਰਨ ਕੁਮਾਰ ਮੁੱਖ ਤੌਰ ਉੱਤੇ ਆਂਧਰਾ ਪ੍ਰਦੇਸ਼ ਨਾਲ ਸਬੰਧਿਤ ਸਨ ਅਤੇ ਇੰਜੀਨੀਅਰਿੰਗ ਗਰੈਜੂਏਟ ਸਨ। ਉਹ ਹਰਿਆਣਾ ਕੇਡਰ ਵਿੱਚ 2001 ਬੈਚ ਦੇ ਆਈਪੀਐੱਸ ਪੁਲਿਸ ਅਧਿਕਾਰੀ ਸਨ। ਆਪਣੇ ਕੈਰੀਅਰ ਦੌਰਾਨ ਉਹ ਅੰਬਾਲਾ ਅਤੇ ਕੁਰੂਕਸ਼ੇਤਰ ਵਿੱਚ ਐੱਸਪੀ ਵਜੋਂ ਕੰਮ ਕਰ ਚੁੱਕੇ ਸਨ। ਇਸ ਤੋਂ ਬਾਅਦ ਉਹ ਅੰਬਾਲਾ ਅਤੇ ਰੋਹਤਕ ਰੇਂਜ ਦੇ ਆਈ.ਜੀ. ਵਜੋਂ ਸੇਵਾ ਨਿਭਾਅ ਚੁੱਕੇ ਹਨ।
ਉਨ੍ਹਾਂ ਦੀ ਪਤਨੀ ਵੀ ਹਰਿਆਣਾ ਸਰਕਾਰ ਵਿੱਚ ਆਈ.ਏ.ਐੱਸ. ਅਧਿਕਾਰੀ ਵਜੋਂ ਵਿਦੇਸ਼ੀ ਸਹਿਯੋਗ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਦੇ ਅਹੁਦੇ ਉੱਤੇ ਤਾਇਨਾਤ ਹਨ। ਜਿਸ ਸਮੇਂ ਘਟਨਾ ਵਾਪਰੀ ਉਹ ਹਰਿਆਣਾ ਮੁੱਖ ਮੰਤਰੀ ਨਾਇਬ ਸੈਣੀ ਦੇ ਨਾਲ ਜਪਾਨ ਦੌਰੇ ਉੱਤੇ ਗਏ ਗਏ ਵਫ਼ਦ ਵਿੱਚ ਸ਼ਾਮਲ ਸਨ।
ਮਾਮਲੇ ਦੁਆਲੇ ਸਿਆਸਤ
ਕਥਿਤ ਖ਼ੁਦਕੁਸ਼ੀ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਕੇਂਦਰੀ ਪੱਧਰ ਉੱਤੇ ਵੀ ਸਿਆਸਤ ਭੜਕੀ ਹੋਈ ਹੈ। ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਨੇ ਇਸ ਉੱਤੇ ਬਿਆਨਬਾਜ਼ੀ ਕੀਤੀ।
ਕੇਂਦਰ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਲੀਡਰ ਰਾਹੁਲ ਗਾਂਧੀ ਮੰਗਲਵਾਰ ਨੂੰ ਹਰਿਆਣਾ ਪੁਲਿਸ ਦੇ ਇੰਸਪੈਕਟਰ ਜਨਰਲ ਮਰਹੂਮ ਵਾਈ ਪੂਰਨ ਕੁਮਾਰ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਚੰਡੀਗੜ੍ਹ ਪਹੁੰਚੇ ਸਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਕੀਤਾ ਕਿ ਕੀ ਇਹ ਕੋਈ ਸਾਜ਼ਿਸ਼ ਹੈ? ਮਾਨ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘ਗ਼ਰੀਬ ਘਰ ਦਾ ਬੱਚਾ ਪੜ੍ਹ ਲਿਖ ਕੇ ਉੱਚੇ ਅਹੁਦੇ ’ਤੇ ਪਹੁੰਚਿਆ ਤਾਂ ਉਸ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਸੀ, ਕੰਮ ਨਹੀਂ ਕਰਨ ਦਿੱਤਾ ਜਾਂਦਾ ਸੀ।’
‘ਇਸ ਬਾਰੇ ਸੋਚਣਾ ਪਵੇਗਾ, ਇਹ ਪੂਰੇ ਸਮਾਜ ਦੇ ਮੂੰਹ ’ਤੇ ਚਪੇੜ ਹੈ। ਇਹ ਸਿਸਟਮ ਇਸ ਤਰ੍ਹਾਂ ਕੰਮ ਕਰ ਰਿਹਾ ਹੈ ਕਿ ਜੇ ਕੋਈ ਇਸ ਵਿੱਚ ਸ਼ਾਮਲ ਹੋ ਗਿਆ ਤਾਂ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗ ਜਾਂਦੇ ਹਨ।’
ਉਨ੍ਹਾਂ ਕਿਹਾ, ‘ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇੱਕ ਬੰਦੇ ਨੂੰ ਬਚਾਉਣ ਲਈ ਕਾਨੂੰਨ ਛਿੱਕੇ ਨਾ ਟੰਗਿਆ ਜਾਵੇ ਪੀੜਤ ਪਰਿਵਾਰ ਨਾਲ ਸਰਕਾਰਾਂ ਖੜ੍ਹਨ।’
ਹਰਿਆਣਾ ਦੇ ਮੁੱਖ ਮੰਤਰੀ ਨੇ ਢੁੱਕਵੀਂ ਕਾਰਵਾਈ ਦਾ ਦਿੱਤਾ ਭਰੋਸਾ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 9 ਅਕਤੂਬਰ ਨੂੰ ਮਰਹੂਮ ਪੂਰਨ ਕੁਮਾਰ ਦੇ ਘਰ ਗਏ ਸਨ ਅਤੇ ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸੀ।
ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸੀ.ਐੱਮ. ਨੇ ਪੋਸਟ ਪਾ ਕੇ ਕਿਹਾ ਕਿ ਸਵਰਗੀ ਆਈ.ਪੀ.ਐੱਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਆਪਣਾ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਢੁੱਕਵੀਂ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮੁਸ਼ਕਿਲ ਸਮੇਂ ਦੌਰਾਨ ਦੁਖੀ ਪਰਿਵਾਰ ਨੂੰ ਤਾਕਤ ਦੇਣ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ।
ਦੂਜੇ ਪਾਸੇ ਕਾਂਗਰਸ ਦੇ ਜਲੰਧਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਈ.ਪੀ.ਐੱਸ. ਪੂਰਨ ਕੁਮਾਰ ਅੰਬੇਡਕਰੀ ਸੋਚ ਰੱਖਣ ਵਾਲੇ ਇੱਕ ਹੋਣਹਾਰ ਅਫ਼ਸਰ ਸਨ। ਉਨ੍ਹਾਂ ਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਅਜਿਹੇ ਅਫ਼ਸਰ ਨੂੰ ਖੁਦਕੁਸ਼ੀ ਕਰਨੀ ਪੈ ਗਈ ਬਕਾਇਦਾ ਇੱਕ ਆਖਰੀ ਨੋਟ ਵੀ ਲਿਖਿਆ। ਏ.ਡੀ.ਜੀ.ਪੀ. ਰੈਂਕ ਵਾਲੇ ਅਫ਼ਸਰ ਨੂੰ ਐੱਫ਼.ਆਈ.ਆਰ. ਵਿੱਚ ਅੱਜ ਇਨਸਾਫ਼ ਨਹੀਂ ਮਿਲ ਰਿਹਾ ਹੈ।
![]()
