ਕਮਿਊਨਿਸਟ ਧਿਰਾਂ ਦਾ ਸਿਆਸੀ ਪਤਨ: ਪੰਜਾਬ ਵਿੱਚ ਵੋਟਾਂ ਕਿਉਂ ਨਹੀਂ ਮਿਲਦੀਆਂ?

In ਖਾਸ ਰਿਪੋਰਟ
September 23, 2025

ਪੰਜਾਬ ਦੀ ਧਰਤੀ ’ਤੇ ਕਮਿਊਨਿਸਟ ਵਿਚਾਰਧਾਰਾ ਦੀਆਂ ਜੜ੍ਹਾਂ ਗ਼ਦਰੀ ਬਾਬਿਆਂ ਦੇ ਸੰਘਰਸ਼ ਨਾਲ ਡੂੰਘੀਆਂ ਜੁੜੀਆਂ ਹਨ। ਇਹ ਵਿਚਾਰਧਾਰਾ, ਜਿਸ ਨੇ ਕਿਸਾਨਾਂ, ਮਜ਼ਦੂਰਾਂ ਤੇ ਦੱਬੇ-ਕੁਚਲੇ ਵਰਗਾਂ ਦੀ ਆਵਾਜ਼ ਬੁਲੰਦ ਕੀਤੀ, ਕਦੇ ਸਿਆਸੀ ਮੰਚ ’ਤੇ ਵੀ ਚਮਕਦੀ ਸੀ। ਪਰ ਅੱਜ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) (ਸੀ.ਪੀ.ਆਈ.-ਐਮ.) ਵਰਗੀਆਂ ਧਿਰਾਂ ਦੀ ਸਿਆਸੀ ਹੋਂਦ ਲਗਭਗ ਸੰਘਰਸ਼ੀ ਮੰਚਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਚੋਣਾਂ ਵਿੱਚ ਇਨ੍ਹਾਂ ਪਾਰਟੀਆਂ ਦੀ ਹਾਰ, ਕਿਸਾਨ ਯੂਨੀਅਨਾਂ ਦੀ ਘਟਦੀ ਪਕੜ ਅਤੇ ਪੰਥਕ ਜਥੇਬੰਦੀਆਂ ਨਾਲ ਵਧਦਾ ਟਕਰਾਅ ਸਵਾਲ ਖੜ੍ਹੇ ਕਰਦੇ ਹਨ ਕਿ ਇਹ ਧਿਰਾਂ ਸਿਆਸੀ ਤੌਰ ’ਤੇ ਕਿਉਂ ਪਛੜ ਰਹੀਆਂ ਹਨ? ਲੋਕਾਂ ਦਾ ਵਿਸ਼ਵਾਸ ਕਿਉਂ ਟੁੱਟ ਰਿਹਾ ਹੈ?
ਸਿਆਸੀ ਸਫਲਤਾ ਦਾ ਪਤਨ ਕਮਿਊਨਿਸਟ ਧਿਰਾਂ ਦੀ ਸਿਆਸੀ ਸਫਲਤਾ ਦੀ ਦਾਸਤਾਨ 1980ਵਿਆਂ ਤੋਂ ਸਾਫ਼ ਝਲਕਦੀ ਸੀ। ਸਾਲ 1980 ਵਿੱਚ ਸੀ.ਪੀ.ਆਈ. ਨੇ ਪੰਜਾਬ ਵਿਧਾਨ ਸਭਾ ਵਿੱਚ 9 ਸੀਟਾਂ ਜਿੱਤੀਆਂ, ਜਦਕਿ ਸੀ.ਪੀ.ਆਈ.-ਐਮ. ਨੇ 2 ਸੀਟਾਂ ਹਾਸਲ ਕੀਤੀਆਂ। 1992 ਵਿੱਚ, ਜਦੋਂ ਸੂਬੇ ਵਿੱਚ ਚੋਣਾਂ ਦਾ ਵਿਰੋਧ ਸੀ, ਤਾਂ ਵੀ ਕਮਿਊਨਿਸਟ ਧਿਰਾਂ ਨੇ 5 ਸੀਟਾਂ ’ਤੇ ਕਬਜ਼ਾ ਕੀਤਾ। ਸਾਲ 2002 ਵਿੱਚ ਸੀ.ਪੀ.ਆਈ. ਨੇ 2 ਸੀਟਾਂ ਜਿੱਤੀਆਂ, ਪਰ ਇਸ ਤੋਂ ਬਾਅਦ ਇਨ੍ਹਾਂ ਪਾਰਟੀਆਂ ਦੀ ਸਿਆਸੀ ਸਫਲਤਾ ਲਗਾਤਾਰ ਘਟਦੀ ਗਈ। 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੋਵੇਂ ਧਿਰਾਂ ਇੱਕ ਵੀ ਸੀਟ ਨਾ ਜਿੱਤ ਸਕੀਆਂ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸੀ.ਪੀ.ਆਈ. ਨੇ ਕੁਝ ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ, ਪਰ ਕੋਈ ਸਫਲਤਾ ਨਾ ਮਿਲੀ। ਸੀ.ਪੀ.ਆਈ.-ਐਮ. ਨੇ ਗੱਠਜੋੜਾਂ ਵਿੱਚ ਹਿੱਸਾ ਲਿਆ, ਪਰ ਵੋਟ ਸ਼ੇਅਰ ਬਹੁਤ ਘੱਟ ਰਿਹਾ।
ਸਿਆਸੀ ਮਾਹਿਰਾਂ ਮੁਤਾਬਕ, ਕਮਿਊਨਿਸਟ ਧਿਰਾਂ ਦੀ ਸਿਆਸੀ ਪਛੜਤ ਦੇ ਕਈ ਕਾਰਨ ਹਨ। ਪਹਿਲਾਂ, ਨਵੀਂ ਪੀੜ੍ਹੀ ਵਿੱਚ ਕਮਿਊਨਿਸਟ ਵਿਚਾਰਧਾਰਾ ਦੀ ਪਕੜ ਘਟਦੀ ਜਾ ਰਹੀ ਹੈ। ਨੌਜਵਾਨ ਪੀੜ੍ਹੀ ਨੂੰ ਸੋਸ਼ਲ ਮੀਡੀਆ ਅਤੇ ਆਧੁਨਿਕ ਸਿਆਸੀ ਬਿਰਤਾਂਤ ਵੱਲ ਵਧੇਰੇ ਖਿੱਚ ਮਹਿਸੂਸ ਹੁੰਦੀ ਹੈ। ਦੂਜਾ, ਕਿਸਾਨ ਅਤੇ ਮਜ਼ਦੂਰ ਮੁੱਦੇ, ਜੋ ਕਦੇ ਕਮਿਊਨਿਸਟ ਧਿਰਾਂ ਦੀ ਵਿਲੱਖਣਤਾ ਸਨ, ਹੁਣ ਹੋਰ ਸਿਆਸੀ ਪਾਰਟੀਆਂ ਕਾਂਗਰਸ, ਬਸਪਾ ਆਪ ਨੇ ਵੀ ਆਪਣੀ ਸਿਆਸਤ ਦਾ ਹਿੱਸਾ ਬਣਾ ਲਿਆ ਹੈ। ਇਸ ਨਾਲ ਕਮਿਊਨਿਸਟ ਧਿਰਾਂ ਦੀ ਵਿਲੱਖਣ ਪਛਾਣ ਫਿੱਕੀ ਪੈ ਗਈ। ਤੀਜਾ, 1964 ਅਤੇ 1990 ਵਿੱਚ ਪਾਰਟੀ ਅੰਦਰੂਨੀ ਫੁੱਟ ਨੇ ਵੀ ਕਮਿਊਨਿਸਟ ਧਿਰਾਂ ਦੀ ਤਾਕਤ ਨੂੰ ਕਮਜ਼ੋਰ ਕੀਤਾ। ਨਵੀਆਂ ਧਿਰਾਂ ਦੇ ਗਠਨ ਨਾਲ ਕਾਰਕੁਨਾਂ ਅਤੇ ਵੋਟਰਾਂ ਦਾ ਬੁਨਿਆਦੀ ਅਧਾਰ ਵੰਡਿਆ ਗਿਆ।
ਕਮਿਉਨਿਸਟ ਧਿਰਾਂ ਦੀ ਸਭ ਤੋਂ ਵੱਡੀ ਤਾਕਤ ਉਨ੍ਹਾਂ ਦੀ ਸੰਘਰਸ਼ੀ ਭੂਮਿਕਾ ਰਹੀ ਹੈ। 2020-21 ਦੇ ਕਿਸਾਨ ਅੰਦੋਲਨ ਵਿੱਚ ਸੀ.ਪੀ.ਆਈ. ਅਤੇ ਸੀ.ਪੀ.ਆਈ.-ਐਮ. ਨੇ ਕਿਸਾਨ ਯੂਨੀਅਨਾਂ ਨਾਲ ਮਿਲ ਕੇ ਮੋਰਚਾ ਸੰਭਾਲਿਆ। ਸੰਘਰਸ਼ੀ ਮੰਚਾਂ ’ਤੇ ਇਨ੍ਹਾਂ ਧਿਰਾਂ ਦਾ ਜੋਸ਼ ਅਤੇ ਸੰਗਠਨ ਸਮਰੱਥਾ ਅੱਜ ਵੀ ਕਾਇਮ ਹੈ। ਪਰ ਸਿਆਸੀ ਚੋਣਾਂ ਵਿੱਚ ਇਹ ਜੋਸ਼ ਵੋਟਾਂ ਵਿੱਚ ਨਹੀਂ ਬਦਲਦਾ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਧਿਰਾਂ ਨੇ ਆਪਣੇ ਤਰੀਕਿਆਂ ਨੂੰ ਆਧੁਨਿਕ ਸਿਆਸਤ ਮੁਤਾਬਕ ਨਹੀਂ ਢਾਲਿਆ।
ਕਿਸਾਨ ਯੂਨੀਅਨਾਂ ਦੀ ਘਟਦੀ ਪਕੜ
ਕਿਸਾਨ ਯੂਨੀਅਨਾਂ, ਜੋ ਕਮਿਊਨਿਸਟ ਵਿਚਾਰਧਾਰਾ ਨਾਲ ਜੁੜੀਆਂ ਹਨ, ਦੀ ਪੰਜਾਬ ਵਿੱਚ ਪਕੜ ਵੀ ਘਟਦੀ ਜਾ ਰਹੀ ਹੈ। 2020-21 ਦੇ ਕਿਸਾਨ ਅੰਦੋਲਨ ਨੇ ਸੂਬੇ ਦੀਆਂ ਕਿਸਾਨ ਯੂਨੀਅਨਾਂ ਨੂੰ ਕੌਮੀ ਪੱਧਰ ’ਤੇ ਚਰਚਾ ਵਿੱਚ ਲਿਆਂਦਾ, ਪਰ ਇਸ ਦੇ ਬਾਅਦ ਵੀ ਇਨ੍ਹਾਂ ਯੂਨੀਅਨਾਂ ਦੀ ਸਿਆਸੀ ਤਾਕਤ ਨਹੀਂ ਵਧੀ। ਕਈ ਕਿਸਾਨ ਯੂਨੀਅਨਾਂ ਦੀ ਅੰਦਰੂਨੀ ਫੁੱਟ ਅਤੇ ਆਗੂਆਂ ਦੀਆਂ ਵਿਵਾਦਤ ਬਿਆਨਬਾਜ਼ੀਆਂ ਨੇ ਲੋਕਾਂ ਦਾ ਵਿਸ਼ਵਾਸ ਘਟਾਇਆ। ਖ਼ਾਸਕਰ, ਜੋਗਿੰਦਰ ਸਿੰਘ ਉਗਰਾਹਾਂ ਵਰਗੇ ਆਗੂਆਂ ਦੇ ਸਿੱਖ ਧਰਮ ਅਤੇ ਗੁਰਦੁਆਰਿਆਂ ਬਾਰੇ ਊਲ ਜਲੂਲ ਬਿਆਨ ਸੁਰਖੀਆਂ ਵਿੱਚ ਰਹੇ। ਇਸ ਕਾਰਣ ਪੰਥਕ ਧਿਰਾਂ ਵਲੋਂ ਉਹਨਾਂ ਦਾ ਤਿੱਖਾ ਵਿਰੋਧ ਕੀਤਾ ਗਿਆ।
ਜੋਗਿੰਦਰ ਸਿੰਘ ਉਗਰਾਹਾਂ, ਜੋ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਮੁਖੀ ਹਨ, ਨੇ ਸਿੱਖ ਧਰਮ ਅਤੇ ਗੁਰਦੁਆਰਿਆਂ ਬਾਰੇ ਕਈ ਵਿਵਾਦਤ ਬਿਆਨ ਦਿੱਤੇ। ਉਨ੍ਹਾਂ ਨੇ ਗੁਰਦੁਆਰਿਆਂ ਨੂੰ ‘ਕਮਿਊਨਿਟੀ ਸੈਂਟਰ’ ਕਹਿ ਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ। ਉਗਰਾਹਾਂ ਦਾ ਕਹਿਣਾ ਸੀ ਕਿ ਉਹ ਗੁਰਦੁਆਰਿਆਂ ’ਚ ‘ਫਰੀ ਚਾਹ ਤੇ ਲੰਗਰ’ ਨਹੀਂ ਖਾਂਦੇ, ਸਗੋਂ ਆਟਾ, ਦਾਲ, ਸਬਜ਼ੀਆਂ ਅਤੇ ਦੁੱਧ ਭੇਟ ਕਰਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਦੀ ਯੂਨੀਅਨ ਨੇ ਆਪਣੇ ਅੰਦੋਲਨਾਂ ਵਿੱਚ ਨਿਸ਼ਾਨ ਸਾਹਿਬ ਅਤੇ ਜੈਕਾਰਿਆਂ ’ਤੇ ਪਾਬੰਦੀ ਲਗਾਈ, ਜਿਸ ਨੇ ਸਿੱਖ ਸੰਗਤ ਵਿੱਚ ਰੋਹ ਪੈਦਾ ਕੀਤਾ। ਸਿੱਖ ਪਰੰਪਰਾਵਾਂ ਮੁਤਾਬਕ, ਗੁਰਦੁਆਰੇ ਸਿਰਫ਼ ਕਮਿਊਨਿਟੀ ਸੈਂਟਰ ਨਹੀਂ, ਸਗੋਂ ਗੁਰਮਤਿ ਫਲਸਫੇ ਅਤੇ ਸਿੱਖ ਸੱਭਿਆਚਾਰ ਦੇ ਕੇਂਦਰ ਹਨ। ਅਜਿਹੇ ਬਿਆਨਾਂ ਨੇ ਕਮਿਊਨਿਸਟ ਧਿਰਾਂ ਅਤੇ ਸਿੱਖ ਪੰਥਕ ਜਥੇਬੰਦੀਆਂ ਵਿਚਕਾਰ ਟਕਰਾਅ ਨੂੰ ਹੋਰ ਵਧਾਇਆ ਹੈ।
ਕਮਿਊਨਿਸਟ ਧਿਰਾਂ ਅਤੇ ਪੰਥਕ ਜਥੇਬੰਦੀਆਂ ਵਿਚਕਾਰ ਟਕਰਾਅ ਦਾ ਕਾਰਨ ਵਿਚਾਰਧਾਰਕ ਅੰਤਰ ਵੀ ਹਨ। ਕਮਿਊਨਿਸਟ ਧਿਰਾਂ ਦਾ ਧਰਮ-ਨਿਰਪੱਖ ਸਟੈਂਡ ਅਤੇ ਸਿੱਖ ਜਥੇਬੰਦੀਆਂ ਦੀ ਪੰਥਕ ਪਛਾਣ ਨੇ ਦੋਵਾਂ ਵਿਚਕਾਰ ਦੂਰੀ ਵਧਾਈ ਹੈ। ਖ਼ਾਸਕਰ, ਜਦੋਂ ਕਮਿਊਨਿਸਟ ਆਗੂ ਸਿੱਖ ਪਰੰਪਰਾਵਾਂ ਜਾਂ ਗੁਰਦੁਆਰਿਆਂ ਬਾਰੇ ਟਿੱਪਣੀਆਂ ਕਰਦੇ ਹਨ, ਤਾਂ ਸਿੱਖ ਸੰਗਤ ਵਿੱੱਚ ਇਸ ਨੂੰ ਧਾਰਮਿਕ ਅਪਮਾਨ ਵਜੋਂ ਲਿਆ ਜਾਂਦਾ ਹੈ। ਇਸ ਨਾਲ ਕਮਿਊਨਿਸਟ ਧਿਰਾਂ ਦੀ ਲੋਕਪ੍ਰਿਅਤਾ ’ਤੇ ਵੀ ਅਸਰ ਪੈਂਦਾ ਹੈ।

ਕੀ ਹੈ ਖੱਬੇ ਪੱਖੀਆਂ ਕੋਲ ਅੱਗੇ ਦਾ ਰਾਹ?
ਮਾਹਿਰਾਂ ਮੁਤਾਬਕ, ਜੇਕਰ ਕਮਿਊਨਿਸਟ ਧਿਰਾਂ ਨੂੰ ਪੰਜਾਬ ਦੀ ਸਿਆਸਤ ਵਿੱਚ ਮੁੜ ਉਭਰਨਾ ਹੈ, ਤਾਂ ਉਨ੍ਹਾਂ ਨੂੰ ਆਪਣੀ ਸੰਗਠਨਾਤਮਕ ਢਾਂਚੇ, ਪ੍ਰਚਾਰ ਰਣਨੀਤੀ ਅਤੇ ਵਿਚਾਰਧਾਰਕ ਪਹੁੰਚ ਨੂੰ ਨਵਾਂ ਰੂਪ ਦੇਣਾ ਹੋਵੇਗਾ, ਪੰਜਾਬ ਦੀ ਖੁਦਮੁਖਤਿਆਰੀ ਉੱਪਰ ਪਹਿਰਾ ਦੇਣਾ ਪਵੇਗਾ, ਸਿੱਖ ਧਿਰਾਂ ਨਾਲ ਟਕਰਾਅ ਤੋਂ ਬਚਣਾ ਹੋਵੇਗਾ। ਨੌਜਵਾਨ ਪੀੜ੍ਹੀ ਨੂੰ ਜੋੜਨ ਲਈ ਸੋਸ਼ਲ ਮੀਡੀਆ ਅਤੇ ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ਕਰਨੀ ਪਵੇਗੀ। ਨਾਲ ਹੀ, ਪੰਥਕ ਜਥੇਬੰਦੀਆਂ ਨਾਲ ਸੰਵਾਦ ਅਤੇ ਸਹਿਮਤੀ ਬਣਾਉਣ ਦੀ ਲੋੜ ਹੈ, ਤਾਂ ਜੋ ਵਿਵਾਦਤ ਬਿਆਨਬਾਜ਼ੀਆਂ ਤੋਂ ਬਚਿਆ ਜਾ ਸਕੇ। ਜੋਗਿੰਦਰ ਸਿੰਘ ਉਗਰਾਹਾਂ ਵਰਗੇ ਆਗੂਆਂ ਨੂੰ ਵੀ ਸੰਵੇਦਨਸ਼ੀਲ ਮੁੱਦਿਆਂ ’ਤੇ ਸੰਜਮ ਨਾਲ ਬੋਲਣ ਦੀ ਜ਼ਰੂਰਤ ਹੈ, ਕਿਉਂਕਿ ਅਜਿਹੇ ਬਿਆਨ ਨਾ ਸਿਰਫ਼ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ, ਸਗੋਂ ਕਮਿਊਨਿਸਟ ਧਿਰਾਂ ਦੀ ਸਿਆਸੀ ਤਾਕਤ ਨੂੰ ਵੀ ਕਮਜ਼ੋਰ ਕਰਦੇ ਹਨ।
ਅੰਤ ਵਿੱਚ, ਪੰਜਾਬ ਦੀ ਸਿਆਸਤ ’ਚ ਕਮਿਊਨਿਸਟ ਧਿਰਾਂ ਦੀ ਪਛੜਤ ਦਾ ਕਾਰਨ ਸਿਰਫ਼ ਵਿਚਾਰਧਾਰਕ ਜਾਂ ਸੰਗਠਨਾਤਮਕ ਕਮੀਆਂ ਹੀ ਨਹੀਂ, ਸਗੋਂ ਬਦਲਦੇ ਸਮੇਂ ਅਤੇ ਸਮਾਜਿਕ-ਸੱਭਿਆਚਾਰਕ ਮੁੱਦਿਆਂ ਨੂੰ ਸਮਝਣ ਵਿੱਚ ਅਸਫਲਤਾ ਵੀ ਹੈ। ਜੇਕਰ ਇਹ ਧਿਰਾਂ ਆਪਣੀ ਪੁਰਾਣੀ ਤਾਕਤ ਮੁੜ ਹਾਸਲ ਕਰਨੀਆਂ ਚਾਹੁੰਦੀਆਂ ਹਨ, ਤਾਂ ਉਨ੍ਹਾਂ ਨੂੰ ਸੰਘਰਸ਼ ਦੇ ਨਾਲ-ਨਾਲ ਸਿਆਸੀ ਸਮਝ ਅਤੇ ਸੰਵਾਦ ਦੀ ਨਵੀਂ ਰਣਨੀਤੀ ਅਪਣਾਉਣੀ ਹੋਵੇਗੀ।

Loading