ਕਰੋਨਾ ਬਾਅਦ ਫ਼ੰਗਜ ਅਸਪਰਜਿਲਸ ਫ਼ਿਊਮਿਗੇਟਸ ਖਤਰਨਾਕ

In ਮੁੱਖ ਖ਼ਬਰਾਂ
June 20, 2025

ਸਾਲ 2019 ’ਚ ਚੀਨ ਤੋਂ ਫ਼ੈਲੇ ਕੋਰੋਨਾ ਨੇ ਜਿੱਥੇ ਦੁਨੀਆ ਭਰ ਵਿੱਚ ਹਜ਼ਾਰਾਂ-ਲੱਖਾਂ ਲੋਕਾਂ ਦੀ ਜਾਨ ਲਈ ਸੀ, ਉੱਥੇ ਹੀ ਇਸ ਦਾ ਅਸਰ ਹਾਲੇ ਵੀ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸੇ ਦੌਰਾਨ ਅਮਰੀਕਾ ਤੋਂ ਇੱਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕਈ ਸੂਬਿਆਂ ਵਿੱਚ ਇੱਕ ਜ਼ਹਿਰੀਲਾ ਫ਼ੰਗਸ ਅਸਪਰਜਿਲਸ ਫ਼ਿਊਮਿਗੇਟਸ ਤੇਜ਼ੀ ਨਾਲ ਫ਼ੈਲ ਰਿਹਾ ਹੈ।
ਇਹ ਫ਼ੰਗਸ ਇੰਨਾ ਖ਼ਤਰਨਾਕ ਹੈ ਕਿ ਇਹ ਮਰੀਜ਼ ਦੇ ਸਰੀਰ ਨੂੰ ਅੰਦਰੋਂ ਖਾਣਾ ਸ਼ੁਰੂ ਕਰ ਦਿੰਦਾ ਹੈ। ਇਹ ਖ਼ਤਰਾ ਜ਼ਿਆਦਾਤਰ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਦੀ ਇਮਿਊਨ ਸਿਸਟਮ ਕਮਜ਼ੋਰ ਹੋਵੇ- ਜਿਵੇਂ ਕਿ ਕੈਂਸਰ ਮਰੀਜ਼, ਟ੍ਰਾਂਸਪਲਾਂਟ ਤੋਂ ਗੁਜ਼ਰ ਰਹੇ ਲੋਕ ਜਾਂ ਐੱਚ.ਆਈ.ਵੀ. ਪੀੜਤ।
ਇਹ ਫ਼ੰਗਸ ਅਮਰੀਕਾ ਦੇ ਫ਼ਲੋਰੀਡਾ, ਟੈਕਸਾਸ, ਕੈਲੀਫ਼ੋਰਨੀਆ, ਲੂਜ਼ਿਆਨਾ ਅਤੇ ਜੌਰਜੀਆ ਸਮੇਤ ਕਈ ਸੂਬਿਆਂ ’ਚ ਤੇਜ਼ੀ ਨਾਲ ਫ਼ੈਲ ਰਿਹਾ ਹੈ ਤੇ ਵੱਡੀ ਗਿਣਤੀ ਵਿਚ ਲੋਕ ਇਸ ਦੀ ਚਪੇਟ ’ਚ ਆ ਰਹੇ ਹਨ। ਜ਼ਿਆਦਾ ਖ਼ਤਰਨਾਕ ਗੱਲ ਇਹ ਹੈ ਕਿ ਇਸ ਦੇ ਕੁਝ ਸਟ੍ਰੇਨਜ਼ ਇੰਨੇ ਇਮਿਊਨ ਹੋ ਗਏ ਹਨ ਕਿ ਆਮ ਐਂਟੀਫ਼ੰਗਲ ਦਵਾਈਆਂ ਇਨ੍ਹਾਂ ’ਤੇ ਅਸਰ ਹੀ ਨਹੀਂ ਕਰ ਰਹੀਆਂ।
ਕਿਵੇਂ ਫ਼ੈਲਦਾ ਹੈ ਇਹ ਫ਼ੰਗਸ ?
ਇਹ ਫ਼ੰਗਸ ਸਰੀਰ ਦੇ ਫ਼ੇਫ਼ੜਿਆਂ ਤੋਂ ਸ਼ੁਰੂ ਹੋ ਕੇ ਦਿਲ, ਦਿਮਾਗ, ਲਿਵਰ ਅਤੇ ਗੁਰਦਿਆਂ ਤੱਕ ਪਹੁੰਚਦਾ ਹੈ। ਇਸ ਕਾਰਨ, ਲੰਮੀ ਖਾਂਸੀ, ਬੁਖਾਰ, ਛਾਤੀ ’ਚ ਦਰਦ ਜਾਂ ਸਾਹ ਲੈਣ ਵਿੱਚ ਦਿੱਕਤ ਆ ਸਕਦੀ ਹੈ। ਜੇਕਰ ਇਲਾਜ ਵਿੱਚ ਦੇਰੀ ਹੋਵੇ ਤਾਂ ਇਹ ਮਰੀਜ਼ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ।
ਆਖ਼ਿਰ ਕਿਉਂ ਫ਼ੈਲ ਰਿਹਾ ਹੈ ਇਹ ਫ਼ੰਗਸ ?
ਮਾਹਿਰਾਂ ਅਨੁਸਾਰ ਗਲੋਬਲ ਵਾਰਮਿੰਗ, ਵਾਧੂ ਨਮੀ ਅਤੇ ਗਰਮੀ ਦੇ ਸੰਯੋਗ ਨੇ ਇਸ ਫ਼ੰਗਸ ਨੂੰ ਵਧਣ ਲਈ ਮੌਕਾ ਦਿੱਤਾ ਹੈ। ਹਾਲਾਤ ਇੰਨੇ ਖ਼ਤਰਨਾਕ ਹਨ ਕਿ ਵਿਸ਼ਵ ਸਿਹਤ ਸੰਗਠਨ ਨੇ ਇਸ ਫ਼ੰਗਸ ਨੂੰ “ਕ੍ਰਿਟੀਕਲ ਪ੍ਰਾਇਓਰਟੀ” ਵਿੱਚ ਰੱਖਿਆ ਹੈ।

ਕਿਵੇਂ ਕਰੀਏ ਬਚਾਅ ?
ਮਾਹਿਰਾਂ ਮੁਤਾਬਕ ਇਸ ਫ਼ੰਗਸ ਤੋਂ ਬਚਣ ਲਈ ਲੋਕ ਮਿੱਟੀ-ਘੱਟੇ ਜਾਂ ਗਾਰਡਨ ਵਰਗੀਆਂ ਥਾਵਾਂ ’ਤੇ ਕੰਮ ਕਰਦੇ ਸਮੇਂ ਐਨ 95 ਮਾਸਕ ਪਹਿਨਣ। ਇਸ ਤੋਂ ਇਲਾਵਾ ਛਾਤੀ ਦੀ ਲੰਮੀ ਬਿਮਾਰੀ ਵਾਲੇ ਲੋਕਾਂ ਨੂੰ ਲੱਛਣ ਆਉਣ ’ਤੇ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ।

Loading