ਕਦੋਂ ਤੱਕ ਦਰਿੰਦਗੀ ਦਾ ਸ਼ਿਕਾਰ ਹੋਣਗੀਆਂ ਮਾਸੂਮ ਜਿੰਦਾਂ?

In ਮੁੱਖ ਲੇਖ
August 01, 2025

ਭਾਰਤ ਵਰਗੇ ਮੁਲਕ ਵਿੱਚ ਬੱਚਿਆਂ ਨੂੰ ‘ਰੱਬ’ ਦਾ ਰੂਪ ਕਿਹਾ ਜਾਂਦਾ ਹੈ, ਪਰ ਇਸੇ ਮੁਲਕ ਵਿੱਚ ਵੱਡੀ ਗਿਣਤੀ ਬੱਚੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ‘ਕੰਜਕ ਪੂਜਾ’ ਵਾਲੇ ਇਸ ਮੁਲਕ ਵਿੱਚ ਬਾਲੜੀਆਂ ਨਾਲ ਬਲਾਤਕਾਰ ਅਤੇ ਜਿਨਸੀ ਛੇੜ-ਛਾੜ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ। ਇਸ ਤੋਂ ਇਲਾਵਾ ਬਾਲਾਂ ਭਾਵ 18 ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਨਾਲ ਵੀ ਬਦਫ਼ੈਲੀ ਕਰਨ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ, ਜੋ ਕਿ ਸਾਡੇ ਦੇਸ਼ ਦੀ ਵੱਖਰੀ ਹੀ ਤਸਵੀਰ ਦੁਨੀਆ ਸਾਹਮਣੇ ਪੇਸ਼ ਕਰ ਰਿਹਾ ਹੈ। ਬੱਚੇ ਮਨ ਦੇ ਸੱਚੇ ਅਤੇ ਅਣਭੋਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਘਰਾਂ, ਸਕੂਲਾਂ ਜਾਂ ਜਨਤਕ ਥਾਂਵਾਂ ’ਤੇ ਕਿਤੇ ਵੀ ਕੋਈ ਆਪਣੀ ਹਵਸ ਦਾ ਸ਼ਿਕਾਰ ਬਣਾ ਸਕਦਾ ਹੈ। ਇਸ ਮਸਲੇ ਦਾ ਇੱਕ ਪਹਿਲੂ ਇਹ ਵੀ ਹੈ ਕਿ ਬਦਨਾਮੀ ਦੇ ਡਰੋਂ ਪੀੜਤ ਪਰਿਵਾਰ ਕਈ ਵਾਰ ਅਜਿਹੇ ਮਾਮਲਿਆਂ ਨੂੰ ਰਫ਼ਾ-ਦਫ਼ਾ ਕਰ ਦਿੰਦੇ ਹਨ। ਹਾਲਾਤ ਉਦੋਂ ਖ਼ਰਾਬ ਹੋ ਜਾਂਦੇ ਹਨ ਜਦੋਂ ਕੋਈ ਰਿਸ਼ਤੇਦਾਰ ਜਾਂ ਅਧਿਆਪਕ ਇਸ ਤਰ੍ਹਾਂ ਦੇ ਅਪਰਾਧਾਂ ਵਿੱਚ ਸ਼ਾਮਿਲ ਹੋ ਜਾਂਦੇ ਹਨ ਜਾਂ ਇਨ੍ਹਾਂ ਨੂੰ ਸ਼ਹਿ ਦਿੰਦੇ ਹਨ। ਵੱਡਾ ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਬੱਚਿਆਂ ਨਾਲ ਕੁਕਰਮ ਕਰਨ ਵਾਲੇ ਆਸਾਨੀ ਨਾਲ ਬੱਚ ਨਿਕਲਦੇ ਹਨ ਅਤੇ ਬਦਨਾਮੀ ਦੇ ਡਰੋਂ ਪੀੜਤ ਬੱਚਿਆਂ ਦੇ ਮਾਪੇ ਚੁੱਪਚਾਪ ਜ਼ੁਲਮ ਸਹਿੰਦੇ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਪੀੜਤ ਬੱਚੇ ਦੇ ਮਾਪੇ ਆਪਣੇ ਘਰ/ਮਕਾਨ ਵੇਚ ਕੇ ਕਿਸੇ ਹੋਰ ਸ਼ਹਿਰ ਚਲੇ ਜਾਂਦੇ ਹਨ। ਬੱਚਿਆਂ ਨਾਲ ਜਿਨਸੀ ਛੇੜ-ਛਾੜ ਅਤੇ ਕੁਕਰਮ ਹੋਣ ਦੇ ਵੱਡੀ ਗਿਣਤੀ ਮਾਮਲੇ ਅਕਸਰ ਸਾਹਮਣੇ ਨਹੀਂ ਆਉਂਦੇ, ਜਿਸ ਕਰਕੇ ਇਹਨਾਂ ਦੀ ਸਹੀ ਗਿਣਤੀ ਬਾਰੇ ਪਤਾ ਨਹੀਂ ਚੱਲਦਾ ਅਤੇ ਦੋਸ਼ੀ ਸਾਫ਼ ਬੱਚ ਨਿਕਲਦੇ ਹਨ।
ਪੰਜਾਬ ਨੂੰ ‘ਪੱਤ ਦਾ ਰਾਖਾ’ ਕਿਹਾ ਜਾਂਦਾ ਹੈ। ਜਦੋਂ ਮੁਗਲ ਅਤੇ ਅਫ਼ਗਾਨ ਧਾੜਵੀ ਹਿੰਦੋਸਤਾਨ ਵਿਚੋਂ ਸੁੰਦਰ ਤੇ ਜਵਾਨ ਔਰਤਾਂ ਨੂੰ ਅਗਵਾ ਕਰਕੇ ਲੈ ਜਾਂਦੇ ਸਨ ਤਾਂ ਪੰਜਾਬ ਦੇ ਬਹਾਦਰ ਲੋਕ ਮੁਗਲਾਂ ਅਤੇ ਅਫ਼ਗਾਨਾਂ ’ਤੇ ਹਮਲੇ ਕਰਕੇ ਉਹਨਾਂ ਔਰਤਾਂ ਨੂੰ ਛੁਡਵਾ ਲੈਂਦੇ ਸਨ ਅਤੇ ਪੂਰੇ ਇੱਜ਼ਤ ਮਾਣ ਨਾਲ ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਛੱਡ ਕੇ ਆਉਂਦੇ ਸਨ। ਉਸੇ ਪੰਜਾਬ ਵਿੱਚ ਹੁਣ ਬੱਚਿਆਂ ਨਾਲ ਕੁਕਰਮ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ।
ਪਿਛਲੇ ਦਿਨੀਂ ਪੰਜਾਬ ਵਿੱਚ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੀਆਂ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਪੰਜਾਬ ਦੇ ਬੁੱਧੀਜੀਵੀ ਵਰਗ ਦੇ ਨਾਲ ਹਰ ਵਿਅਕਤੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਪੰਜਾਬ ਵਿੱਚ ਹੁਣ ਇਹ ਕੀ ਹੋਣ ਲੱਗ ਪਿਆ ਹੈ? ਕੁਝ ਦਿਨ ਪਹਿਲਾਂ ਪੰਜਾਬ ਦੇ ਰਿਆਸਤੀ ਸ਼ਹਿਰ ਨਾਭਾ ਦੇ ਇੱਕ ਸਰਕਾਰੀ ਸਕੂਲ ਵਿੱਚ ਇੱਕ ਅਧਿਆਪਕ ਵੱਲੋਂ ਇੱਕ ਵਿਦਿਆਰਥੀ ਨਾਲ ਬਦਫ਼ੈਲੀ ਕਰਨ ਦਾ ਮਾਮਲਾ ਮੀਡੀਆ ਦੀਆਂ ਸੁਰਖ਼ੀਆਂ ਬਣਿਆ। ਇਹ ਵਿਦਿਆਰਥੀ ਚੰਗਾ ਖਿਡਾਰੀ ਵੀ ਹੈ। ਸਿਤਮ ਦੀ ਗੱਲ ਇਹ ਹੈ ਕਿ ਦੋਸ਼ੀ ਅਧਿਆਪਕ ‘ਸਟੇਟ ਐਵਾਰਡੀ’ ਹੈ। ਇਸ ਤੋਂ ਇਲਾਵਾ ਹੋਰ ਸਕੂਲਾਂ ਵਿੱਚ ਵੀ ਅਜਿਹੇ ਹੀ ਮਾਮਲੇ ਸਾਹਮਣੇ ਆ ਚੁੱਕੇ ਹਨ। ਕੁਝ ਸਮਾਂ ਪਹਿਲਾਂ ਪੰਜਾਬ ਦੇ ਬਿਆਸ ਸ਼ਹਿਰ ਦੇ ਇੱਕ ਨਿੱਜੀ ਸਕੂਲ ਵਿੱਚ ਦੂਸਰੀ ਜਮਾਤ ਦੀ ਬੱਚੀ ਨਾਲ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਜਬਰ-ਜਨਾਹ ਕਰਨ ਦੀ ਘਟਨਾ ਨੇ ਹਰ ਸੂਝਵਾਨ ਵਿਅਕਤੀ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ ਕਿ ਹੁਣ ਬੱਚੀਆਂ ਵਿਦਿਆ ਦੇ ਮੰਦਰ ਕਹੇ ਜਾਂਦੇ ਸਕੂਲਾਂ ਵਿੱਚ ਵੀ ਸੁਰੱਖਿਅਤ ਨਹੀਂ ਰਹੀਆਂ। ਮਾਸੂਮ ਕਲੀਆਂ ਨੂੰ ਦਰਿੰਦਗੀ ਦਾ ਸ਼ਿਕਾਰ ਬਣਾਉਣ ਵਾਲੇ ਵਾਸ਼ਨਾ ਦੇ ਭੁੱਖੇ ਭੇੜੀਏ ਸਕੂਲੀ ਵਿਦਿਆਰਥੀਆਂ ਵਿੱਚ ਵੀ ਪੈਦਾ ਹੋ ਚੁੱਕੇ ਹਨ, ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।
ਅੱਜ ਦੇ ਆਧੁਨਿਕ ਕਹੇ ਜਾਂਦੇ ਹਾਈ ਫ਼ਾਈ ਜ਼ਮਾਨੇ ਵਿੱਚ ਬਾਲੜੀਆਂ ਨਾਲ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਪਹਿਲਾਂ ਨਾਲੋਂ ਵੀ ਵਧ ਗਏ ਹਨ। ਸਿਤਮਜ਼ਰੀਫ਼ੀ ਵੇਖੋ ਕਿ ਸਿਰਫ਼ ਬਾਲੜੀਆਂ ਹੀ ਨਹੀਂ ਸਗੋਂ ਛੋਟੀ ਤੇ ਅੱਲ੍ਹੜ ਉਮਰ ਦੇ ਮੁੰਡੇ ਵੀ ਬਦਫ਼ੈਲੀ ਅਤੇ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਬਣ ਰਹੇ ਹਨ, ਜੋ ਕਿ ਗਹਿਰੀ ਚਿੰਤਾ ਦਾ ਵਿਸ਼ਾ ਹੈ।
ਪ੍ਰਾਪਤ ਸਰਕਾਰੀ ਅੰਕੜਿਆਂ ਅਨੁਸਾਰ ਸਾਲ 2012 ਵਿੱਚ 8541 ਮਾਮਲੇ ਬਾਲੜੀਆਂ ਤੇ ਛੋਟੀ ਉਮਰ ਦੇ ਮੁੰਡਿਆਂ ਨਾਲ ਜਿਨਸੀ ਸ਼ੋਸ਼ਣ ਦੇ ਦਰਜ ਕੀਤੇ ਗਏ ਸਨ, ਜਦੋਂ ਕਿ ਸਾਲ 2016 ਵਿੱਚ ਬਾਲਾਂ ਤੇ ਬਾਲੜੀਆਂ ਨਾਲ ਕੁਕਰਮ ਕਰਨ ਦੇ 19765 ਮਾਮਲੇ ਦਰਜ ਕੀਤੇ ਗਏ ਸਨ। ਸਾਡੇ ਮੁਲਕ ਦਾ ਹਾਲ ਇਹ ਹੈ ਕਿ ਇਥੇ ਹਰ ਦਿਨ ਬਾਲਾਂ ਤੇ ਬਾਲੜੀਆਂ ਨਾਲ ਕੁਕਰਮ ਕਰਨ ਦੇ ਔਸਤਨ 55 ਮਾਮਲੇ ਦਰਜ ਹੋ ਰਹੇ ਹਨ। ਇੱਕ ਅੰਦਾਜ਼ੇ ਅਨੁਸਾਰ ਹਰ 4 ਵਿੱਚੋਂ ਇੱਕ ਕੁੜੀ ਅਤੇ ਹਰ 6 ਵਿੱਚੋਂ ਇੱਕ ਮੁੰਡਾ 18 ਸਾਲ ਦਾ ਹੋਣ ਤੋਂ ਪਹਿਲਾਂ ਜਿਨਸੀ ਹਿੰਸਾ ਦਾ ਸ਼ਿਕਾਰ ਹੁੰਦਾ ਹੈ, ਜਿਸ ਤੋਂ ਪਤਾ ਚਲ ਜਾਂਦਾ ਹੈ ਕਿ ਸਾਡੇ ਸਮਾਜ ਵਿੱਚ ਬੱਚੇ ਕਿੰਨੇ ਅਸੁਰੱਖਿਅਤ ਹਨ। ਇਸ ਤੋਂ ਇਲਾਵਾ ਬਾਲਾਂ ਤੇ ਬਾਲੜੀਆਂ ਨਾਲ ਕੁਕਰਮ ਤੇ ਜਿਨਸੀ ਸ਼ੋਸ਼ਣ ਦੀਆਂ ਉਹਨਾਂ ਘਟਨਾਵਾਂ ਦੀ ਗਿਣਤੀ ਵੀ ਬਹੁਤ ਜਿਆਦਾ ਹੈ, ਜਿਨ੍ਹਾਂ ਘਟਨਾਵਾਂ ਬਾਰੇ ਕਦੇ ਭਾਫ਼ ਹੀ ਬਾਹਰ ਨਹੀਂ ਨਿਕਲਦੀ ਜਾਂ ਫ਼ਿਰ ਸੱਤਾ, ਤਾਕਤ, ਪੈਸੇ ਦੇ ਜੋਰ ਨਾਲ ਅਜਿਹੇ ਕੁਕਰਮ ਦੇ ਮਾਮਲੇ ਰਫ਼ਾ ਦਫ਼ਾ ਕਰ ਦਿੱਤੇ ਜਾਂਦੇ ਹਨ। ਕਈ ਵਾਰ ਤਾਂ ਅਣਭੋਲ ਬਾਲ ਤੇ ਬਾਲੜੀਆਂ ਆਪਣੇ ਸਕੇ ਰਿਸ਼ਤੇਦਾਰਾਂ ਅਤੇ ਆਂਢੀਆਂ ਗੁਆਂਢੀਆਂ ਤੇ ਹੋਰ ਜਾਣ ਪਹਿਚਾਣ ਵਾਲਿਆਂ ਦੀ ਦਰਿੰਦਗੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਇਹਨਾਂ ਬਾਲਾਂ ਤੇ ਬਾਲੜੀਆਂ ਨੂੰ ਇਸ ਦਰਿੰਦਗੀ ਬਾਰੇ ਕਿਸੇ ਨੂੰ ਨਾ ਦੱਸਣ ਲਈ ਬਹੁਤ ਜ਼ਿਆਦਾ ਡਰਾਇਆ ਧਮਕਾਇਆ ਜਾਂਦਾ ਹੈ, ਜਿਸ ਕਰਕੇ ਇਸ ਤਰ੍ਹਾਂ ਦੀ ਦਰਿੰਦਗੀ ਦਾ ਸ਼ਿਕਾਰ ਹੋਏ ਬੱਚੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਡਰ ਕਾਰਨ ਕਿਸੇ ਨੂੰ ਦਸ ਵੀ ਨਹੀਂ ਸਕਦੇ ਅਤੇ ਉਹ ਅੰਦਰੋਂ ਅੰਦਰੀਂ ਘੁੱਟਦੇ ਰਹਿੰਦੇ ਹਨ, ਜਿਸ ਕਰਕੇ ਅਜਿਹੇ ਬੱਚੇ ਸਰੀਰਕ ਤੇ ਮਾਨਸਿਕ ਵਿਕਾਰ ਦੇ ਸ਼ਿਕਾਰ ਵੀ ਹੋ ਜਾਂਦੇ ਹਨ।
ਕੁਝ ਸਮਾਂ ਪਹਿਲਾਂ ਭਾਰਤ ਦੇ ਕੇਂਦਰੀ ਮੰਤਰੀ ਮੰਡਲ ਨੇ ਬੱਚਿਆਂ ਨੂੰ ਕੁਕਰਮ, ਦਰਿੰਦਗੀ ਅਤੇ ਜਿਨਸੀ ਸ਼ੋਸ਼ਣ ਤੋਂ ਬਚਾਉਣ ਲਈ ਪਾਕਸੋ ਕਾਨੂੰਨ 2012 (ਪ੍ਰੋਟੈਕਸ਼ਨ ਆਫ਼ ਚਿਲਡਰਨ ਫ਼ਰਾਮ ਸੇਕਸ਼ੁਅਲ ਆਫ਼ੇਂਸੇਜ ਐੇਕਟ) ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਤੋਂ ਬਾਅਦ ਕੁਕਰਮ ਅਤੇ ਬਲਾਤਕਾਰ ਵਰਗੇ ਮਾਮਲਿਆਂ ਵਿੱਚ ਦੋਸ਼ੀ ਪਾਏ ਜਾਣ ਵਾਲੇ ਅਪਰਾਧੀਆਂ ਲਈ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ। ਕਾਨੂੰਨ ਦੀ ਸਖ਼ਤੀ ਦੇ ਬਾਵਜੂਦ ਸਮਾਜ ਵਿੱਚ ਬਾਲਾਂ ਅਤੇ ਬਾਲੜੀਆਂ ਨਾਲ ਕੁਕਰਮ ਕਰਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸਿਤਮਜ਼ਰੀਫ਼ੀ ਦੀ ਗੱਲ ਇਹ ਹੈ ਕਿ ਵੱਡੀ ਗਿਣਤੀ ਕੁਕਰਮ ਦੇ ਮਾਮਲਿਆਂ ਵਿੱਚ ਦੋਸ਼ੀ ਬੱਚਿਆਂ ਦੇ ਪਰਿਵਾਰਕ ਮਂੈਬਰ ਜਾਂ ਫ਼ਿਰ ਜਾਣ ਪਹਿਚਾਣ ਵਾਲੇ ਹੀ ਹੁੰਦੇ ਹਨ। ਇਸ ਤਰ੍ਹਾਂ ਬੱਚਾ ਨਾ ਤਾਂ ਘਰ ਵਿੱਚ ਸੁਰੱਖਿਅਤ ਹੈ, ਨਾ ਹੀ ਬੱਚਾ ਸਕੂਲ ਵਿੱਚ ਸੁਰੱਖਿਅਤ ਹੈ ਤੇ ਨਾ ਹੀ ਬੱਚਾ ਕਿਸੇ ਆਂਢੀ-ਗੁਆਂਢੀ ਜਾਂ ਰਿਸ਼ਤੇਦਾਰ ਦੇ ਘਰ ਖੇਡਣ ਜਾਂ ਪੜ੍ਹਨ ਜਾਂ ਕਿਸੇ ਹੋਰ ਕੰਮ ਗਿਆ ਹੀ ਸੁਰੱਖਿਅਤ ਹੈ। ਇਸ ਤਰ੍ਹਾਂ ਬੱਚਿਆਂ ਲਈ ਹਰ ਪਾਸੇ ਖਤਰਾ ਹੀ ਖਤਰਾ ਹੈ, ਇਹ ਖਤਰਾ ‘ਬੇਗਾਨਿਆਂ’ ਨਾਲੋਂ ਵੀ ਵੱਧ ਬੱਚੇ ਦੇ ‘ਆਪਣਿਆਂ’ ਤੋਂ ਹੈ, ਜੋ ਕਿ ਕਿਸੇ ਲਾਲਚ ਵਿੱਚ ਬੱਚੇ ਨੂੰ ਫ਼ਸਾ ਕੇ ਉਸ ਨਾਲ ਕੁਕਰਮ ਕਰ ਦਿੰਦੇ ਹਨ। ਵੱਡੀ ਗਿਣਤੀ ਛੋਟੇ ਬੱਚੇ ਇਹ ਸਮਝ ਹੀ ਨਹੀਂ ਸਕਦੇ ਕਿ ਉਹਨਾਂ ਨਾਲ ਕੁਕਰਮ ਵਰਗੀ ਮੰਦਭਾਗੀ ਘਟਨਾ ਵਾਪਰ ਗਈ ਹੈ, ਇਸ ਕਾਰਨ ਉਹ ਇਸ ਗਲਤ ਕੰਮ ਬਾਰੇ ਨਾ ਤਾਂ ਕਿਸੇ ਨੂੰ ਦਸ ਸਕਦੇ ਹਨ ਤੇ ਨਾ ਹੀ ਇਸ ਤੋਂ ਬਚਣ ਦੀ ਕੋਈ ਚਾਰਾਜੋਈ ਕਰ ਸਕਦੇ ਹਨ, ਬਸ ਫ਼ਿਰ ਉਹ ਅੰਦਰੋਂ ਅੰਦਰੀਂ ਘੁਟਦੇ ਰਹਿੰਦੇ ਹਨ। ਹੋਰ ਤਾਂ ਹੋਰ ਹੁਣ ਤਾਂ ਮੰਦ ਬੁੱਧੀ ਬੱਚਿਆਂ ਨਾਲ ਵੀ ਕੁਕਰਮ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਸਮਾਜ ਵਿੱਚ ਰਹਿੰਦੇ ਲੋਕਾਂ ਵਿਚਾਲੇ ਵੱਧਦੀ ਆਪਸੀ ਦੂਰੀ ਕਾਰਨ ਵੀ ਬੱਚਿਆਂ ਨਾਲ ਕੁਕਰਮ ਕਰਨ ਦੀਆਂ ਘਟਨਾਵਾਂ ਵੱਧ ਰਹੀਆਂ ਹਨ, ਪਹਿਲਾਂ ਹਰ ਪਿੰਡ ਸ਼ਹਿਰ ਤੇ ਕਸਬੇ ਵਿੱਚ ਹਰ ਕੋਈ ਇੱਕ ਦੂਜੇ ਨੂੰ ਪੂਰੀ ਚੰਗੀ ਤਰ੍ਹਾਂ ਜਾਣਦਾ ਪਹਿਚਾਣਦਾ ਹੁੰਦਾ ਸੀ, ਪਰ ਹੁਣ ਆਧੁਨਿਕਤਾ ਦੀ ਆੜ ਹੇਠ ਗੁਆਢੀਂ ਨੂੰ ਗੁਆਂਢੀਂ ਬਾਰੇ ਵੀ ਪਤਾ ਨਹੀਂ ਹੁੰਦਾ ਕਿ ਉਹ ਕੌਣ ਹੈ?, ਜਿਸ ਕਰਕੇ ਬੱਚਿਆਂ ਨਾਲ ਕੁਕਰਮ ਵਧ ਰਹੇ ਹਨ।
ਬਾਲਾਂ ਤੇ ਬਾਲੜੀਆਂ ਨਾਲ ਕੁਕਰਮ ਇੱਕ ਵੱਡੀ ਸਮਾਜਿਕ ਅਲਾਮਤ ਹੈ, ਜਿਸ ਨੂੰ ਰੋਕਣ ਲਈ ਸਮਾਜ ਨੂੰ ਇੱਕਜੁਟ ਹੋਣਾ ਹੀ ਪਵੇਗਾ। ਬੱਚਿਆਂ ਨਾਲ ਕੁਕਰਮ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਦਾ ਸਮਾਜਿਕ ਬਾਈਕਾਟ ਵੀ ਕਰਨਾ ਚਾਹੀਦਾ ਹੈ। ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਬੱਚਿਆਂ ਨਾਲ ਹੋ ਰਹੇ ਕੁਕਰਮ ਰੋਕਣ ਲਈ ਜਦੋ- ਜਹਿਦ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਵੀ ਚਾਹੀਦਾ ਹੈ ਕਿ ਬੱਚਿਆਂ ਨੂੰ ਬਚਪਣ ਵਿੱਚ ਹੀ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਅਤੇ ਸਕੂਲਾਂ ਵਿੱਚ ਕੁਝ ਹੱਦ ਤੱਕ ਸੈਕਸ ਸਿੱਖਿਆ ਲਾਜ਼ਮੀ ਬਣਾਈ ਜਾਵੇ ਅਤੇ ਬੱਚਿਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਆਪਣੇ ਨਾਲ ਵਾਪਰਦੀ ਹਰ ਚੰਗੀ ਮੰਦੀ ਘਟਨਾ ਦੀ ਜਾਣਕਾਰੀ ਆਪਣੇ ਮਾਪਿਆਂ ਨੂੰ ਜਾਂ ਫ਼ਿਰ ਆਪਣੇ ਵੱਡੇ ਭੈਣ ਭਰਾਵਾਂ ਨੂੰ ਜ਼ਰੂਰ ਦੇਣ। ਜੇ ਅਸੀਂ ਬਚਪਣ ਵਿੱਚ ਹੀ ਬੱਚਿਆਂ ਨੂੰ ਇਸ ਸਬੰਧੀ ਜਾਗਰੂਕ ਕਰਾਂਗੇ ਤਾਂ ਬੱਚਿਆਂ ਨਾਲ ਵਾਪਰ ਰਹੀਆਂ ਕੁਕਰਮ ਵਰਗੀਆਂ ਘਟਨਾਵਾਂ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਪਾਈ ਜਾ ਸਕਦੀ ਹੈ।

Loading