ਕਦੇ ਜੰਗ ਦੀ ਧਮਕੀ, ਕਦੇ ਸ਼ਾਂਤੀ ਦਾ ਰਾਗ: ਟਰੰਪ ਦੇ ‘ਯੂ-ਟਰਨ’ ਪਿੱਛੇ ਛੁਪਿਆ ਵੱਡਾ ਰਾਜ਼

In ਮੁੱਖ ਖ਼ਬਰਾਂ
April 13, 2026

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਆਪਣੇ ਹੈਰਾਨੀਜਨਕ ਫੈਸਲਿਆਂ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਇਰਾਨ ਦੇ ਮੁੱਦੇ ’ਤੇ ਉਨ੍ਹਾਂ ਦਾ ‘ਯੂ-ਟਰਨ’—ਜਿੱਥੇ ਪਹਿਲਾਂ ਉਹ ਸਭਿਅਤਾ ਖ਼ਤਮ ਕਰਨ ਦੀ ਧਮਕੀ ਦੇ ਰਹੇ ਸਨ ਅਤੇ ਫਿਰ ਅਚਾਨਕ ਜੰਗਬੰਦੀ ਦੀ ਗੱਲ ਕਰਨ ਲੱਗੇ—ਨੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਮਾਹਿਰ ਇਸ ਨੂੰ ਮਹਿਜ਼ ਸਿਆਸੀ ਡਰਾਮਾ ਨਹੀਂ, ਸਗੋਂ ਇਕ ਡੂੰਘੀ ਰਣਨੀਤੀ ਮੰਨ ਰਹੇ ਹਨ, ਜਿਸ ਨੂੰ ‘ਮੈਡਮੈਨ ਥਿਊਰੀ’ ਕਿਹਾ ਜਾਂਦਾ ਹੈ।
ਮੈਡਮੈਨ ਥਿਊਰੀ ਸੰਕਲਪ ਸੀਤ ਯੁੱਧ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਇਸ ਦਾ ਸਿੱਧਾ ਮਤਲਬ ਹੈ: ਇੱਕ ਨੇਤਾ ਜਾਣਬੁੱਝ ਕੇ ਆਪਣੇ ਆਪ ਨੂੰ ਇੰਨਾ ਕੱਟੜ ਅਤੇ ਜ਼ਾਲਮ ਦਿਖਾਉਂਦਾ ਹੈ ਕਿ ਦੁਸ਼ਮਣ ਡਰ ਜਾਵੇ। ਜਦੋਂ ਸਾਹਮਣੇ ਵਾਲੀ ਧਿਰ ਨੂੰ ਲੱਗਦਾ ਹੈ ਕਿ ਇਹ ਨੇਤਾ ਕੁਝ ਵੀ ਕਰ ਸਕਦਾ ਹੈ, ਤਾਂ ਉਹ ਦਬਾਅ ਹੇਠ ਆ ਕੇ ਜਲਦੀ ਸਮਝੌਤਾ ਕਰਨ ਲਈ ਤਿਆਰ ਹੋ ਜਾਂਦੀ ਹੈ। ਮਨੋਵਿਗਿਆਨਕ ਨਜ਼ਰੀਏ ਤੋਂ ਮੈਡਮੈਨ ਥਿਊਰੀ ਸਿਰਫ਼ ਗੁੱਸਾ ਦਿਖਾਉਣ ਦਾ ਨਾਮ ਨਹੀਂ ਹੈ, ਸਗੋਂ ਇਹ ਵਿਰੋਧੀ ਦੇ ਦਿਮਾਗ ਨਾਲ ਖੇਡੀ ਜਾਣ ਵਾਲੀ ਇੱਕ ਬਹੁਤ ਹੀ ਗੁੰਝਲਦਾਰ ਚਾਲ ਹੈ। ਮਨੋਵਿਗਿਆਨੀਆਂ ਅਨੁਸਾਰ ਇਸ ਦੇ ਦੋਵੇਂ ਥੰਮ੍ਹ ਅਨਪ੍ਰੈਡਿਕਟੇਬਿਲਟੀ ਅਤੇ ਅਤਿਵਾਦ ਹੇਠ ਲਿਖੇ ਅਨੁਸਾਰ ਕੰਮ ਕਰਦੇ ਹਨ। ਅਨਪ੍ਰੈਡਿਕਟੇਬਿਲਟੀ ਰਣਨੀਤੀ ਵਿਰੋਧੀ ਦੀ ਤਰਕਸ਼ੀਲਤਾ ’ਤੇ ਹਮਲਾ ਕਰਦੀ ਹੈ। ਆਮ ਤੌਰ ’ਤੇ ਅੰਤਰਰਾਸ਼ਟਰੀ ਸਬੰਧਾਂ ਵਿੱਚ ਦੇਸ਼ ਇੱਕ-ਦੂਜੇ ਦੇ ਕਦਮਾਂ ਦਾ ਅੰਦਾਜ਼ਾ ਉਨ੍ਹਾਂ ਦੇ ਇਤਿਹਾਸ ਅਤੇ ਨਫ਼ੇ-ਨੁਕਸਾਨ ਦੇ ਆਧਾਰ ’ਤੇ ਲਗਾਉਂਦੇ ਹਨ। ਜਦੋਂ ਕੋਈ ਨੇਤਾ ਅਨਪ੍ਰੈਡਿਕਟੇਬਲ ਹੁੰਦਾ ਹੈ, ਤਾਂ ਵਿਰੋਧੀ ਦੇਸ਼ ਦੇ ਰਣਨੀਤੀਕਾਰ ਕੋਈ ਇੱਕ ਪੱਕਾ ਪਲਾਨ ਨਹੀਂ ਬਣਾ ਪਾਉਂਦੇ। ਉਹ ਹਮੇਸ਼ਾ ਇਸ ਡਰ ਵਿੱਚ ਰਹਿੰਦੇ ਹਨ ਕਿ ਜੇ ਅਸੀਂ ਇਹ ਕਦਮ ਪੁਟਿਆ, ਤਾਂ ਸ਼ਾਇਦ ਉਹ ਪਾਗਲਪਨ ਵਿੱਚ ਸਾਨੂੰ ਤਬਾਹ ਨਾ ਕਰ ਦੇਵੇ।
ਜਦੋਂ ਤੁਹਾਡੇ ਅਗਲੇ ਕਦਮ ਦਾ ਕਿਸੇ ਨੂੰ ਪਤਾ ਨਾ ਹੋਵੇ, ਤਾਂ ਗੱਲਬਾਤ ਦੀ ਮੇਜ਼ ’ਤੇ ਕੰਟਰੋਲ ਤੁਹਾਡੇ ਹੱਥ ਵਿੱਚ ਆ ਜਾਂਦਾ ਹੈ। ਵਿਰੋਧੀ ਡਰ ਦੇ ਮਾਰੇ ਰੱਖਿਆਤਮਕ ਹੋ ਜਾਂਦਾ ਹੈ ਅਤੇ ਜਲਦੀ ਸਮਝੌਤਾ ਕਰਨ ਲਈ ਤਿਆਰ ਹੋ ਜਾਂਦਾ ਹੈ।
ਇਹ ਸਭ ਤੋਂ ਖ਼ਤਰਨਾਕ ਹਿੱਸਾ ਹੈ। ਇਸ ਵਿੱਚ ਨੇਤਾ ਇਹ ਜਤਾਉਂਦਾ ਹੈ ਕਿ ਉਹ ਆਪਣੀ ਗੱਲ ਮਨਵਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ, ਭਾਵੇਂ ਉਸ ਵਿੱਚ ਉਸ ਦਾ ਆਪਣਾ ਵੀ ਨੁਕਸਾਨ ਕਿਉਂ ਨਾ ਹੋਵੇ।
ਮਨੋਵਿਗਿਆਨ ਅਨੁਸਾਰ, ਜੇਕਰ ਕੋਈ ਵਿਅਕਤੀ ਇਹ ਸਾਬਤ ਕਰ ਦੇਵੇ ਕਿ ਉਹ ‘ਤਰਕਹੀਣ’ ਹੈ ਅਤੇ ਉਸ ਨੂੰ ਆਪਣੀ ਤਬਾਹੀ ਦਾ ਵੀ ਡਰ ਨਹੀਂ, ਤਾਂ ਦੂਜੀ ਧਿਰ ਪਿੱਛੇ ਹਟਣ ਲਈ ਮਜਬੂਰ ਹੋ ਜਾਂਦੀ ਹੈ। ਜੇਕਰ ਇੱਕ ਸਧਾਰਨ ਨੇਤਾ ਪ੍ਰਮਾਣੂ ਜੰਗ ਦੀ ਧਮਕੀ ਦਿੰਦਾ ਹੈ, ਤਾਂ ਦੁਨੀਆ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਕਿਉਂਕਿ ਨਤੀਜੇ ਸਭ ਨੂੰ ਪਤਾ ਹਨ। ਪਰ ਜਦੋਂ ਇੱਕ ‘ਅਤਿਵਾਦੀ’ ਸੋਚ ਵਾਲਾ ਨੇਤਾ ਅਜਿਹੀ ਧਮਕੀ ਦਿੰਦਾ ਹੈ, ਤਾਂ ਦੁਨੀਆ ਨੂੰ ਲੱਗਦਾ ਹੈ ਕਿ ਇਹ ਸੱਚਮੁੱਚ ਬਟਨ ਦਬਾ ਸਕਦਾ ਹੈ। ‘ਮਨੋਵਿਗਿਆਨੀਆਂ ਮੁਤਾਬਕ, ਇਹ ‘ਕਮਜ਼ੋਰ ਦੀ ਤਾਕਤ’ ਹੈ। ਜਦੋਂ ਕਿਸੇ ਕੋਲ ਗੱਲਬਾਤ ਲਈ ਠੋਸ ਤਰਕ ਜਾਂ ਸਾਧਨ ਘੱਟ ਹੁੰਦੇ ਹਨ, ਤਾਂ ਉਹ ‘ਪਾਗਲ’ ਬਣ ਕੇ ਸਾਹਮਣੇ ਵਾਲੇ ਨੂੰ ਡਰਾਉਂਦਾ ਹੈ। ਇਹੀ ਸਿਧਾਂਤ ਟਰੰਪ ਵਰਗੇ ਨੇਤਾ ਅੰਤਰਰਾਸ਼ਟਰੀ ਪੱਧਰ ’ਤੇ ਵਰਤ ਰਹੇ ਹਨ। ਇਹ ਰਣਨੀਤੀ ਇੱਕ ‘ਡਬਲ-ਐੱਜਡ ਸਵੋਰਡ’ (ਦੋਧਾਰੀ ਤਲਵਾਰ) ਹੈ। ਜੇਕਰ ਵਿਰੋਧੀ ਨੂੰ ਇਹ ਸਮਝ ਆ ਜਾਵੇ ਕਿ ਇਹ ਸਭ ਸਿਰਫ਼ ‘ਐਕਟਿੰਗ’ ਹੈ, ਤਾਂ ਇਹ ਥਿਊਰੀ ਪੂਰੀ ਤਰ੍ਹਾਂ ਫੇਲ੍ਹ ਹੋ ਜਾਂਦੀ ਹੈ ਅਤੇ ਨੇਤਾ ਦਾ ਪ੍ਰਭਾਵ ਹਮੇਸ਼ਾ ਲਈ ਖ਼ਤਮ ਹੋ ਜਾਂਦਾ ਹੈ।
ਇਤਿਹਾਸ ਅਤੇ ਮੌਜੂਦਾ ਸਮੇਂ ਵਿੱਚ ਕਈ ਹੋਰ ਨੇਤਾਵਾਂ ਨੇ ਵੀ ਇਸ ਰਾਹ ’ਤੇ ਚੱਲਣ ਦੀ ਕੋਸ਼ਿਸ਼ ਕੀਤੀ:

  • ਰਿਚਰਡ ਨਿਕਸਨ ਅਮਰੀਕਾ ਦੇ ਉਹ ਪਹਿਲੇ ਰਾਸ਼ਟਰਪਤੀ ਸਨ ਜਿਨ੍ਹਾਂ ਨੇ ਅਧਿਕਾਰਤ ਤੌਰ ’ਤੇ ‘ਮੈਡਮੈਨ ਥਿਊਰੀ’ ਨੂੰ ਆਪਣੀ ਵਿਦੇਸ਼ ਨੀਤੀ ਦਾ ਹਿੱਸਾ ਬਣਾਇਆ ਸੀ। ਉਨ੍ਹਾਂ ਦੀ ਅਸਫਲਤਾ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ। 1969 ਵਿੱਚ, ਨਿਕਸਨ ਵੀਅਤਨਾਮ ਜੰਗ ਨੂੰ ਜਲਦੀ ਖ਼ਤਮ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਆਪਣੇ ਚੀਫ ਆਫ ਸਟਾਫ, ਐਚ.ਆਰ. ਹੈਲਡਮੈਨ ਨੂੰ ਕਿਹਾ ਸੀ ਕਿ? ਮੈਂ ਚਾਹੁੰਦਾ ਹਾਂ ਕਿ ਉੱਤਰੀ ਵੀਅਤਨਾਮ ਵਾਲੇ ਇਹ ਵਿਸ਼ਵਾਸ ਕਰ ਲੈਣ ਕਿ ਮੈਂ ਉਸ ਹੱਦ ਤੱਕ ਪਹੁੰਚ ਗਿਆ ਹਾਂ ਜਿੱਥੇ ਮੈਂ ਜੰਗ ਨੂੰ ਰੋਕਣ ਲਈ ਕੁਝ ਵੀ (ਭਾਵੇਂ ਪ੍ਰਮਾਣੂ ਹਮਲਾ) ਕਰ ਸਕਦਾ ਹਾਂ। ਉਨ੍ਹਾਂ ਦਾ ਵਿਚਾਰ ਸੀ ਕਿ ਜੇਕਰ ਉਹ ਖ਼ੁਦ ਨੂੰ ਇੱਕ ਗੁੱਸੇਖ਼ੋਰ ਅਤੇ ਪਾਗਲ ਨੇਤਾ ਵਜੋਂ ਪੇਸ਼ ਕਰਨਗੇ, ਤਾਂ ਸੋਵੀਅਤ ਯੂਨੀਅਨ (ਜੋ ਉੱਤਰੀ ਵੀਅਤਨਾਮ ਦੀ ਮਦਦ ਕਰ ਰਿਹਾ ਸੀ) ਡਰ ਜਾਵੇਗਾ ਅਤੇ ਵੀਅਤਨਾਮ ਨੂੰ ਸਮਝੌਤੇ ਲਈ ਮਜਬੂਰ ਕਰੇ। ਨਿਕਸਨ ਨੇ ਦਬਾਅ ਬਣਾਉਣ ਲਈ ਕਈ ਕਦਮ ਚੁੱਕੇ, ਜਿਵੇਂ ਕਿ ਪ੍ਰਮਾਣੂ ਬੰਬਾਂ ਨਾਲ ਲੈਸ ਜਹਾਜ਼ਾਂ ਨੂੰ ਸੋਵੀਅਤ ਸਰਹੱਦ ਦੇ ਨੇੜੇ ਉਡਾਉਣਾ। ਪਰ ਸੋਵੀਅਤ ਯੂਨੀਅਨ ਦੇ ਨੇਤਾਵਾਂ (ਜਿਵੇਂ ਲਿਓਨਿਡ ਬ੍ਰੇਜ਼ਨੇਵ) ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਸੋਵੀਅਤ ਜਾਸੂਸਾਂ ਅਤੇ ਡਿਪਲੋਮੈਟਾਂ ਨੇ ਇਹ ਭਾਂਪ ਲਿਆ ਸੀ ਕਿ ਨਿਕਸਨ ਇੱਕ ਬਹੁਤ ਹੀ ਚਲਾਕ ਅਤੇ ਗਣਿਤਕ ਸੋਚ ਵਾਲੇ ਨੇਤਾ ਹਨ। ਉਨ੍ਹਾਂ ਨੂੰ ਲੱਗਦਾ ਸੀ ਕਿ ਨਿਕਸਨ ਸਿਰਫ਼ ‘ਬਲੱਫ’ (ਧੋਖਾ) ਦੇ ਰਹੇ ਹਨ। ਸੋਵੀਅਤ ਯੂਨੀਅਨ ਜਾਣਦਾ ਸੀ ਕਿ ਅਮਰੀਕਾ ਦੇ ਅੰਦਰ ਵੀਅਤਨਾਮ ਜੰਗ ਦਾ ਬਹੁਤ ਵਿਰੋਧ ਹੋ ਰਿਹਾ ਹੈ। ਉਨ੍ਹਾਂ ਨੂੰ ਪਤਾ ਸੀ ਕਿ ਨਿਕਸਨ ਲਈ ਅਮਰੀਕੀ ਜਨਤਾ ਅਤੇ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੱਡਾ ਪਾਗਲਪਨ ਵਾਲਾ ਕਦਮ ਚੁੱਕਣਾ ਅਸੰਭਵ ਹੈ। ਨਿਕਸਨ ਇੱਕ ਪਾਸੇ ਧਮਕੀਆਂ ਦੇ ਰਹੇ ਸਨ ਅਤੇ ਦੂਜੇ ਪਾਸੇ ਸੋਵੀਅਤ ਯੂਨੀਅਨ ਨਾਲ ਰਿਸ਼ਤੇ ਸੁਧਾਰਨ ਦੀਆਂ ਗੱਲਾਂ ਵੀ ਕਰ ਰਹੇ ਸਨ। ਇਸ ਵਿਰੋਧਾਭਾਸ ਕਾਰਨ ਉਨ੍ਹਾਂ ਦੀ ‘ਮੈਡਮੈਨ’ ਵਾਲੀ ਤਸਵੀਰ ਧੁੰਦਲੀ ਪੈ ਗਈ।
    ਨਿਕਸਨ ਦੀ ਮਿਸਾਲ ਇਹ ਸਾਬਤ ਕਰਦੀ ਹੈ ਕਿ ‘ਮੈਡਮੈਨ ਥਿਊਰੀ’ ਉਦੋਂ ਹੀ ਕੰਮ ਕਰਦੀ ਹੈ ਜਦੋਂ ਸਾਹਮਣੇ ਵਾਲਾ ਸੱਚਮੁੱਚ ਇਹ ਮੰਨ ਲਵੇ ਕਿ ਤੁਸੀਂ ਤਰਕਹੀਣ ਹੋ। ਜੇਕਰ ਤੁਹਾਡਾ ਅਤੀਤ ਇਹ ਦੱਸਦਾ ਹੈ ਕਿ ਤੁਸੀਂ ਬਹੁਤ ਸੋਚ-ਸਮਝ ਕੇ ਫੈਸਲੇ ਲੈਂਦੇ ਹੋ, ਤਾਂ ਤੁਹਾਡਾ ਪਾਗਲਪਨ ਇੱਕ ਨਾਟਕ ਜਾਪਦਾ ਹੈ। ਇਹੀ ਕਾਰਨ ਹੈ ਕਿ ਡੋਨਾਲਡ ਟਰੰਪ ਇਸ ਮਾਮਲੇ ਵਿੱਚ ਨਿਕਸਨ ਨਾਲੋਂ ਵੱਖਰੇ ਹਨ, ਕਿਉਂਕਿ ਉਨ੍ਹਾਂ ਦੇ ਕਈ ਫੈਸਲੇ (ਜਿਵੇਂ ਟਵਿੱਟਰ ’ਤੇ ਅਚਾਨਕ ਕੀਤੇ ਐਲਾਨ) ਦੁਨੀਆ ਨੂੰ ਸੱਚਮੁੱਚ ਅਨਪ੍ਰੈਡਿਕਟੇਬਲ ਲੱਗਦੇ ਹਨ।
    *ਵਲਾਦੀਮੀਰ ਪੁਤਿਨ: ਯੂਕਰੇਨ ਜੰਗ ਦੌਰਾਨ ਪ੍ਰਮਾਣੂ ਹਮਲੇ ਦੀਆਂ ਧਮਕੀਆਂ ਦੇ ਕੇ ਉਨ੍ਹਾਂ ਨੇ ਇਸ ਦੀ ਝਲਕ ਦਿਖਾਈ, ਪਰ ਲੰਬੀ ਜੰਗ ਨੇ ਉਨ੍ਹਾਂ ਦੇ ਪ੍ਰਭਾਵ ਨੂੰ ਕੁਝ ਹੱਦ ਤੱਕ ਘਟਾਇਆ ਹੈ।
    *ਕਿਮ ਜੋਂਗ ਉਨ: ਇਨ੍ਹਾਂ ਨੂੰ ਮੌਜੂਦਾ ਦੌਰ ਦਾ ‘ਸੁਪਰ ਮੈਡਮੈਨ’ ਮੰਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਦੇ ਫੈਸਲੇ ਪੂਰੀ ਤਰ੍ਹਾਂ ਅਨਪ੍ਰੈਡਿਕਟੇਬਲ ਹੁੰਦੇ ਹਨ।
    ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਦੀ ਇਹ ਰਣਨੀਤੀ ਥੋੜ੍ਹੇ ਸਮੇਂ ਲਈ ਲਾਭ ਦੇ ਸਕਦੀ ਹੈ, ਪਰ ਅੰਤਰਰਾਸ਼ਟਰੀ ਸਬੰਧਾਂ ਵਿੱਚ ਭਰੋਸਾ ਹੀ ਸਭ ਤੋਂ ਵੱਡੀ ਨੀਤੀ ਹੁੰਦੀ ਹੈ। ਜੇਕਰ ਟਰੰਪ ਇਸ ਦੀ ਵਾਰ-ਵਾਰ ਵਰਤੋਂ ਕਰਦੇ ਹਨ, ਤਾਂ ਇਸ ਦਾ ਅਸਰ ਘੱਟ ਸਕਦਾ ਹੈ ਅਤੇ ਇਹ ਅਮਰੀਕਾ ਲਈ ਇੱਕ ਖ਼ਤਰਨਾਕ ਜੂਆ ਸਾਬਤ ਹੋ ਸਕਦਾ ਹੈ।

Loading