ਬਲਰਾਜ ਪੰਨੂੰ
ਕਾਠਮੰਡੂ ਇਸ ਸਮੇਂ ਸੁਰਖ਼ੀਆਂ ਦੇ ਵਿੱਚ ਵੀ ਹੈ ਤੇ ਮੁਸੀਬਤ ਦੇ ਵਿੱਚ ਵੀ ਹੈ। ਨੇਪਾਲ ਸਰਕਾਰ ਭੁਲੇਖੇ ਵਿੱਚ ਸੀ ਕਿ ਜੋ ਸੜਕਾਂ ’ਤੇ ਧਰਨੇ ਲੱਗ ਰਹੇ ਨੇ,ਉਹ ਸੋਸ਼ਲ ਮੀਡੀਆ ਬੰਦ ਦੇ ਖ਼ਿਲਾਫ਼ ਪ੍ਰਦਰਸ਼ਨ ਹੈ। ਭੀੜ ਦੇ ਵਿੱਚ ਗੋਲੀਆਂ ਚਲਾਵਾਂਗੇ, ਡਰਾਵਾਂਗੇ, ਕੁਝ ਮੌਤਾਂ ਹੋਣਗੀਆਂ ਤਾਂ ਨੇਪਾਲੀ ਨੌਜਵਾਨਾਂ ਦਾ ਗਰਮ ਖੂਨ ਠੰਡਾ ਹੋ ਜਾਵੇਗਾ ਪਰ ਕੇ.ਪੀ.ਸ਼ਰਮਾ ਓਲੀ ਨੂੰ ਇਹ ਇੱਕ ਵੱਡਾ ਭੁਲੇਖਾ ਸੀ ਕਿਉਂਕਿ ਇਹ ਗੁੱਸਾ ਸੋਸ਼ਲ ਮੀਡੀਆ ਖ਼ਿਲਾਫ਼ ਘੱਟ ਪਰ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਡਾਵਾਂਡੋਲ ਆਰਥਿਕਤਾ ਦੇ ਖ਼ਿਲਾਫ਼ ਵਧੇਰੇ ਸੀ। ਸਰਕਾਰ ਨੇ ਕਦੇ ਵੀ ਸੋਚਿਆ ਨਹੀਂ ਹੋਣਾ ਕਿ 19-20 ਲੋਕਾਂ ਦੀ ਮੌਤ ’ਤੇ ਉਹਨਾਂ ਦੇ ਘਰਾਂ ਨੂੰ ਅੱਗਾਂ ਲੱਗ ਜਾਣਗੀਆਂ ਤੇ ਉਹਨਾਂ ਨੂੰ ਹੈਲੀਕਾਪਟਰਾਂ ਦੇ ਰਾਹੀਂ ਭੱਜ ਕੇ ਜਾਨਾਂ ਬਚਾਉਣੀਆਂ ਪੈਣਗੀਆਂ। ਤੇ ਕਦੇ ਇਹ ਵੀ ਨਹੀਂ ਸੋਚਿਆ ਹੋਣਾ ਕਿ ਪੀ.ਐਮ.ਓਲੀ ਨੂੰ 24 ਘੰਟੇ ਦੇ ਅੰਦਰ ਅਸਤੀਫ਼ਾ ਦੇਣਾ ਪਵੇਗਾ। ਕਾਠਮੰਡੂ ਦੇ ਉੱਤੇ ਉੱਡਦੇ ਹੈਲੀਕਾਪਟਰਾਂ ਵਿਚੋਂ ਡਿੱਗਦੇ ਟੀਅਰ ਗੈਸ ਦੇ ਗੋਲੇ ਤੇ ਨੌਜਵਾਨਾਂ ਦੇ ਨਾਲ ਪੂਰਾ ਨੇਪਾਲ ਇੱਕ ਜੁੱਟ ਹੋ ਜਾਣਾ ਇਸ ਗੱਲ ਦਾ ਸੰਕੇਤ ਸੀ ਕਿ ਹੁਣ ਕੁਝ ਕੁ ਮਨਿਸਟਰਾਂ ਦੇ ਅਸਤੀਫ਼ੇ ਦੇਣ ਨਾਲ ਗੱਲ ਨਹੀਂ ਬਣਨੀ, ਪ੍ਰਧਾਨ ਮੰਤਰੀ ਨੂੰ ਅਸਤੀਫ਼ਾ ਦੇਣਾ ਪਵੇਗਾ। ਨੇਪਾਲ ਬਦਲਾਓ ਚਾਹੁੰਦਾ ਹੈ। ਪੂਰੇ ਸਿਸਟਮ ਦੇ ਖ਼ਿਲਾਫ਼ ਨੇਪਾਲ ਦੇ ਨੌਜਵਾਨਾਂ ਦਾ ਗੁੱਸਾ ਸੜਕਾਂ ’ਤੇ ਵੇਖਣ ਨੂੰ ਮਿਲਿਆ। ਓਲੀ ਸਮੇਤ ਤਿੰਨ ਲੀਡਰਾਂ ਦੇ ਘਰਾਂ ਨੂੰ ਅੱਗ ਲਗਾਈ ਗਈ। ਓਲੀ, ਪ੍ਰਚੰਡਾ, ਦੇਉੁਬਾ ਤਿੰਨੇ ਲੀਡਰਾਂ ਦੇ ਘਰਾਂ ਨੂੰ ਅੱਗ ਲਗਾਈ ਗਈ। ਇਹ ਤਿੱਕੜੀ ਨੇਪਾਲ ਦੇ ਕਰਤਾ ਧਰਤਾ ਰਹੇ ਹਨ। ਤੀਹ ਸਾਲ ਰਾਜ ਕੀਤਾ ਹੈ ਪਰ ਹੁਣ ਲੋਕ ਕਹਿ ਰਹੇ ਨੇ ਕਿ ਨੇਪਾਲ ਦੇ ਵਿੱਚ ਕੁਝ ਨਵਾਂ ਚਾਹੀਦਾ ਹੈ। ਪਾਰਲੀਮੈਂਟ ਜਲ ਰਿਹਾ ਹੈ। ਨਵਾਂ ਸੰਵਿਧਾਨ ਲਾਗੂ ਹੋਏ ਨੂੰ 10 ਸਾਲ ਹੋ ਗਏ ਹਨ ਪਰ ਆਮ ਨੇਪਾਲੀਆਂ ਦੀ ਜ਼ਿੰਦਗੀ ਉਥੇ ਦੀ ਉਥੇ ਹੀ ਹੈ। ਆਰਥਿਕਤਾ ਦੇ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ। ਬੇਰੁਜ਼ਗਾਰਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਹਜ਼ਾਰਾਂ ਨੌਜਵਾਨ ਦੇਸ਼ ਤੋਂ ਬਾਹਰ ਰੁਜ਼ਗਾਰ ਲਈ ਜਾ ਰਹੇ ਨੇ। ਸੋ ਸੋਸ਼ਲ ਮੀਡੀਆ ’ਤੇ ਲੋਕ ਆਪਣਾ ਗੁੱਸਾ ਜ਼ਾਹਰ ਕਰਦੇ ਰਹਿੰਦੇ ਸਨ। ਜਿਸ ਤੋਂ ਜ਼ਾਹਰ ਹੁੰਦਾ ਸੀ ਕਿ ਨੇਪਾਲ ਅਸ਼ਾਂਤ ਹੈ। ਇਹ ਗੱਲ ਆਮ ਹੈ ਕਿ ਕਈ ਵਾਰ ਮੀਡੀਆ ਤੇ ਵਿਰੋਧੀ ਧਿਰ ਦੀਆਂ ਗੱਲਾਂ ਫੇਲ੍ਹ ਹੋ ਜਾਂਦੀਆਂ ਨੇ ਤਾਂ ਸੋਸ਼ਲ ਮੀਡੀਆ ਕਈ ਵਾਰ ਸੱਚ ਉਗਲ ਦਿੰਦਾ ਹੈ ਜਾਂ ਸੱਚਾਈ ਦੱਸਣ ਵਿੱਚ ਕਾਮਯਾਬ ਹੋ ਜਾਂਦਾ ਹੈ। ਸੋਸ਼ਲ ਮੀਡੀਆ ਰਾਹੀਂ ਹੀ ਨੇਪਾਲੀ ਨੌਜਵਾਨਾਂ ਨੇ ਨੇਤਾਵਾਂ ਦੇ ਬੱਚਿਆਂ ਦਾ ਲਾਈਫ਼ ਸਟਾਈਲ ਵੇਖਿਆ, ਉਹਨਾਂ ’ਤੇ ਨਾਰਾਜ਼ਗੀ ਜਤਾਈ, ਜਦੋਂ ਇਹ ਗੱਲ ਹਵਾ ਫੜਨ ਲੱਗੀ ਤਾਂ 4 ਸਤੰਬਰ ਨੂੰ ਨੇਪਾਲ ਸਰਕਾਰ ਨੇ ਫੇਸਬੁੱਕ, ਐਕਸ, ਯੂ.ਟਿਊਬ ਤੇ 26 ਹੋਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਬੈਨ ਲਗਾ ਦਿੱਤਾ। ਸਰਕਾਰ ਦਾ ਪੱਖ ਇਹ ਸੀ ਕਿ ਇਹਨਾਂ ਕੰਪਨੀਆਂ ਨੇ ਸਰਕਾਰੀ ਆਰਡਰ ਤੇ ਦੇਸ਼ ਦੇ ਕਾਨੂੰਨ ਦੀ ਮਰਿਆਦਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਮਜਬੂਰਨ ਸਾਨੂੰ ਇਹ ਕਦਮ ਉਠਾਉਣਾ ਪਿਆ। ਨੈਸ਼ਨਲ ਸਿਕਿਓਰਟੀ ਦਾ ਬਹਾਨਾ ਬਣਾਇਆ ਗਿਆ। ਅਸਲ ਦੇ ਵਿੱਚ ਇਹ ਸਭ ਕੁੱਝ ਸਰਕਾਰ ਨੇ ਆਪਣੇ ਆਪ ਦੀ ਪੋਲ ਖੁੱਲ੍ਹਣ ਤੋਂ ਡਰਦਿਆਂ ਇਹ ਕਦਮ ਚੁੱਕਿਆ ਪਰ ਉਸ ਨੇ ਇਹ ਨਹੀਂ ਸੋਚਿਆ ਕਿ ਸੋਸ਼ਲ ਮੀਡੀਆ ਰਾਹੀਂ ਲੋਕ ਟੂਰਿਜ਼ਮ ਨੂੰ ਵਧਾਉਂਦੇ ਨੇ, ਮਾਰਕੀਟ ਦੇ ਨਾਲ ਸਬੰਧਿਤ ਕਈ ਕੰਮ-ਕਾਰ ਸੋਸ਼ਲ ਮੀਡੀਆ ਦੇ ਨਾਲ ਚੱਲਦੇ ਨੇ। ਸੋਸ਼ਲ ਮੀਡੀਆ ਬੰਦ ਦਾ ਫ਼ੈਸਲਾ ਅੱਗ ’ਚ ਘਿਓ ਪਾਉਣ ਵਰਗਾ ਸੀ। ਅਸਲ ਵਿੱਚ ਸੋਸ਼ਲ ਮੀਡੀਆ ਬੰਦ ਹੋਣ ਤੋਂ ਬਾਅਦ ਸਥਿਤੀ ਵਿਗੜਨੀ ਸ਼ੁਰੂ ਹੋਈ। ਨੌਜਵਾਨ ਸੜਕਾਂ ’ਤੇ ਵਿਰੋਧ ਕਰਨ ਲੱਗੇ ਤਾਂ ਉਸੇ ਸਮੇਂ ‘ਹਾਮੀ ਨੇਪਾਲ’ ਨਾਂਅ ਦੀ ਇੱਕ ਐਨ.ਜੀ.ਓ. ਸਾਹਮਣੇ ਆਉਂਦੀ ਹੈ। ਉਸ ਦਾ ਫਾਉਂਡਰ ਸੂਦਾਨ ਗੁਰੁੰਗ ਮਨੁੱਖਤਾ ਦੇ ਲਈ ਕੰਮ ਕਰਨ ਤੋਂ ਇਲਾਵਾ ਡਿਸਕਸ਼ਨ ਪ੍ਰੋਗਰਾਮ ਕਰਵਾਉਂਦਾ ਹੈ। ਉਸ ਨੇ 8 ਸਤੰਬਰ ਨੂੰ ਪ੍ਰਦਰਸ਼ਨ ਕਰਨ ਦੀ ਆਗਿਆ ਲਈ। ਬੈਨਰ, ਪੋਸਟਰ ਬਣਾਏ ਗਏ ਤੇ ਉਹਨਾਂ ਉੱਤੇ ਸ਼ਾਂਤੀ ਦੇ ਨਾਲ ਪ੍ਰਦਰਸ਼ਨ ਕਰਨ ਦੀ ਗੱਲ ਵੀ ਕੀਤੀ ਗਈ। ਸਬੱਬ ਇਹ ਬਣਿਆ ਕਿ ਟਿਕਟਾਕ ਬੈਨ ਨਹੀਂ ਸੀ ਤੇ ਨਾ ਹੀ ਬੀ.ਬੀ.ਐਨ.। ਸੋ ਇਹਨਾਂ ਦੋਵਾਂ ਪਲੇਟਫਾਰਮਾਂ ਦੇ ਰਾਹੀਂ ਜਨਤਾ ਨੂੰ ਪਤਾ ਚਲਦਾ ਰਿਹਾ ਤੇ ਹੋਰ ਗਰੁੱਪ ਵੀ ਇਕੱਠੇ ਹੁੰਦੇ ਗਏ। ਵੱਖ- ਵੱਖ ਥਾਂਵਾਂ ’ਤੇ ਪ੍ਰਦਰਸ਼ਨ ਹੋਏ ਪਰ ਸਭ ਤੋਂ ਵੱਡਾ ਪ੍ਰਦਰਸ਼ਨ ਕਾਠਮੰਡੂ ਵਿੱਚ ਹੋਇਆ। ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿੱਚ ਮੁੱਠਭੇੜ ਤੋਂ ਬਾਅਦ ਗੋਲੀ ਚੱਲੀ। ਕੁਝ ਲੋਕ ਡਟੇ ਰਹੇ, ਕੁਝ ਕੰਧ ਤੋੜ ਕੇ ਪਾਰਲੀਮੈਂਟ ਤੋੜਨ ਦੀ ਕੋਸ਼ਿਸ਼ ਕਰਦੇ ਵੇਖੇ ਗਏ, ਕੁਝ ਸਿਕਿਓਰਟੀ ਨਾਲ ਉਲਝ ਗਏ ਤੇ ਕੁਝ ਭੱਜ ਗਏ। ਇਸ ਭੱਜ-ਦੌੜ ਤੋਂ ਬਾਅਦ 19 ਲੋਕ ਮਾਰੇ ਜਾਂਦੇ ਨੇ, 400 ਤੋਂ ਵੱਧ ਲੋਕ ਜ਼ਖ਼ਮੀ ਹੁੰਦੇ ਨੇ। ਦੁੱਖ ਦੀ ਗੱਲ ਇਹ ਹੈ ਕਿ ਇੱਕ 12 ਸਾਲ ਦੇ ਬੱਚੇ ਨੂੰ ਪੁਲਿਸ ਵੱਲੋਂ ਗੋਲੀ ਮਾਰੀ ਜਾਂਦੀ ਹੈ। ਇਸ ਖ਼ੂਨ-ਖ਼ਰਾਬੇ ਤੋਂ ਬਾਅਦ ਭੀੜ ਤੰਤਰ ਨੇ ਡਰਨ ਦੀ ਬਜਾਏ ਅਲੱਗ ਹੀ ਰੂਪ ਲੈ ਲਿਆ। ਹੁਣ ਗੱਲ ਮਸਲਿਆਂ ’ਤੇ ਨਹੀਂ ਸੀ ਰਹੀ। ਸਿੱਧਾ ਗੁੱਸਾ ਓਲੀ ’ਤੇ ਸੀ। ਹੋਮ ਮਨਿਸਟਰ ’ਤੇ ਸੀ। ਹੁੰਦਾ ਵੀ ਕਿਉਂ ਨਾ, ਇਸ ਸਰਕਾਰ ਨੇ ਇੱਕ ਦਿਨ ਦੇ ਵਿੱਚ 19 ਲੋਕਾਂ ਦੀ ਜਾਨ ਲਈ। ਮਰਨ ਵਾਲਿਆਂ ਦੀ ਗਿਣਤੀ 2006 ਦੇ ਪ੍ਰਦਰਸ਼ਨ ਤੋਂ ਜ਼ਿਆਦਾ ਸੀ। ਯਾਦ ਹੋਵੇਗਾ ਕਿ 2006 ਦਾ ਉਹ ਪ੍ਰਦਰਸ਼ਨ, ਜਦੋਂ ਗਿਆਨੇਂਦਰ ਨੂੰ ਵੀ ਲੋਕਾਂ ਸਾਹਮਣੇ ਝੁਕਣਾ ਪਿਆ ਸੀ। ਨੇਪਾਲ ਨੇ ਕਈ ਵਿਰੋਧ ਆਪਣੀ ਹਿਸਟਰੀ ਵਿੱਚ ਵੇਖੇ ਨੇ 1950, 1990 ਤੇ 2006 ਪਰ ਏਨੀ ਸਖ਼ਤੀ ਦੇ ਨਾਲ ਕਦੇ ਕੋਈ ਸਰਕਾਰ ਪੇਸ਼ ਨਹੀਂ ਆਈ ਕਿ ਇੱਕ ਦਿਨ ਵਿੱਚ 19 ਲੋਕਾਂ ਦੀ ਮੌਤ ਹੋਈ ਹੋਵੇ। ਲੰਘੇ ਦਿਨ ਵੀ ਲੋਕ ਕਾਠਮੰਡੂ ਵਿੱਚ ਪਹੁੰਚਣੇ ਸ਼ੁਰੂ ਹੋਏ ਤਾਂ ਸਰਕਾਰ ਨੇ ਸਥਿਤੀ ’ਤੇ ਕਾਬੂ ਪਾਉਣ ਦੇ ਲਈ ਕਰਫ਼ਿਊੁ ਲਗਾਉਣ ਦੀ ਗੱਲ ਸੋਚੀ ਪਰ ਲੋਕਾਂ ਦੇ ਤੂਫ਼ਾਨ ਅੱਗੇ ਕਰਫ਼ਿਊੁ ਨਹੀਂ ਟਿਕ ਸਕਿਆ। ਸੰਸਦ ਨੂੰ ਅੱਗ ਲਗਾ ਦਿੱਤੀ ਗਈ। ਹੁਣ ਚਰਚਾ ਇਹ ਹੋ ਰਹੀ ਹੈ ਕਿ ਬੰਗਲਾਦੇਸ਼ ਵਾਂਗ ਨੇਪਾਲ ਵੀ ਉਸੇ ਰਾਹ ’ਤੇ ਚੱਲ ਪਿਆ ਹੈ। ਇਹ ਗੁੱਸਾ ਜੋ ਨੇਪਾਲ ਵਿੱਚ ਵੇਖਣ ਨੂੰ ਮਿਲਿਆ ਇਹ ਕੋਈ ਪੰਜਾਂ ਦਸਾਂ ਦਿਨਾਂ ਦਾ ਗੁੱਸਾ ਨਹੀਂ, ਕਈ ਸਾਲਾਂ ਦਾ ਗੁੱਸਾ ਕਾਠਮੰਡੂ ਦੇ ਵਿੱਚ ਨਿਕਲਿਆ। ਜਿਥੋਂ ਤੱਕ ਬੰਗਲਾਦੇਸ਼ ਦੀ ਸ਼ੇਖ਼ ਹਸੀਨਾ ਦੀ ਗੱਲ ਹੈ, ਉਹ ਲੋਕਾਂ ਅੱਗੇ ਝੁਕੀ ਨਹੀਂ ਪਰ ਨੇਪਾਲ ਦੀ ਸਰਕਾਰ ਸਾਰਾ ਕੰਮ ਵਿਗਾੜਨ ਤੋਂ ਬਾਅਦ ਝੁਕੀ ਵੀ ਅਤੇ ਆਪਣੀਆਂ ਕੁਝ ਕੁ ਗਲਤੀਆਂ ਵੀ ਮੰਨੀਆਂ। ਚਲੋ ਖ਼ੈਰ ਇਹ ਤਾਂ ਹੋਇਆ ਘੱਟੋ-ਘੱਟ ਉਥੋਂ ਦੇ ਲੋਕਾਂ ਨੂੰ ਅੱਤਵਾਦੀ ਤਾਂ ਨਹੀਂ ਕਿਹਾ। ਕਹਿਣ ਵਾਲੇ ਤਾਂ ਹੁਣ ਇਹ ਵੀ ਕਹਿਣਗੇ ਕਿ ਇਸ ਪਿੱਛੇ ਵਿਦੇਸ਼ੀ ਤਾਕਤਾਂ ਕੰਮ ਕਰ ਰਹੀਆਂ ਹਨ। 19 ਸਤੰਬਰ ਨੂੰ ਨੇਪਾਲ ਨੇ ਆਪਣਾ ਨੈਸ਼ਨਲ ਡੇਅ ਵੀ ਮਨਾਉਣਾ ਹੋਵੇਗਾ। ਇਹ ਉਹ ਦਿਨ ਹੈ ਜਦੋਂ 10 ਸਾਲ ਪਹਿਲਾਂ ਉਹਨਾਂ ਨੇ ਆਪਣਾ ਸੰਵਿਧਾਨ ਸਵੀਕਾਰਿਆ ਸੀ। ਉਮੀਦ ਕਰਦੇ ਹਾਂ ਕਿ ਉਸ ਦਿਨ ਤੱਕ ਨੇਤਾ ਆਪਣੀਆਂ ਗਲਤੀਆਂ ਮੰਨਣ ਤੇ ਜੋ ਭ੍ਰਿਸ਼ਟਾਚਾਰ ਕੀਤਾ ਹੈ, ਉਸ ਨੂੂੰ ਮੰਨ ਕੇ ਸਾਫ਼ ਸੁਥਰੀ ਜਾਂਚ ਸ਼ੁਰੂ ਕਰਵਾਉਣ। ਇਹ ਇੱਕ ਨਵੀਂ ਸ਼ੁਰੂਆਤ ਹੋਵੇਗੀ। ਹਿਸਟਰੀ ਬਦਲੀ ਜਾ ਸਕਦੀ ਹੈ। ਹੁਣ ਨੇਤਾਵਾਂ ’ਤੇ ਹੈ ਕਿ ਉਹ ਨੇਪਾਲ ਨੂੂੰ ਹੋਰ ਬਲਦਾ ਵੇਖਣਾ ਚਾਹੁੰਦੇ ਹਨ ਜਾਂ ਲਾਲਚ ਖਤਮ ਕਰਕੇ ਚੰਗੇ ਨੌਜਵਾਨ ਹੱਥਾਂ ਦੇ ਵਿੱਚ ਤਾਕਤ ਦੇਣਗੇ। ਵੈਸੇ ਇਹ ਕੰਮ ਨੇਤਾਵਾਂ ਦੇ ਲਈ ਹੁੰਦਾ ਤਾਂ ਔਖਾ ਹੀ ਹੈ।