ਮੁੰਬਈ/ਏ.ਟੀ.ਨਿਊਜ਼: ਸਾਲ 2025 ਵਿੱਚ ਭਾਰਤੀ ਦਰਸ਼ਕਾਂ ਨੇ ਡਿਜੀਟਲ ਪਲੇਟਫ਼ਾਰਮਾਂ ’ਤੇ ਨਵੀਆਂ ਫ਼ਿਲਮਾਂ ਦੇ ਨਾਲ-ਨਾਲ ਪੁਰਾਣੀਆਂ ਯਾਦਗਾਰੀ ਫ਼ਿਲਮਾਂ ਦਾ ਖੂਬ ਆਨੰਦ ਮਾਣਿਆ।
ਤਾਜ਼ਾ ਰਿਪੋਰਟ ਮੁਤਾਬਕ, ਅਮਿਤਾਭ ਬੱਚਨ ਦੀ ‘ਡੌਨ’ ਅਤੇ ਰਾਜ ਕਪੂਰ ਦੀ ‘ਮੇਰਾ ਨਾਮ ਜੋਕਰ’ ਤੋਂ ਲੈ ਕੇ ਆਮਿਰ ਖਾਨ ਦੀ ‘ਸਰਫ਼ਰੋਸ਼’ ਅਤੇ ਸੰਜੇ ਦੱਤ ਦੀ ‘ਮੁੰਨਾਭਾਈ ਐਮ.ਬੀ.ਬੀ.ਐਸ’ ਵਰਗੀਆਂ ਫ਼ਿਲਮਾਂ ਇਸ ਸਾਲ ਸਭ ਤੋਂ ਵੱਧ ਦੇਖੀਆਂ ਜਾਣ ਵਾਲੀਆਂ ਫ਼ਿਲਮਾਂ ਦੀ ਸੂਚੀ ਵਿੱਚ ਰਹੀਆਂ।
ਓ.ਟੀ.ਟੀ ਇਨਸਾਈਟਸ ਰਿਪੋਰਟ 2025 ਨੇ ਅੰਕੜਿਆਂ ਰਾਹੀਂ ਸਿੱਧ ਕੀਤਾ ਹੈ ਕਿ ਭਾਰਤੀ ਦਰਸ਼ਕ ਅੱਜ ਵੀ ਕਲਾਸਿਕ ਸਿਨੇਮਾ ਨਾਲ ਡੂੰਘਾ ਰਿਸ਼ਤਾ ਰੱਖਦੇ ਹਨ।
ਵੱਖ-ਵੱਖ ਦੌਰ ਦੀਆਂ ਫ਼ਿਲਮਾਂ ਦਾ ਰੁਝਾਨ
ਰਿਪੋਰਟ ਦੇ ਅਨੁਸਾਰ, ਇਸ ਸਾਲ ਦਰਸ਼ਕਾਂ ਦੀ ਸਭ ਤੋਂ ਵੱਧ ਦਿਲਚਸਪੀ ਸਾਲ 2000 ਤੋਂ ਬਾਅਦ ਦੀਆਂ ਹਿੰਦੀ ਬਲਾਕਬਸਟਰ ਫ਼ਿਲਮਾਂ ਵਿੱਚ ਰਹੀ। ਇਸ ਤੋਂ ਬਾਅਦ 1990 ਦੇ ਦਹਾਕੇ ਦੀਆਂ ਫ਼ਿਲਮਾਂ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ।
ਹੈਰਾਨੀ ਦੀ ਗੱਲ ਇਹ ਹੈ ਕਿ 1950 ਤੋਂ 1970 ਦੇ ਦਹਾਕੇ ਦੇ ਸੁਨਹਿਰੀ ਯੁੱਗ ਦੀਆਂ ਫ਼ਿਲਮਾਂ ਨੇ ਵੀ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਿਆ। 1980 ਤੋਂ ਪਹਿਲਾਂ ਦੀਆਂ ਕਲਾਸਿਕ ਫ਼ਿਲਮਾਂ ਵਿੱਚੋਂ ਡੌਨ, ਅਮਰ ਪ੍ਰੇਮ, ਬੌਬੀ, ਆਰਾਧਨਾ ਅਤੇ ਮੇਰਾ ਨਾਮ ਜੋਕਰ ਓ.ਟੀ.ਟੀ ਪਲੇਟਫ਼ਾਰਮ ’ਤੇ ਸਿਖਰਲੀਆਂ ਪੰਜ ਫ਼ਿਲਮਾਂ ਵਿੱਚ ਸ਼ਾਮਲ ਰਹੀਆਂ।
ਸਦਾਬਹਾਰ ਫ਼ਿਲਮਾਂ ਦੀ ਲਿਸਟ
ਜੇਕਰ 1990 ਤੋਂ 2000 ਦੇ ਸ਼ੁਰੂਆਤੀ ਦੌਰ ਦੀ ਗੱਲ ਕਰੀਏ ਤਾਂ ਮੁੰਨਾਭਾਈ ਐਮ.ਬੀ.ਬੀ.ਐਸ., ਅੰਦਾਜ਼ ਅਪਣਾ ਅਪਣਾ, ਤੇਜ਼ਾਬ, ਸਰਫ਼ਰੋਸ਼, ਕੋਈ… ਮਿਲ ਗਿਆ, ਖਲਨਾਇਕ, ਕਰਨ ਅਰਜੁਨ ਅਤੇ ਘਾਇਲ ਵਰਗੀਆਂ ਫ਼ਿਲਮਾਂ ਨੂੰ ਸਭ ਤੋਂ ਵੱਧ ਵਾਰ ਦੇਖਿਆ ਗਿਆ।
ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਓ.ਟੀ.ਟੀ ਦੀ ਵਰਤੋਂ ਵਿੱਚ ਦਿੱਲੀ ਅਤੇ ਮੁੰਬਈ ਵਰਗੇ ਮਹਾਨਗਰ ਸਭ ਤੋਂ ਅੱਗੇ ਰਹੇ, ਜਦਕਿ ਪੁਣੇ, ਹੈਦਰਾਬਾਦ, ਅਹਿਮਦਾਬਾਦ, ਜੈਪੁਰ ਅਤੇ ਪਟਨਾ ਵਿੱਚ ਵੀ ਦਰਸ਼ਕਾਂ ਦਾ ਵੱਡਾ ਹੁੰਗਾਰਾ ਦੇਖਣ ਨੂੰ ਮਿਲਿਆ।
ਦਰਸ਼ਕਾਂ ਦੀ ਬਦਲਦੀ ਪਸੰਦ
ਅਲਟਰਾ ਮੀਡੀਆ ਐਂਡ ਐਂਟਰਟੇਨਮੈਂਟ ਗਰੁੱਪ ਦੇ ਸੀ.ਈ.ਓ ਸੁਸ਼ੀਲ ਕੁਮਾਰ ਅਗਰਵਾਲ ਨੇ ਦੱਸਿਆ ਕਿ ਦਰਸ਼ਕਾਂ ਦਾ ਝੁਕਾਅ ਐਕਸ਼ਨ-ਥ੍ਰਿਲਰ, ਦੱਖਣੀ ਭਾਰਤੀ ਫ਼ਿਲਮਾਂ ਦੇ ਹਿੰਦੀ ਡਬ ਅਤੇ ਖਾਸ ਕਰਕੇ ‘ਕਲਾਸਿਕ’ ਹਿੰਦੀ ਫ਼ਿਲਮਾਂ ਵੱਲ ਵਧਿਆ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਲੋਕ ਪੁਰਾਣੀਆਂ ਫ਼ਿਲਮਾਂ ਨੂੰ ਡਿਜੀਟਲ ਰੂਪ ਵਿੱਚ ਮੁੜ-ਸੁਰਜੀਤ ਹੋਏ ਦੇਖਣਾ ਪਸੰਦ ਕਰ ਰਹੇ ਹਨ।
![]()
