ਪਲਵਿੰਦਰ ਸੋਹਲ
ਉਸ ਸਮੇਂ ਕਰੋੜਾਂ ਲੋਕਾਂ ਦੀਆਂ ਅਰਦਾਸਾਂ ਨੂੰ ਬੂਰ ਪਿਆ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮਭੂਮੀ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਕਰਨ ਦੀ ਭਾਰਤੀਆਂ ਨੂੰ ਨਵੰਬਰ 2019 ਵਿੱਚ ਖੁੱਲ੍ਹ ਮਿਲੀ ਸੀ। ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਇਤਿਹਾਸਿਕ ਫ਼ੈਸਲਾ ਲੈਂਦਿਆਂ ਭਾਰਤੀ ਪੰਜਾਬ ਤੋਂ ਮਹਿਜ਼ 3 ਕਿਲੋਮੀਟਰ ਦੂਰ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਭਾਰਤੀ ਸ਼ਰਧਾਲੂਆਂ ਲਈ ਇੱਕ ਲਾਂਘੇ ਦਾ ਨਿਰਮਾਣ ਕੀਤਾ ਸੀ ਅਤੇ ਭਾਰਤੀ ਪੰਜਾਬ ਵਿੱਚ ਸਥਿਤ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ’ਚ ਸਥਿਤ ਗੁਰਦੁਆਰਾ ਸਾਹਿਬ ਤੱਕ ਲਾਂਘੇ ਦੀ ਬਹੁਤ ਵਧੀਆ ਉਸਾਰੀ ਕਰਵਾਈ ਸੀ। 9 ਨਵੰਬਰ, 2019 ਨੂੰ ਇਸ ਲਾਂਘੇ ਦੇ ਉਦਘਾਟਨ ਸਮੇਂ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਸਮੇਤ ਸਾਰੀ ਸਿਆਸੀ ਤੇ ਧਾਰਮਿਕ ਲੀਡਰਸ਼ਿਪ ਮੌਜੂਦ ਸਨ। ਇਹ ਇੱਕ ਇਤਿਹਾਸਕ ਪਲ ਸੀ। ਸੰਸਾਰ ਭਰ ਦੇ ਬਾਬੇ ਨਾਨਕ ਦੇ ਸ਼ਰਧਾਲੂਆਂ ਅਤੇ ਖ਼ਾਸ ਕਰਕੇ ਭਾਰਤੀ ਪੰਜਾਬ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਕੁਝ ਹੀ ਮਹੀਨਿਆਂ ’ਚ ਇਸ ਰੂਹਾਨੀ ਸਥਾਨ ਦੇ ਦਰਸ਼ਨ ਕੀਤੇ। ਪਰ 2020 ’ਚ ਕੋਰੋਨਾ ਮਹਾਂਮਾਰੀ ਕਾਰਨ ਹੋਈ ਵਿਸ਼ਵਵਿਆਪੀ ਤਾਲਾਬੰਦੀ ਕਾਰਨ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਅਤੇ ਮਹਾਂਮਾਰੀ ਗੁਜ਼ਰਨ ਦੇ ਕਾਫ਼ੀ ਸਮੇਂ ਬਾਅਦ ਲਾਂਘੇ ਨੂੰ ਮੁੜ ਖੋਲ੍ਹਿਆ ਗਿਆ। ਇਸ ਤੋਂ ਬਾਅਦ ਫ਼ਿਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਇਸ ਪਾਵਨ ਸਥਾਨ ਦੇ ਦਰਸ਼ਨ ਕੀਤੇ।
ਪਰ ਲੰਘੀ 22 ਅਪ੍ਰੈਲ ਨੂੰ ਪਹਿਲਗਾਮ ’ਚ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਭਾਰਤ ਵਲੋਂ ਅੱਤਵਾਦ ਅਤੇ ਪਾਕਿਸਤਾਨ ਖ਼ਿਲਾਫ਼ ਸ਼ੁਰੂ ਕੀਤੇ ‘ਅਪਰੇਸ਼ਨ ਸੰਧੂਰ’ ਦੌਰਾਨ ਇਹ ਲਾਂਘਾ ਇੱਕ ਵਾਰ ਫ਼ਿਰ ਬੰਦ ਕਰ ਦਿੱਤਾ ਗਿਆ। ਚਾਰ ਦਿਨਾਂ ਦੇ ਫ਼ੌਜੀ ਟਕਰਾਅ ਤੋਂ ਬਾਅਦ 10 ਮਈ ਨੂੰ ਦੋਵਾਂ ਦੇਸ਼ਾਂ ਵਲੋਂ ਜੰਗਬੰਦੀ ਕਰ ਦਿੱਤੀ ਗਈ। ਉਸ ਤੋਂ ਬਾਅਦ ਹਾਲਾਤ ਹੌਲੀ-ਹੌਲੀ ਆਮ ਹੋ ਰਹੇ ਹਨ, ਹਾਲਾਂਕਿ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਘੱਟ ਨਹੀਂ ਰਿਹਾ। ਪਾਕਿਸਤਾਨ ਦੁਆਰਾ ਅੱਤਵਾਦੀ ਕਾਰਵਾਈਆਂ ਤੇ ਅੱਤਵਾਦੀ ਸੰਗਠਨਾਂ ਨੂੰ ਦਿੱਤਾ ਜਾ ਰਿਹਾ ਖੁੱਲ੍ਹਾ ਸਮਰਥਨ ਦੋਵਾਂ ਦੋਸ਼ਾਂ ਦਰਮਿਆਨ ਅਮਨ ਤੇ ਸ਼ਾਂਤੀ ਦੇ ਰਾਹ ਵਿੱਚ ਵੱਡੀ ਰੁਕਾਵਟ ਬਣ ਰਿਹਾ ਹੈ। ਭਾਰਤ ਸਰਕਾਰ ਦੁਆਰਾ ਕਿਸੇ ਵੀ ਅੱਤਵਾਦੀ ਹਮਲੇ ਦਾ ਸਖ਼ਤ ਜਵਾਬ ਦੇਣ ਲਈ ‘ਆਪਰੇਸ਼ਨ ਸੰਧੂਰ’ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ ਅਤੇ ਪਾਕਿਸਤਾਨ ਨਾਲ ‘ਸਿੰਧੂ ਜਲ ਸਮਝੌਤਾ’ ਰੱਦ ਕਰ ਦਿੱਤਾ ਗਿਆ ਹੈ। ਇਹ ਹਾਲਾਤ ਪੂਰੇ ਵਿਸ਼ਵ ਖ਼ਾਸ ਕਰਕੇ ਦੱਖਣੀ ਏਸ਼ੀਆਈ ਖਿੱਤੇ ਲਈ ਅਤਿ ਖ਼ਤਰਨਾਕ ਤੇ ਨੁਕਸਾਨਦਾਇਕ ਹਨ। ਅਜੋਕਾ ਯੁੱਗ ਯੁੱਧ ਦਾ ਨਹੀਂ, ਸਗੋਂ ਸ਼ਾਂਤੀ ਤੇ ਵਿਕਾਸ ਦਾ ਹੈ ਤੇ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੋ ਸਕਦੀ। ਜੰਗ ਵਿੱਚ ਸਿਰਫ਼ ਤੇ ਸਿਰਫ਼ ਤਬਾਹੀ ਦਾ ਮੰਜ਼ਰ ਹੀ ਪੈਦਾ ਹੁੰਦਾ ਹੈ। ਇਜ਼ਰਾਇਲ-ਫ਼ਲਸਤੀਨ ਅਤੇ ਰੂਸ-ਯੂਕ੍ਰੇਨ ਦਰਮਿਆਨ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਯੁੱਧ ਇਸੇ ਮੰਜ਼ਰ ਦੀ ਉਦਾਹਰਨ ਹੈ ਤੇ ਭਾਰਤ ਤੇ ਪਾਕਿਸਤਾਨ ਨੂੰ ਪ੍ਰਮਾਣੂ ਸ਼ਕਤੀ ਵਾਲੇ ਰਾਸ਼ਟਰ ਹੁੰਦਿਆਂ ਇਸ ਤੱਥ ਨੂੰ ਮੰਨਣਾ ਪਵੇਗਾ।
ਇਨ੍ਹਾਂ ਸਥਿਤੀਆਂ ’ਚ ਕਰਤਾਰਪੁਰ ਲਾਂਘਾ ਬੰਦ ਹੋਣ ਨਾਲ ਸਿੱਖ ਜਗਤ ਵਿੱਚ ਨਿਰਾਸ਼ਾ ਫ਼ੈਲ ਰਹੀ ਹੈ। ਇਸ ਸਥਾਨ ਦੇ ਦਰਸ਼ਨ ਲਈ ਸਿੱਖ ਸੰਗਤ ਰੋਜ਼ਾਨਾ ਅਰਦਾਸ ਕਰ ਰਹੀ ਹੈ। ਇਸ ਲਈ ਹੁਣ ਸਮੇਂ ਦੀ ਲੋੜ ਹੈ ਕਿ ਕਰਤਾਰਪੁਰ ਲਾਂਘੇ ਨੂੰ ਮੁੜ ਖੋਲ੍ਹਣ ਲਈ ਸ਼੍ਰੋਮਣੀ ਕਮੇਟੀ ਸਮੇਤ ਸਾਰੀਆਂ ਪੰਥਕ ਸੰਸਥਾਵਾਂ, ਸਿਆਸੀ ਦਲ, ਨੇਤਾ, ਲੇਖਕ, ਬੁੱਧੀਜੀਵੀ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਬੇਨਤੀ ਕਰਨ ਕਿ ਕਰਤਾਰਪੁਰ ਲਾਂਘਾ ਦੁਬਾਰਾ ਖੋਲ੍ਹ ਕੇ ਸ਼ਰਧਾਲੂਆਂ ਨੂੰ ਇਸ ਪਾਵਨ ਇਤਿਹਾਸਕ ਸਥਾਨ ਦੇ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਵੇ। ਇਸ ਸੰਬੰਧੀ ਸਭ ਨੂੰ ਮਿਲ ਕੇ ਕੇਂਦਰ ਸਰਕਾਰ ਕੋਲ ਬੇਨਤੀ ਕਰਨੀ ਚਾਹੀਦੀ ਹੈ। ਅਜਿਹੇ ਯਤਨਾਂ ਦੀ ਹੁਣ ਦੁਬਾਰਾ ਬਹੁਤ ਵੱਡੀ ਜ਼ਰੂਰਤ ਹੈ, ਕਿਉਂਕਿ 2019 ਤੋਂ ਪਹਿਲਾਂ ਵੀ ਤੇ ਬਾਅਦ ਵੀ ਕੁਝ ਤਾਕਤਾਂ ਇਸ ਲਾਂਘੇ ਨੂੰ ਖੋਲ੍ਹਣ ਦੇ ਵਿਰੁੱਧ ਸਨ। ਇਸੇ ਕਾਰਨ ਇਸ ਲਾਂਘੇ ਨੂੰ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ। ਪਰ ਪਾਕਿਸਤਾਨ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਚੜ੍ਹਦੇ ਪੰਜਾਬ ਦੇ ਉਸ ਸਮੇਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਯਤਨਾਂ ਸਦਕਾ ਸਿੱਖ ਪੰਥ ਦੀ ਇਹ ਚਿਰੋਕਣੀ ਮੰਗ ਪੂਰੀ ਹੋ ਗਈ ਸੀ। ਭਾਵੇਂ ਕਿ ਰਾਸ਼ਟਰੀ ਸੁਰੱਖਿਆ ਕਾਰਨ ਸਖ਼ਤੀ ਤੇ ਕਈ ਕਾਗਜ਼ੀ ਕਾਰਵਾਈਆਂ ਕਾਰਨ ਅਜੇ ਤੱਕ ਓਨੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕਰ ਸਕੇ ਜਿੰਨੀ ਆਸ ਸੀ ਪਰ ਇਸ ਲਾਂਘੇ ਕਾਰਨ ਸਿੱਖ ਪੰਥ ਦੇ ਹਿਰਦਿਆਂ ਨੂੰ ਅਸੀਮ ਸੁੱਖ ਮਿਲਿਆ ਸੀ। ਇਹ ਲਾਂਘਾ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ’ਤੇ ਜੰਮੀ ਨਫ਼ਰਤ ਦੀ ਬਰਫ਼ ਨੂੰ ਪਿਘਲਾਉਣ ਦਾ ਜ਼ਰੀਆ ਬਣਦਾ ਪ੍ਰਤੀਤ ਹੋ ਰਿਹਾ ਸੀ ਪਰ ਅਚਾਨਕ ਬਣੇ ਹਾਲਾਤ ਕਾਰਨ ਇਹ ਲਾਂਘਾ ਬੰਦ ਹੋ ਗਿਆ। ਪਾਕਿਸਤਾਨ ਦੀ ਨੀਅਤ ਤੇ ਨੀਤੀ ਨਿੰਦਣਯੋਗ ਹਨ। ਅੱਤਵਾਦ ਰਾਹੀਂ ਮਾਸੂਮਾਂ ਦਾ ਖ਼ੂਨ ਡੋਲ੍ਹਣਾ ਬਹੁਤ ਨਿੰਦਣਯੋਗ ਕਾਰਾ ਹੈ। ਪਾਕਿਸਤਾਨ ਨੂੰ ਆਪਣੀ ਇਹ ਨੀਤੀ ਬਦਲਣ ਦੀ ਲੋੜ ਹੈ ਤੇ ਇਸੇ ਵਿੱਚ ਹੀ ਉਸ ਦੀ ਭਲਾਈ ਹੈ। ਇਸ ਸਮੇਂ ਸੁਰੱਖਿਆ ਪੱਖੋਂ ਹਾਲਾਤ ਅਤਿ ਚੌਕਸੀ ਵਾਲੇ ਹਨ ਪਰ ਕਰੋੜਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਇਹ ਮਸਲਾ ਚੰਗੇ ਸੁਰੱਖਿਆ ਪ੍ਰਬੰਧ ਕਰਕੇ ਹੱਲ ਕੀਤਾ ਜਾ ਸਕਦਾ ਹੈ ਤੇ ਕਰਤਾਰਪੁਰ ਲਾਂਘਾ ਖੋਲ੍ਹਿਆ ਜਾ ਸਕਦਾ ਹੈ।
ਪਿਛਲੇ ਸਾਲਾਂ ਵਿੱਚ ਇਸ ਲਾਂਘੇ ਵਿੱਚ ਗਏ ਲੋਕਾਂ ਦੀਆਂ ਗ਼ੈਰ-ਕਾਨੂੰਨੀ ਤੇ ਦੇਸ਼ ਵਿਰੋਧੀ ਕਾਰਵਾਈਆਂ ਸਾਹਮਣੇ ਨਹੀਂ ਆਈਆਂ ਹਨ। ਪੰਜਾਬ ’ਚ ਡੇਰਾ ਬਾਬਾ ਨਾਨਕ ਕਸਬੇ ਨੂੰ ਹੋਰ ਵਿਕਸਿਤ ਕਰਨ ਦੀ ਲੋੜ ਹੈ। ਅੰਮ੍ਰਿਤਸਰ, ਬਟਾਲਾ, ਡੇਰਾ ਬਾਬਾ ਨਾਨਕ ਨੂੰ ਇੱਕ ਧਾਰਮਿਕ ਗਲਿਆਰੇੇ ਦੇ ਤੌਰ ’ਤੇ ਵਿਕਸਿਤ ਕੀਤਾ ਜਾ ਸਕਦਾ ਹੈ। ਇਸ ਮੁੱਦੇ ’ਤੇ ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ, ਸਭ ਧਾਰਮਿਕ ਸੰਸਥਾਵਾਂ ਤੇ ਸਾਰੇ ਸਿਆਸੀ ਦਲਾਂ ਨੂੰ ਇੱਕ ਵਫ਼ਦ ਦੇ ਤੌਰ ’ਤੇ ਵੀ ਕੇਂਦਰ ਸਰਕਾਰ ਤੱਕ ਪਹੁੰਚ ਕਰਕੇ ਇਸ ਲਾਂਘੇ ਨੂੰ ਦੁਬਾਰਾ ਖੋਲ੍ਹਣ ਲਈ ਬੇਨਤੀ ਕਰਨੀ ਚਾਹੀਦੀ ਹੈ। ਆਸ ਹੈ ਕਿ ਜਲਦ ਹੀ ਦੋਵਾਂ ਦੇਸ਼ਾਂ ਦੇ ਸੰਬੰਧ ਸੁਧਰਨਗੇ ਅਤੇ ਜਲਦ ਹੀ ਸੰਗਤ ਨੂੰ ਇਸ ਪਵਿੱਤਰ ਧਾਰਮਿਕ ਸਥਾਨ ਦੇ ਦਰਸ਼ਨਾਂ ਲਈ ਕਰਤਾਰਪੁਰ ਲਾਂਘਾ ਮੁੜ ਖੋਲ੍ਹ ਦਿੱਤਾ ਜਾਵੇਗਾ।