ਕਰੀਬ 100 ਸ਼ਰਧਾਲੂਆਂ ਨੂੰ ਪਾਕਿ ਜਾਣੋਂ ਰੋਕਿਆ

In ਮੁੱਖ ਖ਼ਬਰਾਂ
November 05, 2025

ਅਟਾਰੀ/ਏ.ਟੀ.ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਬੀਤੇ ਦਿਨ ਸਵੇਰੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ’ਚੋਂ ਕੁਝ ਨੂੰ ਅਟਾਰੀ ਸਰਹੱਦ ’ਤੇ ਆਈ.ਸੀ.ਪੀ. ਅਧਿਕਾਰੀਆਂ ਵੱਲੋਂ ਰੋਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰੋਸ ਵਜੋਂ ਸ਼ਰਧਾਲੂਆਂ ਨੇ ਅਟਾਰੀ ਬਾਰਡਰ ਦੇ ਬਾਹਰ ਆਈ.ਸੀ.ਪੀ. ਸਾਹਮਣੇ ਧਰਨਾ ਦੇ ਦਿੱਤਾ। ਧਰਨੇ ਕਾਰਨ ਅਟਾਰੀ ਬਾਰਡਰ ਤੇ ਰੀਟਰੀਟ ਸੈਰੇਮਨੀ ਦੇਖਣ ਆਉਣ ਵਾਲੇ ਸੈਲਾਨੀਆਂ ਨੂੰ ਟ੍ਰੈਫਿਕ ’ਚ ਵਿਘਨ ਪੈਣ ਕਾਰਨ ਪਰੇਸ਼ਾਨ ਦਾ ਸਾਹਮਣਾ ਕਰਨਾ ਪਿਆ। ਅਖ਼ੀਰ ਪੁਲਿਸ ਤੇ ਬੀ.ਐੱਸ.ਐੱਫ. ਦੇ ਜ਼ਵਾਨ ਸ਼ਰਧਾਲੂਆਂ ਨੂੰ ਸਮਝਾਉਂਦੇ ਰਹੇ। ਸੂਤਰਾਂ ਮੁਤਾਬਕ ਪਾਕਿਸਤਾਨ ਵੱਲੋਂ 2241 ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਸਨ। ਇਨ੍ਹਾਂ ’ਚੋਂ 1932 ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਹੋ ਗਿਆ। ਪਰ 100 ਦੇ ਕਰੀਬ ਉਨ੍ਹਾਂ ਸ਼ਰਧਾਲੂਆਂ ਨੂੰ ਰੋਕ ਲਿਆ ਗਿਆ ਜਿਨ੍ਹਾਂ ਜਿਨ੍ਹਾਂ ਦੇ ਨਾਵਾਂ ਦੀ ਲਿਸਟ ਅਧਿਕਾਰੀਆਂ ਕੋਲ ਨਹੀਂ ਸੀ ਪੁੱਜੀ। ਅਜਿਹੇ ਹੀ ਸ਼ਰਧਾਲੂ ਬਲਵਿੰਦਰ ਸਿੰਘ, ਵਾਸੀ ਜਲਾਲਾਬਾਦ ਨੇ ਦੱਸਿਆ ਕਿ ਉਨ੍ਹਾਂ ਦਾ ਪਾਕਿ ਜਾਣ ਲਈ ਵੀਜ਼ਾ ਲੱਗਿਆ ਪਿਆ ਹੈ, ਪਰ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਹੈ ਕਿ ਗ੍ਰਹਿ ਮੰਤਰਾਲੇ ਤੋਂ ਉਨ੍ਹਾਂ ਦੇ ਨਾਵਾਂ ਵਾਲੀ ਕੋਈ ਲਿਸਟ ਨਹੀਂ ਆਈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਪਾਕਿ ਜਾਣ ਦੀ ਇਜ਼ਾਜਤ ਦਿੱਤੀ ਜਾਵੇ ਜੇ ਪਾਕਿ ਅਧਿਕਾਰੀ ਮਨ੍ਹਾ ਕਰਨਗੇ ਤਾਂ ਉਹ ਵਾਪਸ ਆ ਜਾਣਗੇ। ਉਨ੍ਹਾਂ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਪ੍ਰਤੀ ਨਾਰਾਜ਼ਗੀ ਦਰਸਾਉਂਦਿਆ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਗਿਆ ਸੀ, ਪਰ ਉਨ੍ਹਾਂ ਨੇ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਜੋ ਨਿੰਦਣਯੋਗ ਹੈ।

Loading